Breaking News
Home / ਦੁਨੀਆ / ਜ਼ਿਮਨੀ ਚੋਣਾਂ ‘ਚ ਇਮਰਾਨ ਦੀ ਪਾਰਟੀ ਵੱਡੀ ਧਿਰ ਵਜੋਂ ਉੱਭਰੀ

ਜ਼ਿਮਨੀ ਚੋਣਾਂ ‘ਚ ਇਮਰਾਨ ਦੀ ਪਾਰਟੀ ਵੱਡੀ ਧਿਰ ਵਜੋਂ ਉੱਭਰੀ

11 ਵਿਚੋਂ ਅੱਠ ਸੀਟਾਂ ਉਤੇ ਹਾਸਲ ਕੀਤੀ ਜਿੱਤ
ਇਸਲਾਮਾਬਾਦ/ਬਿਊਰੋ ਨਿਊਜ਼ : ਪਾਕਿਸਤਾਨ ਵਿਚ 11 ਹਲਕਿਆਂ ‘ਚ ਹੋਈਆਂ ਜ਼ਿਮਨੀ ਚੋਣਾਂ ‘ਚ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਮੁੱਖ ਧਿਰ ਵਜੋਂ ਉੱਭਰੀ ਹੈ। ਇਹ ਚੋਣਾਂ ਕੌਮੀ ਤੇ ਸੂਬਾਈ ਅਸੈਂਬਲੀ ਲਈ ਹੋਈਆਂ ਸਨ। ਇਨ੍ਹਾਂ ਹਲਕਿਆਂ ਵਿਚ ਮੁੱਖ ਮੁਕਾਬਲਾ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਦੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐਮਐਲ-ਐੱਨ) ਤੇ ਇਮਰਾਨ ਦੀ ਪਾਰਟੀ ਪੀਟੀਆਈ ਵਿਚਾਲੇ ਸੀ। ਚੋਣ ਨਤੀਜਿਆਂ ਤੋਂ ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਪ੍ਰਤੀ ਲੋਕਾਂ ਦਾ ਰੁਖ਼ ਵੀ ਸਪੱਸ਼ਟ ਹੋਣ ਦੀ ਸੰਭਾਵਨਾ ਹੈ। ਅਪਰੈਲ ਵਿਚ ਇਮਰਾਨ ਸਰਕਾਰ ਡਿੱਗਣ ਤੋਂ ਬਾਅਦ ਕੌਮੀ ਅਸੈਂਬਲੀ ਦੇ ਅੱਠ ਮੈਂਬਰਾਂ ਤੇ ਪੰਜਾਬ ਦੇ 3 ਵਿਧਾਇਕਾਂ ਨੇ ਅਸਤੀਫਾ ਦੇ ਦਿੱਤਾ ਸੀ।
ਵੱਖ-ਵੱਖ ਹਲਕਿਆਂ ਲਈ ਹੋਈਆਂ ਚੋਣਾਂ ਵਿਚ 101 ਉਮੀਦਵਾਰ ਮੈਦਾਨ ਵਿਚ ਸਨ। ਇਮਰਾਨ ਖਾਨ ਨੇ ਖ਼ੁਦ ਸੱਤ ਸੀਟਾਂ ਤੋਂ ਚੋਣ ਲੜੀ ਸੀ ਤੇ ਛੇ ਜਿੱਤ ਲਈਆਂ ਹਨ, ਜਦਕਿ ਕਰਾਚੀ ਵਿਚ ਉਨ੍ਹਾਂ ਨੂੰ ਪੀਪੀਪੀ ਦੇ ਉਮੀਦਵਾਰ ਨੇ ਹਰਾਇਆ ਹੈ। ਇਕ ਹੋਰ ਸੀਟ ਪਾਰਟੀ ਨੇ ਮੁਲਤਾਨ ਵਿਚ ਗੁਆਈ ਹੈ। ਪੀਟੀਆਈ ਨੇ ਪੰਜਾਬ ਦੀਆਂ ਵੀ ਦੋ ਸੀਟਾਂ ਜਿੱਤ ਲਈਆਂ ਹਨ। ਇਮਰਾਨ ਹੁਣ ਆਪਣੀ ਜਿੱਤ ਨਾਲ ਜਲਦੀ ਚੋਣਾਂ ਕਰਾਉਣ ਲਈ ਦਬਾਅ ਪਾ ਸਕਦੇ ਹਨ।
ਪੀਟੀਆਈ ਦੇ ਸਕੱਤਰ ਜਨਰਲ ਅਸਦ ਉਮਰ ਨੇ ਕਿਹਾ ਕਿ ਨਤੀਜੇ ‘ਫ਼ੈਸਲਾ ਲੈਣ ਵਾਲਿਆਂ ਲਈ ਗਲਤੀ ਮੰਨਣ ਦਾ ਇਕ ਹੋਰ ਮੌਕਾ ਹਨ ਤੇ ਪਾਕਿਸਤਾਨ ਨੂੰ ਨਵੀਆਂ ਚੋਣਾਂ ਵੱਲ ਮੋੜਿਆ ਜਾ ਸਕਦਾ ਹੈ।’
ਸੱਤਾਧਾਰੀ ਮੁਸਲਿਮ ਲੀਗ-ਨਵਾਜ਼ ਨੂੰ ਸਿਰਫ਼ ਇਕ ਸੀਟ ਉਤੇ ਹੀ ਜਿੱਤ ਮਿਲੀ ਹੈ। ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਸ਼ਰੀਫ ਦੀ ਪਾਰਟੀ ਨੂੰ ਮਹਿੰਗਾਈ ‘ਤੇ ਕਾਬੂ ਪਾਉਣ ‘ਚ ਨਾਕਾਮ ਰਹਿਣ ਦਾ ਮੁੱਲ ਤਾਰਨਾ ਪੈ ਰਿਹਾ ਹੈ। ਹਾਲਾਂਕਿ ਪੀਟੀਆਈ ਨੂੰ ਵੀ ਨੁਕਸਾਨ ਹੋਇਆ ਹੈ ਕਿਉਂਕਿ ਖਾਲੀ ਕੀਤੀਆਂ 11 ਸੀਟਾਂ ਵਿਚੋਂ ਉਹ ਤਿੰਨ ਹਾਰ ਗਏ ਹਨ। ਕੁਝ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਖਾਨ ਸੱਤ ਸੀਟਾਂ ਤੋਂ ਖ਼ੁਦ ਨਾ ਲੜਦੇ ਤਾਂ ਪੀਟੀਆਈ ਨੂੰ ਹੋਰ ਨੁਕਸਾਨ ਸਹਿਣਾ ਪੈ ਸਕਦਾ ਸੀ।
ਝੂਠੇ ਹਲਫ਼ਨਾਮਿਆਂ ਦੇ ਕੇਸ ਵਿੱਚ ਇਮਰਾਨ ਖਾਨ ਨੂੰ ਅੰਤ੍ਰਿਮ ਜ਼ਮਾਨਤ ਮਿਲੀ
ਪਾਕਿਸਤਾਨ ਦੀ ਇਕ ਵਿਸ਼ੇਸ਼ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਝੂਠੇ ਹਲਫ਼ਨਾਮੇ ਦਾਖਲ ਕਰਨ ਦੇ ਕੇਸ ਵਿਚ ਅੰਤ੍ਰਿਮ ਜ਼ਮਾਨਤ ਦੇ ਦਿੱਤੀ ਹੈ। ਇਮਰਾਨ ਤੇ ਉਨ੍ਹਾਂ ਦੇ ਪਾਰਟੀ ਆਗੂਆਂ ‘ਤੇ ਚੋਣ ਕਮਿਸ਼ਨ ਨੂੰ ਝੂਠੇ ਹਲਫ਼ਨਾਮੇ ਦੇਣ ਦਾ ਆਰੋਪ ਲਾਇਆ ਗਿਆ ਹੈ। ਪਾਬੰਦੀ ਅਧੀਨ ਫੰਡਿੰਗ ਦੇ ਇਸ ਮਾਮਲੇ ਵਿਚ ਇਮਰਾਨ ਨੂੰ 31 ਅਕਤੂਬਰ ਤੱਕ ਰਾਹਤ ਦਿੱਤੀ ਗਈ ਸੀ।

 

Check Also

ਇਮਰਾਨ ਖਾਨ ਨੇ ਫੌਜ ਮੁਖੀ ਆਸਿਮ ਮੁਨੀਰ ਨੂੰ ਦਿੱਤੀ ਧਮਕੀ

ਖਾਨ ਨੇ ਬੁਸ਼ਰਾ ਦੀ ਗਿ੍ਰਫਤਾਰੀ ਲਈ ਫੌਜ ਮੁਖੀ ਨੂੰ ਦੱਸਿਆ ਜ਼ਿੰਮੇਵਾਰ ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨ ਦੇ …