Breaking News
Home / ਦੁਨੀਆ / ਕੈਨੇਡੀਅਨ ਸਿੱਖ ਸ਼ਰਧਾਲੂਆਂ ਦਾ ਜਥਾ ਪਹੁੰਚਿਆ ਸ੍ਰੀ ਹਰਿਮੰਦਰ ਸਾਹਿਬ

ਕੈਨੇਡੀਅਨ ਸਿੱਖ ਸ਼ਰਧਾਲੂਆਂ ਦਾ ਜਥਾ ਪਹੁੰਚਿਆ ਸ੍ਰੀ ਹਰਿਮੰਦਰ ਸਾਹਿਬ

ਸ਼੍ਰੋਮਣੀ ਕਮੇਟੀ ਨੇ ਕੀਤਾ ਸਨਮਾਨ
ਅੰਮ੍ਰਿਤਸਰ : ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਕੈਨੇਡਾ ਤੋਂ ਵਿਸ਼ਵ ਯਾਤਰਾ ‘ਤੇ ਨਿਕਲੇ ਸਿੱਖ ਸ਼ਰਧਾਲੂਆਂ ਦਾ ਅੰਮ੍ਰਿਤਸਰ ਪੁੱਜਣ ‘ਤੇ ਸ਼੍ਰੋਮਣੀ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ। ਯਾਤਰਾ ‘ਚ ਸ਼ਾਮਲ ਇਹ ਸ਼ਰਧਾਲੂ ਸੋਮਵਾਰ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਮਗਰੋਂ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਪੁੱਜੇ, ਜਿੱਥੇ ਮੁੱਖ ਸਕੱਤਰ ਡਾ. ਰੂਪ ਸਿੰਘ, ਸਕੱਤਰ ਮਨਜੀਤ ਸਿੰਘ ਬਾਠ ਤੇ ਹੋਰ ਅਧਿਕਾਰੀਆਂ ਨੇ ਉਨ੍ਹਾਂ ਦਾ ਸਨਮਾਨ ਕੀਤਾ। ਗੁਰਚਰਨ ਸਿੰਘ ਬਨਵੈਤ ਦੀ ਅਗਵਾਈ ਵਿੱਚ ਗੁਰੂ ਨਾਨਕ ਦੇਵ ਜੀ ਨੂੰ ਅਕੀਦਤ ਭੇਟ ਕਰਨ ਨਿਕਲੇ ਇਸ ਜਥੇ ਵਿਚ 8 ਮੈਂਬਰ ਸ਼ਾਮਲ ਹਨ। ਬਨਵੈਤ ਨੇ ਦੱਸਿਆ ਕਿ ਉਨ੍ਹਾਂ ਨੇ ਕਰੀਬ 2 ਮਹੀਨੇ ਦੇ ਸਫ਼ਰ ਦੌਰਾਨ 17 ਦੇਸ਼ਾਂ ਦੀ ਯਾਤਰਾ ਕੀਤੀ ਹੈ। ਇਸ ਤਹਿਤ ਉਹ ਇੰਗਲੈਂਡ, ਪੈਰਿਸ, ਜਰਮਨੀ, ਸਵਿਟਰਜ਼ਰਲੈਂਡ, ਹਾਲੈਂਡ, ਬੈਲਜੀਅਮ, ਆਸਟ੍ਰੀਆ, ਹੰਗਰੀ, ਤੁਰਕੀ, ਇਰਾਨ ਅਤੇ ਪਾਕਿਸਤਾਨ ਜਾਣ ਮਗਰੋਂ ਭਾਰਤ ਪੁੱਜੇ ਹਨ। ਇਸ ਦੌਰਾਨ ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ ਜੀਵਨ, ਇਤਿਹਾਸ ਤੇ ਸਿੱਖਿਆਵਾਂ ਸਬੰਧੀ ਵੱਖ-ਵੱਖ ਦੇਸ਼ਾਂ ਵਿਚ ਸਾਹਿਤ ਵੀ ਵੰਡਿਆ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕਿਹਾ ਕਿ ਅਜਿਹੀਆਂ ਯਾਤਰਾਵਾਂ ਵਿਸ਼ਵ ‘ਚ ਸਿੱਖ ਪਛਾਣ ਨੂੰ ਉਭਾਰਨ ‘ਚ ਵੱਡੀ ਭੂਮਿਕਾ ਨਿਭਾਉਂਦੀਆਂ ਹਨ। ਇਹ ਸ਼ਰਧਾਲੂ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸਮੇਤ ਹੋਰ ਗੁਰਦੁਆਰਿਆਂ ਦੇ ਦਰਸ਼ਨਾਂ ਮਗਰੋਂ ਮੁੰਬਈ ਤੋਂ ਵਾਪਸ ਕੈਨੇਡਾ ਲਈ ਰਵਾਨਾ ਹੋਣਗੇ।

Check Also

ਮਲੇਸ਼ੀਆ ’ਚ ਨੇਵੀ ਦੇ ਦੋ ਹੈਲੀਕਾਪਟਰ ਟਕਰਾਏ – 10 ਕਰੂ ਮੈਂਬਰਾਂ ਦੀ ਮੌਤ

ਪਰੇਡ ਦੀ ਰਿਹਰਸਲ ਦੌਰਾਨ ਵਾਪਰਿਆ ਹਾਦਸਾ ਨਵੀਂ ਦਿੱਲੀ/ਬਿਊਰੋ ਨਿਊਜ਼ ਮਲੇਸ਼ੀਆ ਦੀ ਨੇਵੀ ਦੇ ਦੋ ਹੈਲੀਕਾਪਟਰ …