Breaking News
Home / ਭਾਰਤ / ਫੌਜ ਦੇ ਨਾਮ ‘ਤੇ ਵੋਟਾਂ ਮੰਗਣ ਦੀ ਭਾਜਪਾ ਦੀ ਚਾਲ ਪੁੱਠੀ ਪੈਣ ਲੱਗੀ

ਫੌਜ ਦੇ ਨਾਮ ‘ਤੇ ਵੋਟਾਂ ਮੰਗਣ ਦੀ ਭਾਜਪਾ ਦੀ ਚਾਲ ਪੁੱਠੀ ਪੈਣ ਲੱਗੀ

148 ਸਾਬਕਾ ਫੌਜੀ ਅਫਸਰਾਂ ਨੇ ਰਾਸ਼ਟਰਪਤੀ ਨੂੰ ਲਿਖੀ ਚਿੱਠੀ
ਪਰ ਸਾਬਕਾ ਫੌਜੀ ਅਫਸਰਾਂ ਦਾ ਕਹਿਣਾ – ਅਸੀਂ ਅਜਿਹੀ ਕੋਈ ਚਿੱਠੀ ਨਹੀਂ ਲਿਖੀ
ਨਵੀਂ ਦਿੱਲੀ/ਬਿਊਰੋ ਨਿਊਜ਼
ਫੌਜ ਦੇ ਦਮ ‘ਤੇ ਚੋਣਾਂ ਜਿੱਤਣ ਵਾਲੀ ਭਾਰਤੀ ਜਨਤਾ ਪਾਰਟੀ ਦੀ ਚੁਣਾਵੀ ਚਾਲ ਹੁਣ ਪੁੱਠੀ ਪੈਂਦੀ ਨਜ਼ਰ ਆ ਰਹੀ ਹੈ। ਚੋਣ ਪ੍ਰਚਾਰ ਦੌਰਾਨ ਫੌਜ ਅਤੇ ਫੌਜੀਆਂ ਦੀ ਵਰਤੋਂ ਕਰਨ ਸਬੰਧੀ ਫੌਜ ਦੇ ਅਧਿਕਾਰੀਆਂ ਨੇ ਨਿਰਾਸ਼ਾ ਜ਼ਾਹਰ ਕੀਤੀ ਹੈ। ਇਸ ਸਬੰਧੀ ਤਿੰਨੋਂ ਸੈਨਾਵਾਂ ਦੇ 8 ਸਾਬਕਾ ਮੁਖੀਆਂ ਸਮੇਤ 148 ਸਾਬਕਾ ਫੌਜੀ ਅਧਿਕਾਰੀਆਂ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਚਿੱਠੀ ਲਿਖੀ ਹੈ। ਰਾਸ਼ਟਰਪਤੀ ਦੇ ਨਾਲ-ਨਾਲ ਇਹ ਚਿੱਠੀ ਚੋਣ ਕਮਿਸ਼ਨ ਨੂੰ ਵੀ ਭੇਜੀ ਗਈ ਹੈ। ਜਦਕਿ ਸਾਬਕਾ ਏਅਰ ਮਾਰਸ਼ਲ ਐਨ.ਸੀ. ਸੂਰੀ ਅਤੇ ਸਾਬਕਾ ਜਨਰਲ ਐੱਸ.ਐਫ. ਰੌਡਰਿਗਜ਼ ਨੇ ਅਜਿਹੀ ਕਿਸੇ ਵੀ ਤਰ੍ਹਾਂ ਦੀ ਚਿੱਠੀ ਬਾਰੇ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਹੈ। ਉਧਰ ਦੂਜੇ ਪਾਸੇ ਰਾਸ਼ਟਰਪਤੀ ਭਵਨ ਵਲੋਂ ਦੱਸਿਆ ਕਿ ਉਨ੍ਹਾਂ ਨੂੰ ਅਜਿਹੀ ਕੋਈ ਵੀ ਚਿੱਠੀ ਅਜੇ ਤੱਕ ਨਹੀਂ ਮਿਲੀ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਯੂ.ਪੀ. ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਭਾਰਤੀ ਫੌਜ ਨੂੰ ‘ਮੋਦੀ ਜੀ ਦੀ ਫੌਜ’ ਕਹਿ ਕੇ ਸੰਬੋਧਨ ਕੀਤਾ ਸੀ। ਪ੍ਰਧਾਨ ਮੰਤਰੀ ਮੋਦੀ ਨੇ ਵੀ ਮਹਾਰਾਸ਼ਟਰ ‘ਚ ਇਕ ਰੈਲੀ ਵਿਚ ਕਿਹਾ ਸੀ ਕਿ ਆਪਣੀਆਂ ਵੋਟਾਂ ਉਨ੍ਹਾਂ ਬਹਾਦਰ ਲੋਕਾਂ ਨੂੰ ਸਮਰਪਿਤ ਕਰੋ, ਜੋ ਬਾਲਾਕੋਟ ਵਿਚ ਹੋਏ ਅੱਤਵਾਦੀ ਹਮਲੇ ਵਿਚ ਸ਼ਹੀਦ ਹੋਏ ਹਨ।

Check Also

‘ਆਪ’ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨਾਲ ਕੇਜਰੀਵਾਲ ਦੀ ਰਿਹਾਇਸ਼ ’ਤੇ ਹੋਈ ਕੁੱਟਮਾਰ

ਮਾਲੀਵਾਲ ਨੇ ਕੇਜਰੀਵਾਲ ਦੇ ਪੀਏ ਵਿਭਵ ਕੁਮਾਰ ’ਤੇ ਕੁੱਟਮਾਰ ਕਰਨ ਦਾ ਲਗਾਇਆ ਆਰੋਪ ਨਵੀਂ ਦਿੱਲੀ/ਬਿਊਰੋ …