Breaking News
Home / ਪੰਜਾਬ / ਪੰਜਾਬ ਦੇ ਪਿੰਡਾਂ ਦੀਆਂ ‘ਬੰਬੀਆਂ’ ਕਿਸਾਨੀ ਅੰਦੋਲਨ ‘ਚ ਰੰਗੀਆਂ

ਪੰਜਾਬ ਦੇ ਪਿੰਡਾਂ ਦੀਆਂ ‘ਬੰਬੀਆਂ’ ਕਿਸਾਨੀ ਅੰਦੋਲਨ ‘ਚ ਰੰਗੀਆਂ

ਪਿੰਡਦੀ ਜੂਹਤੋਂ ਲੈ ਕੇ ਕੌਮਾਂਤਰੀ ਪੱਧਰਤੱਕਖੇਤੀ ਕਾਨੂੰਨਾਂ ਦੇ ਵਿਰੋਧ ਵਿਚਗੂੰਜ
ਚੰਡੀਗੜ੍ਹ/ਬਿਊਰੋ ਨਿਊਜ਼ : ਕਿਸਾਨੀ ਘੋਲ ਸਿਖ਼ਰ ਵੱਲ ਵੱਧ ਰਿਹਾ ਹੈ। ਪਿੰਡ ਦੀ ਜੂਹ ਤੋਂ ਲੈ ਕੇ ਕੌਮਾਂਤਰੀ ਪੱਧਰ ਤੱਕ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਆਵਾਜ਼ ਗੂੰਜ ਰਹੀ ਹੈ। ਹਰ ਵਰਗ ਆਪਣੀ ਹੈਸੀਅਤ ਮੁਤਾਬਕ ਕਿਸਾਨੀ ਘੋਲ ਵਿਚ ਕੁੱਦਿਆ ਹੋਇਆ ਹੈ। ਮੋਗਾ ਦੇ ਪਿੰਡ ਮਹੇਸ਼ਵਰੀ ਦੇ ਨੌਜਵਾਨਾਂ ਨੇ ਨਿਵੇਕਲੇ ਢੰਗ ਨਾਲ ਲੋਕਾਂ ਨੂੰ ਜਾਗਰੂਕ ਕਰਨ ਦਾ ਬੀੜਾ ਚੁੱਕਿਆ ਹੈ।
ਗੱਭਰੂਆਂ ਨੇ ਪਿੰਡ ਨੂੰ ਕਿਸਾਨ ਅੰਦੋਲਨ ਵਿਚ ਰੰਗ ਦਿੱਤਾ ਹੈ। ਪਿੰਡ ਦੀਆਂ ਸਾਂਝੀਆਂ ਥਾਵਾਂ, ਬੰਬੀਆਂ (ਟਿਊਬਵੈੱਲਾਂ), ਲਿੰਕ ਰੋਡ ਦੇ ਨਾਲ ਲੱਗਦੀਆਂ ਥਾਵਾਂ, ਕੰਧਾਂ, ਬੱਸ ਸਟਾਪ, ਧਰਮਸ਼ਾਲਾ ਤੇ ਸੱਥਾਂ ਕਿਸਾਨਾਂ ਅਤੇ ਲੋਕਾਂ ਦੇ ਹੱਕ ਵਿਚ ਨਾਅਰਿਆਂ ਨਾਲ ਰੰਗ ਦਿੱਤੀਆਂ ਹਨ। ਨਾਅਰਿਆਂ ਨਾਲ ਨਾ ਸਿਰਫ਼ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਹੈ, ਸਗੋਂ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਗਰੰਟੀ ਦੇਣ ਦੀ ਅਲਖ ਜਗਾਈ ਹੈ।
ਪਿੰਡ ਵਿਚ ਨਵੀਂ ਪਿਰਤ ਨੌਜਵਾਨ ਸੁਖਜਿੰਦਰ ਮਹੇਸ਼ਵਰੀ ਨੇ ਪਾਈ ਹੈ। ਸੁਖਜਿੰਦਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਖੇਤੀ ਕਾਨੂੰਨਾਂ ਖਿਲਾਫ਼ ਕੁੱਲ ਦੁਨੀਆਂ ਵਿਚ ਗੱਲ ਹੋਣ ਲੱਗੀ ਹੈ ਪਰ ਸਰਕਾਰਾਂ ਤੇ ਕੁਝ ਲੋਕ ਕਿਸਾਨਾਂ ਤੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਇਸ ਕਰਕੇ ਉਨ੍ਹਾਂ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਪਿੰਡ ਦੀਆਂ ਕੰਧਾਂ ‘ਤੇ ਸਲੋਗਨ (ਨਾਅਰੇ) ਲਿਖਣ ਦਾ ਫੈਸਲਾ ਕੀਤਾ ਹੈ। ਸੁਖਜਿੰਦਰ, ਸਰਬ ਭਾਰਤ ਨੌਜਵਾਨ ਸਭਾ ਦਾ ਸੂਬਾ ਸਕੱਤਰ ਹੈ। ਉਹ ਸਮਾਜ ਵਿਚ ਬਦਲਾਅ ਲਿਆਉਣ ਤੇ ਵਿਅਕਤੀ ਵੱਲੋਂ ਵਿਅਕਤੀ ਦੀ ਲੁੱਟ ਦੇ ਖਿਲਾਫ਼ ਭਗਤ ਸਿੰਘ ਦਾ ਪੈਗ਼ਾਮ ਦੇਣਾ ਚਾਹੁੰਦਾ ਹੈ।
ਇਹੀ ਵਜ੍ਹਾ ਹੈ ਕਿ ਉਸ ਨੇ ਭਗਤ ਸਿੰਘ ਦੇ ਸੁਪਨਿਆਂ ਦਾ ਮੁਲਕ ਬਣਾਉਣ ਲਈ ਪਿੰਡ ਦੇ ਲਿੰਕ ਰੋਡ ਤੇ ਸਾਂਝੀਆਂ ਥਾਵਾਂ ਜਿੱਥੇ ਲੋਕਾਂ ਦਾ ਆਉਣਾ ਜਾਣਾ ਜ਼ਿਆਦਾ ਹੈ, ਉਥੇ ਸਲੋਗਨ ਲਿਖੇ ਹਨ। ਉਨ੍ਹਾਂ ਦੱਸਿਆ ਕਿ ਹਾਲਤ ਇਹ ਬਣ ਗਈ ਹੈ ਕਿ ਪਿੰਡ ਦੇ ਲੋਕ ਆਪਣੇ ਘਰਾਂ ਦੀਆਂ ਕੰਧਾਂ ‘ਤੇ ਨਾਅਰੇ ਲਿਖਣ ਦੀ ਅਪੀਲ ਕਰਨ ਲੱਗੇ ਹਨ। ਲੋਕ ਪੁੱਛਣ ਲੱਗੇ ਹਨ ਕਿ ਉਨ੍ਹਾਂ ਦੇ ਘਰ ਦੀ ਚਾਰਦੀਵਾਰੀ ‘ਤੇ ਨਾਅਰਾ ਕਿਉਂ ਨਹੀਂ ਲਿਖਿਆ? ਸਪਸ਼ਟ ਹੁੰਦਾ ਹੈ ਕਿ ਲੋਕ ਘਰਾਂ ਦੀਆਂ ਦੀਵਾਰਾਂ ‘ਤੇ ਨਾਅਰਾ ਲਿਖਾਉਣਾ ਚਾਹੁੰਦੇ ਹਨ। ਪਿੰਡ ਦੀ ਫਿਜ਼ਾ ਬਦਲ ਰਹੀ ਹੈ।
ਸਾਂਝੀਆਂ ਥਾਵਾਂ ‘ਤੇ ਵਪਾਰੀਆਂ ਤੇ ਜਮਾਖੋਰੀ ਦੀ ਰੋਕ ਅਤੇ ਸਭ ਲਈ ਅੰਨ ਭੰਡਾਰ ਦੀ ਗਰੰਟੀ ਕਰੋ, ਸਾਡੀ ਧਰਤੀ ਸਰਬੱਤ ਲਈ ਅੰਨ ਉਗਾਉਣ ਵਾਸਤੇ ਹੈ ਅੰਬਾਨੀਆਂ-ਅੰਡਾਨੀਆਂ ਦੇ ਮੁਨਾਿਫ਼ਆ ਵਾਸਤੇ ਨਹੀਂ, ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕਰੋ, ਪ੍ਰਰਾਈਵੇਟ ਮੰਡੀਆਂ ਦੀ ਖੁੱਲ੍ਹ ਨਾ ਦਿਓ ਸਰਕਾਰੀ ਖ਼ਰੀਦ ਕਰੋ, ਖੇਤੀ ਅੰਦੋਲਨ ਜ਼ਿੰਦਾਬਾਦ, ਬਿਜਲੀ ਸੋਧ ਬਿਲ ਰੱਦ ਕਰੋ, ਸਭ ਫ਼ਸਲਾਂ ਦੀ ਘੱਟੋ-ਘੱਟ ਸਮਰਥਨ ਮੁੱਲ ‘ਤੇ ਖਰੀਦ ਕਰਨ, ਸਾਰਿਆਂ ਲਈ ਪੱਕੇ ਰੁਜ਼ਗਾਰ ਦਾ ਕਾਨੂੰਨ ਬਣਾਉਣ, ਸਵੈ ਇੱਛਾ ਵਾਲੀ ਸਾਂਝੀ ਸਹਿਯੋਗੀ ਲਾਹੇਵੰਦ ਖੇਤੀ ਨੀਤੀ, ਸਾਰੇ ਮਿਹਨਤਕਸ਼ਾਂ ਦੇ ਕਰਜ਼ੇ ਖ਼ਤਮ ਕੀਤੇ ਜਾਣ ਤੇ ਨੋ ਫਾਰਮਰ ਨੋ ਫੂਡ ਸਮੇਤ ਦਰਜਨਾਂ ਨਾਅਰੇ ਲਿਖੇ ਹਨ।
ਸੁਖਜਿੰਦਰ ਮੁਤਾਬਕ ਦੋ ਦਰਜਨ ਦੇ ਕਰੀਬ ਥਾਵਾਂ ‘ਤੇ ਸਲੋਗਨ ਲਿਖੇ ਗਏ ਹਨ ਤੇ ਹੁਣ ਤੱਕ ਸਫੈਦੀ ਅਤੇ ਰੰਗ ‘ਤੇ ਦਸ ਹਜ਼ਾਰ ਦੇ ਕਰੀਬ ਖ਼ਰਚਾ ਆਇਆ ਹੈ, ਜਦਕਿ ਸਲੋਗਨ ਪਿੰਡ ਦੇ ਮੁੰਡਿਆਂ ਨੇ ਲਿਖੇ ਹਨ। ਪਿੰਡ ਦੇ ਬੱਚੇ ਪਾਣੀ ਲਿਆਉਣ, ਕੰਧ ‘ਤੇ ਸਫੈਦੀ ਕਰਨ, ਪੌੜੀ ਚੁੱਕਣ ਸਮੇਤ ਕਈ ਤਰ੍ਹਾਂ ਦਾ ਸਹਿਯੋਗ ਦੇਣ ਲੱਗੇ ਹਨ। ਪਿੰਡ ਦੇ ਨੌਜਵਾਨ ਚਾਹੁੰਦੇ ਹਨ ਕਿ ਅਜਿਹੇ ਨਾਅਰੇ ਹੋਰਨਾਂ ਪਿੰਡਾਂ ਦੀਆਂ ਸਾਂਝੀਆਂ ਥਾਵਾਂ ਦਾ ਸ਼ਿੰਗਾਰ ਬਣਨ।

Check Also

ਜੇਲ੍ਹ ’ਚ ਬੰਦ ਕੇਜਰੀਵਾਲ ਦੀ ਸਿਹਤ ਨੂੰ ਲੈ ਕੇ ਭਗਵੰਤ ਮਾਨ ਚਿੰਤਤ 

ਈਡੀ ਦਾ ਆਰੋਪ : ਕੇਜਰੀਵਾਲ ਜਾਣਬੁੱਝ ਕੇ ਖਾ ਰਹੇ ਹਨ ਮਿੱਠੀਆਂ ਚੀਜ਼ਾਂ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ …