-11.5 C
Toronto
Friday, January 23, 2026
spot_img
Homeਪੰਜਾਬਭਾਜਪਾ ਦੀ ਮੁਹਿੰਮ 'ਤੇ ਮੁੱਖ ਮੰਤਰੀ ਮਾਨ ਦੇ ਤਨਜ਼ ਮਗਰੋਂ ਸਿੰਧੂਰ 'ਤੇ...

ਭਾਜਪਾ ਦੀ ਮੁਹਿੰਮ ‘ਤੇ ਮੁੱਖ ਮੰਤਰੀ ਮਾਨ ਦੇ ਤਨਜ਼ ਮਗਰੋਂ ਸਿੰਧੂਰ ‘ਤੇ ਸਿਆਸਤ ਭਖੀ

ਕੀ ‘ਘਰ ਘਰ ਸਿੰਧੂਰ’ ‘ਇੱਕ ਦੇਸ਼, ਇੱਕ ਪਤੀ’ ਯੋਜਨਾ ਹੈ : ਭਗਵੰਤ ਮਾਨ
ਚੰਡੀਗੜ੍ਹ/ਬਿਊਰੋ ਨਿਊਜ਼ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭਾਜਪਾ ਦੀ ‘ਘਰ ਘਰ ਸਿੰਧੂਰ’ ਮੁਹਿੰਮ ‘ਤੇ ਤਨਜ਼ ਕੀਤੇ ਜਾਣ ਮਗਰੋਂ ਪੰਜਾਬ ਵਿੱਚ ਸਿੰਧੂਰ ‘ਤੇ ਸਿਆਸਤ ਭਖ ਗਈ ਹੈ। ਮੁੱਖ ਮੰਤਰੀ ਨੇ ਭਾਜਪਾ ਨੂੰ ‘ਘਰ ਘਰ ਸਿੰਧੂਰ’ ‘ਤੇ ਸਵਾਲ ਕੀਤਾ ਕਿ ਕੀ ਇਹ ‘ਇੱਕ ਦੇਸ਼-ਇੱਕ ਪਤੀ’ ਯੋਜਨਾ ਹੈ। ਮੀਡੀਆ ਨੇ ਮੁੱਖ ਮੰਤਰੀ ਨੂੰ ਸੁਆਲ ਕੀਤਾ ਕਿ ਭਾਜਪਾ ਆਗੂ ਸਿੰਧੂਰ ਦੇ ਨਾਂ ‘ਤੇ ਵੋਟਾਂ ਮੰਗ ਰਹੇ ਹਨ ਤਾਂ ਮੁੱਖ ਮੰਤਰੀ ਨੇ ਕਿਹਾ ਕਿ ਸਿੰਧੂਰ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹੁਣ ਉਹ ਸਿੰਧੂਰ ਘਰ-ਘਰ ਭੇਜਣ ਦੀ ਗੱਲ ਕਹਿ ਰਹੇ ਹਨ। ਕੀ ਇਹ ‘ਇੱਕ ਰਾਸ਼ਟਰ-ਇੱਕ ਪਤੀ’ ਯੋਜਨਾ ਹੈ। ਮੁੱਖ ਮੰਤਰੀ ਨੇ ਮੀਡੀਆ ਨੂੰ ਪੁੱਛਿਆ, ‘ਜਦੋਂ ਥੋਡੇ ਘਰ ਸਿੰਧੂਰ ਆਵੇਗਾ ਤਾਂ ਤੁਸੀਂ ਕੀ ਕਹੋਗੇ’।
ਦੂਜੇ ਪਾਸੇ ਭਾਜਪਾ ਨੇ ਅਜਿਹੀ ਕੋਈ ਮੁਹਿੰਮ ਚਲਾਏ ਜਾਣ ਤੋਂ ਇਨਕਾਰ ਕੀਤਾ ਹੈ ਅਤੇ ਭਾਜਪਾ ਨੇ ਮੁੱਖ ਮੰਤਰੀ ਦੀ ਇਸ ਸ਼ਬਦਾਵਲੀ ਨੂੰ ‘ਅਪਰੇਸ਼ਨ ਸਿੰਧੂਰ’ ਦਾ ਅਪਮਾਨ ਦੱਸਿਆ ਹੈ। ਭਾਜਪਾ ਦੇ ਪ੍ਰਿਤਪਾਲ ਸਿੰਘ ਬਾਲੀਆਵਾਲ ਨੇ ਕਿਹਾ ਕਿ ਭਾਜਪਾ ਵੱਲੋਂ ਹਰ ਘਰ ਸਿੰਧੂਰ ਨਹੀਂ ਭੇਜਿਆ ਜਾ ਰਿਹਾ ਹੈ ਅਤੇ ਮੁੱਖ ਮੰਤਰੀ ਅਪਰੇਸ਼ਨ ਸਿੰਧੂਰ ਦਾ ਮਜ਼ਾਕ ਉਡਾ ਰਹੇ ਹਨ। ਉਨ੍ਹਾਂ ਕਿਹਾ ਕਿ ‘ਅਪਰੇਸ਼ਨ ਸਿੰਧੂਰ’ ਅਤਿਵਾਦ, ਸ਼ਹਾਦਤ ਅਤੇ ਭਾਰਤੀ ਜਾਨਾਂ ਦੀ ਸੁਰੱਖਿਆ ਬਾਰੇ ਸੀ। ਉਨ੍ਹਾਂ ਕਿਹਾ ਕਿ ‘ਇੱਕ ਆਦਮੀ ਜੋ ਫ਼ੌਜ ਦਾ ਮਜ਼ਾਕ ਉਡਾਉਂਦਾ ਹੈ, ਵੀਰ ਨਾਰੀਆਂ ਦਾ ਅਪਮਾਨ ਕਰਦਾ ਹੈ ਅਤੇ ਹਰ ਪਵਿੱਤਰ ਚਿੰਨ੍ਹ ਨੂੰ ਮਜ਼ਾਕ ਵਿੱਚ ਬਦਲ ਦਿੰਦਾ ਹੈ, ਉਹ ਕਦੇ ਵੀ ‘ਸਿੰਧੂਰ’ ਦੀ ਕੀਮਤ ਨਹੀਂ ਸਮਝੇਗਾ।’
ਜ਼ਿਕਰਯੋਗ ਹੈ ਕਿ ਇਸ ਵਿਵਾਦ ਦਾ ਮੁੱਢ ਉਸ ਸਮੇਂ ਬੱਝਿਆ ਸੀ ਜਦੋਂ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਲੁਧਿਆਣਾ ਪੱਛਮੀ ਦੀ ਚੋਣ ਦੌਰਾਨ ਕਿਹਾ ਸੀ ਕਿ ਲੋਕਾਂ ਨੂੰ ‘ਅਪਰੇਸ਼ਨ ਸਿੰਧੂਰ’ ਦੇ ਨਾਮ ‘ਤੇ ਵੋਟ ਪਾਉਣੀ ਚਾਹੀਦੀ ਹੈ।

 

RELATED ARTICLES
POPULAR POSTS