Breaking News
Home / Special Story / ਪਾਕਿ ‘ਚ ਸਿੱਖ ਲੜਕੀ ਦੇ ਜਬਰੀ ਨਿਕਾਹ ਦਾ ਮਾਮਲਾ ਭਖਿਆ

ਪਾਕਿ ‘ਚ ਸਿੱਖ ਲੜਕੀ ਦੇ ਜਬਰੀ ਨਿਕਾਹ ਦਾ ਮਾਮਲਾ ਭਖਿਆ

ਕੌਮੀ ਘੱਟ ਗਿਣਤੀ ਕਮਿਸ਼ਨ ਤੇ ਸਿੱਖ ਜਥੇਬੰਦੀਆਂ ਨੇ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਕੋਲੋਂ ਮਦਦ ਮੰਗੀ
ਅੰਮ੍ਰਿਤਸਰ, ਨਵੀਂਦਿੱਲੀ : ਪਾਕਿਸਤਾਨ ਦੇ ਸੂਬਾ ਖੈਬਰ ਪਖਤੂਨਖਵਾ ਵਿੱਚ ਦੀਨਾ ਕੌਰ ਨਾਂ ਦੀ ਸਿੱਖ ਲੜਕੀ ਨੂੰ ਅਗਵਾ ਕਰਕੇ ਉਸ ਦਾ ਜਬਰੀ ਨਿਕਾਹ ਕਰਵਾਉਣ ਦੀ ਘਟਨਾ ਦੇ ਮਾਮਲੇ ਵਿੱਚ ਕੌਮੀ ਘੱਟ ਗਿਣਤੀ ਕਮਿਸ਼ਨ ਸਮੇਤ ਵੱਖ ਵੱਖ ਸਿੱਖ ਜਥੇਬੰਦੀਆਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਕੋਲੋਂ ਮਦਦ ਦੀ ਮੰਗ ਕੀਤੀ ਹੈ। ਕੌਮੀ ਘੱਟ ਗਿਣਤੀ ਕਮਿਸ਼ਨ ਦੇ ਮੁਖੀ ਇਕਬਾਲ ਸਿੰਘ ਲਾਲਪੁਰਾ ਨੇ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨੂੰ ਇਕ ਪੱਤਰ ਰਾਹੀਂ ਅਪੀਲ ਕੀਤੀ ਹੈ ਕਿ ਉਹ ਪਾਕਿਸਤਾਨ ਵਿੱਚ ਘੱਟ-ਗਿਣਤੀ ਸਿੱਖ ਭਾਈਚਾਰੇ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਪਾਕਿਸਤਾਨ ਵਿੱਚ ਆਪਣੇ ਹਮਰੁਤਬਾ ਨਾਲ ਗੱਲਬਾਤ ਕਰਨ। ਉਨ੍ਹਾਂ ਖੈਬਰ ਪਖਤੂਨਖਵਾ ਦੇ ਇਲਾਕੇ ਪੀਰ ਬਾਬਾ ਵਿੱਚ ਅਧਿਆਪਕਾ ਵਜੋਂ ਸੇਵਾਵਾਂ ਨਿਭਾ ਰਹੀ ਦੀਨਾ ਕੌਰ ਨੂੰ ਅਗਵਾ ਕਰਕੇ ਉਸ ਨਾਲ ਜਬਰੀ ਨਿਕਾਹ ਕਰਨ ਅਤੇ ਧਰਮ ਤਬਦੀਲ ਕਰਨ ਦੇ ਮਾਮਲੇ ਵਿੱਚ ਕਾਰਵਾਈ ਦੀ ਮੰਗ ਕੀਤੀ ਹੈ। ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਕਿ ਮਾਮਲਾ ਕਮਿਸ਼ਨ ਦੇ ਧਿਆਨ ਵਿੱਚ ਆਉਣ ਮਗਰੋਂ ਤਰਜੀਹ ਦੇ ਆਧਾਰ ‘ਤੇ ਕਾਰਵਾਈ ਕਰਦਿਆਂ ਵਿਦੇਸ਼ ਮੰਤਰੀ ਨੂੰ ਯੋਗ ਕਾਰਵਾਈ ਦੀ ਅਪੀਲ ਕੀਤੀ ਗਈ ਹੈ। ਇਸ ਦੌਰਾਨ ਭਾਜਪਾ ਆਗੂ ਤੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਸਮੇਤ ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਦਿੱਲੀ ਵਿੱਚ ਵਿਦੇਸ਼ ਮੰਤਰਾਲੇ ਦੇ ਜੁਆਇੰਟ ਸਕੱਤਰ ਜੇਪੀ ਸਿੰਘ ਨੂੰ ਮਿਲ ਕੇ ਅਪੀਲ ਕੀਤੀ ਕਿ ਉਹ ਇਸ ਮਾਮਲੇ ਵਿੱਚ ਪਾਕਿਸਤਾਨੀ ਸਫੀਰ ਨੂੰ ਤਲਬ ਕਰਕੇ ਕਾਰਵਾਈ ਲਈ ਆਖਣ।ਸਿੱਖ ਆਗੂਆਂ ਨੇ ਆਖਿਆ ਕਿ ਪਾਕਿਸਤਾਨ ਵਿੱਚ ਘੱਟ ਗਿਣਤੀਆਂ ਨਾਲ ਵਧੀਕੀ ਦਾ ਇਹ ਮਾਮਲਾ ਵਿਸ਼ਵ ਪੱਧਰ ‘ਤੇ ਉਭਾਰਿਆ ਜਾਵੇ।
ਸਿੱਖ ਲੜਕੀ ਦੇ ਜਬਰੀ ਨਿਕਾਹ ਦੀ ਐਸਜੀਪੀਸੀ ਨੇ ਕੀਤੀ ਨਿੰਦਾ
ਅੰਮ੍ਰਿਤਸਰ : ਪਾਕਿਸਤਾਨ ਦੇ ਖੈਬਰ ਪਖਤੂਨਵਾ ਸੂਬੇ ਵਿਚ ਇਕ ਸਿੱਖ ਲੜਕੀ ਦੀਨਾ ਕੌਰ ਨੂੰ ਅਗਵਾ ਕਰਕੇ, ਉਸਦਾ ਜਬਰੀ ਨਿਕਾਹ ਕਰਨ ਦੇ ਮਾਮਲੇ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੇ ਸਖਤ ਨਿੰਦਾ ਕੀਤੀ ਹੈ। ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਭਾਰਤ ਸਰਕਾਰ ਨੂੰ ਕਿਹਾ ਕਿ ਇਸ ਮਾਮਲੇ ਵਿਚ ਦਖਲ ਦੇ ਕੇ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ। ਧਾਮੀ ਹੋਰਾਂ ਨੇ ਕਿਹਾ ਉਹ ਜਲਦ ਹੀ ਇਸ ਮਾਮਲੇ ਵਿਚ ਪਾਕਿਸਤਾਨ ਦੇ ਅੰਬੈਸਡਰ ਨੂੰ ਖਤ ਲਿਖਣਗੇ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿਚ ਪਹਿਲਾਂ ਵੀ ਘੱਟ ਗਿਣਤੀਆਂ ਨਾਲ ਮਾੜਾ ਵਿਵਹਾਰ ਹੁੰਦਾ ਰਿਹਾ ਹੈ ਅਤੇ ਇਹ ਘਟਨਾ ਵੀ ਨਿੰਦਣਯੋਗ ਹੈ। ਜ਼ਿਕਰਯੋਗ ਹੈ ਕਿ ਖੈਬਰ ਪਖਤੂਨਵਾ ਸੂਬੇ ਵਿਚ ਰਹਿਣ ਵਾਲੇ ਗੁਰਬਚਨ ਸਿੰਘ ਦੀ ਲੜਕੀ ਦੀਨਾ ਕੌਰ ਨੂੰ ਸਕੂਲ ਜਾਂਦੇ ਸਮੇਂ ਅਗਵਾ ਕਰ ਲਿਆ ਗਿਆ ਸੀ। ਇਸ ਤੋਂ ਬਾਅਦ ਉਸਦਾ ਧਰਮ ਪਰਿਵਰਤਨ ਕਰਕੇ ਜ਼ਬਰੀ ਨਿਕਾਹ ਕਰਵਾ ਦਿੱਤਾ ਗਿਆ ਸੀ।
ਖ਼ਾਮੋਸ਼ ਹੋ ਗਈ ਨੈਯਰਾ ਨੂਰ ਦੀ ਆਵਾਜ਼
ਕਰਾਚੀ : ਭਾਰਤ ਅਤੇ ਪਾਕਿਸਤਾਨ ਦੀ ਸਾਂਝੀ ਸੱਭਿਆਚਾਰਕ ਵਿਰਾਸਤ ਦੀ ਨੁਮਾਇੰਦਗੀ ਕਰਨ ਵਾਲੀ ਮਸ਼ਹੂਰ ਪਾਕਿਸਤਾਨੀ ਗਾਇਕਾ ਨੈਯਰਾ ਨੂਰ (71) ਦਾ ਸੰਖੇਪ ਬਿਮਾਰੀ ਮਗਰੋਂ ਦੇਹਾਂਤ ਹੋ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਨੂਰ ਦਾ ਕਰਾਚੀ ‘ਚ ਪਿਛਲੇ ਕੁਝ ਸਮੇਂ ਤੋਂ ਇਲਾਜ ਚੱਲ ਰਿਹਾ ਸੀ।
ਉਨ੍ਹਾਂ ਦੇ ਭਤੀਜੇ ਰਜ਼ਾ ਜ਼ੈਦੀ ਨੇ ਟਵੀਟ ਕਰਕੇ ਆਪਣੀ ਤਾਈ ਨੈਯਰਾ ਨੂਰ ਦੇ ਦੇਹਾਂਤ ਦੀ ਜਾਣਕਾਰੀ ਦਿੱਤੀ। ਗੁਹਾਟੀ ‘ਚ 1950 ‘ਚ ਜਨਮੀ ਨੂਰ, ਕਾਨਨ ਬਾਲਾ, ਬੇਗ਼ਮ ਅਖ਼ਤਰ ਅਤੇ ਲਤਾ ਮੰਗੇਸ਼ਕਰ ਦੀ ਪ੍ਰਸ਼ੰਸਕ ਸੀ। ਉਸ ਦੇ ਪਿਤਾ ਆਲ ਇੰਡੀਆ ਮੁਸਲਿਮ ਲੀਗ ਦੇ ਸਰਗਰਮ ਮੈਂਬਰ ਸਨ ਅਤੇ ਉਨ੍ਹਾਂ ਵੰਡ ਤੋਂ ਪਹਿਲਾਂ ਮੁਹੰਮਦ ਅਲੀ ਜਿਨਾਹ ਦੀ ਮੇਜ਼ਬਾਨੀ ਵੀ ਕੀਤੀ ਸੀ। ਉਨ੍ਹਾਂ ਦਾ ਪਰਿਵਾਰ 1958 ‘ਚ ਲਾਹੌਰ ਚਲਾ ਗਿਆ ਸੀ। ਉਨ੍ਹਾਂ 1971 ‘ਚ ਪਾਕਿਸਤਾਨੀ ਟੀਵੀ ਲੜੀਵਾਰ ਤੋਂ ਪਿੱਠਵਰਤੀ ਗਾਇਕੀ ਦੀ ਸ਼ੁਰੂਆਤ ਕੀਤੀ ਸੀ ਅਤੇ ਉਸ ਤੋਂ ਬਾਅਦ ਉਨ੍ਹਾਂ ‘ਘਰਾਣਾ’ ਅਤੇ ‘ਤਾਨਸੇਨ’ ਜਿਹੀਆਂ ਫਿਲਮਾਂ ‘ਚ ਆਪਣੀ ਆਵਾਜ਼ ਦਿੱਤੀ ਸੀ। ਨੂਰ ਨੂੰ ਉਸ ਦੀ ਗਜ਼ਲ ਗਾਇਕੀ ਲਈ ਯਾਦ ਕੀਤਾ ਜਾਵੇਗਾ। ਉਨ੍ਹਾਂ ਦੀ ਮਸ਼ਹੂਰ ਗਜ਼ਲ ‘ਐ ਜਜ਼ਬਾ-ਏ-ਦਿਲ ਗ਼ਰ ਮੈਂ ਚਾਹੂੰ’ ਸੀ ਜਿਸ ਨੂੰ ਸ਼ਾਇਰ ਬਹਿਜ਼ਾਦ ਲਖਨਵੀ ਨੇ ਲਿਖਿਆ ਸੀ। ਨੂਰ ਨੇ ਫ਼ੈਜ਼ ਦੀ ਹਿੰਦੀ ਕਵਿਤਾ ‘ਬਰਖਾ ਬਰਸੇ ਛੱਤ ਪਰ’ ਉਨ੍ਹਾਂ ਦੇ ਜਨਮਦਿਨ ‘ਤੇ 1976 ‘ਚ ਆਪਣੇ ਪਤੀ ਸ਼ਹਰਯਾਰ ਜ਼ੈਦੀ ਨਾਲ ਗਾਈ ਸੀ। ਉਸ ਨੂੰ 2006 ‘ਚ ‘ਬੁਲਬੁਲ-ਏ-ਪਾਕਿਸਤਾਨ’ ਦੇ ਖਿਤਾਬ ਨਾਲ ਨਿਵਾਜਿਆ ਗਿਆ ਸੀ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਨੂਰ ਦੇ ਦੇਹਾਂਤ ‘ਤੇ ਦੁੱਖ ਜ਼ਾਹਿਰ ਕੀਤਾ ਹੈ।

Check Also

ਸੰਸਦ ਵੱਲ ਮਾਰਚ ਕਰ ਰਹੇ ਪਹਿਲਵਾਨਾਂ ਖਿਲਾਫ ਕੇਸ

ਦਿੱਲੀ ਪੁਲਿਸ ਨੇ ਜੰਤਰ ਮੰਤਰ ‘ਤੇ ਧਰਨੇ ਵਾਲੀ ਥਾਂ ਖਾਲੀ ਕਰਵਾਈ ਨਵੀਂ ਦਿੱਲੀ/ਬਿਊਰੋ ਨਿਊਜ਼ : …