ਰਿਜ਼ਰਵ ਬੈਂਕ ਵੱਲੋਂ ਮਹਿੰਗਾਈ ਨੂੰ ਠੱਲ੍ਹ ਪਾਉਣ ਲਈ ਵਿਆਜ ਦਰਾਂ ਵਿੱਚ ਵਾਧਾ ਲਾਜ਼ਮੀ ਕਰਾਰ
ਮੈਲਬਰਨ/ਬਿਊਰੋ ਨਿਊਜ਼ : ਆਸਟਰੇਲੀਆ ਵਿੱਚ ਮਕਾਨਾਂ ਦੀਆਂ ਕੀਮਤਾਂ ਦਾ ਡਿੱਗਣਾ ਲਗਾਤਾਰ ਜਾਰੀ ਹੈ ਅਤੇ ਫਿਲਹਾਲ ਰੀਅਲ ਅਸਟੇਟ ਸਨਅਤ ਨੂੰ ਇਸ ਗਿਰਾਵਟ ਤੋਂ ਜਲਦੀ ਰਾਹਤ ਮਿਲਦੀ ਦਿਖਾਈ ਨਹੀਂ ਦੇ ਰਹੀ। ਮੁਲਕ ਦੇ ਮੁੱਖ ਸ਼ਹਿਰਾਂ ਵਿੱਚ ਮਕਾਨਾਂ ਦੀਆਂ ਕੀਮਤਾਂ ਵਿੱਚ ਆਈ ਅਜਿਹੀ ਗਿਰਾਵਟ 2008-2009 ਦੀ ਸੰਸਾਰ ਮੰਦੀ ਅਤੇ ਪਿਛਲੇ ਚਾਰ ਦਹਾਕਿਆਂ ਦੌਰਾਨ ਦੇਖਣ ਨੂੰ ਨਹੀਂ ਮਿਲੀ।
ਇਸ ਬਾਰੇ ਮਾਰਕਿਟ ਸਰਵੇ ਕਰਦੀ ਸੰਸਥਾ ਕੋਰਲੌਜਿਕ ਨੇ ਰਿਪੋਰਟ ਜਾਰੀ ਕੀਤੀ ਹੈ, ਜਿਸ ਮੁਤਾਬਿਕ ਮਈ, 2022 ਤੋਂ ਜਨਵਰੀ ਤੱਕ ਆਸਟਰੇਲੀਆ ਵਿੱਚ ਮਕਾਨ ਦੀ ਔਸਤ ਕੀਮਤ ਲਗਭਗ 64 ਹਜ਼ਾਰ ਡਾਲਰ ਤੱਕ ਡਿੱਗ ਚੁੱਕੀ ਹੈ। ਆਸਟਰੇਲੀਅਨ ਅਰਥਚਾਰੇ ਵਿੱਚ ਉਤਰਾਅ-ਚੜ੍ਹਾਅ ਦਾ ਸਿੱਧਾ ਸਬੰਧ ਮਕਾਨਾਂ ਦੀਆਂ ਕੀਮਤਾਂ ਨਾਲ ਹੈ ਅਤੇ ਮਾਹਿਰਾਂ ਮੁਤਾਬਿਕ ਮੁੱਖ ਸ਼ਹਿਰਾਂ ਵਿੱਚ ਕੀਮਤਾਂ ਦਾ ਡਿੱਗਣਾ ਇਸ ਸਾਲ ਲਈ ਆਰਥਿਕ ਅੰਕੜਿਆਂ ਲਈ ਚੰਗਾ ਸੰਕੇਤ ਨਹੀਂ ਮੰਨਿਆ ਜਾ ਰਿਹਾ। ਦੂਜੇ ਪਾਸੇ ਆਸਟਰੇਲੀਆ ਦੀ ਰਿਜ਼ਰਵ ਬੈਂਕ ਨੇ ਘਰੇਲੂ ਕਰਜ਼ਿਆਂ ਲਈ ਵਿਆਜ ਦਰਾਂ ਵਿੱਚ ਲਗਾਤਾਰ ਵਾਧਾ ਕੀਤਾ ਹੈ, ਜਿਸ ਤਹਿਤ ਪਿਛਲੇ ਸਮੇਂ ਦੌਰਾਨ ਘਰਾਂ ‘ਤੇ ਰਕਮ ਲਾ ਚੁੱਕੇ ਬਹੁਤੇ ਲੋਕਾਂ ਦੀਆਂ ਕਿਸ਼ਤਾਂ ਵਿੱਚ ਵਾਧਾ ਹੋ ਗਿਆ ਹੈ। ਰਿਜ਼ਰਵ ਬੈਂਕ ਦਾ ਵਿਆਜ ਵਧਾਉਣ ਪਿੱਛੇ ਤਰਕ ਆਮ ਵਸਤੂਆਂ ਦੇ ਖੇਤਰ ਵਿੱਚ ਵਧੀ ਮਹਿੰਗਾਈ ਨੂੰ ਠੱਲ੍ਹ ਪਾਉਣਾ ਦੱਸਿਆ ਜਾ ਰਿਹਾ ਹੈ। ਬੈਂਕ ਮੁਤਾਬਿਕ ਮੰਦੀ ਦੇ ਬਾਵਜੂਦ ਲੋਕ ਗੈਰ-ਜ਼ਰੂਰੀ ਵਸਤੂਆਂ ‘ਤੇ ਪੈਸਾ ਖਰਚ ਰਹੇ ਹਨ, ਜਿਸ ਕਾਰਨ ਬਾਜ਼ਾਰੂ ਮਹਿੰਗਾਈ ਨਹੀਂ ਰੁਕ ਰਹੀ, ਇਸ ਕਰਕੇ ਕਰਜ਼ਿਆਂ ‘ਤੇ ਵਿਆਜ ਦਰ ਵਧਾਈ ਗਈ ਹੈ। ਮਕਾਨਾਂ ਦੀਆਂ ਕੀਮਤਾਂ ਵਿੱਚ ਗਿਰਾਵਟ ਨੇ ਘਰੇਲੂ ਸਨਅਤ ‘ਚ ਜੱਕੋ-ਤੱਕੀ ਦੀ ਸਥਿਤੀ ਪੈਦਾ ਕੀਤੀ ਹੋਈ ਹੈ ਅਤੇ ਮਾਹਿਰਾਂ ਮੁਤਾਬਿਕ ਚਾਲੂ ਸਾਲ ਦੌਰਾਨ ਵੀ ਮੰਦੀ ਦੇ ਪਰਛਾਵੇਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।