Breaking News
Home / Special Story / ਫ਼ਿਲਮ ਅਦਾਕਾਰੀ ਦਾ ਵੱਡਾ ਹਸਤਾਖਰ ਸੀ ਦਲੀਪ ਕੁਮਾਰ

ਫ਼ਿਲਮ ਅਦਾਕਾਰੀ ਦਾ ਵੱਡਾ ਹਸਤਾਖਰ ਸੀ ਦਲੀਪ ਕੁਮਾਰ

ਲੈ. ਕ. ਨਰਵੰਤ ਸਿੰਘ ਸੋਹੀ
905-741-2666
ਦਲੀਪ ਕੁਮਾਰ ਦਾ ਜਨਮ 11 ਦਸੰਬਰ 1922 ਨੂੰ ਪੇਸ਼ਾਵਰ ਦੇ ਕਿੱਸਾ ਖਵਾਨੀ ਬਾਜ਼ਾਰ ਦੇ ਇੱਕ ਪਖ਼ਤੁਨ ਪਰਿਵਾਰ ਵਿੱਚ ਹੋਇਆ। ਉਸਦਾ ਪਿਤਾ ਲਾਲਾ ਗ਼ੁਲਾਮ ਸਰਵਰ ਤਾਜ਼ਾ ਫਲ ਅਤੇ ਮੇਵੇ ਦਾ ਵਿਉਪਾਰ ਕਰਦਾ ਸੀ। ਗੁਲਾਮ ਸਰਵਰ ਦੇ ਪੇਸ਼ਾਵਰ ਦੇ ਇਲਾਕੇ ਵਿੱਚ ਅਤੇ ਮਹਾਂਰਾਸ਼ਟਰ ਦੇ ਨਾਸਿਕ ਜ਼ਿਲੇ ਦੇ ਇੱਕ ਛੋਟੇ ਜਿਹੇ ਸ਼ਹਿਰ ਦੇਵਲਾਲੀ ਦੇ ਇਰਦ ਗਿਰਦ ਫਲਦਾਰ ਬੂਟਿਆਂ ਦੇ ਬਾਗ਼ ਸਨ।
ਦਲੀਪ ਕੁਮਾਰ ਦਾ ਨਾਮ ਮੁਹੱਮਦ ਯੂਸਿਫ ਖਾਨ ਹੈ। ਉਹ ਇੱਕ ਪੰਜਾਬੀ ਪਠਾਣ ਸੀ ਅਤੇ ਬਹੁਤ ਸੋਹਣੀ ਪੰਜਾਬੀ ਬੋਲਦਾ ਸੀ। ਪ੍ਰਸਿੱਧ ਫਿਲਮ ਸਟਾਰ ਰਾਜ ਕਪੂਰ ਦਾ ਜਨਮ ਭੀ ਪੇਸ਼ਾਵਰ ਵਿੱਚ ਹੋਇਆ ਸੀ। ਦਲੀਪ ਕੁਮਾਰ ਅਤੇ ਰਾਜ ਕਪੂਰ ਬਚਪਨ ਦੇ ਦੋਸਤ ਸਨ। ਤੀਹਵੇਂ ਦਹਾਕੇ ਵਿੱਚ ਖ਼ਾਨ ਪਰਵਾਰ ਪੇਸ਼ਾਵਰ ਛੱਡਕੇ ਬੰਬਈ ਰਹਿਣ ਲੱਗ ਪਿਆ ਪਰ ਕਿਸੇ ਕਾਰਨ ਯੂਸਫ ਬੰਬਈ ਛੱਡਕੇ ਪੂਣੇ ਚਲਿਆ ਗਿਆ ਅਤੇ ਇੱਕ ਫੌਜੀ ਯੂਨਿਟ ਵਿੱਚ ਕੈਂਟੀਨ ਦਾ ਕਾਰੋਵਾਰ ਸੰਭਾਲ ਲਿਆ ਅਤੇ ਫਰੂਟ ਸਪਲਾਈ ਦਾ ਠੇਕਾ ਲੈ ਲਿਆ।
