ਦਿੱਲੀ ਪੁਲਿਸ ਨੇ ਜੰਤਰ ਮੰਤਰ ’ਤੇ ਧਰਨੇ ਵਾਲੀ ਥਾਂ ਖਾਲੀ ਕਰਵਾਈ
ਨਵੀਂ ਦਿੱਲੀ/ਬਿਊਰੋ ਨਿਊਜ਼
ਕਾਂਗਰਸ ਸਣੇ ਹੋਰਨਾਂ ਵਿਰੋਧੀ ਧਿਰਾਂ ਵੱਲੋਂ ਕੀਤੇ ਬਾਈਕਾਟ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੰਘੇ ਕੱਲ੍ਹ ਐਤਵਾਰ ਨੂੰ ਨਵੀਂ ਦਿੱਲੀ ਵਿਖੇ ਨਵੇਂ ਸੰਸਦ ਭਵਨ ਦਾ ਉਦਘਾਟਨ ਕਰ ਦਿੱਤਾ। ਪ੍ਰਧਾਨ ਮੰਤਰੀ ਮੋਦੀ ਨੇ ਇਤਿਹਾਸਕ ਸੇਂਗੋਲ ਨੂੰ ਲੋਕ ਸਭਾ ਚੈਂਬਰ ਵਿੱਚ ਸਪੀਕਰ ਦੇ ਆਸਨ ਨਾਲ ਸਥਾਪਿਤ ਕੀਤਾ। ਇਸ ਮੌਕੇ ਦੋਵਾਂ ਸਦਨਾਂ ਦੇ ਮੈਂਬਰਾਂ ਤੇ ਹੋਰਨਾਂ ਮਹਿਮਾਨਾਂ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਨਵੇਂ ਸੰਸਦ ਭਵਨ ਦਾ ਉਦਘਾਟਨ ਦੇਸ਼ ਦੀ ਵਿਕਾਸ ਯਾਤਰਾ ਦਾ ‘ਸਦੀਵੀਂ’ ਪਲ ਹੈ। ਉਨ੍ਹਾਂ ਨਵੀਂ ਸੰਸਦ ਨੂੰ 140 ਕਰੋੜ ਭਾਰਤੀਆਂ ਦੀਆਂ ਇੱਛਾਵਾਂ ਤੇ ਸੁਫ਼ਨਿਆਂ ਦਾ ਪ੍ਰਤੀਬਿੰਬ ਦੱਸਿਆ। ਉਧਰ ਦੂਜੇ ਪਾਸੇ ਦਿੱਲੀ ਪੁਲਿਸ ਨੇ ਨਵੇਂ ਸੰਸਦ ਭਵਨ ਵੱਲ ਰੋਸ ਮਾਰਚ ਕਰ ਰਹੇ ਪਹਿਲਵਾਨਾਂ ਨੂੰ ਹਿਰਾਸਤ ਵਿੱਚ ਲੈਣ ਮਗਰੋਂ ਜੰਤਰ-ਮੰਤਰ ’ਤੇ ਧਰਨਾ ਲਾਉਣ ਵਾਲੇ ਪ੍ਰਬੰਧਕਾਂ ਤੇ ਪਹਿਲਵਾਨਾਂ ਦੇ ਹਮਾਇਤੀਆਂ ਖਿਲਾਫ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਜੰਤਰ ਮੰਤਰ ’ਤੇ ਧਰਨਾ ਦੇਣ ਵਾਲੇ 109 ਪ੍ਰਦਰਸ਼ਨਕਾਰੀਆਂ ਸਣੇ ਪੂਰੀ ਦਿੱਲੀ ’ਚੋਂ 700 ਵਿਅਕਤੀਆਂ ਨੂੰ ਹਿਰਾਸਤ ’ਚ ਲੈਣ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਮਗਰੋਂ ਮਹਿਲਾ ਤੇ ਪੁਰਸ਼ ਪਹਿਲਵਾਨਾਂ ਨੂੰ ਰਿਹਾਅ ਵੀ ਕਰ ਦਿੱਤਾ। ਸੀਨੀਅਰ ਪੁਲਿਸ ਅਧਿਕਾਰੀ ਮੁਤਾਬਕ ਐੱਫਆਈਆਰ ਆਈਪੀਸੀ ਦੀਆਂ ਧਾਰਾਵਾਂ 188, 186, 353 ਤੇ 332 ਤਹਿਤ ਦਰਜ ਕੀਤੀ ਗਈ ਹੈ। ਧਿਆਨ ਰਹੇ ਕਿ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬਿ੍ਰਜ ਭੂਸ਼ਣ ਸ਼ਰਨ ਸਿੰਘ ਦੀ ਗਿ੍ਰਫਤਾਰੀ ਦੀ ਮੰਗ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਜੰਤਰ-ਮੰਤਰ ’ਤੇ ਲਾਏ ਧਰਨੇ ਦੀ ਮੂਹਰੇ ਹੋ ਕੇ ਅਗਵਾਈ ਕਰ ਰਹੇ ਪਹਿਲਵਾਨਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਸੀ। ਇਸ ਮੌਕੇ ਮਹਿਲਾ ਪੁਲਿਸ ਕਰਮਚਾਰੀਆਂ ਅਤੇ ਮਹਿਲਾ ਪਹਿਲਵਾਨਾਂ ਵਿਚਾਲੇ ਖਿੱਚ-ਧੂਹ ਵੀ ਹੋਈ। ਦਿੱਲੀ ਪੁਲਿਸ ਨੇ ਜੰਤਰ ਮੰਤਰ ’ਤੇ ਧਰਨੇ ਵਾਲੀ ਥਾਂ ਵੀ ਖਾਲੀ ਕਰਵਾ ਲਈ ਹੈ।

