Breaking News
Home / ਪੰਜਾਬ / ਭਗਵੰਤਪਾਲ ਸੱਚਰ ਮੁੜ ਕਾਂਗਰਸ ਪਾਰਟੀ ‘ਚ ਹੋਏ ਸ਼ਾਮਲ

ਭਗਵੰਤਪਾਲ ਸੱਚਰ ਮੁੜ ਕਾਂਗਰਸ ਪਾਰਟੀ ‘ਚ ਹੋਏ ਸ਼ਾਮਲ

ਟਿਕਟ ਦੇ ਭਰੋਸੇ ਤੋਂ ਬਾਅਦ ਕੀਤੀ ਵਾਪਸੀ
ਅੰਮ੍ਰਿਤਸਰ/ਬਿਊਰੋ ਨਿਊਜ਼ : ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਜ਼ਿਲ੍ਹਾ ਅੰਮ੍ਰਿਤਸਰ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ ਟਿਕਟ ਮਿਲਣ ਦੇ ਭਰੋਸੇ ਤੋਂ ਬਾਅਦ ਮੁੜ ਕਾਂਗਰਸ ਵਿੱਚ ਵਾਪਸ ਆ ਗਏ ਹਨ। ਉਨ੍ਹਾਂ ਦੀ ਘਰ ਵਾਪਸੀ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਤੇ ਸੁਖਬਿੰਦਰ ਸਿੰਘ ਸਰਕਾਰੀਆ ਨੇ ਕਰਵਾਈ ਹੈ। ਇਹ ਸਾਰੇ ਕਾਂਗਰਸੀ ਆਗੂ ਸੱਚਰ ਦੇ ਘਰ ਪੁੱਜੇ ਸਨ। ਇਨ੍ਹਾਂ ਨਾਲ ਕਾਂਗਰਸੀ ਆਗੂ ਯੋਗੇਂਦਰਪਾਲ ਢੀਂਗਰਾ ਵੀ ਹਾਜ਼ਰ ਸਨ।
ਉਪ ਮੁੱਖ ਮੰਤਰੀ ਰੰਧਾਵਾ ਨੇ ਕਿਹਾ ਕਿ ਸੱਚਰ ਕਿਸੇ ਬਹਿਕਾਵੇ ਵਿੱਚ ਆ ਕੇ ਭਾਜਪਾ ਵੱਲ ਚਲੇ ਗਏ ਸਨ। ਉਨ੍ਹਾਂ ਖੁਲਾਸਾ ਕੀਤਾ ਕਿ ਸੱਚਰ ਦੀ ਮੰਗ ਬਾਰੇ ਕਾਂਗਰਸ ਹਾਈਕਮਾਂਡ ਨਾਲ ਗੱਲ ਕੀਤੀ ਹੈ। ਇਸ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵੀ ਸੱਚਰ ਦੀ ਘਰ ਵਾਪਸੀ ਦਾ ਸਵਾਗਤ ਕੀਤਾ। ਘਰ ਵਾਪਸੀ ‘ਤੇ ਸੱਚਰ ਨੇ ਆਖਿਆ ਕਿ ਉਨ੍ਹਾਂ ਕੋਲੋਂ ਬੀਤੇ ਦਿਨ ਗਲਤ ਫ਼ੈਸਲਾ ਲਿਆ ਗਿਆ ਸੀ। ਕਾਂਗਰਸ ਹਾਈਕਮਾਂਡ ਨੇ ਉਨ੍ਹਾਂ ਦੀ ਮੰਗ ਨੂੰ ਵਿਚਾਰਨ ਦਾ ਪੂਰਾ ਭਰੋਸਾ ਦਿੱਤਾ ਹੈ।
ਪਰਗਟ ਸਿੰਘ ਖਿਲਾਫ ਚੋਣ ਲੜਨਗੇ ਮਹਿੰਦਰ ਸਿੰਘ ਕੇਪੀ
ਜਲੰਧਰ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇਪੀ ਨੇ ਫੈਸਲਾ ਕੀਤਾ ਹੈ ਕਿ ਉਹ ਜਲੰਧਰ ਛਾਉਣੀ ਤੋਂ ਸਿੱਖਿਆ ਮੰਤਰੀ ਪਰਗਟ ਸਿੰਘ ਵਿਰੁੱਧ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨਗੇ। ਕੇਪੀ ਦੀ ਰਿਹਾਇਸ਼ ‘ਤੇ ਉਨ੍ਹਾਂ ਦੇ ਸਮਰਥਕਾਂ ਦੀ ਹੋਈ ਮੀਟਿੰਗ ‘ਚ ਇਹ ਫੈਸਲਾ ਲਿਆ ਗਿਆ। ਮੀਟਿੰਗ ਦੌਰਾਨ ਵੀ ਮਹਿੰਦਰ ਸਿੰਘ ਕੇਪੀ ਨੇ ਕਾਂਗਰਸ ਹਾਈਕਮਾਂਡ ਨੂੰ ਟਿਕਟਾਂ ਦੀ ਹੋਈ ਵੰਡ ‘ਤੇ ਪੁਨਰ-ਵਿਚਾਰ ਕਰਨ ਦੀ ਅਪੀਲ ਕੀਤੀ।
ਕੇਪੀ ਨੇ ਕਿਹਾ ਕਿ ਦਲਿਤ ਭਾਈਚਾਰੇ ਦਾ ਵੱਡਾ ਹਿੱਸਾ ਮਹਿਸੂਸ ਕਰ ਰਿਹਾ ਹੈ ਕਿ ਜਿਨ੍ਹਾਂ ਮਜ਼ਬੂਤ ਕਾਂਗਰਸੀ ਆਗੂਆਂ ਨੇ ਪਾਰਟੀ ਦੀਆਂ ਜੜ੍ਹਾਂ ਡੂੰਘੀਆਂ ਕੀਤੀਆਂ ਸਨ, ਅੱਜ ਉਨ੍ਹਾਂ ਦੇ ਪਰਿਵਾਰਾਂ ਨੂੰ ਦਰਕਿਨਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਇਹ ਸਵਾਲ ਵੀ ਦੁਹਰਾਇਆ ਕਿ ਚੌਧਰੀਆਂ ਦੇ ਪਰਿਵਾਰ ਨੂੰ ਤਿੰਨ ਟਿਕਟਾਂ ਕਿਵੇਂ ਦਿੱਤੀਆਂ ਗਈਆਂ ਹਨ, ਜਦਕਿ ਪਾਰਟੀ ‘ਚ ਫੈਸਲਾ ਹੋਇਆ ਸੀ ਕਿ ਇਕ ਪਰਿਵਾਰ ਨੂੰ ਇਕੋ ਟਿਕਟ ਹੀ ਮਿਲੇਗੀ। ਜਾਣਕਾਰੀ ਅਨੁਸਾਰ ਮਹਿੰਦਰ ਸਿੰਘ ਕੇਪੀ ਸਿੱਖਿਆ ਮੰਤਰੀ ਪਰਗਟ ਸਿੰਘ ਤੋਂ ਇਸ ਕਰਕੇ ਖਫ਼ਾ ਦੱਸੇ ਜਾ ਰਹੇ ਹਨ ਕਿ ਉਨ੍ਹਾਂ ਨੇ ਹੀ ਬਸਪਾ ਦੇ ਸਾਬਕਾ ਜਨਰਲ ਸਕੱਤਰ ਸੁਖਵਿੰਦਰ ਸਿੰਘ ਕੋਟਲੀ ਨੂੰ ਕਾਂਗਰਸ ਵਿਚ ਲਿਆਂਦਾ ਅਤੇ ਉਨ੍ਹਾਂ ਨੂੰ ਆਦਮਪੁਰ ਤੋਂ ਟਿਕਟ ਦਿਵਾਉਣ ਲਈ ਵੀ ਪੈਰਵੀ ਕੀਤੀ ਸੀ।
ਸੀਪੀਆਈ (ਐੱਮ) ਨੇ ਵੀ ਤਿੰਨ ਉਮੀਦਵਾਰ ਐਲਾਨੇ
