ਪ੍ਰਸ਼ਾਂਤ ਕਿਸ਼ੋਰ ਨੇ ਕਿਹਾ, ਭਾਜਪਾ ਜਿੱਤੇ ਜਾਂ ਹਾਰੇ ਫਿਰ ਵੀ ਭਾਰਤੀ ਰਾਜਨੀਤੀ ਦੇ ਕੇਂਦਰ ’ਚ ਹੀ ਰਹੇਗੀ
ਨਵੀਂ ਦਿੱਲੀ/ਬਿਊਰੋ ਨਿਊਜ਼
ਰਾਜਨੀਤਕ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦਾ ਮੰਨਣਾ ਹੈ ਕਿ ਭਾਰਤੀ ਜਨਤਾ ਪਾਰਟੀ ਆਉਣ ਵਾਲੇ ਦਹਾਕਿਆਂ ਤੱਕ ਭਾਰਤੀ ਰਾਜਨੀਤੀ ਵਿਚ ਵੱਡੀ ਤਾਕਤ ਬਣੀ ਰਹੇਗੀ। ਆਪਣੀ ਗੋਆ ਯਾਤਰਾ ਦੌਰਾਨ ਪ੍ਰਸ਼ਾਂਤ ਕਿਸ਼ੋਰ ਨੇ ਇਹ ਗੱਲ ਕਹੀ ਹੈ। ਪ੍ਰਸ਼ਾਂਤ ਨੇ ਕਿਹਾ ਕਿ ਜਿਸ ਤਰ੍ਹਾਂ ਕਾਂਗਰਸ ਪਹਿਲਾਂ 40 ਸਾਲਾਂ ਤੱਕ ਭਾਰਤੀ ਰਾਜਨੀਤੀ ਦੇ ਕੇਂਦਰ ਵਿਚ ਸੀ, ਉਸੇ ਤਰ੍ਹਾਂ ਹੀ ਭਾਜਪਾ ਵੀ, ਚਾਹੇ ਜਿੱਤੇ ਜਾਂ ਹਾਰੇ, ਰਾਜਨੀਤੀ ਦੇ ਕੇਂਦਰ ਵਿਚ ਰਹੇਗੀ। ਉਨ੍ਹਾਂ ਕਿਹਾ ਕਿ ਇਕ ਵਾਰ ਜਦੋਂ ਤੁਸੀਂ ਕੌਮੀ ਪੱਧਰ ’ਤੇ 30 ਫੀਸਦੀ ਵੋਟ ਹਾਸਲ ਕਰ ਲੈਂਦੇ ਹੋ ਤਾਂ ਏਨੀ ਜਲਦੀ ਰਾਜਨੀਤਕ ਤਸਵੀਰ ਤੋਂ ਨਹੀਂ ਹਟ ਸਕਦੇ। ਕਿਸ਼ੋਰ ਨੇ ਕਾਂਗਰਸੀ ਆਗੂ ਰਾਹੁਲ ਗਾਂਧੀ ਨੂੰ ਲੈ ਕੇ ਕਿਹਾ ਕਿ ਉਹ ਸ਼ਾਇਦ ਇਸ ਭਰਮ ਵਿਚ ਹਨ ਕਿ ਮੋਦੀ ਦੇ ਸੱਤਾ ਵਿਚ ਰਹਿਣ ਤੱਕ ਹੀ ਭਾਜਪਾ ਮਜ਼ਬੂਤ ਹੈ। ਪ੍ਰਸ਼ਾਂਤ ਨੇ ਕਿਹਾ ਕਿ ਇਹ ਸਮਝਣਾ ਹੋਵੇਗਾ ਕਿ ਮੋਦੀ ਦੀ ਹਰਮਨ ਪਿਆਰਤਾ ਦਾ ਕੀ ਕਾਰਨ ਹੈ? ਜੇਕਰ ਤੁਸੀਂ ਇਸ ਗੱਲ ਨੂੰ ਸਮਝ ਲਓਗੇ ਤਾਂ ਹੀ ਮੋਦੀ ਨੂੰ ਹਰਾ ਸਕਦੇ ਹੋ।