Breaking News
Home / Special Story / ਰਾਹੁਲ ਗਾਂਧੀ ਵੱਲੋਂ ਪੰਜਾਬ ‘ਚ ਯਾਤਰਾ ਦਾ ਆਗਾਜ਼

ਰਾਹੁਲ ਗਾਂਧੀ ਵੱਲੋਂ ਪੰਜਾਬ ‘ਚ ਯਾਤਰਾ ਦਾ ਆਗਾਜ਼

ਰਾਹੁਲ ਨੇ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਅਤੇ ਰੋਜ਼ਾ ਸਰੀਫ਼ ਦੀ ਦਰਗਾਹ ‘ਤੇ ਮੱਥਾ ਟੇਕਿਆ
ਸ੍ਰੀ ਫਤਹਿਗੜ੍ਹ ਸਾਹਿਬ/ਬਿਊਰੋ ਨਿਊਜ਼ : ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਸ਼ਹੀਦਾਂ ਦੀ ਧਰਤੀ ਫਤਹਿਗੜ੍ਹ ਸਾਹਿਬ ਤੋਂ ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਦੇ ਪੰਜਾਬ ਪੜਾਅ ਦਾ ਆਗਾਜ਼ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਇਤਿਹਾਸਕ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਤੇ ਮੁਸਲਿਮ ਭਾਈਚਾਰੇ ਦੇ ਮੱਕਾ ਸਮਝੇ ਜਾਂਦੇ ਰੋਜ਼ਾ ਸਰੀਫ ਵਿਖੇ ਮੱਥਾ ਟੇਕਿਆ। ਉਪਰੰਤ ਅਨਾਜ ਮੰਡੀ ਸਰਹਿੰਦ ਤੋਂ ਇਸ ਯਾਤਰਾ ਦਾ ਆਗਾਜ਼ ਹੋਇਆ।
ਇਸ ਮੌਕੇ ਹਰਿਆਣਾ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਊਦੈ ਭਾਨ ਨੇ ਸੂਬੇ ਦੀ ਯਾਤਰਾ ਖ਼ਤਮ ਹੋਣ ‘ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪਾਰਟੀ ਝੰਡਾ ਸੌਂਪਿਆ। ਇਥੇ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕੇਂਦਰ ਦੀ ਭਾਜਪਾ ਸਰਕਾਰ ‘ਤੇ ਦੇਸ਼ ਵਾਸੀਆਂ ਨੂੰ ਧਰਮ, ਭਾਸ਼ਾ ਅਤੇ ਰਾਜਾਂ ਦੇ ਨਾਮ ‘ਤੇ ਲੜਾ ਕੇ ਰਾਜਸੀ ਰੋਟੀਆਂ ਸੇਕਣ ਦੇ ਆਰੋਪ ਲਾਏ। ਉਨ੍ਹਾਂ ਆਪਣੀ ਯਾਤਰਾ ਦੌਰਾਨ ਸਫ਼ਾਈ ਕਾਮਿਆਂ ਨਾਲ ਗੱਲਬਾਤ ਕੀਤੀ। ਇਸ ਮੌਕੇ ਪ੍ਰਤਾਪ ਸਿੰਘ ਬਾਜਵਾ, ਸੰਸਦ ਮੈਂਬਰ ਡਾ. ਅਮਰ ਸਿੰਘ, ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਜੀਪੀ ਤੇ ਭੁਪਿੰਦਰ ਸਿੰਘ ਹੁੱਡਾ ਨੇ ਵੀ ਸੰਬੋਧਨ ਕੀਤਾ।
ਸਰਹਿੰਦ ਤੋਂ ਸ਼ੁਰੂ ਹੋਈ ਇਸ ਯਾਤਰਾ ਲਈ ਕਾਂਗਰਸੀ ਸਮਰਥਕਾਂ ਵੱਲੋਂ ਲੰਗਰ ਆਦਿ ਵੀ ਲਗਾਏ ਗਏ ਸਨ। ਮੰਡੀ ਗੋਬਿੰਦਗੜ੍ਹ ਵਿੱਚ ਸਾਬਕਾ ਮੰਤਰੀ ਰਣਦੀਪ ਸਿੰਘ ਨਾਭਾ ਤੇ ਬਹਿਸਤਾ ਸਿੰਘ ਦੀ ਅਗਵਾਈ ਹੇਠ ਇਸ ਯਾਤਰਾ ਦਾ ਭਰਵਾਂ ਸਵਾਗਤ ਕੀਤਾ ਗਿਆ ਤੇ ਸੜਕਾਂ ਦੇ ਆਲੇ-ਦੁਆਲੇ ਖੜ੍ਹੇ ਲੋਕਾਂ ਨੇ ਫੁੱਲਾਂ ਦੀ ਵਰਖਾ ਕੀਤੀ। ਇਹ ਕਾਫ਼ਲਾ ਮੰਡੀ ਗੋਬਿੰਦਗੜ੍ਹ ਦੇ ਖਾਲਸਾ ਸਕੂਲ ਵਿੱਚ ਲਗਪਗ ਢਾਈ ਘੰਟੇ ਠਹਿਰਿਆ। ਇਸ ਦੌਰਾਨ ਰਾਹੁਲ ਗਾਂਧੀ ਨੇ ਮੰਡੀ ਗੋਬਿੰਦਗੜ੍ਹ ਦੇ ਸਨਅਤਕਾਰਾਂ ਦੇ ਵਫ਼ਦ ਦੀਆਂ ਸਮੱਸਿਆਵਾਂ ਸੁਣਨ ਮਗਰੋਂ ਭਰੋਸਾ ਦਿੱਤਾ ਕਿ ਕੇਂਦਰ ਵਿੱਚ ਕਾਂਗਰਸ ਸਰਕਾਰ ਆਉਣ ‘ਤੇ ਛੋਟੇ ਅਤੇ ਦਰਮਿਆਨੇ ਉਦਯੋਗ ਨੂੰ ਪ੍ਰਫੁੱਲਤ ਕਰਨ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ।ਇਥੇ ਪਾਰਟੀ ਦੇ ਕੌਮੀ ਜਨਰਲ ਸਕੱਤਰ ਜੈ ਰਾਮ ਰਮੇਸ ਨੇ ਪ੍ਰੈੱਸ ਕਾਨਫੰਰਸ ਦੌਰਾਨ ਸਪੱਸ਼ਟ ਕੀਤਾ ਕਿ ਯਾਤਰਾ ਦਾ ਮਨੋਰਥ ਦੇਸ਼ ਨੂੰ ਜੋੜਨਾ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨਾ ਹੈ।
ਬੋਰਡਾਂ ਵਿੱਚੋਂ ਨਵਜੋਤ ਸਿੱਧੂ ਦੀ ਫੋਟੋ ਗਾਇਬ
ਲੁਧਿਆਣਾ : ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਪੰਜਾਬ ‘ਚ ਦਾਖਲ ਹੋ ਚੁੱਕੀ ਹੈ ਤੇ ਇਸ ਯਾਤਰਾ ਦੇ ਸਵਾਗਤ ਲਈ ਪੰਜਾਬ ਵਿੱਚ ਲਗਾਏ ਗਏ ਬੋਰਡਾਂ ਤੋਂ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਤਸਵੀਰ ਗਾਇਬ ਹੈ, ਜਿਸ ਨਾਲ ਇੱਕ ਵਾਰ ਫਿਰ ਕਾਂਗਰਸ ਦੀ ਆਪਸੀ ਗੁੱਟਬਾਜ਼ੀ ਉਜਾਗਰ ਹੋ ਗਈ ਹੈ।
ਰਾਹੁਲ ਨੇ ਕੇਂਦਰ ਸਰਕਾਰ ‘ਤੇ ਨਫਰਤ ਦੀ ਰਾਜਨੀਤੀ ਕਰਨ ਦੇ ਲਗਾਏ ਆਰੋਪ
ਚੰਡੀਗੜ੍ਹ : ਕਾਂਗਰਸ ਪਾਰਟੀ ਵਲੋਂ ਰਾਹੁਲ ਗਾਂਧੀ ਦੀ ਅਗਵਾਈ ਵਿਚ ‘ਭਾਰਤ ਜੋੜੋ’ ਯਾਤਰਾ ਸ਼ੁਰੂ ਕੀਤੀ ਗਈ ਹੈ। ਇਸ ਯਾਤਰਾ ਦਾ ਵੀਰਵਾਰ ਨੂੰ ਪੰਜਾਬ ਵਿਚ ਦੂਜਾ ਦਿਨ ਰਿਹਾ। ਯਾਤਰਾ ਦੌਰਾਨ ਰਾਹੁਲ ਗਾਂਧੀ ਨੇ ਲੁਧਿਆਣਾ ਵਿਚ ਕਿਹਾ ਕਿ ਦੇਸ਼ ਵਿਚ ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨਫਰਤ ਦੀ ਰਾਜਨੀਤੀ ਕਰ ਰਹੀ ਹੈ ਅਤੇ ਉਹ ਦੇਸ਼ ਵਿਚ ਭਰਾ-ਭਰਾ ਨੂੰ ਲੜਾ ਕੇ ਸੱਤਾ ‘ਤੇ ਕਾਬਜ਼ ਰਹਿਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਅਜਿਹੀ ਚਾਲ ਨੂੰ ਦੇਸ਼ ਵਾਸੀ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਇਹ ਵੀ ਜਾਣਕਾਰੀ ਮਿਲੀ ਹੈ ਕਿ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਜਦੋਂ ਲੁਧਿਆਣਾ ਪਹੁੰਚੀ ਤਾਂ ਸ਼ਹਿਰ ਦੇ ਕਈ ਚੌਕਾਂ ‘ਤੇ ਲੰਮੇ-ਲੰਮੇ ਜਾਮ ਵੀ ਲੱਗ ਗਏ, ਜਿਸ ਕਰਕੇ ਆਮ ਲੋਕਾਂ ਨੂੰ ਘੰਟਿਆਂ ਬੱਧੀ ਟਰੈਫਿਕ ਜਾਮ ਦਾ ਸਾਹਮਣਾ ਕਰਨਾ ਪਿਆ। ਉਧਰ ਦੂਜੇ ਪਾਸੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸ੍ਰੀਨਗਰ ਵਿੱਚ 30 ਜਨਵਰੀ ਨੂੰ ‘ਭਾਰਤ ਜੋੜੋ ਯਾਤਰਾ’ ਦੇ ਸਮਾਪਤੀ ਸਮਾਗਮ ਮੌਕੇ 21 ਹਮਖਿਆਲ ਪਾਰਟੀਆਂ ਦੇ ਆਗੂਆਂ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਦੀ ਮੌਜੂਦਗੀ ਨਾਲ ਯਾਤਰਾ ਦੇ ਸੱਚਾਈ, ਦਇਆ ਅਤੇ ਅਹਿੰਸਾ ਦੇ ਸੁਨੇਹੇ ਨੂੰ ਮਜ਼ਬੂਤੀ ਮਿਲੇਗੀ। ਵੱਖ-ਵੱਖ ਪਾਰਟੀਆਂ ਦੇ ਮੁਖੀਆਂ ਨੂੰ ਲਿਖੇ ਪੱਤਰਾਂ ਵਿੱਚ ਖੜਗੇ ਨੇ ਕਿਹਾ ਕਿ ਯਾਤਰਾ ਦੀ ਸ਼ੁਰੂਆਤ ਤੋਂ ਹੀ ਕਾਂਗਰਸ ਨੇ ਹਮਖਿਆਲੀ ਪਾਰਟੀਆਂ ਦੀ ਸ਼ਮੂਲੀਅਤ ਦੀ ਮੰਗ ਕੀਤੀ ਸੀ ਅਤੇ ਰਾਹੁਲ ਗਾਂਧੀ ਦੇ ਸੱਦੇ ਉੱਤੇ ਯਾਤਰਾ ਦੇ ਵੱਖ ਵੱਖ ਪੜਾਵਾਂ ਦੌਰਾਨ ਕਈ ਸਿਆਸੀ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਹਿੱਸਾ ਵੀ ਲਿਆ। ਖੜਗੇ ਨੇ ਪੱਤਰ ਵਿੱਚ ਲਿਖਿਆ, ”ਮੈਂ ਹੁਣ ਤੁਹਾਨੂੰ ਭਾਰਤ ਜੋੜੋ ਯਾਤਰਾ ਦੇ ਸ੍ਰੀਨਗਰ ਵਿੱਚ 30 ਜਨਵਰੀ ਨੂੰ ਦੁਪਹਿਰ ਸਮੇਂ ਹੋਣ ਵਾਲੇ ਸਮਾਪਤੀ ਸਮਾਗਮ ਵਿੱਚ ਨਿੱਜੀ ਤੌਰ ‘ਤੇ ਸ਼ਾਮਲ ਹੋਣ ਦਾ ਸੱਦਾ ਦਿੰਦਾ ਹਾਂ।
ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਰਾਹੁਲ ਗਾਂਧੀ
ਦਸਤਾਰ ਸਜਾ ਕੇ ਗੁਰੂਘਰ ਪੁੱਜੇ ਰਾਹੁਲ
ਅੰਮ੍ਰਿਤਸਰ/ਬਿਊਰੋ ਨਿਊਜ਼ : ਕਾਂਗਰਸ ਦੀ ਭਾਰਤ ਜੋੜੋ ਯਾਤਰਾ ਦੇ ਪੰਜਾਬ ਵਿੱਚ ਦਾਖ਼ਲ ਹੋ ਗਈ ਹੈ। ਇਸ ਦੌਰਾਨ ਮੰਗਲਵਾਰ ਨੂੰ ਸਭ ਤੋਂ ਪਹਿਲਾਂ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਮੱਥਾ ਟੇਕਿਆ ਤੇ ਇਸ ਯਾਤਰਾ ਦੀ ਸਫ਼ਲਤਾ ਲਈ ਅਰਦਾਸ ਕੀਤੀ। ਰਾਹੁਲ ਗਾਂਧੀ ਦਸਤਾਰ ਸਜਾ ਕੇ ਸ੍ਰੀ ਦਰਬਾਰ ਸਾਹਿਬ ਪਹੁੰਚੇ ਤੇ ਸੁਰੱਖਿਆ ਪ੍ਰਬੰਧਾਂ ਹੇਠ ਪਰਿਕਰਮਾ ਕੀਤੀ ਤੇ ਪ੍ਰਕਾਸ਼ ਅਸਥਾਨ ਨੇੜੇ ਬੈਠ ਕੇ ਕੁਝ ਸਮਾਂ ਗੁਰਬਾਣੀ ਦਾ ਕੀਰਤਨ ਸੁਣਿਆ।
ਰਾਹੁਲ ਗਾਂਧੀ ਨੇ ਕੜਾਹ ਪ੍ਰਸ਼ਾਦ ਵੀ ਚੜ੍ਹਾਇਆ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਖੜ੍ਹੇ ਹੋ ਕੇ ਮੱਥਾ ਟੇਕਿਆ। ਇਸ ਦੌਰਾਨ ਉਨ੍ਹਾਂ ਮੀਡੀਆ ਨਾਲ ਕੋਈ ਵੀ ਗੱਲ ਕਰਨ ਤੋਂ ਗੁਰੇਜ਼ ਕੀਤਾ।
ਮੱਥਾ ਟੇਕਣ ਮਗਰੋਂ ਕਾਂਗਰਸੀ ਆਗੂ ਭਗਵੰਤ ਪਾਲ ਸਿੰਘ ਸੱਚਰ ਨੇ ਪਲਾਜ਼ਾ ਵਿੱਚ ਰਾਹੁਲ ਗਾਂਧੀ ਨੂੰ ਸ੍ਰੀ ਸਾਹਿਬ ਤੇ ਸਿਰੋਪਾ ਦੇ ਕੇ ਸਨਮਾਨਿਤ ਕੀਤਾ। ਰਾਹੁਲ ਗਾਂਧੀ ਲਗਪਗ 40-45 ਮਿੰਟ ਗੁਰੂ ਘਰ ਵਿੱਚ ਰਹੇ।
ਇਸ ਦੌਰਾਨ ਰਾਹੁਲ ਗਾਂਧੀ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ, ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਜ਼ਿਲ੍ਹਾ ਦਿਹਾਤੀ ਤੇ ਸ਼ਹਿਰੀ ਪ੍ਰਧਾਨ ਪ੍ਰਤਾਪ ਸਿੰਘ ਅਜਨਾਲਾ ਸਣੇ ਹੋਰ ਆਗੂ ਸ਼ਾਮਲ ਹਨ।

Check Also

ਬਾਰ੍ਹਵੀਂ ‘ਚ ਮੁੰਡੇ ਅਤੇ ਅੱਠਵੀਂ ਵਿੱਚ ਕੁੜੀਆਂ ਅੱਵਲ

ਲੁਧਿਆਣਾ ਦਾ ਏਕਮਪ੍ਰੀਤ ਸਿੰਘ ਬਾਰ੍ਹਵੀਂ ਅਤੇ ਭਾਈ ਰੂਪਾ (ਬਠਿੰਡਾ) ਦੀ ਹਰਨੂਰਪ੍ਰੀਤ ਕੌਰ ਅੱਠਵੀਂ ‘ਚ ਸੂਬੇ …