1943 ਵਿੱਚ ਫਿਲਮ ਅਭਿਨੇਤਰੀ ਦੇਵਿਕਾ ਰਾਣੀ ਅਤੇ ਉਸਦਾ ਪਤੀ ਹਮਾਨਸ਼ੂ ਰਾਏ ਯੂਸਫ ਦੀ ਕੰਟੀਨ ਵਿੱਚ ਚਾਹ ਪੀਣ ਆਏ। ਹਮਾਨਸ਼ੂ ਰਾਏ ਫਿਲਮ ਨਿਰਮਾਤਾ ਅਤੇ ਬੰਬੇ ਟਾਕੀਜ਼ ਦਾ ਮਾਲਿਕ ਸ਼ੀ। ਸੋਹਣੇ ਸੁਨੱਖੇ ਪਠਾਣ ਦੇ ਬੱਚੇ ਨੂੰ ਦੇਖਕੇ ਦੇਵਿਕਾ ਰਾਣੀ ਨੇ ਆਖਿਆ,’ਅਸੀਂ ਫਿਲਮਾਂ ਬਣਾਉਂਦੇ ਹਾਂ ਅਤੇ ਤੂੰ ਸਾਡੀ ਅਗਲੀ ਫਿਲਮ ਦਾ ਹੀਰੋ ਹੋਵੇਂਗਾ। ਯੂਸਫ ਨੇ ਹੱਸਕੇ ਆਖਿਆ, ਮੈਡਮ ਕਿਉਂ ਗ਼ਰੀਬ ਬੰਦੇ ਦਾ ਮਜ਼ਾਕ ਉਡਾ ਰਹੇ ਹੋ। ਕੋਈ ਚਾਰ ਆਨੇ ਦੀ ਚਾਹ ਵੇਚਣ ਵਾਲਾ ਭੀ ਫਿਲਮੀ ਹੀਰੋ ਬਣਿਆ ਹੈ? ਦੇਵਿਕਾ ਰਾਣੀ ਨੇ ਆਖਿਆ,’ਇਹ ਮਜ਼ਾਕ ਨਹੀਂ। ਤੂੰ ਬਿਸਤਰੇ ਨੂੰ ਰੱਸੀ ਬੰਨ੍ਹ ਕੇ ਰੱਖ ਅਤੇ ਸੁਨੇਹਾ ਮਿਲਦੇ ਹੀ ਬੰਬੇ ਟਾਕੀਜ਼ ਪਹੁੰਚ ਜਾਵੀਂ।
ਸੁਨੇਹਾ ਮਿਲਦੇ ਹੀ ਯੂਸਫ ਬੰਬਈ ਪਹੁੰਚ ਗਿਆ। ਫਿਲਮ ਨਿਰਮਾਤਾ ਅਪਣੀ ਟੀਮ ਲੈ ਕੇ ਤਿਆਰ ਬੈਠਾ ਸੀ। ਸਾਰਾ ਪੱਕ ਠੱਕ ਹੋ ਗਿਆ ਤਾਂ ਯੂਸਫ ਨੇ ਆਖਿਆ, ਜੇ ਮੇਰੇ ਬਾਪ ਨੂੰ ਪਤਾ ਲੱਗ ਗਿਆ ਕਿ ਮੈਂ ਕਾਰੋਵਾਰ ਛੱਡਕੇ ਫਿਲਮ ਨਗਰੀ ਵਿੱਚ ਪਹੁੰਚ ਗਿਆ ਹਾਂ ਤਾਂ ਮੇਰੀ ਮੰਜੀ ਠੁਕ ਜਾਵੇਗੀ। ਗਰੁੱਪ ਵਿੱਚ ਇੱਕ ਵਿਅਕਤੀ ਨਰਿੰਦਰ ਸ਼ਰਮਾ ਸੀ। ਉਸ ਨੇ ਆਖਿਆ,’ਯੂਸਫ ਫਿਕਰ ਨਾ ਕਰ ਆਪਾਂ ਤੇਰਾ ਨਾਮ ਬਦਲ ਦਿੰਦੇ ਹਾਂ। ਉਸਨੇ ਤਿੰਨ ਨਾਮ ਤਜਵੀਜ਼ ਕੀਤੇ। ਉਹ ਨਾਮ ਸਨ,ਵਾਸੂਦੇਵ,ਜਹਾਂਗੀਰ ਅਤੇ ਦਲੀਪ ਕੁਮਾਰ। ਯੂਸਫ ਨੇ ਆਖਿਆ ਦਲੀਪ ਕੁਮਾਰ ਠੀਕ ਹੈ। ਇੱਕ ਹੋਰ ਹਿੰਦੀ ਲਿਖਾਰੀ ਭਗਵਾਨ ਚੰਦ ਵਰਮਾ ਭੀ ਹਾਜਰ ਸੀ, ਉਸਨੇ ਭੀ ਪੁਸ਼ਟੀ ਕਰ ਦਿੱਤੀ ਅਤੇ ਨਾਲ ਹੀ ਦੇਵਿਕਾ ਰਾਣੀ ਨੇ ਭੀ ਹਾਂ ਕਰ ਦਿੱਤੀ। ਹੁਣ ਮੁਹੰਮਦ ਯੂਸਫ ਖਾਨ ਸਦਾ ਲਈ ਦਲੀਪ ਕੁਮਾਰ ਬਣ ਗਿਆ। ਫਿਲਮ ਦੀ ਸ਼ੂਟਿੰਗ ਅਰੰਭ ਹੋਈ। ਅਭਿਨੇਤਰੀ ਰਾਮਾ ਗੂਹਾ ਸੀ। ਹੋਰ ਉੱਘੇ ਕਲਾਕਾਰ ਸਨ, ਕੇ.ਅੇਨ.ਸਿੰਘ, ਆਗ਼ਾ ਅਤੇ ਮੁਮਤਾਜ਼ ਅਲੀ (ਮਹਿਮੂਦ ਦਾ ਬਾਪ)। ਫਿਲਮ ਦਾ ਸੰਗੀਤ ਅਨੀਲ ਵਿਸ਼ਵਾਸ਼ ਨੇ ਦਿੱਤਾ। ਫਿਲਮ ਦਾ ਨਾਮ ਸੀ ਜਵਾਰ ਭਾਟਾ। ਇਹ ਫਿਲਮ ੧੯੪੪ ਵਿੱਚ ਪਰਦੇ ਤੇ ਆਈ ਪਰ ਜ਼ਿਆਦਾ ਸਫਲਤਾ ਨਾ ਮਿਲੀ। ਅਗਲੇ ਦੋ ਸਾਲਾਂ ਵਿੱਚ ਕੁਝ ਫਿਲਮਾਂ ਮਿਲੀਆਂ ਪਰ ਰੋਟੀ ਟੁੱਕ ਹੀ ਚੱਲਿਆ।
1947 ਵਿੱਚ ਸ਼ੌਕਤ ਹੁਸੈਨ ਰਿਜ਼ਵੀ ਨੇ ਅਪਣੀ ਫਿਲਮ ਜੁਗਨੂ ਲਈ ਦਲੀਪ ਕੁਮਾਰ ਨੂੰ ਹੀਰੋ ਲਈ ਚੁਣਿਆ। ਫਿਲਮ ਦੀ ਅਭਿਨੇਤਰੀ ਨੂਰ ਜਹਾਂ ਸੀ। ਹੁਣ ਮੁਹੰਮਦ ਰਫ਼ੀ ਭੀ ਗਾਇਕ ਬਣਕੇ ਮੈਦਾਨ ਵਿੱਚ ਆ ਗਿਆ ਸੀ। ਸੰਗੀਤਕਾਰ ਫਿਰੋਜ਼ ਨਿਜ਼ਾਮੀ ਨੇ ਮੁਹੱਮਦ ਰਫ਼ੀ ਨੂੰ ਦਲੀਪ ਕੁਮਾਰ ਦਾ ਪਿੱਠਵਰਤੀ ਗਾਇਕ ਚੁਣਿਆ। ਇਸ ਫਿਲਮ ਲਈ ਤਨਵੀਰ ਨਕਵੀ ਦਾ ਲਿਖਿਆ ਦੋਗਾਣਾ ਨੂਰ ਜਹਾਂ ਅਤੇ ਮੁਹੰਮਦ ਰਫ਼ੀ ਨੇ ਗਾਇਆ। ਗਾਣੇ ਦੇ ਬੋਲ ਸਨ, ਯਹਾਂ ਬਦਲਾ ਵਫ਼ਾ ਕਾ ਬੇਵਫ਼ਾਈ ਕੇ ਸਿਵਾ ਕਿਆ ਹੈ। 1947 ਵਿੱਚ ਰੀਕਾਰਡ ਹੋਇਆ ਗਾਣਾ ਅੱਜ ਵੀ ਸੰਗੀਤ ਪ੍ਰੇਮੀਆਂ ਦੇ ਘਰਾਂ ਵਿੱਚ ਸੁਣਿਆ ਜਾਂਦਾ ਹੈ। ਇਸ ਦੋਗਾਣੇ ਬਾਰੇ ਇੱਕ ਹੋਰ ਵੀ ਮਹੱਤਵ ਪੂਰਨ ਗੱਲ ਹੈ ਕਿ ਮੁਹੰਮਦ ਰਫ਼ੀ ਨੇ ਸਾਰੀ ਉਮਰ ਵਿੱਚ ਨੂਰ ਜਹਾਂ ਨਾਲ ਸਿਰਫ ਇੱਕ ਗਾਣਾ ਹੀ ਰੀਕਾਰਡ ਕਰਵਾਇਆ ਹੈ। ਜੁਗਨੂ ਫਿਲਮ ਦਲੀਪ ਕੁਮਾਰ ਦੀ ਜ਼ਿੰਦਗੀ ਵਿੱਚ ਇੱਕ ਮੀਲ ਪੱਥਰ ਹੈ ਇਸ ਤੋਂ ਮਗਰੋਂ ਉਸਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਤਲਤ ਮਹਿਮੂਦ ਨੇ ਭੀ ਪਿਠਵਰਤੀ ਗਾਣੇ ਗਾ ਕੇ ਦਲੀਪ ਕੁਮਾਰ ਨੂੰ ਚੋਟੀ ‘ਤੇ ਪਹੁੰਚਣ ਲਈ ਸਹਾਇਤਾ ਕੀਤੀ।
ਅਪਣੇ 54 ਸਾਲ ਦੇ ਫਿਲਮੀ ਸਫਰ ਵਿੱਚ ਦਲੀਪ ਕੁਮਾਰ ਨੇ ਤਕਰੀਬਨ 65 ਫਿਲਮਾਂ ਵਿੱਚ ਅਪਣੀ ਅਦਾਕਾਰੀ ਦੇ ਜੌਹਰ ਦਿਖਾਏ ਅਤੇ ਕਈ ਫਿਲਮਾਂ ਵਿੱਚ ਤਲਵਾਰ ਵੀ ਚਲਾਉਣੀ ਪਈ ਜਿਸ ਕਰਕੇ ਉਸ ਨੂੰ ਟਰੈਜਡੀ ਕਿੰਗ ਭੀ ਆਖਦੇ ਹਨ। 1954 ਵਿੱਚ ਟਾਈਮਜ਼ ਆਫ ਇੰਡੀਆ ਗਰੁੱਪ ਨੇ ਫਿਲਮੀ ਕਲਾਕਾਰਾਂ ਲਈ ਕਲੇਅਰ ਐਵਾਰਡ ਦੇਣੇ ਅਰੰਭ ਕੀਤੇ। ਕਲੇਅਰ ਮੈਨਡੋਨਿਕਾ ਨਾਮ ਦਾ ਕਾਲਮ ਨਵੀਸ ਫਿਲਮਾਂ ਤੇ ਟੀਕਾਟਿਪਨੀ ਲਿਖਦਾ ਹੁੰਦਾ ਸੀ। ਇਹ ਇਨਾਮ ਉਸਦੇ ਨਾਮ ਤੇ ਅਰੰਭ ਕੀਤੇ ਗਏ ਸਨ ਪਰ ਉਸੇ ਸਾਲ ਹੀ ਉਸਦੀ ਮੌਤ ਹੋ ਗਈ। ਕਲੇਅਰ ਐਵਾਰਡ ਦਾ ਨਾਮ ਬਦਲਕੇ ਫਿਲਮ ਫੇਅਰ ਐਵਾਰਡ ਰੱਖ ਦਿੱਤਾ। 1955 ਵਿੱਚ ਪਹਿਲਾ ਫਿਲਮ ਫੇਅਰ ਐਵਾਰਡ ਦਲੀਪ ਕੁਮਾਰ ਨੂੰ ‘ਦਾਗ਼’ ਫਿਲਮ ਦੀ ਅਦਾਕਾਰੀ ਬਦਲੇ ਦਿੱਤਾ ਗਿਆ ਸੀ।
1955 ਵਿੱਚ ਮੁਹੰਮਦ ਰਫ਼ੀ ਨੇ ਉੜਨ ਖਟੋਲਾ ਫਿਲਮ ਲਈ ਗਾਣੇ ਗਾਏ ਅਤੇ ਸਦਾ ਲਈ ਦਲੀਪ ਕੁਮਾਰ ਦਾ ਪਿੱਠਵਰਤੀ ਗਾਇਕ ਬਣ ਗਿਆ। ਦਲੀਪ ਕੁਮਾਰ ਦੀ ਸਭ ਤੋਂ ਚੰਗੀ ਫਿਲਮ ‘ਮੁਗ਼ਲੇ ਆਜ਼ਮ’ ਹੈ ਜੋ 1960 ਵਿੱਵ ਬਣੀ। ਭਾਰਤੀ ਫਿਲਮਾਂ ਦੇ ਸੌ ਸਾਲ ਦੇ ਇਤਹਾਸ ਵਿੱਚ ਇਹ ਸਭ ਤੋਂ ਚੰਗੀ ਫਿਲਮ ਐਲਾਨੀ ਗਈ ਹੈ। 1962 ਵਿੱਚ ਕੁਲੰਬੀਆ ਪਿਕਚਰਜ਼ ਨੇ ਲਾਰੈਂਸ ਆਫ ਅਰੇਬੀਆ ਫਿਲਮ ਬਣਾਈ। ਫਿਲਮ ਦੇ ਡਾਇਰੈਕਟਰ ਡੇਵਿਡ ਲੀਨ ਨੇ ਦਲੀਪ ਕੁਮਾਰ ਨੂੰ ਸ਼ਰੀਫ ਅਲੀ ਦਾ ਕਿਰਦਾਰ ਨਿਭਾਉਣ ਲਈ ਪੇਸ਼ਕਸ਼ ਕੀਤੀ ਪਰ ਦਲੀਪ ਕੁਮਾਰ ਨੇ ਨਾਂਹ ਕਰ ਦਿੱਤੀ ਅਤੇ ਇਹ ਮੌਕਾ ਮਿਸਰ ਦੇ ਉਮਰ ਸ਼ਰੀਫ ਨੂੰ ਮਿਲਿਆ। ਫਿਲਮ ਨੂੰ ਦੋ ਔਸਕਰ ਪੁਰਸਕਾਰ ਮਿਲੇ।
ਦਲੀਪ ਕੁਮਾਰ ਫਿਲਮ ਅਦਾਕਾਰੀ ਵਿੱਚ ਸਭ ਤੋਂ ਅੱਗੇ ਸੀ ਪਰ ਵਿਆਹ ਕਰਵਾਉਣ ਲਈ ਸਭ ਤੋਂ ਫਾਡੀ ਸੀ। ਉਸ ਨੂੰ ਸ਼ਾਦੀ ਕਰਵਾਉਣ ਦੇ ਕਈ ਮੌਕੇ ਮਿਲੇ ਪਰ ਗੱਲ ਸਿਰੇ ਨਾ ਚੜ੍ਹੀ। ਅਖ਼ੀਰ 1966 ਵਿੱਚ ਜਦ ਉਸਦੀ ਉਮਰ 44 ਸਾਲ ਸੀ ਤਾਂ ਉਸਦੀ ਸ਼ਾਦੀ ਨਸੀਮ ਬਾਨੋ ਦੀ ਬੇਟੀ ਸਾਇਰਾ ਬਾਨੋ ਨਾਲ ਹੋਈ ਜੋ ਉਸ ਨਾਲੋਂ 22 ਸਾਲ ਛੋਟੀ ਸੀ। ਕਿਸੇ ਕਾਰਣ ਸਾਇਰਾ ਬਾਨੋ ਮਾਂ ਨਾ ਬਣ ਸਕੀ। ਰਿਸ਼ਤੇਦਾਰਾਂ ਦੀ ਸਲਾਹ ਤੇ ਦਲੀਪ ਕੁਮਾਰ ਨੇ 1982 ਵਿੱਚ 64 ਸਾਲ ਦੀ ਉਮਰ ਵਿੱਚ ਹੈਦਰਾਬਾਦ ਦੀ ਤਲਾਕਸ਼ੁਦਾ ਅਸਮਾ ਨਾਲ ਦੂਸਰੀ ਸ਼ਾਦੀ ਕਰਵਾ ਲਈ, ਪਰ ਦੋ ਸਾਲ ਬਾਅਦ ਹੀ ਤਲਾਕ ਹੋ ਗਿਆ।
