2018 ’ਚ ਕੇਜਰੀਵਾਲ ਦੇ ਘਰ ਮੀਟਿੰਗ ਦੌਰਾਨ ਵਾਪਰੀ ਸੀ ਘਟਨਾ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਦੇ ਸਾਬਕਾ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਨਾਲ ਕਥਿਤ ਕੁੱਟਮਾਰ ਦੇ ਮਾਮਲੇ ’ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ ਕਈ ਹੋਰ ਵਿਅਕਤੀਆਂ ਨੂੰ ਵੱਡੀ ਰਾਹਤ ਮਿਲੀ ਹੈ। ਦਿੱਲੀ ਦੀ ਸਪੈਸ਼ਲ ਕੋਰਟ ਨੇ ਅੱਜ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਸਮੇਤ 9 ਹੋਰ ਵਿਧਾਇਕਾਂ ਨੂੰ ਬਰੀ ਕਰ ਦਿੱਤਾ ਹੈ। ਇਹ ਫੈਸਲਾ ਆਉਣ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਪ੍ਰਤੀਕ੍ਰਿਆ ਜਾਹਿਰ ਕੀਤੀ ਅਤੇ ਉਨ੍ਹਾਂ ਲਿਖਿਆ ਹੈ ਕਿ ਸੱਤਯਾ ਮੇਵ ਜਯਤੇ। ਹਾਲਾਂਕਿ ਕੋਰਟ ਨੇ ‘ਆਪ’ ਵਿਧਾਇਕ ਅਮਾਨਤਉੱਲਾ ਖਾਨ ਅਤੇ ਪ੍ਰਕਾਸ਼ ਜਰਵਾਲ ਨੂੰ ਦੋਸ਼ੀ ਕਰਾਰ ਦਿੱਤਾ ਹੈ।
ਇਹ ਮਾਮਲਾ 19 ਫਰਵਰੀ 2018 ਨੂੰ ਕੇਜਰੀਵਾਲ ਦੇ ਘਰ ਹੋਈ ਇਕ ਮੀਟਿੰਗ ਦੇ ਦੌਰਾਨ ਵਾਪਰਿਆ ਸੀ। ਮੀਟਿੰਗ ਦੌਰਾਨ ਅੰਸ਼ੂ ਪ੍ਰਕਾਸ਼ ’ਤੇ ਕਥਿਤ ਤੌਰ ’ਤੇ ਹਮਲਾ ਹੋਇਆ ਸੀ। ਇਸ ਮਾਮਲੇ ’ਚ ਕੇਜਰੀਵਾਲ, ਮਨੀਸ਼ ਸਿਸੋਦੀਆ ਸਮੇਤ 13 ਆਰੋਪੀ ਸਨ। ਆਰੋਪਾਂ ਮੁਤਾਬਕ ਅੰਸ਼ੂ ਪ੍ਰਕਾਸ਼ ਦੇ ਨਾਲ ਕੇਜਰੀਵਾਲ ਦੀ ਮੌਜੂਦਗੀ ’ਚ ਉਨ੍ਹਾਂ ਦੇ ਵਿਧਾਇਕਾਂ ਨੇ ਬਦਸਲੂਕੀ ਅਤੇ ਧੱਕਾਮੁੱਕੀ ਕੀਤੀ ਸੀ। ਇਸ ਤੋਂ ਬਾਅਦ ਮੁੱਖ ਸਕੱਤਰ ਨੇ ਰਾਤ ਨੂੰ ਹੀ ਉਪ ਰਾਜਪਾਲ ਨੂੰ ਮਿਲ ਕੇ ਇਸ ਦੀ ਸ਼ਿਕਾਇਤ ਦਰਜ ਕਰਵਾਈ ਸੀ।
ਆਰੋਪ ਇਹ ਵੀ ਲਗਾਏ ਗਏ ਸਨ ਕਿ ਕੇਜਰੀਵਾਲ ਦੇ ਇਸ਼ਾਰੇ ’ਤੇ ਹੀ ਅੰਸ਼ੂ ਪ੍ਰਕਾਸ਼ ਨਾਲ ਕੁੱਟਮਾਰ ਹੋਈ ਸੀ। ਜਦਕਿ ਕਈ ਰਿਪੋਰਟਾਂ ਤੋਂ ਇਹ ਵੀ ਪਤਾ ਲੱਗਿਆ ਸੀ ਕਿ ਆਪ ਵਿਧਾਇਕ ਨੇ ਅੰਸ਼ੂ ਪ੍ਰਕਾਸ਼ ਨੂੰ ਥੱਪੜ ਮਾਰਿਆ ਸੀ। ਉਥੇ ਹੀ ਵਿਧਾਇਕ ਅਮਾਨਤਉੱਲਾ ਖਾਨ ਨੇ ਕਿਹਾ ਸੀ ਕਿ ਮੁੱਖ ਸਕੱਤਰ ਨੇ ਹੀ ਪਹਿਲਾਂ ਉਨ੍ਹਾਂ ਨਾਲ ਬਦਸਲੂਕੀ ਸ਼ੁਰੂ ਕੀਤੀ ਸੀ।