ਜਲੰਧਰ : ਸੀਪੀਆਈ (ਐੱਮ) ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਜ਼ਿਲ੍ਹਾ ਜਲੰਧਰ ‘ਚ ਹਲਕਾ ਫਿਲੌਰ ਤੋਂ ਕਾਮਰੇਡ ਮੇਲਾ ਸਿੰਘ ਰੁੜਕਾ, ਹਲਕਾ ਨਕੋਦਰ ਤੋਂ ਕਾਮਰੇਡ ਗੁਰਮੇਲ ਸਿੰਘ ਨਾਹਲ ਅਤੇ ਸ਼ਾਹਕੋਟ ਤੋਂ ਕਾਮਰੇਡ ਜਸਕਰਨ ਸਿੰਘ ਕੰਗ ਨੂੰ ਪਾਰਟੀ ਉਮੀਦਵਾਰ ਐਲਾਨਿਆ ਹੈ। ਇਸ ਸਬੰਧੀ ਨੂਰਮਹਿਲ ਦਫ਼ਤਰ ਵਿੱਚ ਕਾਮਰੇਡ ਮੂਲ ਚੰਦ ਸਰਹਾਲੀ, ਕਾਮਰੇਡ ਬੇਅੰਤ ਸਿੰਘ ਨਕੋਦਰ, ਕਾਮਰੇਡ ਵਰਿੰਦਰਪਾਲ ਸਿੰਘ ਕਾਲਾ ਸ਼ਾਹਕੋਟ ਤੇ ਕਾਮਰੇਡ ਵੀਵੀ ਐਂਥਨੀ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਜਲੰਧਰ ਦੀ ਜਨਰਲ ਬਾਡੀ ਮੀਟਿੰਗ ਕੀਤੀ ਗਈ। ਇਸ ਮੌਕੇ ਸੂਬਾ ਕਮੇਟੀ ਮੈਂਬਰ ਕਾਮਰੇਡ ਸੁਖਪ੍ਰੀਤ ਸਿੰਘ ਜੌਹਲ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਮੀਟਿੰਗ ਵਿੱਚ ਚੋਣ ਹਲਕਿਆਂ ਅੰਦਰ ਚੋਣ ਮੁਹਿੰਮ ਨੂੰ ਚਲਾਉਣ ਲਈ ਵਿਚਾਰਾਂ ਕੀਤੀਆਂ ਗਈਆਂ। ਤਹਿਸੀਲ ਸਕੱਤਰ ਮਾਸਟਰ ਪ੍ਰਸ਼ੋਤਮ ਬਿਲਗਾ ਨੇ ਦੱਸਿਆ ਕਿ ਜ਼ਿਲ੍ਹਾ ਜਲੰਧਰ ਅੰਦਰ ਲੜੀਆਂ ਜਾ ਰਹੀਆਂ ਉਪਰੋਕਤ ਤਿੰਨ ਹੀ ਸੀਟਾਂ ਲਈ ਪ੍ਰਚਾਰ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਤਹਿਸੀਲ ਫਿਲੌਰ, ਨਕੋਦਰ ਤੇ ਸ਼ਾਹਕੋਟ ਵਿੱਚ ਪ੍ਰਸ਼ੋਤਮ ਬਿਲਗਾ, ਕਾਮਰੇਡ ਵਰਿੰਦਰਪਾਲ ਸਿੰਘ ਕਾਲਾ ਸ਼ਾਹਕੋਟ ਤੇ ਕਾਮਰੇਡ ਮਿਹਰ ਸਿੰਘ ਖੁਰਲਾਪੁਰ ਨਕੋਦਰ ਤੋਂ ਚੋਣ ਇੰਚਾਰਜ ਬਣਾਏ ਗਏ ਹਨ।

 

Check Also

ਮੁੱਖ ਮੰਤਰੀ ਭਗਵੰਤ ਮਾਨ ਨੇ ਮੰਚ ਤੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਕੀਤੀ ਤਾਰੀਫ਼

ਕਿਹਾ : ਰਾਜਪਾਲ ਦੇ ਚੰਗੇ ਤਜ਼ਰਬੇ ਦਾ ਸਾਡੀ ਸਰਕਾਰ ਨੂੰ ਮਿਲ ਰਿਹਾ ਹੈ ਫਾਇਦਾ ਚੰਡੀਗੜ੍ਹ/ਬਿਊਰੋ …