ਆਪਣੇ ਫਿਲਮੀ ਜੀਵਨ ਵਿੱਚ ਦਲੀਪ ਕੁਮਾਰ ਨੇ ਉਚਕੋਟੀ ਦੀਆਂ ਫਿਲਮ ਅਭਿਨੇਤਰੀਆਂ ਨਾਲ ਫਿਲਮਾਂ ਕੀਤੀਆਂ ਜਿਨ੍ਹਾਂ ਵਿੱਚੋਂ ਪ੍ਰਸਿੱਧ ਨਾਮ ਇਹ ਹਨ :ਨੂਰ ਜਹਾਂ, ਕਾਮਨੀ ਕੌਸ਼ਲ, ਨਰਗਸ, ਸ਼ਿਆਮਾ, ਮਧੂਬਾਲਾ, ਬੀਨਾ ਰਾਏ, ਮੀਨਾ ਕੁਮਾਰੀ, ਨਿੰਮੀ, ਮਾਲਾ ਸਿਨ੍ਹਾ, ਨੂਤਨ, ਆਪਨੀ ਪਤਨੀ ਸਾਇਰਾ ਬਾਨੋ ਅਤੇ ਕਈ ਹੋਰ। ਉਸ ਦੀਆਂ ਮਸ਼ਹੂਰ ਫਿਲਮਾਂ ਹਨ : ਸ਼ਹੀਦ, ਜੁਗਨੂੰ, ਮੇਲਾ, ਤਰਾਨਾ, ਅੰਦਾਜ਼, ਬਾਬੁਲ, ਦੀਦਾਰ, ਇਨਸਾਨੀਅਤ, ਦਾਗ਼, ਉੜਨ ਖਟੋਲਾ, ਦੇਵਦਾਸ, ਨਯਾਦੌਰ, ਮਧੂਮਤੀ ਮੁਗ਼ਲੇ ਆਜ਼ਮ, ਗੰਗਾ ਜਮੁਨਾ, ਕੋਹਿਨੂਰ, ਰਾਮ ਔਰ ਸ਼ਾਮ ਅਤੇ ਕਈ ਹੋਰ। ਉਸਦੀ ਆਖ਼ਰੀ ਫਿਲਮ ਸੀ ਕਿਲਾ ਜੋ 1998 ਵਿੱਚ ਬਣੀ। ਦਲੀਪ ਕੁਮਾਰ ਦਾ ਫਿਲਮੀ ਸਫਰ 1944 ਤੋਂ 1998 ਤੱਕ ਸੀ।
ਦਲੀਪ ਕੁਮਾਰ ਨੂੰ ਸਭ ਤੋਂ ਜ਼ਿਆਦਾ ਪੁਰਸਕਾਰ ਮਿਲੇ। ਪ੍ਰਸਿੱਧ ਪੁਰਸਕਾਰ ਇਹ ਹਨ : ਫਿਲਮ ਫੇਅਰ ਐਵਾਰਡ 8 ਵਾਰ,1980 ਵਿੱਚ ਬੰਬਈ ਦੇ ਸ਼ਰੀਫ਼ ਦੀ ਪਦਵੀ,1991 ਵਿੱਚ ਪਦਮ ਭੂਸ਼ਨ, 1994 ਵਿੱਚ ਦਾਦਾ ਸਾਹਿਬ ਫਾਲਕੇ ਐਵਾਰਡ,1997 ਵਿੱਚ ਆਂਧਰਾ ਪ੍ਰਦੇਸ਼ ਸਰਕਾਰ ਵੱਲੋਂ ਐਨ.ਟੀ.ਆਰ.ਨੈਸ਼ਨਲ ਐਵਾਰਡ ਅਤੇ 1997 ਵਿੱਚ ਹੀ ਪਾਕਿਸਤਾਨ ਸਰਕਾਰ ਨੇ ਨਿਸ਼ਾਨੇ ਇਮਤਿਆਜ਼ ਨਾਲ ਸਨਮਾਨਤ ਕੀਤਾ। ਕਾਰਗਿਲ ਦੀ ਜੰਗ ਦੌਰਾਨ ਭਾਰਤ ਦੇ ਇੱਕ ਲੀਡਰ ਨੇ ਦਲੀਪ ਕੁਮਾਰ ਨੂੰ ਸੁਨੇਹਾ ਭੇਜਿਆ ਕਿ ਉਹ ਰੋਸ ਵਜੋਂ ਇਹ ਪੁਰਸਕਾਰ ਪਾਕਿਸਤਾਨ ਸਰਕਾਰ ਨੂੰ ਵਾਪਿਸ ਕਰ ਦੇਵੇ। ਪਰ ਦਲੀਪ ਕੁਮਾਰ ਨੇ ਅਜੇਹਾ ਕਰਨ ਤੋ ਨਾਂਹ ਕਰ ਦਿੱਤੀ ਅਤੇ ਆਖਿਆ ਕਿ ਇਹ ਪੁਰਸਕਾਰ ਉਸ ਨੂੰ ਲੜਾਈ ਜਿੱਤਣ ਬਦਲੇ ਨਹੀਂ ਦਿੱਤਾ ਗਿਆ ਬਲਕਿ ਦੋਨਾਂ ਦੇਸ਼ਾਂ ਵਿਚਕਾਰ ਅਮਨ, ਪਿਆਰ ਅਤੇ ਮਿੱਤਰਤਾ ਵਧਾਉਣ ਲਈ ਮੇਰੀ ਸਾਰੀ ਉਮਰ ਦੀ ਘਾਲਣਾ ਲਈ ਦਿੱਤਾ ਗਿਆ ਸੀ ਅਤੇ ਮੈਂ ਸਾਰੀ ਉਮਰ ਇਹ ਕੋਸ਼ਿਸ਼ ਜਾਰੀ ਰੱਖਾਂਗਾ। ਜ਼ਿਆਦਾ ਦਬਾਉ ਪੈਣ ਕਰਕੇ ਦਲੀਪ ਕੁਮਾਰ ਪ੍ਰਧਾਨ ਮੰਤਰੀ ਅਟੱਲ ਬਿਹਾਰੀ ਬਾਜਪਈ ਨੂੰ ਮਿਲਿਆ ਅਤੇ ਹੱਥ ਜੋੜ ਕੇ ਆਖਿਆ, ਜਨਾਬ ਜੇ ਤੁਸੀਂ ਮੈਨੂੰ ਇਹ ਪੁਰਸਕਾਰ ਵਾਪਿਸ
ਕਰਨ ਲਈ ਹੁਕਮ ਦਿੰਦੇ ਹੋ ਤਾਂ ਮੈ ਤੁਹਾਡਾ ਹੁਕਮ ਮੰਨਕੇ ਵਾਪਿਸ ਕਰ ਦਿੰਦਾ ਹਾਂ। ਪਰ ਵਾਜਪਈ ਸਾਹਿਬ ਨੇ ਆਖਿਆ ਕਿ ਇਹ ਪੁਰਸਕਾਰ ਤੈਨੂੰ ਤੇਰੀ ਈਮਾਨਦਾਰੀ ਅਤੇ ਸਖਤ ਮਿਹਨਤ ਬਦਲੇ ਮਿਲਿਆ ਹੈ ਅਤੇ ਇਸ ਨੂੰ ਛਾਤੀ ਨਾਲ ਲਾ ਕੇ ਰੱਖ।
ਦਲੀਪ ਕੁਮਾਰ ਇੱਕ ਬਹੁਤ ਹੀ ਸ਼ਰੀਫ, ਈਮਾਨਦਾਰ ਅਤੇ ਦਲੇਰ ਇਨਸਾਨ ਸੀ। ਉਸਨੇ ਕਦੀ ਕਿਸੇ ਨਾਲ ਲੜਾਈ ਝਗੜਾ ਨਹੀਂ ਕੀਤਾ। ਖਾੜਕੂਵਾਦ ਦੇ ਦਿਨਾਂ ਵਿੱਚ ਜਦ ਇੱਕ ਪੁਲਸ ਆਫੀਸਰ ਨੇ ਆਪਣੇ ਲੜਕੇ ਦੀ ਸ਼ਾਦੀ ਦੌਰਾਨ ਗਾਇਕ ਦਿਲਸ਼ਾਦ ਅਖ਼ਤਰ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਸੀ ਤਾਂ ਪੰਜਾਬ ਦੇ ਸਾਰੇ ਕਲਾਕਾਰ ਖੱਡੀਂ ਵੜ ਗਏ ਸਨ ,ਪਰ ਦਲੀਪ ਕੁਮਾਰ ਨੇ ਸ਼ੇਰ ਵਾਂਗ ਗਰਜ ਕੇ ਆਖਿਆ ਸੀ,”ਹਮੇਂ ਭੀ ਜੀਨੇ ਕਾ ਹੱਕ ਹੈ”।
