ਮੁੱਖ ਮੰਤਰੀ ਨੇ ਪਿੰਡ ਗੁੱਜਰਾਂ ਤੇ ਢੰਡੋਲੀ ਖੁਰਦ ਦੇ ਪੀੜਤ ਪਰਿਵਾਰਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ
ਦਿੜ੍ਹਬਾ ਮੰਡੀ/ਬਿਊਰੋ ਨਿਊਜ਼ : ਪਿੰਡ ਗੁੱਜਰਾਂ ਤੇ ਢੰਡੋਲੀ ਖੁਰਦ ਵਿੱਚ ਪਿਛਲੇ ਦਿਨੀਂ ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ ਮੌਤਾਂ ਦੇ ਕਹਿਰ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੀੜਤ ਪਰਿਵਾਰਾਂ ਦੀ ਸਾਰ ਲੈਣ ਲਈ ਪਿੰਡ ਗੁੱਜਰਾਂ ਪੁੱਜੇ। ਉਨ੍ਹਾਂ ਪੀੜਤ ਪਰਿਵਾਰਾਂ ਨਾਲ ਹਮਰਦਰਦੀ ਪ੍ਰਗਟ ਕਰਦਿਆਂ ਭਰੋਸਾ ਦਿਵਾਇਆ ਕਿ ਸਰਕਾਰ ਵੱਲੋਂ ਉਨ੍ਹਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ ਅਤੇ ਜਿਨ੍ਹਾਂ ਲੋਕਾਂ ਕਾਰਨ ਇਹ ਮੌਤਾਂ ਹੋਈਆਂ ਹਨ ਉਨ੍ਹਾਂ ਨੂੰ ਸਖ਼ਤ ਸਜ਼ਾ ਦਿਵਾਈ ਜਾਵੇਗੀ। ਇਸ ਮੌਕੇ ਪਿੰਡ ਢੰਡੋਲੀ ਖੁਰਦ ਦੇ ਪੀੜਤ ਪਰਿਵਾਰ ਵੀ ਪਿੰਡ ਗੁੱਜਰਾਂ ਵਿੱਚ ਹੀ ਪਹੁੰਚ ਕੇ ਮੁੱਖ ਮੰਤਰੀ ਨੂੰ ਮਿਲੇ। ਇਸ ਮੌਕੇ ਉਨ੍ਹਾਂ ਦੇ ਨਾਲ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਵਿੱਤ ਮੰਤਰੀ ਦੇ ਓਐੱਸਡੀ ਤਪਿੰਦਰ ਸਿੰਘ ਸੋਹੀ ਤੋਂ ਇਲਾਵਾ ਪਿੰਡ ਦੇ ਸਾਬਕਾ ਸਰਪੰਚ ਸੁਖਦੇਵ ਸਿੰਘ, ਰਾਜਿੰਦਰ ਸਿੰਘ, ਮਜ਼ਦੂਰ ਆਗੂ ਬੂਟਾ ਸਿੰਘ ਆਦਿ ਹਾਜ਼ਰ ਸਨ।
ਉਪਰੰਤ ਮੁੱਖ ਮੰਤਰੀ ਨੇ ਪਿੰਡ ਦੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ ਜਿਸ ਦਾ ਉਨ੍ਹਾਂ ਨੂੰ ਬੇਹੱਦ ਅਫ਼ਸੋਸ ਹੈ ਪਰ ਉਹ ਪੰਜਾਬ ਦੇ ਮੁੱਖ ਮੰਤਰੀ ਹੋਣ ਦੇ ਨਾਤੇ ਇਨ੍ਹਾਂ ਪੀੜਤ ਪਰਿਵਾਰਾਂ ਨਾਲ ਖੜ੍ਹੇ ਹਨ। ਉਨ੍ਹਾਂ ਕਿਹਾ, ”ਮੇਰਾ ਫ਼ਰਜ਼ ਬਣਦਾ ਹੈ ਕਿ ਇਨ੍ਹਾਂ ਪਰਿਵਾਰਾਂ ਦੀ ਹਰ ਸੰਭਵ ਮਦਦ ਕਰਾਂ ਅਤੇ ਮੈਂ ਪੀੜਤ ਪਰਿਵਾਰਾਂ ਨੂੰ ਸੰਭਾਲਣ ਤੋਂ ਇਲਾਵਾ ਇਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਪੂਰੀ ਕਰਾਵਾਂਗਾ ਅਤੇ ਉਨ੍ਹਾਂ ਨੂੰ ਨੌਕਰੀਆਂ ਵੀ ਦੇਵਾਂਗਾ।” ਮੁੱਖ ਮੰਤਰੀ ਨੇ ਕਿਹਾ ਕਿ ਇਸ ਘਟਨਾ ਸਬੰਧੀ ਡੀਜੀਪੀ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਜਿਹੜੇ ਵਿਅਕਤੀਆਂ ਨੇ ਇਹ ਕੰਮ ਕੀਤਾ ਹੈ ਉਨ੍ਹਾਂ ਵਿੱਚੋਂ ਦਸ ਵਿਅਕਤੀ ਫੜ ਲਏ ਗਏ ਹਨ ਜਿਨ੍ਹਾਂ ‘ਤੇ ਧਾਰਾ 302 ਤਹਿਤ ਕੇਸ ਦਰਜ ਹੋ ਚੁੱਕਾ ਹੈ। ਉਨ੍ਹਾਂ ਕਿਹਾ, ”ਕਿਸੇ ਨੂੰ ਜ਼ਹਿਰ ਦੇ ਕੇ ਮਾਰਨਾ ਹੱਤਿਆ ਹੁੰਦੀ ਹੈ ਇਸ ਕਰ ਕੇ ਆਰੋਪੀਆਂ ਨੂੰ ਮੌਤ ਦੀ ਸਜ਼ਾ ਵੀ ਹੋ ਸਕਦੀ ਹੈ ਅਤੇ ਅਸੀਂ ਮੌਤ ਦੀ ਸਜ਼ਾ ਦਿਵਾਉਣ ਤੱਕ ਜਾਵਾਂਗੇ ਕਿਉਂਕਿ ਨਸ਼ਾਂ ਲੋਕਾਂ ਦੇ ਘਰ ਬਰਬਾਦ ਕਰਦਾ ਹੈ।” ਉਨ੍ਹਾਂ ਨਾਲ ਹੀ ਇਹ ਵੀ ਕਿਹਾ ਕਿ ਜਿੰਨਾ ਚਿਰ ਉਹ ਮੁੱਖ ਮੰਤਰੀ ਹਨ ਓਨਾ ਚਿਰ ਕਿਸੇ ਘਰ ਦਾ ਚੁੱਲ੍ਹਾ ਬੁਝਣ ਨਹੀਂ ਦੇਣਗੇ। ਮਾਨ ਨੇ ਕਿਹਾ ਕਿ ਪਿੰਡ ਨੂੰ ਪਤਾ ਹੁੰਦਾ ਹੈ ਕਿ ਮਾੜਾ ਨਸ਼ਾ ਜਿਵੇਂ ਚਿੱਟਾ ਵਗੈਰ੍ਹਾ ਕਿੱਥੋਂ ਆਉਂਦਾ ਅਤੇ ਕਿੱਥੇ ਵਿਕਦਾ ਹੈ, ਇਸ ਵਾਸਤੇ ਇਹ ਪਿੰਡ ਵਾਸੀਆਂ ਦਾ ਫ਼ਰਜ਼ ਬਣਦਾ ਹੈ ਕਿ ਜਿੱਥੇ ਕਿਤੇ ਵੀ ਨਸ਼ਾ ਵਿਕਦਾ ਹੈ, ਉਸ ਬਾਰੇ ਸਰਕਾਰ ਅਤੇ ਪੁਲਿਸ ਦੇ ਧਿਆਨ ਵਿੱਚ ਲਿਆਂਦਾ ਜਾਵੇ। ਅਜਿਹੇ ਵਿਅਕਤੀਆਂ ਨੂੰ ਫੜ ਕੇ ਅੰਦਰ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਅੱਜ ਹੀ ਉਨ੍ਹਾਂ ਨੂੰ ਇਸ ਪਿੰਡ ਦੇ ਇੱਕ ਮੁੰਡੇ ਨੇ ਦੱਸਿਆ ਹੈ ਕਿ ਇੱਥੇ ਮਾੜੀ ਸ਼ਰਾਬ ਅਤੇ ਚਿੱਟਾ ਬਹੁਤ ਵਿਕਦਾ ਹੈ ਜਿਸ ਨੂੰ ਉਨ੍ਹਾਂ ਨੇ ਲਿਖ ਕੇ ਦੇਣ ਲਈ ਕਿਹਾ ਹੈ ਅਤੇ ਅਜਿਹੇ ਲੋਕਾਂ ਖ਼ਿਲਾਫ ਸਖ਼ਤ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ।
