Breaking News
Home / ਪੰਜਾਬ / 96 ਵਿਧਾਇਕਾਂ ਦਾ ਹਰ ਮਹੀਨੇ ਆਮਦਨ ਟੈਕਸ ਭਰ ਰਹੀ ਹੈ ਵਿਧਾਨ ਸਭਾ

96 ਵਿਧਾਇਕਾਂ ਦਾ ਹਰ ਮਹੀਨੇ ਆਮਦਨ ਟੈਕਸ ਭਰ ਰਹੀ ਹੈ ਵਿਧਾਨ ਸਭਾ

ਦੌਲਤਮੰਦ ਵਿਧਾਇਕ ਹਾਲੇ ਵੀ ਪੱਲਿਓਂ ਆਮਦਨ ਕਰ ਭਰਨ ਤੋਂ ਇਨਕਾਰੀ
ਬਠਿੰਡਾ/ਬਿਊਰੋ ਨਿਊਜ਼ : ਪੰਜਾਬ ਦੇ ਵਜ਼ੀਰਾਂ ਨੇ ਤਾਂ ਆਮਦਨ ਟੈਕਸ ਭਰਨ ਲਈ ਜੇਬ ਢਿੱਲੀ ਕਰਨੀ ਸ਼ੁਰੂ ਕੀਤੀ ਹੈ, ਪਰ ਦੌਲਤਮੰਦ ਵਿਧਾਇਕ ਹਾਲੇ ਵੀ ਪੱਲਿਓਂ ਆਮਦਨ ਕਰ ਭਰਨ ਤੋਂ ਇਨਕਾਰੀ ਹਨ। ਸਰਕਾਰੀ ਖ਼ਜ਼ਾਨਾ ਵਿਧਾਇਕਾਂ ਨੂੰ ਸਿਰਫ਼ ਤਨਖ਼ਾਹ ਤੇ ਭੱਤੇ ਹੀ ਨਹੀਂ ਦਿੰਦਾ, ਬਲਕਿ ਆਮਦਨ ਟੈਕਸ ਵੀ ਤਾਰ ਰਿਹਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿੱਤੀ ਸੁਧਾਰਾਂ ਲਈ ਬਣੀ ਕੈਬਨਿਟ ਸਬ ਕਮੇਟੀ ਵਿਚ ਤਜਵੀਜ਼ ਰੱਖੀ ਸੀ ਕਿ ਵਿਧਾਇਕ ਆਮਦਨ ਟੈਕਸ ਖ਼ੁਦ ਭਰਨ। ਉਨ੍ਹਾਂ ਇਸ ਸਬੰਧੀ ਵਿਧਾਇਕਾਂ ਨੂੰ ਅਪੀਲ ਵੀ ਕੀਤੀ ਸੀ, ਪਰ ਇਸ ‘ਤੇ ਅਮਲ ਨਹੀਂ ਕੀਤਾ ਗਿਆ। ਹਾਲਾਂਕਿ ਸਰਕਾਰ ਚਾਹੁੰਦੀ ਤਾਂ ਇਸ ਬਾਰੇ ਨੋਟੀਫ਼ਿਕੇਸ਼ਨ ਜਾਰੀ ਕੀਤਾ ਜਾ ਸਕਦਾ ਸੀ।
ਵੇਰਵਿਆਂ ਮੁਤਾਬਕ ਪੰਜਾਬ ਵਿਧਾਨ ਸਭਾ ਇਸ ਵੇਲੇ 96 ਵਿਧਾਇਕਾਂ ਦਾ ਹਰ ਮਹੀਨੇ ਆਮਦਨ ਕਰ ਭਰ ਰਹੀ ਹੈ। ਜਦਕਿ ਪੰਜਾਬ ਦੇ 18 ਮੰਤਰੀਆਂ ਅਤੇ ਵਿਰੋਧੀ ਧਿਰ ਦੇ ਆਗੂ ਨੇ ਕਰੀਬ ਸੱਤ ਮਹੀਨੇ ਪਹਿਲਾਂ ਪੱਲਿਓਂ ਆਮਦਨ ਕਰ ਭਰਨਾ ਸ਼ੁਰੂ ਕਰ ਦਿੱਤਾ ਹੈ। ਵਿਧਾਇਕ ਕੁਲਜੀਤ ਨਾਗਰਾ ਅਜਿਹੇ ਇਕੱਲੇ ਆਗੂ ਹਨ ਜੋ ਪੱਲਿਓਂ ਆਮਦਨ ਕਰ ਭਰ ਰਹੇ ਹਨ। ਮੁੱਖ ਮੰਤਰੀ ਪੰਜਾਬ ਦੀ ਅਪੀਲ ਵੀ ਫੋਕੀ ਹੀ ਸਾਬਿਤ ਹੋਈ ਹੈ। ਸਰਕਾਰ ਨੇ ਨਾ ਕੋਈ ਨੋਟੀਫ਼ਿਕੇਸ਼ਨ ਕੀਤਾ ਅਤੇ ਨਾ ਹੀ ਐਕਟ ਵਿਚ ਕੋਈ ਤਰਮੀਮ ਕੀਤੀ। ਮੁੱਖ ਮੰਤਰੀ ਖੁਦ ਵੀ ਮੰਨ ਚੁੱਕੇ ਹਨ ਕਿ ਵਿਧਾਇਕਾਂ ਦੇ ਆਮਦਨ ਕਰ ਦਾ ਖ਼ਜ਼ਾਨੇ ਉੱਤੇ ਸਾਲਾਨਾ 10.72 ਕਰੋੜ ਰੁਪਏ ਦਾ ਬੋਝ ਪੈਂਦਾ ਹੈ। ਵਿਧਾਨ ਸਭਾ ਸਰਕਾਰ ਵੱਲੋਂ ਹਰ ਮਹੀਨੇ ਪ੍ਰਤੀ ਵਿਧਾਇਕ ਕਰੀਬ 7,200 ਰੁਪਏ ਤਾਰ ਰਹੀ ਹੈ। ਇਹ ਆਮਦਨ ਕਰ ਸਿਰਫ਼ ਉਸੇ ਆਮਦਨ ‘ਤੇ ਭਰਿਆ ਜਾਂਦਾ ਹੈ ਜੋ ਸਰਕਾਰ ਵਿਧਾਇਕ ਨੂੰ ਤਨਖ਼ਾਹਾਂ ਤੇ ਭੱਤਿਆਂ ਦੇ ਰੂਪ ਵਿਚ ਦਿੰਦੀ ਹੈ।
ਵੇਰਵਿਆਂ ਅਨੁਸਾਰ ਅਕਾਲੀ-ਭਾਜਪਾ ਗੱਠਜੋੜ ਸਰਕਾਰ ਨੇ ਆਪਣੇ ਦਸ ਵਰ੍ਹਿਆਂ ਦੇ ਕਾਰਜਕਾਲ ਦੌਰਾਨ ਇਕੱਲੇ ਵਜ਼ੀਰਾਂ ਅਤੇ ਮੁੱਖ ਸੰਸਦੀ ਸਕੱਤਰਾਂ ਦੇ ਆਮਦਨ ਕਰ ਵਜੋਂ 9.95 ਕਰੋੜ ਰੁਪਏ ਤਾਰੇ ਹਨ। ਅਕਾਲੀ ਸਰਕਾਰ ਵੇਲੇ ਵਜ਼ੀਰਾਂ ਦਾ ਦਸ ਵਰ੍ਹਿਆਂ ਦਾ ਆਮਦਨ ਕਰ 6.85 ਕਰੋੜ ਰੁਪਏ ਅਤੇ ਮੁੱਖ ਸੰਸਦੀ ਸਕੱਤਰਾਂ ਦਾ 3.10 ਕਰੋੜ ਰੁਪਏ ਰਿਹਾ ਸੀ। ਹਾਲਾਂਕਿ ਮੁੱਖ ਮੰਤਰੀ ਆਪਣਾ ਆਮਦਨ ਕਰ ਜ਼ਰੂਰ ਪੱਲਿਓਂ ਤਾਰਨ ਲੱਗੇ ਹਨ। ਵੇਰਵਿਆਂ ਮੁਤਾਬਕ ਵਿਧਾਨ ਸਭਾ ਦੇ 117 ਵਿਧਾਇਕਾਂ ਵਿਚੋਂ 95 ਵਿਧਾਇਕ ਤਾਂ ਕਰੋੜਪਤੀ ਹਨ ਤੇ ਇਹ ਫ਼ੀਸਦ 81 ਬਣਦੀ ਹੈ। ਬਹੁਤੇ ਵਿਧਾਇਕਾਂ ਅਤੇ ਵਜ਼ੀਰਾਂ ਦੀ ਆਮਦਨ ਤਾਂ ਛੜੱਪੇ ਮਾਰ ਕੇ ਵੱਧ ਰਹੀ ਹੈ।
ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਹੀ 3 ਮਾਰਚ 2004 ਨੂੰ ਵਿਧਾਇਕਾਂ ਦਾ ਆਮਦਨ ਕਰ ਸਰਕਾਰੀ ਖ਼ਜ਼ਾਨੇ ਵਿਚੋਂ ਭਰੇ ਜਾਣ ਦਾ ਫ਼ੈਸਲਾ ਹੋਇਆ ਸੀ। ਬੇਸ਼ੱਕ ਸਰਕਾਰ ਵਿੱਤੀ ਸੰਕਟ ਦੀ ਮਾਰ ਝੱਲ ਰਹੀ ਹੈ, ਪਰ ਆਮਦਨ ਕਰ ਦਾ ਬੋਝ ਘਟਾਉਣ ਦੇ ਮਾਮਲੇ ਵਿਚ ਸਰਕਾਰ ਨੇ ‘ਦਿਖਾਵਾ’ ਹੀ ਕੀਤਾ ਹੈ। ਵਜ਼ੀਰਾਂ ਅਤੇ ਵਿਰੋਧੀ ਧਿਰ ਦੇ ਆਗੂ ਦਾ ਆਮਦਨ ਕਰ ਹੁਣ ਪ੍ਰਤੀ ਮਹੀਨਾ 2.85 ਲੱਖ ਰੁਪਏ ਅਤੇ ਸਾਲਾਨਾ 32.40 ਲੱਖ ਰੁਪਏ ਬਣਦਾ ਹੈ। ਮੁੱਖ ਮੰਤਰੀ ਨੇ ਖੇਤੀ ਸਬਸਿਡੀ ਛੱਡਣ ਦੀ ਵੀ ਵਿਧਾਇਕਾਂ ਨੂੰ ਅਪੀਲ ਕੀਤੀ ਸੀ ਜੋ ਖਾਨਾਪੂਰਤੀ ਹੀ ਹੋ ਨਿੱਬੜੀ। ਤਿੰਨ ਮੰਤਰੀਆਂ ਤੇ ਇੱਕ ਸੰਸਦ ਮੈਂਬਰ ਨੇ ਖੇਤੀ ਸਬਸਿਡੀ ਛੱਡੀ ਹੈ।
ਕੁਲਜੀਤ ਨਾਗਰਾ ਹੀ ਪੱਲਿਓਂ ਤਾਰ ਰਹੇ ਹਨ ਆਮਦਨ ਟੈਕਸ : ਵਿਧਾਨ ਸਭਾ ਦੀ ਸਕੱਤਰ ਸ਼ਸ਼ੀ ਲਖਨਪਾਲ ਮਿਸ਼ਰਾ ਨੇ ਕਿਹਾ ਕਿ ਵਿਧਾਇਕਾਂ ਦਾ ਆਮਦਨ ਕਰ ਸਰਕਾਰ ਵੱਲੋਂ ਭਰਿਆ ਜਾ ਰਿਹਾ ਹੈ ਕਿਉਂਕਿ ਇਸ ਬਾਰੇ ਕੋਈ ਨੋਟੀਫ਼ਿਕੇਸ਼ਨ ਜਾਂ ਐਕਟ ਵਿਚ ਤਰਮੀਮ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਕੁਲਜੀਤ ਨਾਗਰਾ ਹੀ ਪੱਲਿਓਂ ਆਮਦਨ ਕਰ ਤਾਰ ਰਹੇ ਹਨ।
ਸਰਕਾਰ ਐਕਟ ਵਿਚ ਸੋਧ ਕਰੇ: ਹਰਪਾਲ ਚੀਮਾ: ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਦਾ ਕਹਿਣਾ ਸੀ ਕਿ ਉਹ ਹਰ ਮਹੀਨੇ ਆਪਣਾ ਆਮਦਨ ਕਰ ਭਰ ਰਹੇ ਹਨ। ਉਨ੍ਹਾਂ ਕਿਹਾ ਜੇ ਸਰਕਾਰ ਇਸ ਸਬੰਧੀ ਸੁਹਿਰਦ ਹੈ ਤਾਂ ਐਕਟ ਵਿਚ ਤਰਮੀਮ ਕਰਕੇ ਖ਼ਜ਼ਾਨੇ ਵਿਚੋਂ ਆਮਦਨ ਕਰ ਭਰਨਾ ਬੰਦ ਕਰ ਦੇਵੇ।

Check Also

ਪੰਜਾਬ ’ਚ ਪੁਰਾਣੀ ਵਾਰਡਬੰਦੀ ਦੇ ਹਿਸਾਬ ਨਾਲ ਹੋਣਗੀਆਂ ਨਿਗਮ ਚੋਣਾਂ

ਸੂਬਾ ਸਰਕਾਰ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਕਿਸੇ ਸਮੇਂ ਵੀ …