Breaking News
Home / ਭਾਰਤ / ਪੈਗੰਬਰ ਮੁਹੰਮਦ ਖਿਲਾਫ ਟਿੱਪਣੀਆਂ ਦਾ ਮਾਮਲਾ

ਪੈਗੰਬਰ ਮੁਹੰਮਦ ਖਿਲਾਫ ਟਿੱਪਣੀਆਂ ਦਾ ਮਾਮਲਾ

ਇਸਲਾਮੀ ਮੁਲਕਾਂ ਵੱਲੋਂ ਯੂਐੱਨ ਤੱਕ ਪਹੁੰਚ
ਪਾਕਿ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਭਾਜਪਾ ਆਗੂ ਨੂਪੁਰ ਸ਼ਰਮਾ ਅਤੇ ਨਵੀਨ ਕੁਮਾਰ ਜਿੰਦਲ ਦੀ ਕੀਤੀ ਨਿਖੇਧੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਪੈਗੰਬਰ ਮੁਹੰਮਦ ਖਿਲਾਫ ਭਾਜਪਾ ਆਗੂਆਂ ਵੱਲੋਂ ਦਿੱਤੇ ਗਏ ਵਿਵਾਦਤ ਬਿਆਨ ‘ਤੇ ਇਸਲਾਮੀ ਖਾਸ ਕਰਕੇ ਪੱਛਮੀ ਏਸ਼ੀਆ ਅਤੇ ਖਾੜੀ ਮੁਲਕਾਂ ‘ਚ ਰੋਸ ਵਧ ਗਿਆ ਹੈ। 57 ਮੁਲਕਾਂ ਵਾਲੀ ਇਸਲਾਮੀ ਮੁਲਕਾਂ ਦੀ ਜਥੇਬੰਦੀ (ਓਆਈਸੀ) ਨੇ ਬਿਆਨ ਦੀ ਨਿਖੇਧੀ ਕਰਦਿਆਂ ਸੰਯੁਕਤ ਰਾਸ਼ਟਰ ਨੂੰ ਅਪੀਲ ਕੀਤੀ ਹੈ ਕਿ ਉਹ ਭਾਰਤ ‘ਚ ਮੁਸਲਮਾਨਾਂ ਦੇ ਹੱਕਾਂ ਦੀ ਰਾਖੀ ਯਕੀਨੀ ਬਣਾਉਣ ਲਈ ਲੋੜੀਂਦੇ ਕਦਮ ਉਠਾਏ। ਓਆਈਸੀ ਨੇ ਕਿਹਾ ਕਿ ਭਾਰਤ ‘ਚ ਇਸਲਾਮ ਦੇ ਅਪਮਾਨ ਅਤੇ ਘੱਟ ਗਿਣਤੀਆਂ ਖਿਲਾਫ ਵਧ ਰਹੀ ਨਫ਼ਰਤ ਦੌਰਾਨ ਪੈਗੰਬਰ ਮੁਹੰਮਦ ਬਾਰੇ ਮਾੜੀ ਸ਼ਬਦਾਵਲੀ ਵਰਤੀ ਗਈ ਹੈ। ਉਨ੍ਹਾਂ ਭਾਰਤ ਦੇ ਕਈ ਸ਼ਹਿਰਾਂ ਦੇ ਵਿਦਿਅਕ ਅਦਾਰਿਆਂ ‘ਚ ਹਿਜਾਬ ‘ਤੇ ਪਾਬੰਦੀ ਅਤੇ ਮੁਸਲਮਾਨਾਂ ਦੀਆਂ ਸੰਪਤੀਆਂ ਢਾਹੁਣ ਦੇ ਫੈਸਲੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਭਾਰਤ ਸਰਕਾਰ ਦਾ ਰਵੱਈਆ ਘੱਟ ਗਿਣਤੀਆਂ ਪ੍ਰਤੀ ਪੱਖਪਾਤੀ ਰਿਹਾ ਹੈ। ਉਧਰ ਪਾਕਿਸਤਾਨ ਨੇ ਭਾਰਤੀ ਮਿਸ਼ਨ ਦੇ ਅਧਿਕਾਰੀ ਨੂੰ ਤਲਬ ਕਰਕੇ ਪੈਗੰਬਰ ਮੁਹੰਮਦ ਬਾਰੇ ਕੀਤੀਆਂ ਇਤਰਾਜ਼ਯੋਗ ਟਿੱਪਣੀਆਂ ਦੀ ਆਲੋਚਨਾ ਕੀਤੀ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਭਾਜਪਾ ਆਗੂ ਨੂਪੁਰ ਸ਼ਰਮਾ ਅਤੇ ਨਵੀਨ ਕੁਮਾਰ ਜਿੰਦਲ ਵੱਲੋਂ ਪੈਗੰਬਰ ਮੁਹੰਮਦ ਦੇ ਅਪਮਾਨ ਦੀ ਟਵਿੱਟਰ ‘ਤੇ ਨਿਖੇਧੀ ਕੀਤੀ।
ਸਾਊਦੀ ਅਰਬ, ਇੰਡੋਨੇਸ਼ੀਆ, ਜਾਰਡਨ, ਬਹਿਰੀਨ ਅਤੇ ਅਫ਼ਗਾਨਿਸਤਾਨ ਨੇ ਅਰਬ ਮੁਲਕਾਂ ਦੇ ਰੋਸ ‘ਚ ਸ਼ਾਮਲ ਹੁੰਦਿਆਂ ਵਿਵਾਦਤ ਬਿਆਨਾਂ ਦੀ ਨਿਖੇਧੀ ਕਰਦਿਆਂ ਭਾਰਤ ਨੂੰ ਸਾਰੇ ਧਰਮਾਂ ਦਾ ਆਦਰ ਕਰਨ ‘ਤੇ ਜ਼ੋਰ ਦਿੱਤਾ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਉਹ ਜਨਤਕ ਤੌਰ ‘ਤੇ ਮੁਆਫ਼ੀ ਮੰਗੇ। ਇਸ ਤੋਂ ਪਹਿਲਾਂ ਕਤਰ, ਕੁਵੈਤ ਅਤੇ ਇਰਾਨ ਨੇ ਐਤਵਾਰ ਨੂੰ ਭਾਰਤੀ ਸਫ਼ੀਰਾਂ ਨੂੰ ਸੱਦ ਕੇ ਆਪਣਾ ਰੋਸ ਜਤਾਇਆ ਸੀ।
ਜ਼ਿਕਰਯੋਗ ਹੈ ਕਿ ਪੱਛਮੀ ਏਸ਼ੀਆ ਅਤੇ ਖਾੜੀ ਮੁਲਕਾਂ ‘ਚ ਭਾਰਤ ਖਿਲਾਫ ਨਾਰਾਜ਼ਗੀ ਵਧਣ ‘ਤੇ ਭਾਜਪਾ ਨੇ ਐਤਵਾਰ ਨੂੰ ਨੂਪੁਰ ਸ਼ਰਮਾ ਨੂੰ ਮੁਅੱਤਲ ਅਤੇ ਜਿੰਦਲ ਨੂੰ ਪਾਰਟੀ ‘ਚੋਂ ਕੱਢ ਦਿੱਤਾ ਸੀ। ਉਧਰ ਭਾਰਤ ਨੇ ਓਆਈਸੀ ਦੇ ਬਿਆਨ ਦੀ ਆਲੋਚਨਾ ਕਰਦਿਆਂ ਇਸ ਨੂੰ ਸੌੜੀ ਮਾਨਸਿਕਤਾ, ਪ੍ਰੇਰਿਤ, ਗੁਮਰਾਹਕੁਨ ਅਤੇ ਸ਼ਰਾਰਤ ਭਰਪੂਰ ਵਾਲਾ ਕਰਾਰ ਦਿੱਤਾ ਹੈ। ਨਵੀਂ ਦਿੱਲੀ ਨੇ ਪਾਕਿਸਤਾਨ ‘ਤੇ ਵੀ ਵਰ੍ਹਦਿਆਂ ਕਿਹਾ ਕਿ ਘੱਟ ਗਿਣਤੀਆਂ ਦੇ ਹੱਕਾਂ ਦਾ ਲਗਾਤਾਰ ਘਾਣ ਕਰਨ ਵਾਲੇ ਇਕ ਮੁਲਕ ਦੀ ਕਿਸੇ ਦੂਜੇ ਮੁਲਕ ‘ਚ ਘੱਟ ਗਿਣਤੀਆਂ ਨਾਲ ਹੋ ਰਹੇ ਵਤੀਰੇ ਨੂੰ ਲੈ ਕੇ ਟਿੱਪਣੀ ਕਿਸੇ ਦੇ ਪੱਲੇ ਨਹੀਂ ਪੈ ਰਹੀ ਹੈ।
ਇਸਲਾਮੀ ਮੁਲਕਾਂ ਦੇ ਸੰਗਠਨ ਦੇ ਬਿਆਨਾਂ ‘ਤੇ ਸਖ਼ਤ ਪ੍ਰਤੀਕਰਮ ਦਿੰਦਿਆਂ ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਕਿਹਾ ਕਿ ਭਾਰਤ ਸਾਰੇ ਧਰਮਾਂ ਦਾ ਸਭ ਤੋਂ ਜ਼ਿਆਦਾ ਆਦਰ ਕਰਦਾ ਹੈ ਅਤੇ 57 ਮੈਂਬਰੀ ਗੁੱਟ ਦਾ ਬਿਆਨ ਸੌੜੇ ਹਿੱਤਾਂ ਦੀ ਸ਼ਹਿ ‘ਤੇ ਉਸ ਦੇ ਵੰਡਪਾਊ ਏਜੰਡੇ ਨੂੰ ਉਜਾਗਰ ਕਰਦਾ ਹੈ। ਬਾਗਚੀ ਨੇ ਕਿਹਾ ਕਿ ਕੁਝ ਵਿਅਕਤੀਆਂ ਵੱਲੋਂ ਇਕ ਧਾਰਮਿਕ ਹਸਤੀ ਖਿਲਾਫ ਹਮਲਾਵਰ ਟਵੀਟ ਅਤੇ ਅਪਮਾਨ ਕਰਨ ਵਾਲੀਆਂ ਟਿੱਪਣੀਆਂ ਕੀਤੀਆਂ ਗਈਆਂ ਹਨ ਜੋ ਕਿਸੇ ਵੀ ਤਰ੍ਹਾਂ ਨਾਲ ਭਾਰਤ ਸਰਕਾਰ ਦੇ ਵਿਚਾਰਾਂ ਨਾਲ ਮੇਲ ਨਹੀਂ ਖਾਂਦੇ ਹਨ।
ਉਨ੍ਹਾਂ ਕਿਹਾ ਕਿ ਸਬੰਧਤ ਧਿਰਾਂ ਵੱਲੋਂ ਇਨ੍ਹਾਂ ਵਿਅਕਤੀਆਂ ਖਿਲਾਫ ਪਹਿਲਾਂ ਹੀ ਸਖ਼ਤ ਕਾਰਵਾਈ ਕੀਤੀ ਜਾ ਚੁੱਕੀ ਹੈ। ਓਆਈਸੀ ਸਕੱਤਰੇਤ ਨੂੰ ਫਿਰਕੂ ਪਹੁੰਚ ਅੱਗੇ ਵਧਾਉਣ ਤੋਂ ਰੋਕਣ ਦੀ ਬੇਨਤੀ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਸਾਰੇ ਧਰਮਾਂ ਅਤੇ ਆਸਥਾਵਾਂ ਪ੍ਰਤੀ ਸਨਮਾਨ ਦਿਖਾਏ। ਸ਼ਾਹਬਾਜ਼ ਸ਼ਰੀਫ਼ ਅਤੇ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਵੱਲੋਂ ਕੀਤੀ ਗਈ ਆਲੋਚਨਾ ਦਾ ਹਵਾਲਾ ਦਿੰਦਿਆਂ ਬਾਗਚੀ ਨੇ ਕਿਹਾ ਕਿ ਦੁਨੀਆ ਹਿੰਦੂਆਂ, ਸਿੱਖਾਂ, ਈਸਾਈਆਂ ਅਤੇ ਅਹਿਮਦੀਆਂ ਸਮੇਤ ਘੱਟ ਗਿਣਤੀਆਂ ‘ਤੇ ਪਾਕਿਸਤਾਨ ਵੱਲੋਂ ਕੀਤੇ ਜਾ ਰਹੇ ਤਸ਼ੱਦਦ ਦੀ ਗਵਾਹ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ ਜਦਕਿ ਪਾਕਿਸਤਾਨ ‘ਚ ਕੱਟੜਪੰਥੀਆਂ ਦੀ ਸ਼ਲਾਘਾ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਦੀਆਂ ਯਾਦਗਾਰਾਂ ਬਣਾਈਆਂ ਜਾਂਦੀਆਂ ਹਨ।
ਅਸੀਂ ਪਾਕਿਸਤਾਨ ਨੂੰ ਆਖਦੇ ਹਾਂ ਕਿ ਉਹ ਡਰ ਪੈਦਾ ਕਰਨ ਵਾਲੇ ਕੂੜ ਪ੍ਰਚਾਰ ‘ਚ ਸ਼ਾਮਲ ਹੋਣ ਅਤੇ ਭਾਰਤ ‘ਚ ਫਿਰਕੂ ਭਾਈਚਾਰਕ ਸਾਂਝ ਦਾ ਮਾਹੌਲ ਵਿਗਾੜਨ ਦੀਆਂ ਕੋਸ਼ਿਸ਼ਾਂ ਕਰਨ ਦੀ ਬਜਾਏ ਉਥੇ ਘੱਟ ਗਿਣਤੀਆਂ ਦੀ ਸੁਰੱਖਿਆ ‘ਤੇ ਧਿਆਨ ਕੇਂਦਰਤ ਕਰੇ।

ਭਾਜਪਾ ਦੀ ਗਲਤੀ ਦਾ ਖਮਿਆਜ਼ਾ ਦੇਸ਼ ਨੇ ਭੁਗਤਿਆ: ਕਾਂਗਰਸ
ਨਵੀਂ ਦਿੱਲੀ : ਭਾਜਪਾ ਤਰਜਮਾਨ ਨੂਪੁਰ ਸ਼ਰਮਾ ਤੇ ਮੀਡੀਆ ਇੰਚਾਰਜ ਨਵੀਨ ਕੁਮਾਰ ਜਿੰਦਲ ਵੱਲੋਂ ਪੈਗੰਬਰ ਮੁਹੰਮਦ ਬਾਰੇ ਕੀਤੀਆਂ ਵਿਵਾਦਿਤ ਟਿੱਪਣੀਆਂ ਲਈ ਭਾਜਪਾ ਨੂੰ ਨਿਸ਼ਾਨੇ ‘ਤੇ ਲੈਂਦਿਆਂ ਕਾਂਗਰਸ ਨੇ ਆਰੋਪ ਲਾਇਆ ਕਿ ਭਗਵਾ ਪਾਰਟੀ ਕੌਮਾਂਤਰੀ ਪੱਧਰ ‘ਤੇ ਦੇਸ਼ ਨੂੰ ਬਦਨਾਮ ਕਰ ਰਹੀ ਹੈ। ਕਾਂਗਰਸ ਦੇ ਤਰਜਮਾਨ ਪਵਨ ਖੇੜਾ ਨੇ ਕਿਹਾ ਕਿ ਭਾਜਪਾ ਦੀਆਂ ਗ਼ਲਤੀਆਂ ਲਈ ਦੇਸ਼ ਨੂੰ ਮੁਆਫ਼ੀ ਮੰਗਣੀ ਪਏ, ਇਹ ਸਵੀਕਾਰ ਨਹੀਂ ਹੈ। ਕਾਂਗਰਸ ਨੇ ਪੈਗੰਬਰ ਖਿਲਾਫ਼ ਵਿਵਾਦਿਤ ਟਿੱਪਣੀਆਂ ਕਰਨ ਵਾਲੇ ਦੋਵੇਂ ਭਾਜਪਾ ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਵੀ ਕੀਤੀ। ਕਾਂਗਰਸ ਨੇ ਆਰੋਪ ਲਾਇਆ ਕਿ ਭਾਜਪਾ ਦੇ ਸਮਾਜ ਵਿਰੋਧੀ ਅਨਸਰ ਦੇਸ਼ ਨੂੰ ਨਫ਼ਰਤ ਦੀ ਅੱਗ ਵਿੱਚ ਧੱਕ ਰਹੇ ਹਨ ਤੇ ਕੌਮਾਂਤਰੀ ਪੱਧਰ ‘ਤੇ ਦੇਸ਼ ਦੀ ਬਦਨਾਮੀ ਹੋ ਰਹੀ ਹੈ। ਪਾਰਟੀ ਨੇ ਕਿਹਾ ਕਿ ਦੇਸ਼ ਭਾਜਪਾ ਦੀਆਂ ਗ਼ਲਤੀਆਂ ਲਈ ਮੁਆਫ਼ੀ ਨਹੀਂ ਮੰਗੇਗਾ, ਪਰ ਸੱਤਾਧਾਰੀ ਪਾਰਟੀ ਦੇ ਪ੍ਰਧਾਨ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ।
ਨੂਪੁਰ ਨੂੰ ਧਮਕੀਆਂ ਦੇਣ ਦੇ ਮਾਮਲੇ ‘ਚ ਕੇਸ ਦਰਜ
ਨਵੀਂ ਦਿੱਲੀ : ਭਾਜਪਾ ਦੀ ਸਾਬਕਾ ਤਰਜਮਾਨ ਨੂਪੁਰ ਸ਼ਰਮਾ ਨੂੰ ਜਾਨੋਂ ਮਾਰਨ ਦੀਆਂ ਮਿਲ ਰਹੀਆਂ ਧਮਕੀਆਂ ਮਗਰੋਂ ਦਿੱਲੀ ਪੁਲਿਸ ਨੇ ਐੱਫਆਈਆਰ ਦਰਜ ਕੀਤੀ ਹੈ। ਨੂਪੁਰ ਨੂੰ ਪੈਗੰਬਰ ਮੁਹੰਮਦ ਬਾਰੇ ਕੀਤੀਆਂ ਗਈਆਂ ਵਿਵਾਦਤ ਟਿੱਪਣੀਆਂ ਤੋਂ ਬਾਅਦ ਧਮਕੀਆਂ ਮਿਲ ਰਹੀਆਂ ਸਨ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਅਣਪਛਾਤੇ ਵਿਅਕਤੀਆਂ ਖਿਲਾਫ਼ ਧਾਰਾ 153 ਏ, 506, 507, 509 ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੇ ਕਿਹਾ ਕਿ ਨੂਪੁਰ ਸ਼ਰਮਾ ਵੱਲੋਂ 28 ਮਈ ਨੂੰ ਸਾਈਬਰ ਸੈੱਲ ਯੂਨਿਟ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ। ਅਧਿਕਾਰੀ ਨੇ ਕਿਹਾ ਕਿ ਟਵਿੱਟਰ ਨੂੰ ਵੀ ਨੋਟਿਸ ਭੇਜੇ ਗਏ ਹਨ ਅਤੇ ਉਸ ਤੋਂ ਜਵਾਬ ਦੀ ਉਡੀਕ ਹੈ।
ਨੂਪੁਰ ਸ਼ਰਮਾ ਤੇ ਨਵੀਨ ਕੁਮਾਰ ਇਸਲਾਮੋਫੋਬੀਆ ਦੇ ਅਸਲ ਘਾੜੇ ਨਹੀਂ: ਚਿਦੰਬਰਮ
ਨਵੀਂ ਦਿੱਲੀ : ਕਾਂਗਰਸੀ ਆਗੂ ਪੀ.ਚਿਦੰਬਰਮ ਨੇ ਕਿਹਾ ਕਿ ਭਾਜਪਾ ਦੇਸ਼ ਵਿੱਚ ਹੁੰਦੀ ਨੁਕਤਾਚੀਨੀ ਦੀ ਭੋਰਾ ਪ੍ਰਵਾਹ ਨਹੀਂ ਕਰਦੀ, ਪੈਗੰਬਰ ਮੁਹੰਮਦ ਖਿਲਾਫ ਵਿਵਾਦਿਤ ਟਿੱਪਣੀਆਂ ਨੂੰ ਲੈ ਕੇ ਆਲਮੀ ਪੱਧਰ ‘ਤੇ ਮਿਲੀ ਤਿੱਖੀ ਪ੍ਰਤੀਕਿਰਿਆ ਮਗਰੋਂ ਹੀ ਭਾਜਪਾ ਕਾਰਵਾਈ ਲਈ ਮਜਬੂਰ ਹੋਈ ਹੈ। ਚਿਦੰਬਰਮ ਨੇ ਟਵੀਟ ਕੀਤਾ ਕਿ ਨੂਪੁਰ ਸ਼ਰਮਾ ਤੇ ਨਵੀਨ ਕੁਮਾਰ ਇਸਲਾਮੋਫੋਬੀਆ ਦੇ ਅਸਲ ਘਾੜੇ ਨਹੀਂ ਹਨ, ਉਹ ਤਾਂ ਬੱਸ ਆਪਣੇ ਰਾਜਾ ਪ੍ਰਤੀ ਵਧੇਰੇ ਵਫ਼ਾਦਾਰੀ ਵਿਖਾਉਣ ਦੀ ਕੋਸ਼ਿਸ਼ ਕਰ ਰਹੇ ਸਨ।
ਛੋਟੇ ਮੁਲਕ ਵੀ ਭਾਰਤ ਜਿਹੇ ਵੱਡੇ ਰਾਸ਼ਟਰਨੂੰ ਚੁਣੌਤੀ ਦੇਣ ਲੱਗੇ: ਸਿਸੋਦੀਆ
‘ਆਪ’ ਆਗੂ ਤੇ ਦਿੱਲੀ ਦੇ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਭਾਜਪਾ ਨੇ ਅੱਜ ਦੇਸ਼ ਨੂੰ ਅਜਿਹੇ ਮੋੜ ‘ਤੇ ਲਿਆ ਕੇ ਖੜ੍ਹਾ ਕਰ ਦਿੱਤਾ ਜਿੱਥੇ ‘ਛੋਟੇ ਮੁਲਕ ਭਾਰਤ ਜਿਹੇ ਵੱਡੇ ਦੇਸ਼ ਨੂੰ ਚੁਣੌਤੀ ਦੇਣ ਲੱਗੇ ਹਨ।’ ਸਿਸੋਦੀਆ ਨੇ ਕਿਹਾ ਕਿ ਹਰੇਕ ਭਾਰਤੀ ਇਸ ਤੋਂ ਪੀੜਾਂ ਵਿੱਚ ਹੈ ਤੇ ‘ਇਹ ਦੁਖ ਸਦੀਵੀ ਹੈ।

 

Check Also

ਦਿੱਲੀ ਵਿਚ ਹਵਾ ਪ੍ਰਦੂਸ਼ਣ ਬੇਹੱਦ ਗੰਭੀਰ ਸਥਿਤੀ ਵਿਚ

ਵਾਤਾਵਰਣ ਮੰਤਰੀ ਨੇ ਵਾਤਾਵਰਣ ਸਬੰਧੀ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਦਿੱਤੇ ਹੁਕਮ ਦਿੱਲੀ/ਬਿਊਰੋ …