17.1 C
Toronto
Thursday, October 22, 2026
spot_img
HomeਕੈਨੇਡਾFrontਭਾਜਪਾ, ਅਗਾਮੀ ਚੋਣਾਂ ਲਈ ਸ਼ਿਰੋਮਣੀ ਅਕਾਲੀ ਦਲ ਨਾਲ ਕਰੇਗੀ ਗਠਜੋੜ-ਅਮਿਤ ਸ਼ਾਹ

ਭਾਜਪਾ, ਅਗਾਮੀ ਚੋਣਾਂ ਲਈ ਸ਼ਿਰੋਮਣੀ ਅਕਾਲੀ ਦਲ ਨਾਲ ਕਰੇਗੀ ਗਠਜੋੜ-ਅਮਿਤ ਸ਼ਾਹ

ਭਾਜਪਾ, ਅਗਾਮੀ ਚੋਣਾਂ ਲਈ ਸ਼ਿਰੋਮਣੀ ਅਕਾਲੀ ਦਲ ਨਾਲ ਕਰੇਗੀ ਗਠਜੋੜ-ਅਮਿਤ ਸ਼ਾਹ
ਐਨਡੀਏ ਬਣਾਏਗੀ ਪੰਜਾਬ ‘ਚ ਸਰਕਾਰ, ਕਾਂਗਰਸ ਅਗਲੇ ਤੀਹ ਸਾਲ ਤੱਕ ਰਹੇਗੀ ਸੱਤਾ ਤੋਂ ਬਾਹਰ
ਦੂਜੀਆਂ ਅਕਾਲੀ ਪਾਰਟੀਆਂ ਦੀ ਸ਼ਮੂਲੀਅਤ ਤੇ ਵੀ ਕੀਤਾ ਜਾ ਸਕਦਾ ਹੈ ਵਿਚਾਰ, ਫ਼ੈਸਲਾ ਛੇਤੀ

ਅਮਰਜੀਤ ਸਿੰਘ
ਚੰਡੀਗੜ੍ਹ/ਦਿੱਲੀ, 22 ਅਕਤੂਬਰ, 2026
ਇਹ ਉਹ ਖ਼ਬਰ ਹੈ ਜਿਸਨੂੰ ਸੁਣਨ ਲਈ ਸ਼ਿਰੋਮਣੀ ਅਕਾਲੀ ਦਲ ਚਿਰਾਂ ਤੋਂ ਇੰਤਜ਼ਾਰ ਕਰ ਰਿਹਾ ਹੈ। ਆਖਿਰਕਾਰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭਾਜਪਾ-ਸ਼ਿਰੋਮਣੀ ਅਕਾਲੀ ਦਲ ਸਮਝੌਤੇ ਦੇ ਸੰਕੇਤ ਦੇ ਹੀ ਦਿੱਤੇ ਹਨ। ਪਰ ਨਵੀਂ ਗੱਲ ਇਹ ਹੈ ਕਿ ਇਹ ਸਮਝੌਤਾ ਪੰਜਾਬ ਦੀਆਂ ਬਾਕੀ ਅਕਾਲੀ ਦਲ ਇਕਾਈਆਂ ਨਾਲ ਵੀ ਹੋ ਸਕਦਾ ਹੈ। ਸ਼ਾਹ ਨੇ ਦਾਅਵਾ ਕਰ ਦਿੱਤਾ ਹੈ ਕਿ ਪੰਜਾਬ ਵਿੱਚ ਇਸ ਵਾਰ ਐਨਡੀਏ ਦੀ ਸਰਕਾਰ ਬਣੇਗੀ ਤੇ ਕਾਂਗਰਸ 30 ਸਾਲ ਤੱਕ ਸੱਤਾ ਤੋਂ ਬਾਹਰ ਰਹੇਗੀ।
ਅਮਿਤ ਸ਼ਾਹ ਅੱਜ ਦਿੱਲੀ ਵਿੱਚ ਵਿਕਾਸ ਪਰਿਯੋਜਨਾਵਾਂ ਦਾ ਆਰੰਭ ਕਰਦੇ ਸਮੇਂ ਲੋਕਾਂ ਨਾਲ ਮੁਖਾਤਿਬ ਹੋਏ ਸਨ। ਉਨ੍ਹਾਂ ਭਾਜਪਾ-ਅਕਾਲੀ ਗੱਠਜੋੜ ਦਾ ਸੰਕੇਤ ਦੇ ਦਿੱਤਾ ਹੈ ਜਿਸ ਉੱਤੇ ਕਿਸੇ ਵੀ ਸਮੇਂ ਅਮਲ ਹੋ ਸਕਦਾ ਹੈ। ਕਿਹਾ ਜਾ ਸਕਦਾ ਹੈ ਕਿ ਕੇਂਦਰੀ ਮੰਤਰੀ ਅਮਿਤ ਸ਼ਾਹ ਦਾ ਇਹ ਬਿਆਨ ਉਸ ਸਮਝੌਤੇ ਦੀ ਰਸਮੀ ਪੁਸ਼ਟੀ ਕਰ ਰਿਹਾ ਹੈ ਜਿਸ ਬਾਰੇ ਕਾਫੀ ਸਮੇਂ ਤੋਂ ਚਰਚਾਵਾਂ ਚੱਲ ਰਹੀਆਂ ਸਨ। ਆਪਣੇ ਇਨ੍ਹਾਂ ਹੀ ਕਾਲਮਾਂ ਵਿੱਚ Parvasi ਨੇ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਜੇਕਰ ਭਾਰਤੀ ਜਨਤਾ ਪਾਰਟੀ ਨੇ ਸ਼ਿਰੋਮਣੀ ਅਕਾਲੀ ਦਲ ਨਾਲ ਗਠਜੋੜ ਨਾ ਕੀਤਾ, ਤਾਂ ਅਕਾਲੀਆਂ ਦਾ ਕੁੱਝ ਨਹੀਂ ਜਾਣਾ ਪਰ ਭਾਜਪਾ ਦੇ ਪੱਲੇ ਵੀ ਕੁੱਝ ਨਹੀਂ ਪੈਣਾ।
ਇਹ ਅਖਬਾਰ ਇਸ ਮਾਹੌਲ ਤੇ ਪਹਿਲਾਂ ਵੀ ਚਰਚਾ ਕਰ ਚੁਕਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਅਕਾਲੀ ਦਲ ਦੇ ਹੋਰ ਧੜਿਆਂ ਦੇ ਐਨਡੀਏ ਵਿੱਚ ਸ਼ਾਮਲ ਹੋਣ ਦੀਆਂ ਕਿਆਸਰਾਈਆਂ ਚੱਲ ਰਹੀਆਂ ਹਨ। ਹੁਣ ਅਮਿਤ ਸ਼ਾਹ ਦਾ ਇਹ ਬਿਆਨ ਸਿਰਫ ਰਸਮੀ ਨਹੀਂ ਹੈ ਬਲਕਿ ਇਸ ਉੱਤੇ ਅਮਲ ਦੀ ਪੂਰੀ ਤਿਆਰੀ ਸ਼ੁਰੂ ਹੋ ਗਈ ਹੈ। ਇਸਨੂੰ ਲੈਕੇ ਕਾਂਗਰਸ ਚੋਂ ਭਾਜਪਾ ‘ਚ ਗਏ ਵੱਡੇ ਕੱਦ ਦੇ ਨੇਤਾ ਸੁਨੀਲ ਜਾਖੜ ਸਭਤੋਂ ਵੱਧ ਸਰਗਰਮ ਰਹੇ ਹਨ। ਉਹ ਅਕਸਰ ਕਹਿੰਦੇ ਰਹੇ ਹਨ ਕਿ ਸਮਝੌਤੇ ਦਾ ਸੌਦਾ ਕਿਸੇ ਵੀ ਲਿਹਾਜ਼ ਨਾਲ ਮਾੜਾ ਨਹੀਂ ਰਹੇਗਾ, ਨਾ ਭਾਜਪਾ ਲਈ ਤੇ ਨਾ ਹੀ ਅਕਾਲੀਆਂ ਲਈ। ਸ਼ਾਇਦ ਪਰਦੇ ਪਿੱਛੇ ਚੱਲ ਰਹੀ ਗੱਲਬਾਤ ਤੋਂ ਉਹ ਜਾਣੂੰ ਰਹੇ ਹੋਣ।
ਆਪਣੇ ਚਿਰ ਪਰਿਚਿਤ ਅੰਦਾਜ਼ ਵਿੱਚ ਸ਼ਾਹ ਨੇ ਅੱਜ ਫੇਰ ਕਿਹਾ ਕਿ ਆਪਣੀਆਂ ਨਾਕਾਰਾਤਮਕ ਰਾਜਨੀਤਿਕ ਨੀਤੀਆਂ ਕਾਰਨ ਕਾਂਗਰਸ ਪਾਰਟੀ ਅਗਲੇ 30 ਸਾਲ ਤੱਕ ਸੱਤਾ ਤੋਂ ਬਾਹਰ ਹੀ ਰਹੇਗੀ। ਲਗਦੇ ਹੱਥੀਂ ਉਨ੍ਹਾਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਚੇਤਾਵਨੀ ਦਿੱਤੀ ਕਿ ਛੇਤੀ ਹੀ ਪੰਜਾਬ ਦੇ ਵੋਟਰ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਨੂੰ “ਜੜ੍ਹੋਂ ਉਖਾੜ” ਸੁੱਟਣਗੇ। ਸ਼ਾਹ ਦਾ ਇਹ ਬਿਆਨ ਉਦੋਂ ਆ ਰਿਹਾ ਹੈ ਜਦੋਂ ਉਹ ਪੰਜਾਬ ਵਿੱਚ ਕੀਤੀ ਰੈਲੀ ਵਿੱਚ ਜ਼ਿਆਦਾ ਭੀੜ ਨਹੀਂ ਇਕੱਠੀ ਕਰ ਸਕੇ ਸਨ। ਇਹ ਹਾਲਾਂਕਿ ਜ਼ਿਆਦਾ ਦਿਨ ਪੁਰਾਣੀ ਗੱਲ ਨਹੀੰ ਹੈ। ਓਹੀ ਏਜੇਂਸੀਆਂ ਜੋ ਭਾਜਪਾ ਨੂੰ ਖ਼ਸਤਾ ਹਾਲਤ ਵਿੱਚ ਦੱਸ ਰਹੀਆਂ ਸਨ ਹੁਣ ਉਨ੍ਹਾਂ ਨੇ ਸ਼ਾਇਦ ਕੋਈ ਹੋਰ ਸਰਵੇ ਕੀਤਾ ਹੈ ਜਿਸਤੋਂ ਭਾਜਪਾ ਨੂੰ ਤਾਕ਼ਤ ਮਿਲਦੀ ਨਜ਼ਰ ਆ ਰਹੀ ਹੈ।
ਜਿਵੇਂ ਕਿ ਸ਼ਾਹ ਪਹਿਲਾਂ ਵੀ ਰਾਹੁਲ ਗਾਂਧੀ ਤੇ ਕੁੱਝ ਖਾਸ ਕਿਸਮ ਦੇ ਇਲਜ਼ਾਮ ਲਾਉਂਦੇ ਆ ਰਹੇ ਹਨ ਅੱਜ ਉਹਨਾਂ ਦਵਾਰਕਾ ਵਿੱਚ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ‘ਤੇ ਫੇਰ ਦੋਸ਼ ਲਾਇਆ ਕਿ ਉਹ ਭਾਜਪਾ ਤੇ “ਵੋਟ ਚੋਰੀ” ਦੇ ਦੋਸ਼ ਲਗਾ ਕੇ ਅਸਲ ਵਿੱਚ ਘੁਸਪੈਠੀਆਂ ਦੇ “ਵੋਟ ਬੈਂਕ” ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਭਾਰਤੀ ਚੋਣ ਕਮਿਸ਼ਨ ਦੀ ਨਿਰਪੱਖਤਾ ‘ਤੇ ਕਾਂਗਰਸ ਵੱਲੋਂ ਵਾਰ-ਵਾਰ ਉਠਾਏ ਜਾ ਰਹੇ ਸਵਾਲਾਂ ਨੂੰ ਸਿਰੇ ਤੋਂ ਖਾਰਿਜ ਕਰਦੇ ਹੋਏ ਕਿਹਾ ਕਿ ਕਾਂਗਰਸ ਚੋਣਾਂ ਜਿੱਤ ਜਾਣ ਤੋਂ ਬਾਅਦ ਚੋਣ ਕਮਿਸ਼ਨ ਨੂੰ ਸਹੀ ਮੰਨਦੀ ਹੈ, ਪਰ ਹਾਰਨ ‘ਤੇ ਉਸ ‘ਤੇ ਦੋਸ਼ ਲਗਾਉਂਦੀ ਹੈ, ਇਹ ਉਨ੍ਹਾਂ ਦੀ ਪੁਰਾਣੀ ਚਾਲ ਹੈ।
ਇਸ ਮੌਕੇ ਅਮਿਤ ਸ਼ਾਹ ਨੇ ਕੇਜਰੀਵਾਲ ਨੂੰ ਵੀ ਨਹੀਂ ਬਖਸ਼ਿਆ। ਉਨ੍ਹਾਂ ਕਿਹਾ, ਸਾਬਕਾ ਮੁੱਖ ਮੰਤਰੀ ਸਿਰਫ਼ ਅੰਦੋਲਨਾਂ ਅਤੇ ਪ੍ਰਦਰਸ਼ਨਾਂ ‘ਤੇ ਹੀ ਨਿਰਭਰ ਰਹੇ ਹਨ, ਜਦਕਿ ਰਾਜਧਾਨੀ ਦੀਆਂ ਬੁਨਿਆਦੀ ਨਾਗਰਿਕ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਪੂਰੀ ਤਰ੍ਹਾਂ ਅਸਫਲ ਰਹੇ। ਉਨ੍ਹਾਂ ਦਾਅਵਾ ਕੀਤਾ ਕਿ ਜਨਤਾ ਪੰਜਾਬ ਵਿੱਚੋਂ ‘ਆਪ’ ਸਰਕਾਰ ਨੂੰ ਜੜ੍ਹੋਂ ਉਖਾੜ ਕੇ ਹੀ ਦਮ ਲਵੇਗੀ।

RELATED ARTICLES
POPULAR POSTS