Breaking News
Home / ਦੁਨੀਆ / ਭਾਰਤ ‘ਚ ਅਮੀਰ-ਗਰੀਬ ਦਾ ਪਾੜਾ ਹੋਰ ਵਧੇਗਾ

ਭਾਰਤ ‘ਚ ਅਮੀਰ-ਗਰੀਬ ਦਾ ਪਾੜਾ ਹੋਰ ਵਧੇਗਾ

ਕੁੱਲ ਪੂੰਜੀ ਦਾ 73 ਫੀਸਦੀ ਅਮੀਰਾਂ ਦੀ ਜੇਬ੍ਹ ਵਿਚ
ਦਾਵੋਸ/ਬਿਊਰੋ ਨਿਊਜ਼ : ਭਾਰਤ ਦੀ ਕੁੱਲ ਆਬਾਦੀ 1.3 ਅਰਬ ਹੈ ਤੇ ਇਨ੍ਹਾਂ ਵਿੱਚ ਅਮੀਰਾਂ ਦੀ ਗਿਣਤੀ ਮਹਿਜ਼ ਇਕ ਫੀਸਦ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਇਕ ਫੀਸਦ ਵਰਗ ਹੀ ਕੁੱਲ ਪੂੰਜੀ ਦਾ 73 ਫੀਸਦ ਸਾਂਭੀ ਬੈਠਾ ਹੈ। ਗ਼ਰੀਬ ਗੁਰਬੇ ਦੀ ਗੱਲ ਕਰੀਏ ਤਾਂ ਅੱਧੇ ਨਾਲੋਂ ਵੱਧ ਭਾਰਤੀ ਲਗਪਗ 67 ਕਰੋੜ ਲੋਕਾਂ ਦੀ ਪੂੰਜੀ ਵਿੱਚ ਮਹਿਜ਼ ਇਕ ਫੀਸਦ ਦਾ ਵਾਧਾ ਹੋਇਆ ਹੈ। ਇਹ ਦਾਅਵਾ ਓਕਸਫੈਮ ਨੇ ਇਕ ਰਿਪੋਰਟ ਵਿੱਚ ਕੀਤਾ ਹੈ। ઠਓਕਸਫੈਮ ਇੰਡੀਆ ਦੀ ਸੀਈਓ ਨਿਸ਼ਾ ਅਗਰਵਾਲ ਨੇ ਕਿਹਾ, ‘ਆਰਥਿਕ ਵਿਕਾਸ ਦਾ ਲਾਹਾ ਕੁਝ ਮੁੱਠੀ ਭਰ ਲੋਕਾਂ ਹੱਥ ઠ ਜਾਣਾ ਚਿੰਤਾਜਨਕ ਹੈ। ਅਰਬਪਤੀਆਂ ਦੀ ਪੂੰਜੀ ਦਾ ਲਗਾਤਾਰ ਤਾਂਹ ਨੂੰ ਚੜ੍ਹਨਾ ਸੰਪੰਨ ਅਰਥਚਾਰੇ ਦਾ ਨਹੀਂ ਬਲਕਿ ਆਰਥਿਕ ਪ੍ਰਬੰਧ ਦੇ ਢਹਿੰਦੀਆਂ ਕਲਾ ਵਿਚ ਜਾਣ ਦਾ ਸੰਕੇਤ ਹੈ।’ ‘ਰਿਵਾਰਡ ਵਰਕ, ਨੌਟ ਵੈਲਥ’ ਨਾਂ ਦੀ ਇਸ ਰਿਪੋਰਟ ਮੁਤਾਬਕ, ‘ਮਿਹਨਤ ਮੁਸ਼ੱਕਤ ਕਰਨ ਵਾਲੇ, ਕਾਸ਼ਤਕਾਰਾਂ, ਬੁਨਿਆਦੀ ਢਾਂਚੇ ਦੀ ਉਸਾਰੀ ਵਿਚ ਯੋਗਦਾਨ ਪਾਉਣ ਵਾਲੇ ਤੇ ਫੈਕਟਰੀਆਂ ਵਿਚ ਕੰਮ ਕਰਦੇ ਲੋਕਾਂ ਕੋਲ ਆਪਣੇ ਬੱਚਿਆਂ ਦੀ ਸਿੱਖਿਆ, ਪਰਿਵਾਰਕ ਮੈਂਬਰਾਂ ਦੀ ਦਵਾ ਦਾਰੂ ਤੇ ਦੋ ਵਕਤ ਦੀ ਰੋਟੀ ਦਾ ਜੁਗਾੜ ਕਰਨ ਜੋਗੇ ਵੀ ਪੈਸੇ ਨਹੀਂ ਹਨ। ਅਮੀਰ ਤੇ ਗ਼ਰੀਬ ਵਿਚ ਵਧਦਾ ਪਾੜਾ ਜਿੱਥੇ ਜਮਹੂਰੀਅਤ ਨੂੰ ਛੁਟਿਆਉਂਦਾ ਹੈ, ਉਥੇ ਭ੍ਰਿਸ਼ਟਾਚਾਰ ਤੇ ਪੂੰਜੀਵਾਦ ਨੂੰ ਵਧਾਉਂਦਾ ਹੈ।’ ਰਿਪੋਰਟ ਵਿਚ ਅੱਗੇ ਕਿਹਾ ਗਿਆ ਹੈ ਕਿ ਪਿਛਲੇ ਇਕ ਸਾਲ ਵਿੱਚ ਅਰਬਪਤੀਆਂ ਦੀ ਸੂਚੀ ਵਿੱਚ 17 ਨਵੇਂ ਨਾਂ ਜੁੜਨ ਨਾਲ ਇਹ ਅੰਕੜਾ 101 ਨੂੰ ਪੁੱਜ ਗਿਆ ਹੈ। ਇਨ੍ਹਾਂ ਵਿੱਚੋਂ 37 ਫੀਸਦ ਧਨਕੁਬੇਰਾਂ ਨੂੰ ਇਹ ਪੂੰਜੀ ਵਿਰਸੇ ਵਿੱਚ ਮਿਲੀ ਹੈ। ਕੁੱਲ 101 ਅਰਬਪਤੀਆਂ ਵਿਚੋਂ 51 ਅਜਿਹੇ ਹਨ, ਜਿਨ੍ਹਾਂ ਦੀ ਉਮਰ 65 ਸਾਲ ਜਾਂ ਇਸ ਤੋਂ ਵੱਧ ਹੈ। ਰਿਪੋਰਟ ਮੁਤਾਬਕ ਇਨ੍ਹਾਂ ਧਨਕੁਬੇਰਾਂ ਵੱਲੋਂ ਅਗਲੇ 20 ਸਾਲਾਂ ਵਿੱਚ ਘੱਟੋ-ਘੱਟ 10,544 ਅਰਬ ਰੁਪਏ ਅੱਗੇ ਵਾਰਸਾਂ ਨੂੰ ਦਿੱਤੇ ਜਾਣਗੇ ਅਤੇ ਜੇਕਰ ਇਸ ਰਕਮ ‘ਤੇ ਜਾਇਦਾਦ ਟੈਕਸ ਲਾਇਆ ਜਾਵੇ ਸਰਕਾਰ ਨੂੰ 3176 ਅਰਬ ਰੁਪਏ ਦੀ ਕਮਾਈ ਹੋ ਸਕਦੀ ਹੈ। ਰਿਪੋਰਟ ਵਿੱਚ ਆਮਦਨ ਵਿਚਲੇ ਖੱਪੇ ਨੂੰ ਪੂਰਨ ਲਈ ਜਾਇਦਾਦ ਟੈਕਸ ਮੁੜ ਲਾਗੂ ਕਰਨ, ਪੂੰਜੀ ਟੈਕਸ ਵਧਾਉਣ, ਕਾਰਪੋਰੇਟ ਟੈਕਸ ਬ੍ਰੇਕ ਨੂੰ ਘਟਾਉਂਦਿਆਂ ਬਿਲਕੁਲ ਖ਼ਤਮ ਕਰਨ ਤੇ ਬਰਾਬਰ ਦੇ ਮੌਕੇ ਮੁਹੱਈਆ ਕਰਾਉਣ ਜਿਹੇ ਸੁਝਾਅ ਵੀ ਦਿੱਤੇ ਗਏ ਹਨ।
ਇਕ ਫ਼ੀਸਦ ਭਾਰਤੀਆਂ ਕੋਲ 73 ਫ਼ੀਸਦ ਪੂੰਜੀ ਕਿਉਂ : ਰਾਹੁਲ
ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕਿਹਾ ਕਿ ਉਹ ਦਾਵੋਸ ਵਿਚ ਲੋਕਾਂ ਨੂੰ ਦੱਸਣ ਕਿ ਭਾਰਤੀ ਆਬਾਦੀ ਦੇ ਇਕ ਫ਼ੀਸਦ ਹਿੱਸੇ ਕੋਲ ਕੁੱਲ ਪੂੰਜੀ ਦਾ 73 ਫ਼ੀਸਦ ਹਿੱਸਾ ਕਿਉਂ ਹੈ। ਉਨ੍ਹਾਂ ਨੇ ਟਵੀਟ ਕੀਤਾ, ‘ਪਿਆਰੇ ਪ੍ਰਧਾਨ ਮੰਤਰੀ, ਸਵਿੱਟਜ਼ਰਲੈਂਡ ਵਿਚ ਸਵਾਗਤ ਹੈ! ਕ੍ਰਿਪਾ ਕਰਕੇ ਦਾਵੋਸ ਨੂੰ ਦੱਸੋ ਕਿ ਭਾਰਤੀ ਆਬਾਦੀ ਦੇ ਇਕ ਫ਼ੀਸਦ ਧਨ-ਕੁਬੇਰਾਂ ਕੋਲ ਦੇਸ਼ ਦੀ ਕੁੱਲ ਪੂੰਜੀ ਦਾ 73 ਫ਼ੀਸਦ ਕਿਉਂ ਹੈ?ਮੈਂ ਤੁਹਾਡੇ ਦੇਖਣ ਲਈ ਇਕ ਰਿਪੋਰਟ ਵੀ ਨੱਥੀ ਕਰ ਰਿਹਾ ਹਾਂ।’

Check Also

ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਣਨਗੇ ਬਿਲਾਵਲ ਭੁੱਟੋ!

ਪਾਰਟੀ ਦੇ ਆਗੂਆਂ ਨੇ ਬਿਲਾਵਲ ਨੂੰ ਇਸ ਅਹੁਦੇ ਲਈ ਮਨਾਇਆ ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨ ਦੇ ਸਾਬਕਾ …