15 ਅਗਸਤ ਨੂੰ ਟਾਈਮਜ਼ ਸਕੇਅਰ ’ਤੇ ਲਹਿਰਾਏਗਾ ਵੱਡਾ ਤਿਰੰਗਾ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਵਿਚ ਆਜ਼ਾਦੀ ਦਿਵਸ ਦੀ 75ਵੀਂ ਵਰ੍ਹੇਗੰਢ ਨੂੰ ਲੈ ਕੇ ਭਾਰਤੀਆਂ ’ਚ ਜ਼ਬਰਦਸਤ ਉਤਸ਼ਾਹ ਪਾਇਆ ਜਾ ਰਿਹਾ ਹੈ। ਇਹੀ ਨਹੀਂ ਦੁਨੀਆ ਦੇ ਤਮਾਮ ਦੇਸ਼ਾਂ ’ਚ ਰਹਿਣ ਵਾਲੇ ਪ੍ਰਵਾਸੀ ਭਾਰਤੀ ਵੀ ਆਜ਼ਾਦੀ ਦਿਵਸ ਮਨਾਉਣ ਦੀਆਂ ਤਿਆਰੀਆਂ ਜੋਰ ਸ਼ੋਰ ਨਾਲ ਕਰ ਰਹੇ ਹਨ। 15 ਅਗਸਤ ਵਾਲੇ ਦਿਨ ਅਮਰੀਕਾ ’ਚ ਵੱਡੀ ਪੱਧਰ ’ਤੇ ਅਜ਼ਾਦੀ ਦਿਵਸ ਸਮਾਗਮ ਹੋਣਗੇੇ ਅਤੇ ਅਮਰੀਕਾ ’ਚ ਰਹਿ ਰਹੇ ਭਾਰਤੀ ਟਾਈਮਸ ਸਕੇਅਰ ’ਤੇ ਵੱਡਾ ਤਿਰੰਗਾ ਲਹਿਰਾਉਣਗੇ।
ਪਰਵਾਸੀ ਭਾਰਤੀਆਂ ਦੇ ਸੰਗਠਨ ਫੈਡਰੇਸ਼ਨ ਆਫ ਇੰਡੀਅਨ ਐਸੋਸੀਏਸ਼ਨ ਨਿਊਯਾਰਕ ਤੇ ਨਿਊਜਰਸੀ ਵੱਲੋਂ ਇਸ ਸਮਾਗਮ ਦੀ ਮੇਜ਼ਬਾਨੀ ਕੀਤੀ ਜਾਵੇਗੀ। ਟਾਈਮਜ਼ ਸਕੇਅਰ ਦੇ ਬਿਲ ਬੋਰਡ ’ਤੇ ਅਜ਼ਾਦੀ ਦਿਵਸ ਦਾ ਇਹ ਪ੍ਰੋਗਰਾਮ 24 ਘੰਟੇ ਚੱਲੇਗਾ। ਇਸ ਤੋਂ ਇਲਾਵਾ ਅਮਰੀਕਾ ’ਚ ਕਈ ਹੋਰ ਵੀ ਵੱਡੇ ਸਮਾਗਮ ਕਰਵਾਏ ਜਾਣਗੇ। ਅਮਰੀਕਾ ’ਚ ਹੋਣ ਵਾਲੇ ਇਨ੍ਹਾਂ ਸਮਾਗਮਾਂ ’ਚ ਅਮਰੀਕੀ ਸਰਕਾਰ ਦੇ ਕਈ ਸੀਨੀਅਰ ਅਧਿਕਾਰੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ।
ਜ਼ਿਕਰਯੋਗ ਹੈ ਕਿ ਪਰਵਾਸੀ ਭਾਰਤੀਆਂ ਦੇ ਸੰਗਠਨ ਐਫ ਆਈ ਏ ਨੇ ਟਾਈਮਜ਼ ਸਕੇਅਰ ’ਤੇ ਪਿਛਲੇ ਸਾਲ ਵੀ ਤਿਰੰਗਾ ਲਹਿਰਾਇਆ ਸੀ। ਸੰਗਠਨ ਦੇ ਚੇਅਰਮੈਨ ਅੰਕੁਰ ਵੈਦਿਆ ਨੇ ਦੱਸਿਆ ਕਿ ਪਿਛਲੇ ਸਾਲ ਪਹਿਲੀ ਵਾਰ ਟਾਈਮਜ਼ ਸਕੇਅਰ ’ਤੇ ਤਿਰੰਗਾ ਲਹਿਰਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਹੁਣ ਇਸ ਪਰੰਪਰਾ ਨੂੰ ਜਾਰੀ ਰੱਖਿਆ ਜਾਵੇਗਾ। ਇਸ ਵਾਰ ਤਿਰੰਗਾ ਭਾਰਤ ਦੇ ਨਿਊਯਾਰਕ ’ਚ ਕੌਂਸਲ ਜਨਰਲ ਰਣਧੀਰ ਜੈਸਵਾਲ ਲਹਿਰਾਉਣਗੇ ਅਤੇ ਇਹ ਤਿਰੰਗਾ 6 ਫੁੱਟ ਚੌੜਾ, ਦਸ ਫੁੱਟ ਲੰਬਾ ਅਤੇ 25 ਦੀ ਉਚਾਈ ’ਤੇ ਲਹਿਰਾਇਆ ਜਾਵੇਗਾ।