Breaking News
Home / ਭਾਰਤ / ਮਹਾਰਾਸ਼ਟਰ ਸਰਕਾਰ ਦਾ ਮੰਤਰੀ ਨਵਾਬ ਮਲਿਕ ਮਨੀ ਲਾਂਡਰਿੰਗ ਕੇਸ ‘ਚ ਗ੍ਰਿਫ਼ਤਾਰ

ਮਹਾਰਾਸ਼ਟਰ ਸਰਕਾਰ ਦਾ ਮੰਤਰੀ ਨਵਾਬ ਮਲਿਕ ਮਨੀ ਲਾਂਡਰਿੰਗ ਕੇਸ ‘ਚ ਗ੍ਰਿਫ਼ਤਾਰ

ਵਿਸ਼ੇਸ਼ ਅਦਾਲਤ ਨੇ ਨਵਾਬ ਮਲਿਕ ਨੂੰ 3 ਮਾਰਚ ਤੱਕ ਈਡੀ ਦੀ ਹਿਰਾਸਤ ‘ਚ ਭੇਜਿਆ
ਮੁੰਬਈ : ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮਹਾਰਾਸ਼ਟਰ ਸਰਕਾਰ ‘ਚ ਘੱਟਗਿਣਤੀ ਮਾਮਲਿਆਂ ਬਾਰੇ ਮੰਤਰੀ ਨਵਾਬ ਮਲਿਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮਲਿਕ ਨੂੰ ਭਗੌੜੇ ਗੈਂਗਸਟਰ ਦਾਊਦ ਇਬਰਾਹਿਮ, ਉਸ ਦੇ ਸਾਥੀਆਂ ਤੇ ਮੁੰਬਈ ਅੰਡਰਵਰਲਡ ਦੀਆਂ ਸਰਗਰਮੀਆਂ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰੀ ਮਗਰੋਂ ਮਲਿਕ ਨੂੰ ਵਿਸ਼ੇਸ਼ ਕੋਰਟ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ 3 ਮਾਰਚ ਤੱਕ ਈਡੀ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਈਡੀ ਨੇ ਕੋਰਟ ਵਿੱਚ ਦਾਅਵਾ ਕੀਤਾ ਕਿ ਮਲਿਕ ਦੀ ਦਹਿਸ਼ਤਗਰਦੀ ਲਈ ਫੰਡ ਮੁਹੱਈਆ ਕਰਵਾਉਣ ‘ਚ ‘ਸਰਗਰਮ’ ਭੂਮਿਕਾ ਸੀ। ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁੱਖ ਮਗਰੋਂ ਮਲਿਕ ਸੂਬਾ ਸਰਕਾਰ ‘ਚ ਦੂਜੇ ਮੰਤਰੀ ਹਨ, ਜਿਨ੍ਹਾਂ ਨੂੰ ਪਿਛਲੇ ਚਾਰ ਮਹੀਨਿਆਂ ਵਿੱਚ ਕੇਂਦਰੀ ਜਾਂਚ ਏਜੰਸੀ ਨੇ ਗ੍ਰਿਫ਼ਤਾਰ ਕੀਤਾ ਹੈ। ਦੇਸ਼ਮੁਖ ਨੂੰ ਪਿਛਲੇ ਸਾਲ ਨਵੰਬਰ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਸੀਨੀਅਰ ਐੱਨਸੀਪੀ ਆਗੂ ਛਗਣ ਭੁਜਬਲ ਨੇ ਕਿਹਾ ਕਿ ਮਲਿਕ ਕੋਲੋਂ ਅਸਤੀਫ਼ਾ ਲੈਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਉਂਕਿ ਉਨ੍ਹਾਂ ਕੁਝ ਵੀ ਗ਼ਲਤ ਨਹੀਂ ਕੀਤਾ।
ਈਡੀ ਨੇ 15 ਫਰਵਰੀ ਨੂੰ ਦਾਊਦ ਇਬਰਾਹਿਮ ਦੀ ਮਰਹੂਮ ਭੈਣ ਹਸੀਨਾ ਪਾਰਕਰ, ਭਰਾ ਇਕਬਾਲ ਕਾਸਕਰ ਤੇ ਗੈਂਗਸਟਰ ਛੋਟਾ ਸ਼ਕੀਲ ਦੇ ਨੇੜਲੇ ਰਿਸ਼ਤੇਦਾਰ ਸਲੀਮ ਕੁਰੈਸ਼ੀ ਉਰਫ਼ ਸਲੀਮ ਫਰੂਟ ਦੇ ਟਿਕਾਣਿਆਂ ‘ਤੇ ਛਾਪੇ ਮਾਰੇ ਸਨ। ਜਾਂਚ ਦੌਰਾਨ ਨਵਾਬ ਮਲਿਕ ਵੱਲੋਂ ਜਾਇਦਾਦ ਦੀ ਖਰੀਦ-ਫਰੋਖ਼ਤ ਕੀਤੇ ਜਾਣ ਦਾ ਪਤਾ ਲੱਗਾ ਸੀ। ਨਵਾਬ ਮਲਿਕ ਨੂੰ ਬੁੱਧਵਾਰ ਨੂੰ ਦੱਖਣੀ ਮੁੰਬਈ ਸਥਿਤ ਈਡੀ ਦਫ਼ਤਰ ਵਿੱਚ ਪੁੱਛ-ਪੜਤਾਲ ਲਈ ਲਿਆਂਦਾ ਗਿਆ ਸੀ ਤੇ ਜਾਂਚ ਏਜੰਸੀ ਨੇ ਪੰਜ ਘੰਟਿਆਂ ਦੀ ਪੁੱਛ-ਪੜਤਾਲ ਮਗਰੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਏਜੰਸੀ ਨੇ ਮਲਿਕ ਵੱਲੋਂ ਜਾਂਚ ਵਿੱਚ ਕਥਿਤ ਸਹਿਯੋਗ ਨਾ ਦੇਣ ਦਾ ਦਾਅਵਾ ਕੀਤਾ ਸੀ।
ਨਵਾਬ ਮਲਿਕ ਦੀ ਗ੍ਰਿਫ਼ਤਾਰੀ ਮਗਰੋਂ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਦੇ ਪ੍ਰਧਾਨ ਸ਼ਰਦ ਪਵਾਰ ਨੇ ਦੱਖਣੀ ਮੁੰਬਈ ਸਥਿਤ ਆਪਣੀ ਰਿਹਾਇਸ਼ ‘ਸਿਲਵਰ ਓਕ’ ਵਿੱਚ ਹੰਗਾਮੀ ਮੀਟਿੰਗ ਸੱਦੀ, ਜਿਸ ਵਿੱਚ ਮੌਜੂਦਾ ਹਾਲਾਤ ‘ਤੇ ਚਰਚਾ ਕੀਤੀ ਗਈ। ਮੀਟਿੰਗ ਵਿੱਚ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ, ਮੰਤਰੀ ਛਗਨ ਭੁਜਬਲ, ਹਾਸਨ ਮੁਸ਼ਰਿਫ਼ ਤੇ ਰਾਜੇਸ਼ ਟੋਪੇ ਸ਼ਾਮਲ ਹੋਏ। ਸੂਤਰਾਂ ਨੇ ਕਿਹਾ ਕਿ ਮਲਿਕ ਵੱਲੋਂ ਅਸਤੀਫ਼ਾ ਦੇਣ ਦੀ ਸੂਰਤ ਵਿੱਚ ਉਨ੍ਹਾਂ ਦਾ ਮੰਤਰਾਲਾ ਕਿਸੇ ਹੋਰ ਪਾਰਟੀ ਆਗੂ ਨੂੰ ਦਿੱਤਾ ਜਾ ਸਕਦਾ ਹੈ। ਇਸ ਦੌਰਾਨ ਕਈ ਕਾਂਗਰਸੀ ਆਗੂ ਵੀ ਸ਼ਰਦ ਪਵਾਰ ਨੂੰ ਮਿਲੇ। ਮਲਿਕ ਕੋਲ ਘੱਟਗਿਣਤੀ ਮਾਮਲਿਆਂ ਤੋਂ ਇਲਾਵਾ ਹੁਨਰ ਵਿਕਾਸ ਵਿਭਾਗ ਵੀ ਹੈ। ਸੂਤਰਾਂ ਮੁਤਾਬਕ ਐੱਨਸੀਪੀ ਆਗੂ ਮਗਰੋਂ ਮੁੱਖ ਮੰਤਰੀ ਊਧਵ ਠਾਕਰੇ ਨੂੰ ਵੀ ਮਿਲੇ। ਮਹਾਰਾਸ਼ਟਰ ਸਰਕਾਰ ‘ਚ ਮੰਤਰੀ ਬਾਲਾਸਾਹਿਬ ਥੋਰਾਟ ਤੇ ਛਗਨ ਭੁਜਬਲ ਨੇ ਕਿਹਾ ਕਿ ਮਲਿਕ ਦੀ ਗ੍ਰਿਫ਼ਤਾਰੀ ਖਿਲਾਫ਼ ਭਲਕੇ ਵੀਰਵਾਰ ਨੂੰ ਮੰਤਰਾਲਾ ਦੇ ਸਾਹਮਣੇ ਮਹਾਤਮਾ ਗਾਂਧੀ ਦੀ ਯਾਦਗਾਰ ਨੇੜੇ ਸ਼ਾਂਤੀਪੂਰਵਕ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਹਾ ਵਿਕਾਸ ਅਗਾੜੀ ਗੱਠਜੋੜ ‘ਚ ਸ਼ਾਮਲ ਤਿੰਨੋਂ ਪਾਰਟੀਆਂ ਇਸ ਵਿੱਚ ਸ਼ਾਮਲ ਹੋਣਗੀਆਂ।

 

ਸ਼ਰਦ ਪਵਾਰ ਨੇ ਮਮਤਾ ਬੈਨਰਜੀ ਨਾਲ ਕੀਤਾ ਸਲਾਹ-ਮਸ਼ਵਰਾ
ਐੱਨਸੀਪੀ ਮੁਖੀ ਸ਼ਰਦ ਪਵਾਰ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ ਤ੍ਰਿਣਮੂਲ ਕਾਂਗਰਸ ਦੀ ਸੁਪਰੀਮੋ ਮਮਤਾ ਬੈਨਰਜੀ ਨਾਲ ਫੋਨ ‘ਤੇ ਰਾਬਤਾ ਕਰਕੇ ਮਲਿਕ ਮਾਮਲੇ ਵਿੱਚ ਸਲਾਹ-ਮਸ਼ਵਰਾ ਕੀਤਾ। ਐੱਨਡੀਟੀਵੀ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਦਸ ਮਿੰਟ ਦੀ ਗੱਲਬਾਤ ਦੌਰਾਨ ਪਵਾਰ ਨੇ ਬੈਨਰਜੀ ਤੋਂ ਇਸ ਗੱਲ ਬਾਰੇ ਜਾਣਕਾਰੀ ਹਾਸਲ ਕੀਤੀ ਕਿ ਪਿਛਲੇ ਸਾਲ ਅਜਿਹੀ ਹੀ ਸਥਿਤੀ ਦਾ ਉਨ੍ਹਾਂ ਕਿਵੇਂ ਸਾਹਮਣਾ ਕੀਤਾ ਸੀ। ਮਮਤਾ ਬੈਨਰਜੀ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਕੇਂਦਰੀ ਜਾਂਚ ਏਜੰਸੀਆਂ ਵੱਲੋਂ ਨਿਸ਼ਾਨਾ ਬਣਾਏ ਗਏ ਆਪਣੇ ਮੰਤਰੀਆਂ ਤੋਂ ਅਸਤੀਫਾ ਲੈਣ ਤੋਂ ਕੋਰੀ ਨਾਂਹ ਕਰ ਦਿੱਤੀ ਸੀ।
ਮਲਿਕ ਦੀ ਗ੍ਰਿਫਤਾਰੀ ਸਿਆਸੀ ਬਦਲਾਖੋਰੀ : ਸੰਜੇ ਰਾਊਤ
ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੈ ਰਾਊਤ ਨੇ ਮਲਿਕ ਦੀ ਗ੍ਰਿਫ਼ਤਾਰੀ ਨੂੰ ਸਿਆਸੀ ਬਦਲਾਖੋਰੀ ਕਰਾਰ ਦਿੱਤਾ ਹੈ। ਰਾਊਤ ਨੇ ਕਿਹਾ, ”ਦੱਬੇ ਮੁਰਦੇ ਪੁੱਟੇ ਜਾ ਰਹੇ ਹਨ, ਪਰ ਤੁਹਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ 2024 ਮਗਰੋਂ ਤੁਹਾਡੀ ਵੀ ਜਾਂਚ ਹੋਵੇਗੀ।” ਰਾਊਤ ਨੇ ਕਿਹਾ ਕਿ ਜਲਦੀ ਹੀ ਕੇਂਦਰੀ ਜਾਂਚ ਏਜੰਸੀਆਂ ਦਾ ‘ਪਰਦਾਫਾਸ਼’ ਕੀਤਾ ਜਾਵੇਗਾ। ਉਨ੍ਹਾਂ ਕਿਹਾ, ”ਸਾਰਾ ਦੇਸ਼ ਵੇਖ ਰਿਹਾ ਹੈ ਕਿ ਮਹਾਰਾਸ਼ਟਰ, ਝਾਰਖੰਡ ਤੇ ਪੱਛਮੀ ਬੰਗਾਲ ਵਿੱਚ ਕੀ ਕੁਝ ਹੋ ਰਿਹੈ। ਇਹ ਸਿਆਸੀ ਤੇ ਕਾਨੂੰਨੀ ਲੜਾਈ ਹੈ। ਕੇਂਦਰੀ ਜਾਂਚ ਏਜੰਸੀਆਂ ਮਾਫੀਆ ਵਾਂਗ ਭਾਜਪਾ ਦੇ ਸਿਆਸੀ ਵਿਰੋਧੀਆਂ ਨੂੰ ਨਿਸ਼ਾਨਾ ਬਣਾ ਰਹੀਆਂ ਹਨ। ਪਰ ਸੱਚ ਸਾਹਮਣੇ ਆਏਗਾ ਤੇ ਲੜਾਈ ਜਾਰੀ ਰਹੇਗੀ।”
ਅਸੀਂ ਲੜਾਂਗੇ ਤੇ ਜਿੱਤਾਂਗੇ, ਝੁਕਾਂਗੇ ਨਹੀਂ: ਨਵਾਬ ਮਲਿਕ
ਮੁੰਬਈ : ਮਨੀ ਲਾਂਡਰਿੰਗ ਕੇਸ ਵਿੱਚ ਗ੍ਰਿਫ਼ਤਾਰ ਮਹਾਰਾਸ਼ਟਰ ਦੇ ਘੱਟਗਿਣਤੀ ਮਾਮਲਿਆਂ ਬਾਰੇ ਮੰਤਰੀ ਨਵਾਬ ਮਲਿਕ ਨੇ ਕਿਹਾ ਕਿ ‘ਉਹ ਨਹੀਂ ਝੁਕਣਗੇ ਤੇ ਇਸ ਲੜਾਈ ਨੂੰ ਜਾਰੀ ਰੱਖਦਿਆਂ ਜਿੱਤ ਹਾਸਲ ਕਰਨਗੇ।’ ਈਡੀ ਦੇ ਦੱਖਣੀ ਮੁੰਬਈ ਵਿਚਲੇ ਦਫਤਰ ਵਿੱਚ ਅੱਠ ਘੰਟੇ ਦੇ ਕਰੀਬ ਬਿਤਾਉਣ ਮਗਰੋਂ ਬਾਹਰ ਆਏ ਮਲਿਕ ਨੇ ਬਾਹਰ ਉਡੀਕ ਕਰ ਰਹੇ ਪੱਤਰਕਾਰਾਂ ਵੱਲ ਹੱਥ ਹਿਲਾਉਂਦਿਆਂ ਕਿਹਾ, ”ਅਸੀਂ ਲੜਾਂਗੇ ਤੇ ਜਿੱਤਾਂਗੇ। ਅਸੀਂ ਝੁਕਾਂਗੇ ਨਹੀਂ।” ਈਡੀ ਅਧਿਕਾਰੀ ਮਲਿਕ ਨੂੰ ਮੈਡੀਕਲ ਜਾਂਚ ਵਾਸਤੇ ਹਸਪਤਾਲ ਲਿਜਾਣ ਲਈ ਬਾਹਰ ਲਿਆਏ ਸਨ।

Check Also

ਭਾਰਤ ’ਚ ਲੋਕ ਸਭਾ ਚੋਣਾਂ ਦੇ ਦੂਜੇ ਗੇੜ ਦੀਆਂ ਵੋਟਾਂ ਭਲਕੇ

13 ਸੂਬਿਆਂ ਦੀਆਂ 88 ਸੀਟਾਂ ’ਤੇ ਹੋਵੇਗੀ ਵੋਟਿੰਗ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਵਿਚ ਲੋਕ ਸਭਾ …