ਜ਼ਹਿਰੀਲੀ ਸ਼ਰਾਬ ਪੀਣ ਨਾਲ ਬਿਮਾਰ ਹੋਏ ਵਿਅਕਤੀਆਂ ਦਾ ਵੱਖ-ਵੱਖ ਹਸਪਤਾਲਾਂ ‘ਚ ਚੱਲ ਰਿਹਾ ਇਲਾਜ
ਹਸਪਤਾਲਾਂ ਵਿੱਚ ਦਾਖਲ ਮਰੀਜ਼ਾਂ ਨੂੰ ਮਿਲੇ ਡੀਆਈਜੀ, ਡੀਸੀ ਤੇ ਐੱਸਐੱਸਪੀ
ਡੀਆਈਜੀ ਪਟਿਆਲਾ ਰੇਂਜ ਹਰਚਰਨ ਸਿੰਘ ਭੁੱਲਰ, ਡੀਸੀ ਜਤਿੰਦਰ ਜੋਰਵਾਲ ਅਤੇ ਐੱਸਐੱਸਪੀ ਸਰਤਾਜ ਸਿੰਘ ਚਾਹਲ ਨੇ ਰਾਜਿੰਦਰਾ ਹਸਪਤਾਲ ਪਟਿਆਲਾ ਅਤੇ ਸੰਗਰੂਰ ਦੇ ਸਿਵਲ ਹਸਪਤਾਲ ਦਾ ਦੌਰਾ ਕਰਦਿਆਂ ਜ਼ਹਿਰੀਲੀ ਸ਼ਰਾਬ ਪੀਣ ਵਾਲੇ ਜ਼ੇਰੇ ਇਲਾਜ ਪੀੜਤਾਂ ਦਾ ਹਾਲ-ਚਾਲ ਪੁੱਛਿਆ। ਜ਼ਿਲ੍ਹਾ ਸੰਗਰੂਰ ਦੇ ਪਿੰਡ ਗੁੱਜਰਾਂ ਅਤੇ ਸੁਨਾਮ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ 21 ਮੌਤਾਂ ਹੋ ਚੁੱਕੀਆਂ ਹਨ ਤੇ ਦਰਜਨ ਤੋਂ ਵੱਧ ਮਰੀਜ਼ ਹਸਪਤਾਲਾਂ ਵਿੱਚ ਜ਼ੇਰੇ ਇਲਾਜ ਹਨ। ਅਧਿਕਾਰੀਆਂ ਨੇ ਮਰੀਜ਼ਾਂ ਦਾ ਹਾਲ-ਚਾਲ ਪੁੱਛਿਆ ਅਤੇ ਸ਼ਰਾਬ ਖਰੀਦਣ ਸਬੰਧੀ ਜਾਣਕਾਰੀ ਹਾਸਲ ਕੀਤੀ। ਜ਼ਿਕਰਯੋਗ ਹੈ ਰਾਜਿੰਦਰਾ ਹਸਪਤਾਲ ਵਿੱਚ ਜ਼ੇਰੇ ਇਲਾਜ ਮਰੀਜ਼ਾਂ ਵਿੱਚੋਂ ਚੰਨਾ ਰਾਮ (70) ਅਤੇ ਬਬਲੀ ਸਿੰਘ (50) ਦੀ ਹਾਲਤ ਨਾਜ਼ੁਕ ਹੈ ਜਦਕਿ ਬਾਕੀਆਂ ਦੀ ਹਾਲਤ ‘ਚ ਸੁਧਾਰ ਹੈ। ਰਾਜਿੰਦਰਾ ਹਸਪਤਾਲ ਵਿੱਚ ਦਾਖ਼ਲ ਚਾਰ ਮਰੀਜ਼ਾਂ ਨੂੰ ਠੀਕ ਹੋਣ ‘ਤੇ ਛੁੱਟੀ ਦੇ ਦਿੱਤੀ ਗਈ। ਇਨ੍ਹਾਂ ਵਿਚ ਗੁਰਤੇਜ ਸਿੰਘ ਵਾਸੀ ਰੋੜੇਵਾਲ, ਮਨਜੀਤ ਸਿੰਘ ਵਾਸੀ ਗਾਂਧੀਨਗਰ ਭਵਾਨੀਗੜ੍ਹ, ਸਤਨਾਮ ਸਿੰਘ ਅਤੇ ਵੀਰਪਾਲ ਸਿੰਘ ਵਾਸੀ ਪਿੰਡ ਗੁੱਜਰਾਂ ਸ਼ਾਮਲ ਹਨ ਜਦਕਿ ਚੰਨਾ ਰਾਮ, ਭੋਲਾ ਸਿੰਘ ਤੇ ਲਛਮਣ ਸਿੰਘ ਵਾਸੀ ਰਵੀਦਾਸੀਆ ਟਿੱਬੀ ਸੁਨਾਮ ਸਣੇ ਬਬਲੀ ਸਿੰਘ, ਸ਼ੰਮੀ, ਰਣਧੀਰ ਸਿੰਘ, ਲਖਵਿੰਦਰ ਸਿੰਘ ਤੇ ਜਗਜੀਤ ਸਿੰਘ ਵਾਸੀ ਪਿੰਡ ਗੁੱਜਰਾਂ ਥਾਣਾ ਦਿੜ੍ਹਬਾ ਅਤੇ ਪਰਮਜੀਤ ਸਿੰਘ ਵਾਸੀ ਪਿੰਡ ਜਖੇਪਲ ਥਾਣਾ ਧਰਮਗੜ੍ਹ ਜ਼ਿਲ੍ਹਾ ਸੰਗਰੂਰ ਜ਼ੇਰੇ ਇਲਾਜ ਹਨ।
ਸੰਗਰੂਰ ਵਿੱਚ ਪੁਲਿਸ ਵੱਲੋਂ ਜ਼ਹਿਰੀਲੀ ਸ਼ਰਾਬ ਦੇ ਨੈਟਵਰਕ ਦਾ ਪਰਦਾਫਾਸ਼ ਕਰਨ ਦਾ ਦਾਅਵਾ
ਸੰਗਰੂਰ : ਸੰਗਰੂਰ ਦੀ ਪੁਲਿਸ ਵਲੋਂ ਜ਼ਹਿਰੀਲੀ ਸ਼ਰਾਬ ਨਾਲ 20 ਤੋਂ ਵੱਧ ਵਿਅਕਤੀਆਂ ਦੀ ਜਾਨ ਲੈਣ ਵਾਲੇ ਪੂਰੇ ਨੈਟਵਰਕ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਗਿਆ ਹੈ। ਇਸ ਮਾਮਲੇ ‘ਚ ਪੁਲਿਸ ਵਲੋਂ ਦੋ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਿਨ੍ਹਾਂ ਵਲੋਂ ਸ਼ਰਾਬ ਦੀਆਂ ਚਾਰ ਪੇਟੀਆਂ ਟਿੱਬੀ ਰਵਿਦਾਸਪੁਰਾ ਸੁਨਾਮ ਵਿਚ ਵੇਚੀਆਂ ਗਈਆਂ ਸਨ। ਪੁਲਿਸ ਨੇ ਇਸ ਮਾਮਲੇ ‘ਚ ਦੋ ਮੁੱਖ ਮੁਲਜ਼ਮਾਂ ਸਣੇ 10 ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਜ਼ਹਿਰੀਲੀ ਸ਼ਰਾਬ ਦੀਆਂ 17 ਪੇਟੀਆਂ ਪਿੰਡ ਗੁੱਜਰਾਂ, ਢੰਡੋਲੀ ਅਤੇ ਟਿੱਬੀ ਰਵਿਦਾਸਪੁਰਾ ਸੁਨਾਮ ਵਿਚ ਵੇਚੀਆਂ ਗਈਆਂ ਸਨ ਜਿਨ੍ਹਾਂ ਦੀ ਸ਼ਨਾਖਤ ਕਰ ਲਈ ਗਈ ਹੈ।
ਮੁੱਖ ਮੰਤਰੀ ਦੇ ਹਲਕੇ ‘ਚ ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਹੋਣਾ ਸ਼ਰਮਨਾਕ : ਸੁਖਬੀਰ
ਦਿੜ੍ਹਬਾ ਮੰਡੀ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਿੰਡ ਗੁੱਜਰਾਂ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਜਾਨ ਗੁਆਉਣ ਵਾਲੇ ਵਿਅਕਤੀਆਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਤੇ ਦੁੱਖ ਵੰਡਾਇਆ। ਉਨ੍ਹਾਂ ਨੇ ਪੀੜਤਾਂ ਨੂੰ ਇਨਸਾਫ ਦਿਵਾਉਣ ਦਾ ਭਰੋਸਾ ਦਿੱਤਾ। ਬਾਦਲ ਨੇ ਕਿਹਾ ਕਿ ਜਦੋਂ ਪਿੰਡ ਗੁੱਜਰਾਂ, ਢੰਡੋਲੀ ਖੁਰਦ, ਸੁਨਾਮ ਅਤੇ ਹੋਰ ਥਾਵਾਂ ‘ਤੇ ਜ਼ਹਿਰੀਲੀ ਸ਼ਰਾਬ ਨਾਲ ਲੋਕਾਂ ਦੀ ਮੌਤ ਹੋ ਰਹੀ ਸੀ ਉਦੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਿੱਲੀ ਘੁੰਮ ਰਹੇ ਸਨ। ਇਹ ਪਿੰਡ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦੇ ਹਲਕਿਆਂ ‘ਚ ਪੈਂਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪਿੰਡਾਂ ਵਿੱਚ ਜ਼ਹਿਰੀਲੀ ਸ਼ਰਾਬ ਵਿਕਣਾ ਅਤੇ ਏਨੀਆਂ ਮੌਤਾਂ ਹੋਣਾ ਵੱਡੀ ਸ਼ਰਮਨਾਕ ਗੱਲ ਹੈ। ਉਨ੍ਹਾਂ ਮੰਗ ਕੀਤੀ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਅਤੇ ਪੁਲਿਸ ਅਧਿਕਾਰੀਆਂ ‘ਤੇ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਘਟਨਾ ਦੀ ਜੁਡੀਸ਼ਲ ਜਾਂਚ ਦੀ ਮੰਗ ਕੀਤੀ। ਉਨ੍ਹਾਂ ਆਰੋਪ ਲਾਇਆ ਕਿ ਭਗਵੰਤ ਮਾਨ ਦੀ ਫੇਰੀ ਦੌਰਾਨ ਕਿਸੇ ਨੂੰ ਬੋਲਣ ਨਹੀਂ ਦਿੱਤਾ ਗਿਆ ਤੇ ਜਿਹੜੇ ਬੰਦਿਆਂ ਨੇ ਮੁੱਖ ਮੰਤਰੀ ਦੇ ਸਾਹਮਣੇ ਨਸ਼ਾ ਸ਼ਰ੍ਹੇਆਮ ਵਿਕਣ ਦੀ ਗੱਲ ਆਖੀ ਉਨ੍ਹਾਂ ਨੂੰ ਪੁਲਿਸ ਰਾਹੀਂ ਧਮਕਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪੀੜਤਾਂ ਦੇ ਪਰਿਵਾਰਾਂ ਲਈ ਥੋੜ੍ਹਾ ਜਿਹਾ ਮੁਆਵਜ਼ਾ ਦੇਣਾ ਜਖ਼ਮਾਂ ‘ਤੇ ਲੂਣ ਛਿੜਕਣ ਵਾਲੀ ਗੱਲ ਹੈ। ਉਨ੍ਹਾਂ ਹਰ ਪੀੜਤ ਪਰਿਵਾਰ ਨੂੰ 20 ਲੱਖ ਰੁਪਏ ਮੁਆਵਜ਼ਾ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ। ਇਸ ਮੌਕੇ ਸਾਬਕਾ ਮੰਤਰੀ ਬਲਦੇਵ ਸਿੰਘ ਮਾਨ, ਪਰਮਿੰਦਰ ਸਿੰਘ ਢੀਂਡਸਾ, ਗੁਰਬਚਨ ਸਿੰਘ ਬਚੀ, ਕਰਨ ਕੈਨੇਡਾ, ਗੋਬਿੰਦ ਸਿੰਘ ਲੌਂਗੋਵਾਲ, ਇਕਬਾਲ ਸਿੰਘ ਝੂੰਦਾ, ਜੀਤ ਸਿੰਘ ਕਪਿਆਲ ਆਦਿ ਹਾਜ਼ਰ ਸਨ।
ਸ਼ਰਾਬ ਦਾ ਧੰਦਾ ਚਲਾਉਣ ਵਾਲਿਆਂ ਨੂੰ ‘ਆਪ’ ਦੀ ਸ਼ਹਿ : ਜਾਖੜ ਦਾ ਆਰੋਪ
ਦਿੜ੍ਹਬਾ ਮੰਡੀ : ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਪਿੰਡ ਗੁੱਜਰਾਂ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਮਰੇ ਮਜ਼ਦੂਰਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ।
ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਨ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਪੀੜਤ ਪਰਿਵਾਰਾਂ ਨੂੰ ਹਮਦਰਦੀ ਦੀ ਲੋੜ ਹੁੰਦੀ ਹੈ ਪਰ ਇਸ ਦੇ ਉਲਟ ਪੰਜਾਬ ਸਰਕਾਰ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ।
ਜਾਖੜ ਨੇ ਕਿਹਾ ਕਿ ਇਹ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਆਪਣਾ ਇਲਾਕਾ ਹੈ। ਉਨ੍ਹਾਂ ਨੂੰ ਪਹਿਲਾਂ ਪੀੜਤ ਪਰਿਵਾਰਾਂ ਦੀ ਸਾਰ ਲੈਣੀ ਚਾਹੀਦੀ ਸੀ ਅਤੇ ਬਾਅਦ ਵਿੱਚ ਕੇਜਰੀਵਾਲ ਮਾਮਲੇ ‘ਚ ਦਿੱਲੀ ਜਾਣਾ ਚਾਹੀਦਾ ਸੀ। ਉਨ੍ਹਾਂ ਆਰੋਪ ਲਾਇਆ ਕਿ ਸ਼ਰਾਬ ਦਾ ਧੰਦਾ ਚਲਾਉਣ ਵਾਲਿਆਂ ਨੂੰ ਆਮ ਆਦਮੀ ਪਾਰਟੀ ਦੀ ਸ਼ਹਿ ਪ੍ਰਾਪਤ ਹੈ। ਉਨ੍ਹਾਂ ਵੱਲੋਂ ਚੋਣ ਕਮਿਸ਼ਨ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ ਕਿ ਪੰਜਾਬ ਵਿੱਚ ਉਹ ਸਸਤੀ ਦਾਰੂ ਵਿਕਦੀ ਹੈ ਜਿਸ ਤੋਂ ਜ਼ਿਆਦਾ ਆਮਦਨ ਹੋਵੇ ਅਤੇ ਇਸੇ ਆਮਦਨ ਦੇ ਚੱਕਰ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਅਜਿਹੀਆਂ ਘਟਨਾਵਾਂ ਵਪਾਰਦੀਆਂ ਹਨ। ਉਨ੍ਹਾਂ ਆਰੋਪ ਲਾਇਆ ਕਿ ਜੇਲ੍ਹਾਂ ਵਿੱਚ ਬੈਠਾ ਸ਼ਰਾਬ ਮਾਫੀਆ ਹੀ ਇਹ ਧੰਦਾ ਚਲਾ ਰਿਹਾ ਹੈ। ਪੰਜਾਬ ਵਿੱਚ ਵੀ ਦਿੱਲੀ ਵਾਲੀ ਨੀਤੀ ਹੀ ਲਾਗੂ ਹੈ ਜਿਸ ਕਾਰਨ ਸੂਬੇ ਵਿੱਚ ਮੌਤਾਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੇ ਪੀੜਤ ਪਰਿਵਾਰਾਂ ਵਾਸਤੇ ਇੱਕ ਨੀਤੀ ਬਣਾਈ ਜਾਣੀ ਚਾਹੀਦੀ ਹੈ ਤਾਂ ਜੋ ਪੀੜਤਾਂ ਨੂੰ ਧਰਨੇ ਲਾਏ ਬਿਨਾ ਹੀ ਮੁਆਵਜ਼ਾ ਦਿੱਤਾ ਜਾ ਸਕੇ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਵਿਧਾਇਕ ਅਰਵਿੰਦ ਖੰਨਾ, ਰਣਧੀਰ ਕੈਂਪਰ, ਅਜੈਬ ਸਿੰਘ ਰਟੋਲ ਤੇ ਹੋਰ ਆਗੂ ਹਾਜ਼ਰ ਸਨ।
ਜ਼ਹਿਰੀਲੀ ਸ਼ਰਾਬ ਮਾਮਲੇ ਦੀ ਨਿਆਂਇਕ ਜਾਂਚ ਹੋਵੇ : ਸੁਖਪਾਲ ਖਹਿਰਾ
ਸੰਗਰੂਰ : ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਲਈ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਇਸ ਮਾਮਲੇ ਦੀ ਨਿਆਂਇਕ ਜਾਂਚ ਕਰਾਉਣ ਅਤੇ ਪੀੜਤ ਪਰਿਵਾਰਾਂ ਨੂੰ 25-25 ਲੱਖ ਰੁਪਏ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਖਹਿਰਾ ਟਿੱਬੀ ਰਵਿਦਾਸਪੁਰਾ ਸੁਨਾਮ ਵਿੱਚ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਤੋਂ ਬਾਅਦ ਇੱਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜ਼ਹਿਰੀਲੀ ਸ਼ਰਾਬ ਵੱਡਾ ਘੁਟਾਲਾ ਹੈ। ਇਸ ਪਿੱਛੇ ਵੱਡੇ ਗਰੋਹ ਦਾ ਹੱਥ ਹੋ ਸਕਦਾ ਹੈ ਜਿਸ ਦੀ ਨਿਆਂਇਕ ਜਾਂਚ ਹੋਣੀ ਚਾਹੀਦੀ ਹੈ। ਖਹਿਰਾ ਨੇ ਕਿਹਾ ਕਿ ਕੈਬਨਿਟ ਮੰਤਰੀ ਅਮਨ ਅਰੋੜਾ ਆਖ ਰਹੇ ਹਨ ਕਿ ਲੋਕਾਂ ਨੇ ਸ਼ਰਾਬ ਸਰਕਾਰੀ ਮਨਜ਼ੂਰਸ਼ੁਦਾ ਠੇਕਿਆਂ ਤੋਂ ਨਹੀਂ ਖਰੀਦੀ ਇਸ ਲਈ ਸਰਕਾਰ ਜ਼ਿੰਮੇਵਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਅਰੋੜਾ ਦੇ ਬਿਆਨ ਤੋਂ ਸਪੱਸ਼ਟ ਹੈ ਕਿ ਸਰਕਾਰ ਇਸ ਮਾਮਲੇ ਤੋਂ ਆਪਣਾ ਪੱਲਾ ਝਾੜ ਰਹੀ ਹੈ। ਸਰਕਾਰ ਨੇ ਆਪਣੇ ਹੱਥ ਖੜ੍ਹੇ ਕਰ ਦਿੱਤੇ ਹਨ। ਉਸ ਨਸ਼ਾ ਮਾਫੀਆ ਨਾਲ ਨਜਿੱਠ ਨਹੀਂ ਸਕਦੀ। ਖਹਿਰਾ ਨੇ ਕਿਹਾ ਕਿ ਅਰੋੜਾ ਨੂੰ ਆਪਣੇ ਬਿਆਨ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ।
ਮੁੱਖ ਮੰਤਰੀ ਨੂੰ ਲੋਕ ਸਭਾ ਚੋਣ ਲੜਨ ਦੀ ਚੁਣੌਤੀ : ਸੰਗਰੂਰ ਲੋਕ ਸਭਾ ਹਲਕੇ ਤੋਂ ਚੋਣ ਲੜਨ ਬਾਰੇ ਸੁਖਪਾਲ ਖਹਿਰਾ ਨੇ ਕਿਹਾ ਕਿ ਇਹ ਫੈਸਲਾ ਪਾਰਟੀ ਵੱਲੋਂ ਲਿਆ ਜਾਣਾ ਹੈ। ਜੇ ਪਾਰਟੀ ਮੁਨਾਸਿਬ ਸਮਝੇਗੀ ਤਾਂ ਉਹ ਪਿੱਛੇ ਨਹੀਂ ਹਟਣਗੇ। ਉਨ੍ਹਾਂ ਆਰੋਪ ਲਾਇਆ ਕਿ ਮੁੱਖ ਮੰਤਰੀ ਵੱਲੋਂ ਉਨ੍ਹਾਂ ਖ਼ਿਲਾਫ਼ ਝੂਠੇ ਕੇਸ ਦਰਜ ਕਰਵਾਏ ਗਏ ਹਨ ਅਤੇ ਉਨ੍ਹਾਂ ਨਾਲ ਨਫ਼ਰਤ ਦੀ ਭਾਵਨਾ ਰੱਖਦੇ ਹਨ। ਉਨ੍ਹਾਂ ਮੁੱਖ ਮੰਤਰੀ ਪੰਜਾਬ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਜੇ ਲੜਨਾ ਹੀ ਹੈ ਤਾਂ ਉਹ ਆਪਣੀ ਪਾਰਟੀ ਦੇ ਉਮੀਦਵਾਰ ਮੀਤ ਹੇਅਰ ਨੂੰ ਪਿੱਛੇ ਕਰ ਕੇ ਖੁਦ ਚੋਣ ਲੜਨ। ਅਸਲੀ ਲੜਾਈ ਫ਼ਿਰ ਹੋਵੇਗੀ।
Check Also
ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਨਹੀਂ ਮਿਲਿਆ ਬਹੁਮਤ
ਭਾਜਪਾ ਨੂੰ ਸਿਰਫ਼ 241 ਸੀਟਾਂ ਨਾਲ ਕਰਨਾ ਪਿਆ ਸਬਰ ਚੋਣ ਨਤੀਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ …