Breaking News
Home / ਪੰਜਾਬ / ਪੰਜਾਬ ਵਿਚ ਲੋਹੜੀ ਮੌਕੇ ਕਾਲੇ ਖੇਤੀ ਕਾਨੂੰਨਾਂ ਦੀਆਂ ਸਾੜੀਆਂ ਕਾਪੀਆਂ

ਪੰਜਾਬ ਵਿਚ ਲੋਹੜੀ ਮੌਕੇ ਕਾਲੇ ਖੇਤੀ ਕਾਨੂੰਨਾਂ ਦੀਆਂ ਸਾੜੀਆਂ ਕਾਪੀਆਂ

ਮੋਦੀ ਸਰਕਾਰ ਖਿਲਾਫ ਜੰਮ ਕੇ ਹੋਈ ਨਾਅਰੇਬਾਜ਼ੀ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਭਰ ਵਿੱਚ ਬੁੱਧਵਾਰ ਨੂੰ ਲੋਹੜੀ ਦੇ ਤਿਉਹਾਰ ਮੌਕੇ ਹਰ ਪਿੰਡ-ਸ਼ਹਿਰ ਤੇ ਹਰ ਘਰ ਅੰਦਰ ਧੁਖਦੀਆਂ ਧੂਣੀਆਂ ‘ਤੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਅਗਨ ਭੇਟ ਕੀਤੀਆਂ ਗਈਆਂ। ਸੂਬੇ ਦੀਆਂ 32 ਕਿਸਾਨ ਜਥੇਬੰਦੀਆਂ ਦੇ ਸੱਦੇ ‘ਤੇ ਕਿਸਾਨਾਂ, ਮਜ਼ਦੂਰਾਂ, ਦੁਕਾਨਦਾਰਾਂ, ਮੁਲਾਜ਼ਮ ਜਥੇਬੰਦੀਆਂ, ਮਜ਼ਦੂਰ ਜਥੇਬੰਦੀਆਂ, ਬੇਰੁਜ਼ਗਾਰ ਨੌਜਵਾਨਾਂ ਦੀਆਂ ਜਥੇਬੰਦੀਆਂ, ਮਹਿਲਾਵਾਂ ਦੀਆਂ ਜਥੇਬੰਦੀਆਂ ਅਤੇ ਵਪਾਰੀਆਂ ਨੇ ਇਸ ਸਮੂਹਿਕ ਪ੍ਰਦਰਸ਼ਨ ਵਿੱਚ ਹਿੱਸਾ ਲਿਆ। ਲੋਹੜੀ ਦੀਆਂ ਧੂਣੀਆਂ ‘ਤੇ ਤਿਲਾਂ ਦੀ ਥਾਂ ਪਾਰਲੀਮੈਂਟ ਵੱਲੋਂ ਬਣਾਏ ਗਏ ਤਿੰਨਾਂ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਸਵਾਹ ਕੀਤੀਆਂ ਗਈਆਂ। ਧੂਣੀਆਂ ‘ਤੇ ਈਸਰ ਆਏ ਦਲਿੱਦਰ ਜਾਏ ਦੀ ਥਾਂ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਨੌਜਵਾਨਾਂ, ਦੁਕਾਨਕਾਰਾਂ ਅਤੇ ਮਹਿਲਾਵਾਂ ਨੇ ਇਕਸੁਰ ਵਿੱਚ ਖੇਤੀ ਕਾਨੂੰਨਾਂ ਖਿਲਾਫ਼ ਚੱਲ ਰਹੇ ਅੰਦੋਲਨ ਨੂੰ ਹੋਰ ਤੇਜ਼ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਖੇਤੀ ਕਾਨੂੰਨਾਂ ‘ਤੇ ਵਿਚਾਰ ਲਈ ਗਠਿਤ ਕੀਤੀ ਕਮੇਟੀ ਦੇ ਮੈਂਬਰ ਮੋਦੀ ਸਰਕਾਰ ਦੇ ਹੱਥਠੋਕੇ ਹਨ, ਜਿਸ ਕਰ ਕੇ ਇਸ ਕਮੇਟੀ ਤੋਂ ਕੋਈ ਉਮੀਦ ਨਹੀਂ ਹੈ। ਪ੍ਰਦਰਸ਼ਨਾਂ ਦੌਰਾਨ ਸਭਨਾਂ ਵਰਗਾਂ ਦੇ ਵਿਅਕਤੀਆਂ ਨੇ ਦਿੱਲੀ ਵਿੱਚ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਕੀਤੇ ਜਾਣ ਵਾਲੇ ਪ੍ਰਦਰਸ਼ਨ ‘ਚ ਵੱਡਾ ਯੋਗਦਾਨ ਪਾਉਣ ਅਤੇ ਕੇਂਦਰ ਸਰਕਾਰ ਤੱਕ ਅੰਦੋਲਨ ਦਾ ਸੇਕ ਪਹੁੰਚਾਉਣ ਦਾ ਸੱਦਾ ਵੀ ਦਿੱਤਾ।
ਕਿਸਾਨ ਆਗੂਆਂ ਸੁਖਦੇਵ ਸਿੰਘ ਕੋਕਰੀ, ਸਤਨਾਮ ਸਿੰਘ ਪੰਨੂ ਤੇ ਜਗਮੋਹਨ ਸਿੰਘ ਨੇ ਦੱਸਿਆ ਕਿ ਕਿਸਾਨ ਜਥੇਬੰਦੀਆਂ ਦੇ ਸੱਦੇ ਨੂੰ ਪੰਜਾਬ ਦੇ ਹਰ ਵਰਗ ਵੱਲੋਂ ਪਹਿਲਾਂ ਵਾਂਗ ਭਰਪੂਰ ਸਮਰਥਨ ਦਿੱਤਾ ਗਿਆ ਹੈ ਤੇ ਲੋਕਾਂ ਦੇ ਹੌਸਲੇ ਨੇ ਦਿੱਲੀ ਮੋਰਚੇ ‘ਚ ਡਟੇ ਅੰਦੋਲਨਕਾਰੀਆਂ ਦੇ ਹੌਸਲੇ ਬੁਲੰਦ ਕੀਤੇ ਹਨ। ਇਸ ਲਈ ਕਾਨੂੰਨ ਵਾਪਸੀ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਬੀਕੇਯੂ (ਏਕਤਾ ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਉਨ੍ਹਾਂ ਦੀ ਜਥੇਬੰਦੀ ਦੀ ਅਗਵਾਈ ਹੇਠ ਦਿੱਲੀ ਟਿੱਕਰੀ ਮੋਰਚੇ ਵਿੱਚ ਸੈਂਕੜੇ ਥਾਵਾਂ ਤੋਂ ਇਲਾਵਾ ਪੰਜਾਬ ਵਿੱਚ 16 ਜ਼ਿਲ੍ਹਿਆਂ ਦੇ 1600 ਤੋਂ ਵੱਧ ਪਿੰਡਾਂ ਵਿੱਚ ਇਸੇ ਤਰ੍ਹਾਂ ਲੋਹੜੀ ਮਨਾਈ ਗਈ। ਸੌ ਤੋਂ ਵੱਧ ਪਿੰਡਾਂ ਵਿੱਚ ਖੇਤ ਮਜ਼ਦੂਰ ‘ਪੰਜਾਬ ਖੇਤ ਮਜ਼ਦੂਰ ਯੂਨੀਅਨ’ ਦੇ ਝੰਡੇ ਹੇਠ ਅਤੇ ਬਾਕੀ ਪਿੰਡਾਂ ਵਿੱਚ ਕਿਸਾਨਾਂ ਨਾਲ ਇਕਮੁੱਠਤਾ ਵਜੋਂ ਸ਼ਾਮਲ ਹੋਏ। ਪਿੰਡਾਂ ਦੇ ਹੋਰ ਕਿਰਤੀ ਤਬਕੇ ਵੀ ਸ਼ਾਮਲ ਹੋਏ। ਬਠਿੰਡਾ, ਮੋਗਾ, ਲੰਬੀ ਤੇ ਹੋਰ ਬਹੁਤ ਸਾਰੇ ਸ਼ਹਿਰਾਂ ਵਿੱਚ ਮੁਲਾਜ਼ਮਾਂ, ਜਮਹੂਰੀ ਕਾਰਕੁਨਾਂ, ਕਲਾਕਾਰਾਂ ਅਤੇ ਹੋਰ ਇਨਸਾਫਪਸੰਦ ਲੋਕਾਂ ਵੱਲੋਂ ਗਠਿਤ ‘ਕਿਸਾਨ ਘੋਲ਼ ਸਮਰਥਨ ਕਮੇਟੀਆਂ’ ਦੀ ਅਗਵਾਈ ਹੇਠ ਵੀ ਇਸੇ ਤਰ੍ਹਾਂ ਲੋਹੜੀ ਮਨਾ ਕੇ ਰੋਸ ਮਾਰਚ ਕੀਤੇ ਗਏ। ਇਕੱਠਾਂ ਨੂੰ ਸੰਬੋਧਨ ਕਰਨ ਵਾਲੇ ਬੁਲਾਰਿਆਂ ਨੇ ਕਿਹਾ ਕਿ ਮੋਦੀ ਹਕੂਮਤ ਦੇ ਕਿਸਾਨ ਵਿਰੋਧੀ ਅਤੇ ਸਾਮਰਾਜੀ ਕਾਰਪੋਰੇਟ ਪੱਖੀ ਵਤੀਰੇ ਦੀ ਸਖ਼ਤ ਨਿਖੇਧੀ ਕਰਦੇ ਹੋਏ ਕਾਲੇ ਖੇਤੀ ਕਾਨੂੰਨ ਰੱਦ ਕਰਾਉਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ ਨੇ ਦੱਸਿਆ ਯੂਨੀਅਨ ਦੀ ਅਗਵਾਈ ਹੇਠ 2 ਹਜ਼ਾਰ ਪਿੰਡਾਂ ਅੰਦਰ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਸਵਾਹ ਕੀਤੀਆਂ ਗਈਆਂ।

Check Also

ਜ਼ਿਮਨੀ ਚੋਣਾਂ ਜਿੱਤਣ ਮਗਰੋਂ ‘ਆਪ’ ਨੇ ਪਟਿਆਲਾ ਤੋਂ ਸ਼ੁਰੂ ਕੀਤੀ ਧੰਨਵਾਦ ਯਾਤਰਾ

ਪਾਰਟੀ ਪ੍ਰਧਾਨ ਅਮਨ ਅਰੋੜਾ ਦੀ ਅਗਵਾਈ ’ਚ ਅੰਮਿ੍ਰਤਸਰ ਪਹੁੰਚ ਕੇ ਸੰਪੰਨ ਹੋਵੇਗੀ ਧੰਨਵਾਦ ਯਾਤਰਾ ਪਟਿਆਲਾ/ਬਿਊਰੋ …