ਪਿਛਲੇ ਕੁਝ ਸਾਲਾਂ ਤੋਂ ਖਰਾਬ ਸਹਿਤ ਅਤੇ ਦਿਮਾਗੀ ਕਮਜ਼ੋਰੀ ਕਾਰਨ ਇਹ ਮਹਾਨ ਕਲਾਕਾਰ ਮੰਜੇ ਜੋਗਾ ਹੀ ਰਹਿ ਗਿਆ। ਕਈ ਵਾਰ ਉਸ ਨੂੰ ਹਸਪਤਾਲ ਭੀ ਜਾਣਾ ਪਿਆ। ਉਸਦੀ ਬੇਗ਼ਮ ਸਾਇਰਾ ਬਾਨੋ ਨੇ ਦਿਨ ਰਾਤ ਉਸਦੀ ਸੇਵਾ ਕੀਤੀ। ਕੁਝ ਸਾਲ ਹੋਏ ਭਾਰਤ ਸਰਕਾਰ ਨੇ ਉਸ ਨੂੰ ਪਦਮ ਭਿਬੂਸ਼ਨ ਪੁਰਸਕਾਰ ਨਾਲ ਨਿਵਾਜਿਆ।
ਕਰੋਨਾ ਦੀ ਨਾਮੁਰਾਦ ਬੀਮਾਰੀ ਕਾਰਨ ਉਸਦੇ ਦੋ ਭਰਾ ਅੱਲ੍ਹਾ ਨੂੰ ਪਿਆਰੇ ਹੋ ਗਏ। ਅਪਣੇ ਸੁਆਸਾਂ ਦੀ ਪੂੰਜੀ ਸਮਾਪਤ ਕਰਕੇ ਅਖ਼ੀਰ ਇਹ ਅਨਮੋਲ ਹੀਰਾ ਵੀ ਇਸ ਫ਼ਾਨੀ ਦੁਨੀਆ ਨੂੰ ਅਲਵਿਦਾ ਕਹਿ ਗਿਆ। ਫਿਲਮ ਪ੍ਰੇਮੀਆਂ ਦੀ ਇਹ ਤਮੰਨਾ ਸੀ ਕਿ ਸਾਹਿਰ ਲੁਧਿਆਣਵੀ, ਨੌਸ਼ਾਦ, ਮੁਹੰਮਦ ਰਫ਼ੀ ਅਤੇ ਦਲੀਪ ਕੁਮਾਰ ਦੇ ਮਜ਼ਾਰ ਇੱਕ ਥਾਂ ਹੀ ਬਨਣ, ਪਰ ਮੁੰਬਈ ਦੇ ਕਬਰਿਸਤਾਨ ਵਿੱਚ ਥਾਂ ਘੱਟ ਹੋਣ ਕਰਕੇ ਫਿਲਮ ਪ੍ਰਰੇਮੀਆਂ ਦੀ ਇਹ ਤਮੰਨਾ ਪੂਰੀ ਨਾ ਹੋ ਸਕੀ।

Check Also

ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਨਹੀਂ ਮਿਲਿਆ ਬਹੁਮਤ

ਭਾਜਪਾ ਨੂੰ ਸਿਰਫ਼ 241 ਸੀਟਾਂ ਨਾਲ ਕਰਨਾ ਪਿਆ ਸਬਰ ਚੋਣ ਨਤੀਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ …