Breaking News
Home / Special Story / ਕਿਸਾਨ ਮੋਰਚੇ ਵੱਲੋਂ ਖਟਕੜ ਕਲਾਂ ਵਿਖੇ ‘ਆਰਥਿਕ ਆਜ਼ਾਦੀ’ ਦਾ ਹੋਕਾ

ਕਿਸਾਨ ਮੋਰਚੇ ਵੱਲੋਂ ਖਟਕੜ ਕਲਾਂ ਵਿਖੇ ‘ਆਰਥਿਕ ਆਜ਼ਾਦੀ’ ਦਾ ਹੋਕਾ

ਕਿਸਾਨ ਅੰਦੋਲਨ ਨੇ ਮੋਦੀ ਸਰਕਾਰ ਦੀ ਨੀਂਦ ਹਰਾਮ ਕੀਤੀ : ਬਲਬੀਰ ਸਿੰਘ ਰਾਜੇਵਾਲ
ਬੰਗਾ/ਬਿਊਰੋ ਨਿਊਜ਼ : ‘ਦੇਸ਼ ਨੂੰ ਰਾਜਨੀਤਕ ਆਜ਼ਾਦੀ ਤਾਂ ਮਿਲ ਗਈ, ਪਰ ਆਰਥਿਕ ਆਜ਼ਾਦੀ ਤੋਂ ਲੋਕ ਅਜੇ ਤੱਕ ਵਾਂਝੇ ਹਨ ਅਤੇ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਵੀ ਗ਼ਰੀਬੀ ਤੇ ਬੇਰੁਜ਼ਗਾਰੀ ਭਾਰੂ ਹੈ। ਕਿਸਾਨ ਪ੍ਰੇਸ਼ਾਨ ਹਨ ਤੇ ਹਰ ਕੰਮ ਕਰਨ ਵਾਲੇ ਲੋਕ ਦੁਖੀ ਹਨ।’
ਇਹ ਗੱਲ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਪਿੰਡ ਖਟਕੜ ਕਲਾਂ ਵਿੱਚ ਆਖੀ। ਉਹ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸਮਾਰਕ ਨੇੜੇ ਦੋਆਬਾ ਕਿਸਾਨ ਯੂਨੀਅਨ ਵੱਲੋਂ ਕਰਵਾਈ ਰੈਲੀ ਮੌਕੇ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਹੁਣ ਜਨ ਅੰਦੋਲਨ ਬਣ ਚੁੱਕਾ ਹੈ ਜਿਸ ਨੇ ਮੋਦੀ ਟੀਮ ਦੀ ਨੀਂਦ ਹਰਾਮ ਕਰ ਕੇ ਰੱਖ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹੁਣ 5 ਸਤੰਬਰ ਨੂੰ ਮੁਜ਼ੱਫਰਪੁਰ ‘ਚ ਹੋਣ ਵਾਲੀ ਦੇਸ਼ ਪੱਧਰੀ ਰੈਲੀ ਕੇਂਦਰ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦੇਵੇਗੀ। ਉਨ੍ਹਾਂ ਸ਼ਹੀਦ ਭਗਤ ਸਿੰਘ ਦੀ ਕੁਰਬਾਨੀ ਨੂੰ ਲਾਸਾਨੀ ਦੱਸਦਿਆਂ ਉਸਨੂੰ ਸਰਕਾਰੀ ਕਾਗਜ਼ਾਂ ‘ਚ ਸ਼ਹੀਦ ਨਾ ਮੰਨਣ ਲਈ ਸਰਕਾਰ ਨੂੰ ਕੋਸਿਆ। ਉਨ੍ਹਾਂ ਸ਼ਹੀਦ ਭਗਤ ਸਿੰਘ ਦੀ ਯਾਦਗਾਰ ‘ਤੇ ਨਮਨ ਕੀਤਾ ਅਤੇ ਯਾਦਗਾਰ ਦੇ ਵਿਹੜੇ ‘ਚ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ, ਦੋਆਬਾ ਕਿਸਾਨ ਯੂਨੀਅਨ ਦੇ ਪ੍ਰਧਾਨ ਕੁਲਦੀਪ ਸਿੰਘ ਬਜੀਦਪੁਰ ਅਤੇ ਹੋਰ ਕਿਸਾਨ ਆਗੂਆਂ ਨੇ ਵੀ ਸੰਬੋਧਨ ਕੀਤਾ।
ਕਿਸਾਨਾਂ ਤੇ ਮਜ਼ਦੂਰਾਂ ਵੱਲੋਂ ਆਜ਼ਾਦੀ ਅਧੂਰੀ ਕਰਾਰ
ਚੰਡੀਗੜ੍ਹ/ਬਿਊਰੋ ਨਿਊਜ਼ : ਵਿਵਾਦਤ ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੇ ਆਜ਼ਾਦੀ ਦਿਹਾੜੇ ਨੂੰ ‘ਕਿਸਾਨ ਮਜ਼ਦੂਰ ਮੁਕਤੀ ਸੰਘਰਸ਼ ਦਿਵਸ’ ਵਜੋਂ ਮਨਾਉਂਦਿਆਂ 75 ਸਾਲ ਪਹਿਲਾਂ ਮਿਲੀ ਆਜ਼ਾਦੀ ਨੂੰ ‘ਅਧੂਰੀ’ ਕਰਾਰ ਦਿੱਤਾ।
ਸੂਬੇ ਵਿੱਚ ਤਕਰੀਬਨ ਪੌਣੇ ਦੋ ਸੌ ਥਾਵਾਂ ‘ਤੇ 32 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਕਿਸਾਨਾਂ ਅਤੇ ਮਜ਼ਦੂਰਾਂ ਨੇ ਭਰਵੀਂ ਹਾਜ਼ਰੀ ਲਵਾਈ। ਹਰ ਥਾਂ ਮੌਜੂਦਾ ਕਿਸਾਨ ਘੋਲ ਦੇ 500 ਤੋਂ ਵੱਧ ਸ਼ਹੀਦਾਂ ਅਤੇ ਕਿਸਾਨ ਲਹਿਰ ਦੇ ਆਗੂ ਚਾਚਾ ਅਜੀਤ ਸਿੰਘ ਦੀ 74ਵੀਂ ਬਰਸੀ ਮੌਕੇ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕਰਨ ਰਾਹੀਂ ਸਟੇਜ ਦੀ ਸ਼ੁਰੂਆਤ ਕੀਤੀ ਗਈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ 44 ਥਾਵਾਂ ‘ਤੇ ਵੱਡੇ ਇਕੱਠ ਕੀਤੇ ਗਏ। ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਅਡਾਨੀ ਸਾਇਲੋ ਡਗਰੂ (ਮੋਗਾ), ਅਡਾਨੀ ਸੋਲਰ ਪਾਵਰ ਪਲਾਂਟ ਸਰਦਾਰਗੜ੍ਹ (ਬਠਿੰਡਾ) ਅਤੇ ਟੌਲ ਪਲਾਜ਼ਾ ਕਾਲਾਝਾੜ (ਸੰਗਰੂਰ) ਤਿੰਨੋਂ ਥਾਈਂ ਇਕੱਠ ਦੇਖੇ ਗਏ। ਇਸ ਮੌਕੇ ਮੁੱਖ ਬੁਲਾਰਿਆਂ ਵਿੱਚ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਸਕੱਤਰ ਹਰਦੀਪ ਸਿੰਘ ਟੱਲੇਵਾਲ, ਮੀਤ ਪ੍ਰਧਾਨ ਜਨਕ ਸਿੰਘ ਭੁਟਾਲ, ਹਰਿੰਦਰ ਕੌਰ ਬਿੰਦੂ, ਪਰਮਜੀਤ ਕੌਰ ਪਿੱਥੋ, ਬੂਟਾ ਸਿੰਘ ਬੁਰਜ ਗਿੱਲ, ਮਨਜੀਤ ਧਨੇਰ ਤੇ ਜਗਮੋਹਣ ਪਟਿਆਲਾ ਸਮੇਤ ਸਬੰਧਤ ਜ਼ਿਲ੍ਹਿਆਂ ਦੇ ਪ੍ਰਧਾਨ ਸਕੱਤਰ ਅਤੇ ਹੋਰ ਆਗੂ ਸ਼ਾਮਲ ਸਨ।
ਕਾਲੇ ਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਸੰਘਰਸ਼ ਖਤਮ ਕਰਾਂਗੇ : ਉਗਰਾਹਾਂ
ਕਿਹਾ – ਰਾਜ ਕਰਨ ਵਾਲਿਆਂ ਦੇ ਸਿਰਫ਼ ਰੰਗ ਬਦਲੇ ਨੀਤੀਆਂ ਨਹੀਂ
ਭਵਾਨੀਗੜ੍ਹ/ਬਿਊਰੋ ਨਿਊਜ਼ : ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਬਠਿੰਡਾ-ਚੰਡੀਗੜ੍ਹ ਕੌਮੀ ਮਾਰਗ ਦੇ ਟੌਲ ਪਲਾਜ਼ਾ ਕਾਲਾਝਾੜ ‘ਤੇ ਸੰਗਰੂਰ, ਬਰਨਾਲਾ ਤੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਕਿਸਾਨਾਂ ਦੇ ਵੱਡੇ ਇਕੱਠ ਨੂੰ ਯੂਨੀਅਨ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ 1947 ਵਿਚ ਗੋਰਿਆਂ ਤੋਂ ਕਾਲੇ ਅੰਗਰੇਜ਼ਾਂ ਨੇ ਰਾਜ ਸੱਤਾ ਹਾਸਲ ਕਰ ਲਈ ਸੀ। ਇਸ ਕਾਰਨ ਹੁਣ ਤਕ ਦੇ ਸ਼ਾਸਨ ਦੌਰਾਨ ਕਿਸਾਨ-ਮਜ਼ਦੂਰ ਤੇ ਛੋਟੇ ਦੁਕਾਨਦਾਰਾਂ ਦੀ ਜ਼ਿੰਦਗੀ ਬਦਤਰ ਹੋ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਕਾਰਪੋਰੇਟ ਘਰਾਣਿਆਂ ਤੇ ਵਿਦੇਸ਼ੀ ਕੰਪਨੀਆਂ ਨੇ ਆਪਣੀ ਲੁੱਟ ਕਈ ਗੁਣਾਂ ਹੋਰ ਵਧਾ ਦਿੱਤੀ ਹੈ। ਉਗਰਾਹਾਂ ਨੇ ਕਿਹਾ ਕਿ ਰਾਜ ਕਰਨ ਵਾਲਿਆਂ ਦੇ ਸਿਰਫ਼ ਰੰਗ ਗੋਰੇ ਤੋਂ ਬਦਲ ਕੇ ਕਾਲੇ ਹੋ ਗਏ ਹਨ, ਪਰ ਨੀਤੀਆਂ ਅੱਜ ਵੀ ਸਾਮਰਾਜ ਤੇ ਵੱਡੇ ਘਰਾਣਿਆਂ ਦੇ ਹਿੱਤਾਂ ਦੀ ਰਾਖੀ ਲਈ ਲਾਗੂ ਕੀਤੀਆਂ ਜਾ ਰਹੀਆਂ ਹਨ।
ਉਗਰਾਹਾਂ ਨੇ ਕਿਹਾ ਕਿ ਇਨ੍ਹਾਂ ਲੋਕ ਵਿਰੋਧੀ ਨੀਤੀਆਂ ਕਾਰਨ ਹੀ ਲੱਖਾਂ ਕਿਸਾਨ ਤੇ ਮਜ਼ਦੂਰ ਖ਼ੁਦਕੁਸ਼ੀਆਂ ਕਰ ਗਏ ਹਨ। ਉਨ੍ਹਾਂ ਐਲਾਨ ਕੀਤਾ ਕਿ ਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਸੰਘਰਸ਼ ਸਮਾਪਤ ਕੀਤਾ ਜਾਵੇਗਾ। ਇਸ ਮੌਕੇ ਕੌਮੀ ਮਾਰਗ ‘ਤੇ ਜਾਮ ਲੱਗਣ ਕਾਰਨ ਪੁਲਿਸ ਨੂੰ ਆਵਾਜਾਈ ਦਾ ਰੂਟ ਬਦਲਣਾ ਪਿਆ।
ਖੇਤੀ ਕਾਨੂੰਨਾਂ ਖਿਲਾਫ ਕਿਸਾਨ ਲੰਮੀ ਲੜਾਈ ਲੜਨ ਲਈ ਤਿਆਰ
ਟੌਲ ਪਲਾਜ਼ਿਆਂ ਅਤੇ ਭਾਜਪਾ ਆਗੂਆਂ ਦੇ ਘਰਾਂ ਮੂਹਰੇ ਧਰਨੇ ਲਗਾਤਾਰ ਜਾਰੀ
ਚੰਡੀਗੜ੍ਹ/ਬਿਊਰੋ ਨਿਊਜ਼ : ਵਿਵਾਦਤ ਖੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ ਵਿੱਚ ਲਗਪਗ ਸਾਢੇ ਦੱਸ ਮਹੀਨਿਆਂ ਤੋਂ ਚੱਲ ਰਹੇ ਅੰਦੋਲਨ ਨੂੰ ਕਿਸਾਨਾਂ ਨੇ ਸਾਲਾਂਬੱਧੀ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਤਿੰਨੇ ਖੇਤੀ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ, ਉੱਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਟੌਲ ਪਲਾਜ਼ਿਆਂ, ਰੇਲਵੇ ਪਾਰਕਾਂ, ਕਾਰਪੋਰੇਟ ਘਰਾਣਿਆਂ ਅਤੇ ਭਾਜਪਾ ਆਗੂਆਂ ਦੇ ਘਰਾਂ/ਦਫ਼ਤਰਾਂ ਅੱਗੇ ਚੱਲ ਰਹੇ ਰੋਸ ਪ੍ਰਦਰਸ਼ਨ ਜਾਰੀ ਹਨ। ਵੱਖ-ਵੱਖ ਥਾਵਾਂ ‘ਤੇ ਲੋਕਾਂ ਨੂੰ ਨਾਟਕਾਂ ਰਾਹੀ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਲਾਮਬੰਦ ਕੀਤਾ ਗਿਆ। ਧਰਨਿਆਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਛੇ ਸੌ ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਹਨ ਪਰ ਸਰਕਾਰ ਹਾਲੇ ਵੀ ਮੰਗਾਂ ਸਬੰਧੀ ਚੁੱਪ ਵੱਟੀ ਬੈਠੀ ਹੈ।
ਕਿਸਾਨ ਜਥੇਬੰਦੀਆਂ ਨੇ ਸੂਬੇ ‘ਚ ਗੰਨੇ ਦੇ ਘੱਟ ਮੁੱਲ ਖ਼ਿਲਾਫ਼ ਅਤੇ ਪਿਛਲੀ ਬਕਾਇਆ ਰਾਸ਼ੀ ਜਾਰੀ ਕਰਨ ਸਬੰਧੀ 20 ਅਗਸਤ ਨੂੰ ਜਲੰਧਰ ਵਿੱਚ ਫਗਵਾੜਾ ਨੈਸ਼ਨਲ ਹਾਈਵੇਅ ‘ਤੇ ਧੰਨੋਵਾਲੀ ਫਾਟਕ ਕੋਲ ਪੰਜਾਬ ਸਰਕਾਰ ਖ਼ਿਲਾਫ਼ ਅਣਮਿੱਥੇ ਸਮੇਂ ਲਈ ਧਰਨਾ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ 2017 ਤੋਂ ਲੈ ਕੇ ਹੁਣ ਤੱਕ ਗੰਨੇ ਦੀ ਕੀਮਤਾਂ ਵਿੱਚ ਵਾਧਾ ਨਹੀਂ ਕੀਤਾ ਗਿਆ। ਨਾਲ ਹੀ ਪੰਜਾਬ ਸਰਕਾਰ ਖ਼ਿਲਾਫ਼ ਗੰਨੇ ਦੀ ਫ਼ਸਲ ਦਾ ਕਰੋੜਾ ਰੁਪਇਆ ਬਕਾਇਆ ਖੜ੍ਹਾ ਹੈ, ਜਿਸ ਨੂੰ ਜਲਦੀ ਜਾਰੀ ਕੀਤਾ ਜਾਵੇ।
ਦਿੱਲੀ ਮੋਰਚਿਆਂ ਵਿੱਚ ਹਾਜ਼ਰੀ ਵਧਾਉਣ ਦਾ ਹੋਕਾ
ਖੇਤੀ ਕਾਨੂੰਨਾਂ ਖਿਲਾਫ ਪੰਜਾਬ ‘ਚ ਸਵਾ ਸੌ ਤੋਂ ਵੱਧ ਥਾਵਾਂ ‘ਤੇ ਧਰਨੇ ਜਾਰੀ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਸੰਘਰਸ਼ੀ ਅਖਾੜਿਆਂ ਤੋਂ ਦਿੱਲੀ ਦੇ ਮੋਰਚਿਆਂ ‘ਚ ਹਾਜ਼ਰੀ ਵਧਾਉਣ ਦੀ ਰਣਨੀਤੀ ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਨਾਲ ਸਬੰਧਤ ਆਗੂਆਂ, ਰੇਲਵੇ ਸਟੇਸ਼ਨਾਂ ਦੇ ਪਾਰਕਾਂ, ਟੌਲ ਪਲਾਜ਼ਿਆਂ, ਅੰਬਾਨੀ ਅਤੇ ਅਡਾਨੀ ਟਿਕਾਣਿਆਂ, ਪੈਟਰੋਲ ਪੰਪਾਂ ਆਦਿ ਸਵਾ ਸੌ ਤੋਂ ਵੱਧ ਥਾਵਾਂ ‘ਤੇ ਚੱਲ ਰਹੇ ਧਰਨਿਆਂ ਦੌਰਾਨ ਬੁਲਾਰਿਆਂ ਨੇ ਹਰ ਹਫ਼ਤੇ ਦਿੱਲੀ ਨੂੰ ਕਿਸਾਨਾਂ ਦੇ ਵੱਡੇ ਜਥੇ ਭੇਜਣ ਦਾ ਐਲਾਨ ਕੀਤਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਹਰ ਹਫ਼ਤੇ ਵੱਡੇ ਜਥੇ ਭੇਜਣ ਲਈ ਪਿੰਡ ਤੇ ਜਥੇਬੰਦੀ-ਵਾਈਜ਼ ਲਿਸਟਾਂ ਬਣਾਈਆਂ ਜਾ ਰਹੀਆਂ ਹਨ। ਇਸ ਸਿਲਸਿਲੇ ਦੀ ਲਗਾਤਾਰਤਾ ਬਣਾਈ ਰੱਖਣ ਲਈ ਪਿੰਡਾਂ ਵਿੱਚ ਹਰ ਹਫ਼ਤੇ ਮੀਟਿੰਗਾਂ ਕੀਤੀਆਂ ਜਾਣਗੀਆਂ। ਕਿਸਾਨ ਆਗੂਆਂ ਨੇ ਦੱਸਿਆ ਕਿ ਦਿੱਲੀ ਮੋਰਚੇ ਵਿੱਚ ਸ਼ਮੂਲੀਅਤ ਕਰਨ ਲਈ ਬਣਾਈਆਂ ਜਾ ਰਹੀਆਂ ਸੂਚੀਆਂ ਵਿੱਚ ਕਿਸਾਨਾਂ ਤੇ ਮਜ਼ਦੂਰਾਂ ਵੱਲੋਂ ਆਪਮੁਹਾਰੇ ਨਾਂ ਦਰਜ ਕਰਾਏ ਜਾ ਰਹੇ ਹਨ। ਬੁਲਾਰਿਆਂ ਨੇ ਕਿਹਾ ਕਿ ਸਰਕਾਰ ਅਤੇ ਕਾਰਪੋਰੇਟ ਪੱਖੀ ਕੁਝ ਲੋਕ ਸੋਸ਼ਲ ਮੀਡੀਆ ‘ਤੇ ਪ੍ਰਚਾਰ ਕਰ ਰਹੇ ਹਨ ਕਿ ਅਡਾਨੀ ਦੀ ਕਿਲ੍ਹਾ ਰਾਏਪੁਰ ਵਾਲੀ ਖੁਸ਼ਕ ਬੰਦਰਗਾਹ ਬੰਦ ਹੋਣ ਕਾਰਨ 4000 ਲੋਕ ਬੇਰੁਜ਼ਗਾਰ ਹੋ ਗਏ ਜਦੋਂਕਿ ਉੱਥੇ ਸਿੱਧੇ ਤੌਰ ‘ਤੇ ਕੰਮ ਕਰ ਰਹੇ ਮੁਲਾਜ਼ਮਾਂ ਦੀ ਗਿਣਤੀ 100 ਦੇ ਕਰੀਬ ਸੀ। ਉਨ੍ਹਾਂ ਕਿਹਾ ਕਿ ਇਹ ਪ੍ਰਚਾਰ ਕੋਰਾ ਝੂਠਾ ਹੈ ਕਿ ਕਿਸਾਨ ਅੰਦੋਲਨ ਕਾਰਨ ਲੋਕ ਬੇਰੁਜ਼ਗਾਰ ਹੋ ਰਹੇ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਤੱਥ ਤਾਂ ਇਹ ਹੈ ਕਿ ਕਾਰਪੋਰੇਟ ਘਰਾਣੇ ਲੋਕਾਂ ਦਾ ਰੁਜ਼ਗਾਰ ਖੋਹ ਰਹੇ ਹਨ। ਉਨ੍ਹਾਂ ਕਿਹਾ ਕਿ ਇੱਕ ਵੱਡਾ ਸ਼ਾਪਿੰਗ ਮਾਲ ਖੁੱਲ੍ਹਣ ਨਾਲ ਸੈਂਕੜੇ ਛੋਟੇ ਦੁਕਾਨਦਾਰ ਵਿਹਲੇ ਹੋ ਜਾਂਦੇ ਹਨ। ਇਸੇ ਗੱਲ ਬਾਰੇ ਲੋਕਾਂ ਨੂੰ ਚੇਤਨ ਕਰਨ ਲਈ ਇਨ੍ਹਾਂ ਕਾਰਪੋਰੇਟ ਅਦਾਰਿਆਂ ਦਾ ਘਿਰਾਓ ਕੀਤਾ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਸਾਰੇ ਝੂਠੇ ਦਾਅਵੇ ਕੀਤੇ: ਸੰਯੁਕਤ ਕਿਸਾਨ ਮੋਰਚਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫ਼ਸਲ ਬੀਮਾ ਯੋਜਨਾ ਦਾ ਜ਼ਿਕਰ ਕਰਦਿਆਂ ਲਾਲ ਕਿਲ੍ਹੇ ‘ਤੇ ਕੌਮੀ ਝੰਡੇ ਹੇਠ ਖੜ੍ਹ ਕੇ ਝੂਠੇ ਦਾਅਵੇ ਕੀਤੇ ਹਨ। ਕਿਸਾਨ ਆਗੂ ਡਾ. ਦਰਸ਼ਨ ਪਾਲ ਤੇ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਹਾਲ ਹੀ ਵਿੱਚ ਆਪਣੇ ਆਜ਼ਾਦੀ ਦਿਹਾੜੇ ਦੇ ਭਾਸ਼ਣ ਦੌਰਾਨ ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਵੱਲ ਦੇਸ਼ ਦਾ ਧਿਆਨ ਖਿੱਚਿਆ। ਉਨ੍ਹਾਂ ਦਾਅਵਾ ਕੀਤਾ ਕਿ ਦੇਸ਼ ਦੇ ਛੋਟੇ ਕਿਸਾਨ ਦੇਸ਼ ਦਾ ਮਾਣ ਹਨ। ਉਸ ਸੰਦਰਭ ਵਿੱਚ ਉਨ੍ਹਾਂ ਦੇਸ਼ ਵਿੱਚ ਛੋਟੇ ਕਿਸਾਨ ਦੀ ਸ਼ਕਤੀ ਵਧਾਉਣ ਦੇ ਯਤਨ ਵਜੋਂ ਪੀਐੱਮਐੱਫਬੀਵਾਈ ਨੂੰ ਪ੍ਰਦਰਸ਼ਿਤ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਪੀਐੱਮਐਫਬੀਵਾਈ ਦੀ ਅਸਲੀਅਤ ਵੱਖਰੀ ਹੈ। ਇਹ ਵੀ ਐੱਮਐੱਸਪੀ ਦੀ ਕਹਾਣੀ ਵਾਂਗ ਝੂਠੀ ਹੈ। ਇਸ ਦੌਰਾਨ ਦਿੱਲੀ ਦੀ ਟਿਕਰੀ ਹੱਦ ‘ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪਟਿਆਲਾ ਜ਼ਿਲ੍ਹੇ ਦੇ ਪ੍ਰਧਾਨ ਮਨਜੀਤ ਸਿੰਘ ਨਿਆਲ ਅਤੇ ਅਮਨਦੀਪ ਸਿੰਘ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਮੌਕੇ ਦੇ ਹਾਲਾਤ ਨੂੰ ਚੰਗੀ ਤਰ੍ਹਾਂ ਜਾਣਦਿਆਂ ਵੀ ਸਾਮਰਾਜੀ ਨੀਤੀਆਂ ਲਾਗੂ ਕਰਨ ‘ਤੇ ਅੜੀ ਹੋਈ ਹੈ।
ਮੋਦੀ, ਖੱਟਰ ਅਤੇ ਦੁਸ਼ਿਅੰਤ ਦੀਆਂ ਤਸਵੀਰਾਂ ਵਾਲੇ ਝੋਲੇ ਫੂਕੇ
ਕਾਲਾਂਵਾਲੀ : ਹਰਿਆਣਾ ਵਿਚ ਪੈਂਦੀ ਅਨਾਜ ਮੰਡੀ ਕਾਲਾਂਵਾਲੀ ‘ਚ ਸਰਕਾਰ ਵੱਲੋਂ ਕਰਵਾਏ ਗਏ ‘ਅੰਨਪੂਰਨਾ ਉਤਸਵ’ ਦਾ ਵਿਰੋਧ ਕਰਦੇ ਹੋਏ ਮੰਡੀ ਮਜ਼ਦੂਰਾਂ ਅਤੇ ਕਿਸਾਨਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਦੀਆਂ ਤਸਵੀਰਾਂ ਵਾਲੇ ਝੋਲੇ ਫੂਕ ਕੇ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਭਾਰੀ ਗਿਣਤੀ ‘ਚ ਪੁਲਿਸ ਤਾਇਨਾਤ ਸੀ। ਪਿੰਡ ਰੋੜੀ, ਸੁਖਚੈਨ ਅਤੇ ਲੱਕੜਵਾਲੀ ‘ਚ ਵੀ ਕਿਸਾਨਾਂ ਵੱਲੋਂ ਅਜਿਹੇ ਝੋਲੇ ਫੂਕੇ ਗਏ ਤੇ ਨਾਅਰੇਬਾਜ਼ੀ ਕੀਤੀ ਗਈ। ਜਾਣਕਾਰੀ ਮੁਤਾਬਕ ਕਾਲਾਂਵਾਲੀ ਦੀ ਅਨਾਜ ਮੰਡੀ ਵਿੱਚ ਸਸਤੇ ਰਾਸ਼ਨ ਦੇ ਡਿੱਪੂ ‘ਤੇ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁਫ਼ਤ ਰਾਸ਼ਨ ਯੋਜਨਾ ਤਹਿਤ ‘ਅੰਨਪੂਰਨਾ ਉਤਸਵ’ ਮਨਾਇਆ ਜਾ ਰਿਹਾ ਸੀ। ਇਸ ਦੌਰਾਨ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਇਸ ਗੱਲ ਦੀ ਭਿਣਕ ਲੱਗੀ ਕਿ ਸਰਕਾਰ ਵੱਲੋਂ ਸ਼ੁਰੂ ਕੀਤੀ ਯੋਜਨਾ ਦਾ ਰਾਸ਼ਨ ਪ੍ਰਧਾਨ ਮੰਤਰੀ, ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦੀਆਂ ਤਸਵੀਰਾਂ ਛਪੇ ਝੋਲਿਆਂ ਵਿੱਚ ਵੰਡਿਆ ਜਾਣਾ ਹੈ। ਇਸ ਦੌਰਾਨ ਭਾਰਤੀ ਕਿਸਾਨ ਏਕਤਾ ਕਾਲਾਂਵਾਲੀ ਦੇ ਪ੍ਰਧਾਨ ਗੁਰਦਾਸ ਸਿੰਘ ਲੱਕੜਵਾਲੀ ਅਤੇ ਮੰਡੀ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਮੁਕੇਸ਼ ਕੁਮਾਰ ਦੀ ਅਗਵਾਈ ਵਿੱਚ ਲੋਕ ਅਨਾਜ ਮੰਡੀ ‘ਚ ਇਕੱਠੇ ਹੋਏ। ਉਨ੍ਹਾਂ ਲਾਭਪਾਤਰੀਆਂ ਤੋਂ ਤਸਵੀਰਾਂ ਛਪੇ ਝੋਲੇ ਲੈ ਕੇ ਉਨ੍ਹਾਂ ਨੂੰ ਫੂਕ ਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ।
ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦੇ ਨਾਲ ਰਲ ਕੇ ਲੜਾਈ ਲੜਾਂਗੇ : ਕੈਪਟਨ
ਮੁੱਖ ਮੰਤਰੀ ਨੇ ਆਜ਼ਾਦੀ ਦਿਵਸ ਮੌਕੇ ਅੰਮ੍ਰਿਤਸਰ ਵਿੱਚ ਤਿਰੰਗਾ ਲਹਿਰਾਇਆ
ਅੰਮ੍ਰਿਤਸਰ/ਬਿਊਰੋ ਨਿਊਜ਼ : ਭਾਰਤ ਦੇ 75ਵੇਂ ਆਜ਼ਾਦੀ ਦਿਹਾੜੇ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੀ ਧਰਤੀ ‘ਤੇ ਗੁਆਂਢੀ ਮੁਲਕ ਪਾਕਿਸਤਾਨ ਦੇ ਨਾਪਾਕ ਮਨਸੂਬੇ ਸਫ਼ਲ ਨਹੀਂ ਹੋਣ ਦਿੱਤੇ ਜਾਣਗੇ।
ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦੇ ਨਾਲ ਰਲ ਕੇ ਲੜਾਈ ਲੜੀ ਜਾਵੇਗੀ ਅਤੇ ਖੇਤੀ ਕਾਨੂੰਨ ਰੱਦ ਕਰਵਾਏ ਜਾਣਗੇ। ਉਨ੍ਹਾਂ ਅੰਮ੍ਰਿਤਸਰ ਸਥਿਤ ਗੁਰੂ ਨਾਨਕ ਸਟੇਡੀਅਮ ਵਿੱਚ ਰਾਜ ਪੱਧਰੀ ਸਮਾਗਮ ਦੌਰਾਨ ਆਜ਼ਾਦੀ ਦਿਵਸ ਮੌਕੇ ਤਿਰੰਗਾ ਝੰਡਾ ਲਹਿਰਾਇਆ। ਮੁੱਖ ਮੰਤਰੀ ਨੇ ਇਸ ਮੌਕੇ ਸੂਬੇ ਤੇ ਸਮਾਜ ਲਈ ਬਿਹਤਰ ਸੇਵਾਵਾਂ ਦੇਣ ਵਾਲੀਆਂ 45 ਸ਼ਖ਼ਸੀਅਤਾਂ ਨੂੰ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ।
ਅੰਮ੍ਰਿਤਸਰ ਰੇਲ ਹਾਦਸੇ ਦੇ 34 ਪੀੜਤ ਪਰਿਵਾਰਾਂ ਨੂੰ ਨਿਯੁਕਤੀ ਪੱਤਰ ਵੀ ਸੌਂਪੇ ਗਏ। ਇਸ ਮੌਕੇ ਉਨ੍ਹਾਂ ਪਰੇਡ ਤੋਂ ਸਲਾਮੀ ਵੀ ਲਈ। ਕੈਪਟਨ ਅਮਰਿੰਦਰ ਸਿੰਘ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਕਿਸਤਾਨ ਵੱਲੋਂ ਡਰੋਨ ਰਾਹੀਂ ਤੇ ਤਸਕਰੀ ਰਾਹੀਂ ਹਥਿਆਰ ਤੇ ਨਸ਼ੀਲੇ ਪਦਾਰਥ ਭੇਜੇ ਜਾ ਰਹੇ ਹਨ, ਪਰ ਉਸ ਦੇ ਨਾਪਾਕ ਇਰਾਦੇ ਕਦੇ ਸਫ਼ਲ ਨਹੀਂ ਹੋਣ ਦਿੱਤੇ ਜਾਣਗੇ ਅਤੇ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ। ਖੇਤੀ ਕਾਨੂੰਨਾਂ ਦੇ ਮੁੱਦੇ ਨੂੰ ਲੈ ਕੇ ਕਿਸਾਨ ਕੌਮੀ ਰਾਜਧਾਨੀ ਦਿੱਲੀ ਵਿੱਚ ਅੱਠ ਮਹੀਨਿਆਂ ਤੋਂ ਵੱਧ ਸਮੇਂ ਪ੍ਰਦਰਸ਼ਨ ਕਰ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਇਹ ਮੁੱਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਲ ਉਠਾਇਆ ਹੈ ਅਤੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਹੈ। ਬੇਅਦਬੀ ਮਾਮਲਿਆਂ ਬਾਰੇ ਕੈਪਟਨ ਨੇ ਕਿਹਾ ਕਿ ਸੀਬੀਆਈ ਤੋਂ ਕੇਸ ਵਾਪਸ ਲੈਣ ਮਗਰੋਂ ਇਸ ਸਬੰਧੀ 23 ਵਿਅਕਤੀਆਂ ਖ਼ਿਲਾਫ਼ ਦੋਸ਼ ਪੱਤਰ ਦਾਖ਼ਲ ਕੀਤੇ ਗਏ ਹਨ। 15 ਪੁਲਿਸ ਕਰਮਚਾਰੀ ਮੁਅੱਤਲ ਕੀਤੇ ਹਨ ਅਤੇ ਦਸ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਵਿਚ ਹੁਣ ਤੱਕ 10 ਚਲਾਨ ਪੇਸ਼ ਕੀਤੇ ਜਾ ਚੁੱਕੇ ਹਨ। ਉਨ੍ਹਾਂ ਖੁਲਾਸਾ ਕੀਤਾ ਕਿ ਕਰਤਾਰਪੁਰ ਲਾਂਘਾ ਖੋਲ੍ਹਣ ਵਾਸਤੇ ਵੀ ਕੇਂਦਰ ਸਰਕਾਰ ਕੋਲ ਮੰਗ ਰੱਖੀ ਗਈ ਹੈ । ਇਸ ਮੌਕੇ ਅਨੁਸੂਚਿਤ ਜਾਤੀਆਂ ਦੀ ਭਲਾਈ ਸਮੇਤ ਵੱਖ-ਵੱਖ ਪ੍ਰੋਗਰਾਮਾਂ ਦਾ ਐਲਾਨ ਵੀ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਜਲਦ ਹੀ ਇੱਕ ਐਕਟ ਨੋਟੀਫਾਈ ਕੀਤਾ ਜਾਵੇਗਾ ਜਿਸ ਤਹਿਤ ਸੂਬੇ ਦੀ ਅਨੁਸੂਚਿਤ ਜਾਤੀ ਆਬਾਦੀ ਦੀ ਪ੍ਰਤੀਸ਼ਤਤਾ ਦੇ ਬਰਾਬਰ ਦਲਿਤ ਭਲਾਈ ਵਾਸਤੇ ਬਜਟ ਵਿੱਚੋਂ ਖਰਚ ਕਰਨਾ ਲਾਜ਼ਮੀ ਹੋਵੇਗਾ ਅਤੇ 85ਵੀਂ ਸੰਵਿਧਾਨਕ ਸੋਧ ਨੂੰ ਸੁਪਰੀਮ ਕੋਰਟ ਦੇ ਫ਼ੈਸਲਿਆਂ ਦੇ ਅਨੁਸਾਰ ਲਾਗੂ ਕੀਤਾ ਜਾਵੇਗਾ। ਕਾਰੋਬਾਰ ਕਰਨ ਨੂੰ ਸੁਖਾਲਾ ਬਣਾਉਣ ਲਈ ਮੁੱਖ ਮੰਤਰੀ ਨੇ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗਾਂ ਲਈ 1150 ਵਿਆਪਕ ਸੁਧਾਰਾਂ ਦਾ ਐਲਾਨ ਵੀ ਕੀਤਾ। ਕੁਝ ਮਹਿੰਗੇ ਡਾਕਟਰੀ ਇਲਾਜ ਅਤੇ ਡਾਇਲਸਿਸ, ਐਕਸਰੇ ਆਦਿ ਵਰਗੇ ਟੈਸਟ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਕੀਤੇ ਜਾਣਗੇ। ਪਿਛਲੇ 10 ਸਾਲਾਂ ਤੋਂ ਕੰਮ ਕਰ ਰਹੇ ਸਾਰੇ ਸਫ਼ਾਈ ਕਰਮਚਾਰੀਆਂ ਨੂੰ ਰੈਗੂਲਰ ਕਰਨ ਅਤੇ ਆਂਗਣਵਾੜੀ ਵਰਕਰਾਂ, ਮਿੰਨੀ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੇ ਮਹੀਨਾਵਾਰ ਮਾਣ-ਭੱਤੇ ਵਿੱਚ ਕ੍ਰਮਵਾਰ 600, 500 ਅਤੇ 300 ਰੁਪਏ ਦਾ ਵਾਧਾ ਕਰਨ ਦਾ ਵੀ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਰਾਜੀਵ ਗਾਂਧੀ ਦੇ ਜਨਮ ਦਿਨ ਮੌਕੇ ਕਰਜ਼ਾ ਰਾਹਤ ਸਕੀਮ ਅਧੀਨ 2.85 ਲੱਖ ਬੇਜ਼ਮੀਨੇ ਕਿਸਾਨਾਂ ਨੂੰ 520 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਜਨਮ ਅਸਥਾਨ ਗੁਰੂ ਕੀ ਵਡਾਲੀ ਦੇ ਵਿਕਾਸ ਲਈ 5 ਕਰੋੜ ਰੁਪਏ ਦੀ ਵਿਵਸਥਾ ਕਰਨ ਅਤੇ ਸ਼ਹੀਦ ਮਦਨ ਲਾਲ ਢੀਂਗਰਾ ਦੀ ਸ਼ਹਿਰ ਵਿੱਚ ਇੱਕ ਯਾਦਗਾਰ ਬਣਾਈ ਜਾਵੇਗੀ।

Check Also

ਕੇਜਰੀਵਾਲ ਦੀ ਗ੍ਰਿਫ਼ਤਾਰੀ ਵਿਰੁੱਧ ਦੇਸ਼-ਵਿਦੇਸ਼ਾਂ ‘ਚ ਭੁੱਖ ਹੜਤਾਲ

ਭਾਰਤ ਦੀ ਆਜ਼ਾਦੀ ਅਤੇ ਸੰਵਿਧਾਨ ਖ਼ਤਰੇ ‘ਚ : ਮੁੱਖ ਮੰਤਰੀ ਭਗਵੰਤ ਮਾਨ ਚੰਡੀਗੜ੍ਹ : ਪੰਜਾਬ …