Breaking News
Home / ਦੁਨੀਆ / ਭਾਰਤੀ ਰਾਜਦੂਤ ਸਣੇ 150 ਵਿਅਕਤੀ ਕਾਬੁਲ ‘ਚੋਂ ਲਿਆਂਦੇ

ਭਾਰਤੀ ਰਾਜਦੂਤ ਸਣੇ 150 ਵਿਅਕਤੀ ਕਾਬੁਲ ‘ਚੋਂ ਲਿਆਂਦੇ

ਕਾਬੁਲ ਵਿਚ ਇਸ ਵੇਲੇ ਹਾਲਾਤ ਕਾਫ਼ੀ ਗੁੰਝਲਦਾਰ
ਨਵੀਂ ਦਿੱਲੀ: ਤਾਲਿਬਾਨੀ ਲੜਾਕਿਆਂ ਦੇ ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ‘ਤੇ ਕਾਬਜ਼ ਹੋਣ ਤੋਂ ਬਾਅਦ ਭਾਰਤ ਉਥੇ ਫਸੇ ਭਾਰਤੀ ਰਾਜਦੂਤ ਤੇ ਅੰਬੈਸੀ ਦੇ ਹੋਰ ਸਟਾਫ਼ ਨੂੰ ਭਾਰਤੀ ਹਵਾਈ ਸੈਨਾ ਦੇ ਸੀ-17 ਜਹਾਜ਼ ਰਾਹੀਂ ਸੁਰੱਖਿਅਤ ਕੱਢ ਲਿਆਇਆ ਹੈ। ਇਸ ਦੌਰਾਨ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਕਾਬੁਲ ਸਥਿਤ ਅੰਬੈਸੀ ਸਟਾਫ਼ ਨੂੰ ਵਾਪਸ ਲਿਆਉਣ ਦਾ ਅਮਲ ਪੂਰਾ ਹੋ ਗਿਆ ਹੈ ਤੇ ਹੁਣ ਸਾਰਾ ਧਿਆਨ ਅਫ਼ਗਾਨ ਰਾਜਧਾਨੀ ਵਿੱਚ ਫਸੇ ਭਾਰਤੀਆਂ ਦੀ ਦੇਸ਼ ਵਾਪਸੀ ਵੱਲ ਰਹੇਗਾ। ਜਹਾਜ਼ ਵਿੱਚ ਅਫ਼ਗ਼ਾਨਿਸਤਾਨ ‘ਚ ਭਾਰਤ ਦੇ ਰਾਜਦੂਤ ਰੁਦਰੇਂਦਰ ਟੰਡਨ ਤੇ ਅੰਬੈਸੀ ਦੇ ਅਧਿਕਾਰੀਆਂ ਤੋਂ ਇਲਾਵਾ ਆਈਟੀਬੀਪੀ ਦੇ 99 ਜਵਾਨਾਂ ਸਣੇ 150 ਵਿਅਕਤੀ ਸਵਾਰ ਸਨ। ਜਹਾਜ਼ ‘ਚ ਕੁਝ ਭਾਰਤੀ ਨਾਗਰਿਕਾਂ ਦੇ ਸਵਾਰ ਹੋਣ ਦਾ ਵੀ ਦਾਅਵਾ ਕੀਤਾ ਹੈ। ਰਾਜਦੂਤ ਰੁਦਰੇਂਦਰ ਟੰਡਨ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਕਾਬੁਲ ਵਿੱਚ ਇਸ ਵੇਲੇ ਹਾਲਾਤ ਕਾਫ਼ੀ ਗੁੰਝਲਦਾਰ ਹਨ।
ਅਫਗਾਨਿਸਤਾਨ ‘ਤੇ ਤਾਲਿਬਾਨ ਦਾ ਕਬਜ਼ਾ ਭਾਰਤ ਲਈ ਸ਼ੁਭ ਸੰਕੇਤ ਨਹੀਂ: ਅਮਰਿੰਦਰ
ਮੁੱਖ ਮੰਤਰੀ ਨੇ ਟਵੀਟ ਕਰਕੇ ਮੋਦੀ ਸਰਕਾਰ ਨੂੰ ਵੀ ਸੁਚੇਤ ਕੀਤਾ
ਨਵੀਂ ਦਿੱਲੀ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਸੁਚੇਤ ਕੀਤਾ ਹੈ ਕਿ ਅਫ਼ਗ਼ਾਨਿਸਤਾਨ ਦੇ ਮੁੜ ਤਾਲਿਬਾਨੀ ਲੜਾਕਿਆਂ ਦੇ ਹੱਥ ਆਉਣਾ ਭਾਰਤ ਲਈ ਸ਼ੁਭ ਸੰਕੇਤ ਨਹੀਂ ਹੈ। ਮੁੱਖ ਮੰਤਰੀ ਨੇ ਟਵੀਟ ਕੀਤਾ, ”ਅਫ਼ਗ਼ਾਨਿਸਤਾਨ ਦੇ ਤਾਲਿਬਾਨ ਦੇ ਹੱਥਾਂ ਵਿੱਚ ਜਾਣਾ ਸਾਡੇ ਮੁਲਕ ਲਈ ਸ਼ੁਭ ਸੰਕੇਤ ਨਹੀਂ ਹੈ। ਇਹ ਭਾਰਤ ਖਿਲਾਫ਼ ਚੀਨ-ਪਾਕਿ ਗੱਠਜੋੜ ਨੂੰ ਮਜ਼ਬੂਤ ਕਰੇਗਾ (ਕਿਉਂ ਜੋ ਚੀਨ, ਉਇਗਰ ਮਾਮਲੇ ਵਿੱਚ ਪਹਿਲਾਂ ਹੀ ਮਿਲੀਸ਼ੀਆ ਦੀ ਮਦਦ ਮੰਗ ਚੁੱਕਾ ਹੈ)। ਇਹ ਚੰਗੇ ਸੰਕੇਤ ਨਹੀਂ ਹਨ, ਤੇ ਸਾਨੂੰ ਆਪਣੀ ਸਾਰੀਆਂ ਸਰਹੱਦਾਂ ‘ਤੇ ਵਧੇਰੇ ਚੌਕਸ ਰਹਿਣ ਦੀ ਲੋੜ ਹੈ।’ ਚੇਤੇ ਰਹੇ ਕਿ ਤਾਲਿਬਾਨੀ ਲੜਾਕਿਆਂ ਦੇ ਕਾਬੁਲ ਵਿੱਚ ਦਾਖ਼ਲ ਹੋਣ ਮਗਰੋਂ ਅਫ਼ਗ਼ਾਨ ਸਦਰ ਅਸ਼ਰਫ਼ ਗਨੀ ਮੁਲਕ ਛੱਡ ਕੇ ਭੱਜ ਗਏ ਹਨ। ਇਸਲਾਮਿਕ ਦਹਿਸ਼ਤਗਰਦਾਂ ਨੇ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਪੈਲੇਸ ‘ਤੇ ਕਬਜ਼ਾ ਕਰ ਲਿਆ ਹੈ।
ਅਫਗਾਨੀ ਸਿੱਖਾਂ ਦੇ ਬੱਚਿਆਂ ਨੂੰ ਮੁਫ਼ਤ ਸਿੱਖਿਆ ਦੇਵੇਗਾ ਚੀਫ਼ ਖ਼ਾਲਸਾ ਦੀਵਾਨ
ਅੰਮ੍ਰਿਤਸਰ : ਚੀਫ਼ ਖਾਲਸਾ ਦੀਵਾਨ ਨੇ ਐਲਾਨ ਕੀਤਾ ਹੈ ਕਿ ਅਫ਼ਗਾਨਿਸਤਾਨ ਵਿੱਚ ਫਸੇ ਸਿੱਖ ਪਰਿਵਾਰਾਂ ਦੇ ਭਾਰਤ ਆਉਣ ‘ਤੇ ਇਨ੍ਹਾਂ ਦੇ ਬੱਚਿਆਂ ਨੂੰ ਸਿੱਖ ਸੰਸਥਾ ਦੇ ਪ੍ਰਬੰਧ ਹੇਠ ਚੱਲ ਰਹੇ ਸਕੂਲਾਂ ਵਿੱਚ ਮੁਫ਼ਤ ਸਿੱਖਿਆ ਦਿੱਤੀ ਜਾਵੇਗੀ। ਸੰਸਥਾ ਦੇ ਪ੍ਰਧਾਨ ਨਿਰਮਲ ਸਿੰਘ ਨੇ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈ ਸ਼ੰਕਰ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਅਫ਼ਗਾਨਿਸਤਾਨ ਵਿੱਚ ਗੁਰੂ ਘਰਾਂ ਅਤੇ ਹੋਰਨਾਂ ਸਥਾਨਾਂ ‘ਤੇ ਫਸੇ ਸਿੱਖਾਂ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਤੇ ਉਨ੍ਹਾਂ ਨੂੰ ਭਾਰਤ ਲਿਆਉਣ ਲਈ ਪੁਖ਼ਤਾ ਪ੍ਰਬੰਧ ਕੀਤੇ ਜਾਣ। ਉਨ੍ਹਾਂ ਕਿਹਾ ਕਿ ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੇ ਤਸ਼ੱਦਦ ਕਾਰਨ ਸਿੱਖ ਸਹਿਮ ਦੇ ਸਾਏ ਹੇਠ ਹਨ ਜਦਕਿ 200 ਤੋਂ ਵੱਧ ਸਿੱਖ ਕਾਬੁਲ ਨੇੜੇ ਇੱਕ ਗੁਰਦੁਆਰੇ ਵਿੱਚ ਸ਼ਰਨ ਲੈ ਕੇ ਬੈਠੇ ਹਨ। ਦੀਵਾਨ ਦੇ ਹੋਰਨਾਂ ਅਹੁਦੇਦਾਰਾਂ ਨੇ ਵੀ ਸਿੱਖ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ।
ਭਾਰਤ ਵੱਲੋਂ ਅਫ਼ਗਾਨ ਨਾਗਰਿਕਾਂ ਲਈ ਈ-ਵੀਜ਼ੇ ਦਾ ਐਲਾਨ
ਨਵੀਂ ਦਿੱਲੀ : ਭਾਰਤ ਨੇ ਅਫ਼ਗ਼ਾਨਿਸਤਾਨ ਦੇ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਉਥੇ ਫਸੇ ਤੇ ਭਾਰਤ ਆਉਣ ਦੇ ਇੱਛੁਕ ਅਫ਼ਗ਼ਾਨ ਨਾਗਰਿਕਾਂ ਨੂੰ ਹੰਗਾਮੀ ਈ-ਵੀਜ਼ੇ ਜਾਰੀ ਕਰਨ ਦਾ ਐਲਾਨ ਕੀਤਾ ਹੈ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਕਿਸੇ ਵੀ ਧਰਮ ਦੇ ਸਾਰੇ ਅਫ਼ਗਾਨ ‘ਈ-ਐਮਰਜੈਂਸੀ ਵੀਜ਼ਾ’ ਲਈ ਆਨਲਾਈਨ ਅਪਲਾਈ ਕਰ ਸਕਣਗੇ ਤੇ ਇਨ੍ਹਾਂ ਅਰਜ਼ੀਆਂ ‘ਤੇ ਨਵੀਂ ਦਿੱਲੀ ਵਿੱਚ ਕਾਰਵਾਈ ਕੀਤੀ ਜਾਵੇਗੀ। ਗ੍ਰਹਿ ਮੰਤਰਾਲੇ ਦੇ ਤਰਜਮਾਨ ਨੇ ਕਿਹਾ, ”ਕੇਂਦਰੀ ਗ੍ਰਹਿ ਮੰਤਰਾਲੇ ਨੇ ਅਫ਼ਗ਼ਾਨਿਸਤਾਨ ਦੇ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਵੀਜ਼ਾ ਵਿਵਸਥਾਵਾਂ ‘ਤੇ ਨਜ਼ਰਸਾਨੀ ਦਾ ਫੈਸਲਾ ਕੀਤਾ ਹੈ।

 

Check Also

ਮਾਸਕੋ ’ਚ ਅੱਤਵਾਦੀ ਹਮਲੇ ਦੌਰਾਨ 60 ਵਿਅਕਤੀਆਂ ਦੀ ਹੋਈ ਮੌਤ

ਇਸਲਾਮਿਕ ਸਟੇਟ ਨੇ ਹਮਲੇ ਦੀ ਲਈ ਜ਼ਿੰਮੇਵਾਰੀ ਮਾਸਕੋ/ਬਿਊਰੋ ਨਿਊਜ਼ : ਰੂਸ ਦੀ ਰਾਜਧਾਨੀ ਮਾਸਕੋ ’ਚ …