Breaking News
Home / Special Story / ਬੱਚਿਆਂ ਲਈ ਸਿੱਖਿਆਦਾਇਕ ਕਹਾਣੀ : ਅੰਕੁਰ ਦੇ ਅਜਬ ਕਾਰਨਾਮੇ

ਬੱਚਿਆਂ ਲਈ ਸਿੱਖਿਆਦਾਇਕ ਕਹਾਣੀ : ਅੰਕੁਰ ਦੇ ਅਜਬ ਕਾਰਨਾਮੇ

ਡਾ. ਦੇਵਿੰਦਰ ਪਾਲ ਸਿੰਘ
ਇੱਕ ਵਾਰ ਦੀ ਗੱਲ ਹੈ, ਇੱਕ ਹਰੇ ਭਰੇ ਜੰਗਲ ਵਿੱਚ, ਅੰਕੁਰ ਨਾਮ ਦਾ ਇੱਕ ਛੋਟਾ ਜਿਹਾ ਪੌਦਾ ਰਹਿੰਦਾ ਸੀ। ਅੰਕੁਰ ਵੀ ਹੋਰ ਬੂਟਿਆਂ ਵਾਂਗ ਹੀ ਸੀ, ਪਰ ਉਹ ਅਕਸਰ ਇੱਕ ਮਜ਼ਬੂਤ ਰੁੱਖ ਬਣਨ ਅਤੇ ਜੰਗਲ ਤੋਂ ਬਾਹਰਲੇ ਸੰਸਾਰ ਨੂੰ ਦੇਖਣ ਦੇ ਸੁਪਨੇ ਦੇਖਦਾ ਸੀ।
ਨਿੱਘੀ ਧੁੱਪ ਨੂੰ ਮਾਣਦਾ, ਅਤੇ ਮੀਂਹ ਦੇ ਸ਼ਰਬਤਨੁਮਾ ਪਾਣੀ ਨੂੰ ਪੀਂਦਾ ਹੈ, ਉਹ ਹਰ ਲੰਘਦੇ ਦਿਨ ਦੇ ਨਾਲ ਥੋੜ੍ਹਾ ਜਿਹਾ ਹੋਰ ਉੱਚਾ ਅਤੇ ਮਜ਼ਬੂਤ ਹੁੰਦਾ ਜਾ ਰਿਹਾ ਸੀ। ਪਰ ਵਾਧੇ ਦੇ ਨਾਲ-ਨਾਲ, ਅੰਕੁਰ ਜੰਗਲ ਦੇ ਸਿਆਣੇ ਬਜ਼ੁਰਗ ਰੁੱਖਾਂ ਦੇ ਸਾਥ ਵਿਚ ਕੀਮਤੀ ਸਬਕ ਵੀ ਸਿੱਖ ਰਿਹਾ ਸੀ।
ਇੱਕ ਦਿਨ, ਜਦੋਂ ਅੰਕੁਰ ਸੂਰਜ ਦੀ ਨਿੱਘੀ ਨਿੱਘੀ ਧੁੱਪ ਦਾ ਆਨੰਦ ਮਾਣ ਰਿਹਾ ਸੀ, ਤਾਂ ਉਸ ਨੂੰ ਇੱਕ ਹਲਕੀ ਜਿਹੀ ਅਵਾਜ਼ ਸੁਣਾਈ ਦਿੱਤੀ ਜੋ ਉਸ ਨੂੰ ਬੁਲਾ ਰਹੀ ਸੀ। ਇਹ ਬਜ਼ੁਰਗ ਪਿੱਪਲ ਦੇ ਬੋਲ ਸਨ, ਜੋ ਜੰਗਲ ਦਾ ਸਭ ਤੋਂ ਪੁਰਾਣਾ ਰੁੱਖ ਸੀ। ”ਅੰਕੁਰ, ਪਿਆਰੇ ਪੁੱਤਰ,” ਪਿੱਪਲ ਨੇ ਕਿਹਾ, ”ਮੈਂ ਤੇਰੇ ਵਿੱਚ ਕੁਝ ਨਵਾਂ ਜਾਨਣ ਦੀ ਤੀਬਰ ਇੱਛਾ ਦੇਖ ਰਿਹਾ ਹਾਂ। ਇਹ ਦੇਖ ਮੈਨੂੰ ਇਕ ਕਹਾਣੀ ਯਾਦ ਆ ਗਈ ਹੈ। ਕੀ ਤੂੰ ਇਹ ਰੌਚਕ ਕਹਾਣੀ ਸੁਨਣੀ ਚਾਹੇਗਾ?”
ਉਤਸੁਕਤਾ ਨਾਲ, ਅੰਕੁਰ ਨੇ ਸਿਰ ਹਿਲਾਂਦਿਆ ਹਾਮੀ ਭਰੀ। ਤਦ ਹੀ ਪਿੱਪਲ ਨੇ ਕਹਾਣੀ ਸੁਣਾਉਣੀ ਸ਼ੁਰੂ ਕੀਤੀ: ”ਇੱਕ ਵਾਰ, ਨਮੋਲ ਨਾਮੀ ਇੱਕ ਛੋਟਾ ਜਿਹਾ ਬੂਟਾ ਸੀ, ਜੋ ਜੰਗਲ ਵਿੱਚ ਸਭ ਤੋਂ ਉੱਚਾ ਨਿੰਮ ਬਣਨ ਦਾ ਸੁਪਨਾ ਲੈਂਦਾ ਸੀ। ਪਰ ਸਹੀ ਸਮੇਂ ਦੀ ਉਡੀਕ ਕਰਨ ਦੀ ਬਜਾਏ, ਨਮੋਲ ਬੇਸਬਰ ਹੋ ਗਿਆ, ਅਤੇ ਉਸ ਨੇ ਆਪਣੀਆਂ ਜੜ੍ਹਾਂ ਨੂੰ ਉਪਰ ਵੱਲ ਖਿੱਚ ਅਤੇ ਪੱਤਿਆਂ ਨੂੰ ਉਪਰ ਵੱਲ ਕਰ, ਤੇਜ਼ੀ ਨਾਲ ਉੱਚਾ ਹੋਣ ਦੀ ਕੋਸ਼ਿਸ਼ ਕੀਤੀ। ਪਰ ਅਫਸੋਸ, ਪਹਿਲੀ ਹਨੇਰੀ ਦੀ ਆਮਦ ਨਾਲ ਹੀ ਉਹ ਢਹਿ ਢੇਰੀ ਹੋ ਗਿਆ ਅਤੇ ਬਰਸਾਤ ਦਾ ਪਾਣੀ ਉਸ ਨੂੰ ਰੋੜ੍ਹ ਕੇ ਲੈ ਗਿਆ।
ਅੰਕੁਰ! ਸੱਚ ਇਹ ਹੈ ਕਿ ਚੰਗੀਆਂ ਚੀਜ਼ਾਂ ਦੇ ਬਨਣ ਵਿਚ ਸਮਾਂ ਲੱਗਦਾ ਹੈ। ਜਿਵੇਂ ਇੱਕ ਰੁੱਖ ਨੂੰ ਉੱਚਾ ਅਤੇ ਮਜ਼ਬੂਤ ਹੋਣ ਲਈ ਸਮਾਂ ਚਾਹੀਦਾ ਹੈ, ਸਾਨੂੰ ਵੀ ਧੀਰਜ ਰੱਖਣਾ ਚਾਹੀਦਾ ਹੈ ਅਤੇ ਆਪਣੇ ਸਹੀ ਵਾਧੇ ਦੀ ਕ੍ਰਿਆ ਵਿੱਚ ਭਰੋਸਾ ਕਰਨਾ ਚਾਹੀਦਾ ਹੈ।”
ਅੰਕੁਰ ਨੇ ਬਜ਼ੁਰਗ ਪਿੱਪਲ ਦੀ ਕਹਾਣੀ ਨੂੰ ਧਿਆਨ ਨਾਲ ਸੁਣਿਆ ਤੇ ਕਹਾਣੀ ਦੇ ਸਬਕ ਨੂੰ ਪੱਲੇ ਬੰਨ ਲਿਆ। ਉਸ ਦਿਨ ਤੋਂ, ਉਸ ਨੇ ਆਪਣਾ ਹਰ ਕੰਮ ਧੀਰਜ ਅਤੇ ਲਗਨ ਨਾਲ ਕਰਨ ਦਾ ਫੈਸਲਾ ਕਰ ਲਿਆ।
ਜਿਵੇਂ-ਜਿਵੇਂ ਰੁੱਤਾਂ ਬੀਤਦੀਆਂ ਗਈਆਂ, ਅੰਕੁਰ ਵਧਦਾ ਰਿਹਾ, ਉਸ ਦੀਆਂ ਜੜ੍ਹਾਂ ਧਰਤੀ ਵਿੱਚ ਡੂੰਘੀਆਂ ਚਲੀਆਂ ਗਈਆਂ ਅਤੇ ਉਸ ਦੀਆਂ ਟਾਹਣੀਆਂ ਅਸਮਾਨ ਵੱਲ ਵੱਧਦੀਆਂ ਗਈਆਂ। ਦਿਨਾਂ ਦੇ ਗੁਜ਼ਰਣ ਦੇ ਬਾਵਜੂਦ, ਉਸ ਨੇ ਬਜ਼ੁਰਗ ਪਿੱਪਲ ਦੇ ਸ਼ਬਦਾਂ ਨੂੰ ਯਾਦ ਰੱਖਿਆ ਅਤੇ ਜੀਵਨ ਦੇ ਵਿਕਾਸ ਦੌਰਾਨ ਧੀਰਜ ਦੀ ਪਾਲਣਾ ਕੀਤੀ, ਕਿਉਂ ਕਿ ਉਹ ਜਾਣਦਾ ਸੀ ਕਿ ਚੰਗੀਆਂ ਚੀਜ਼ਾਂ ਸਮੇਂ ਸਿਰ ਹੀ ਵਾਪਰਦੀਆਂ ਹਨ।
ਸਬਰ ਨਾਲ ਗੁਜਾਰੇ ਕਈ ਸਾਲਾਂ ਤੋਂ ਬਾਅਦ, ਇੱਕ ਦਿਨ, ਅੰਕੁਰ ਨੇ ਅਜਬ ਖਿੱਚ ਮਹਿਸੂਸ ਕੀਤੀ ਜੋ ਉਸ ਨੂੰ ਕੁਝ ਨਵਾਂ ਕਰਨ ਤੇ ਜਾਨਣ ਲਈ ਉਕਸਾ ਰਹੀ ਸੀ। ਹੁਣ ਤਕ ਉਸ ਦੀਆਂ ਜੜ੍ਹਾਂ ਜ਼ਮੀਨ ਵਿੱਚ ਮਜ਼ਬੂਤੀ ਨਾਲ ਗੱਡੀਆਂ ਜਾ ਚੁੱਕੀਆਂ ਸਨ ਅਤੇ ਤੇਜ਼ ਹਵਾਵਾਂ ਵਿਚ ਵੀ ਉਸ ਦੀਆਂ ਮਜ਼ਬੂਤ ਟਹਿਣੀਆਂ ਸਹਿਜ ਨਾਲ ਹਿਲਦੀਆਂ ਸਨ। ਅੰਕੁਰ ਆਪਣੇ ਸੁਪਨੇ ਦੀ ਸਾਕਾਰਤਾ ਲਈ ਖੁੱਦ ਤਾਂ ਆਪਣੇ ਥਾਂ ਤੋਂ ਚਾਲੇ ਨਹੀਂ ਸੀ ਪਾ ਸਕਦਾ ਪਰ ਉਸ ਦੀ ਰੂਹ ਤਾਂ ਸਮਾਂ ਤੇ ਸਥਾਨ ਦੇ ਬੰਧਨਾਂ ਤੋਂ ਮੁਕਤ ਸੀ। ਜੰਗਲ ਤੋਂ ਪਾਰ ਦੇ ਸੰਸਾਰ ਬਾਰੇ ਜਾਨਣ ਲਈ ਉਹ ਹਰ ਰੋਜ਼ ਯਾਤਰਾ ਉੱਤੇ ਚੱਲ ਪੈਣ ਦੇ ਸੁਪਨੇ ਦੇਖਣ ਲੱਗਾ।
ਅਚਾਨਕ ਇਕ ਦਿਨ ਅਜਬ ਘਟਨਾ ਵਾਪਰੀ। ਉਸ ਸਵੇਰ ਜਦ ਉਹ ਰਾਤ ਦੀ ਨੀਂਦ ਤੋਂ ਜਾਗਿਆ ਤਾਂ ਉਸ ਦੇਖਿਆ ਕਿ ਉਹ ਤੁਰ ਫਿਰ ਸਕਦਾ ਹੈ। ਉਹ ਖੁਸ਼ੀ ਨਾਲ ਝੂੰਮ ਉੱਠਿਆ। ਅਗਲੇ ਹੀ ਦਿਨ ਉਸ ਨੇ ਆਪਣੇ ਮਨਪਸੰਦ ਸਫ਼ਰ ਉੱਤੇ ਜਾਣ ਲਈ ਬਜ਼ੁਰਗ ਪਿੱਪਲ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਤੇ ਆਪਣੇ ਸੰਗੀ-ਸਾਥੀਆਂ ਤੋਂ ਵਿਦਾ ਲੈ, ਅਣਜਾਣੀ ਮੰਜ਼ਿਲ ਵੱਲ ਚਾਲੇ ਪਾ ਦਿੱਤੇ।
ਜਿਵੇਂ ਹੀ ਅੰਕੁਰ ਜੰਗਲ ਦੇ ਜਾਣੇ-ਪਛਾਣੇ ਚੌਗਿਰਦੇ ਤੋਂ ਬਾਹਰ ਨਿਕਲਿਆ, ਉਸ ਨੂੰ ਇੱਕ ਤੇਜ਼ੀ ਨਾਲ ਵਗ ਰਹੀ ਨਦੀ ਨਜ਼ਰ ਆਈ ਜੋ ਉਸ ਦਾ ਰਾਹ ਰੋਕੀ ਖੜ੍ਹੀ ਸੀ। ਆਪਣੀ ਯਾਤਰਾ ਨੂੰ ਜਾਰੀ ਰੱਖਣ ਲਈ ਦ੍ਰਿੜ ਸੰਕਲਪ, ਅੰਕੁਰ ਨੇ ਡੂੰਘਾ ਸਾਹ ਲਿਆ ਅਤੇ ਬਹੁਤ ਹੀ ਸਾਵਧਾਨੀ ਨਾਲ ਪਾਣੀ ਵਿਚ ਠਿੱਲ ਪਿਆ। ਹੌਲੇ ਹੌਲੇ ਕਦਮ ਪੁੱਟਦਾ ਉਹ ਅੱਗੇ ਵੱਧਦਾ ਜਾ ਰਿਹਾ ਸੀ। ਪਾਣੀ ਦੀਆਂ ਛੱਲਾਂ ਨੇ ਉਸ ਨੂੰ ਸਿਰ ਤੋਂ ਪੈਰਾਂ ਤਕ ਗਿੱਲਾ ਕਰ ਦਿੱਤਾ ਸੀ। ਠੰਢੇ ਪਾਣੀ ਕਾਰਣ ਹੁਣ ਤਾਂ ਉਹ ਕਾਂਬਾ ਵੀ ਮਹਿਸੂਸ ਕਰ ਰਿਹਾ ਸੀ। ਪਰ ਉਸ ਧੀਰਜ ਦਾ ਪੱਲਾ ਨਾ ਛੱਡਿਆ। ਹੌਲੇ ਹੌਲੇ ਅੱਗੇ ਵੱਧਦਾ ਉਹ ਨਦੀ ਪਾਰ ਕਰ ਹੀ ਗਿਆ। ਅੱਗੇ ਕੀ ਹੋਰ ਅਜਬ ਵਾਪਰ ਸਕਦਾ ਹੈ ਬਾਰੇ ਸੋਚ ਉਸ ਦਾ ਦਿਲ ਤੇਜ਼ੀ ਨਾਲ ਧੱਕ ਧੱਕ ਕਰ ਰਿਹਾ ਸੀ।
ਨਦੀ ਦੇ ਪਾਰ ਮੌਜੂਦ ਜੰਗਲ ਵਿੱਚ, ਅੰਕੁਰ ਨੂੰ ਗੁਆਚੇ ਹੋਏ ਖ਼ਰਗੋਸ਼ਾਂ ਦਾ ਇੱਕ ਪਰਿਵਾਰ ਮਿਲਿਆ ਜੋ ਆਪਣੇ ਘਰ ਦਾ ਰਸਤਾ ਲੱਭ ਰਿਹਾ ਸੀ। ਸ਼ਾਮ ਦੇ ਘੁਸਮੁਸੇ ਵਿਚ ਉਹ ਪਰਿਵਾਰ ਡਾਢਾ ਦੁਖੀ ਨਜ਼ਰ ਆ ਰਿਹਾ ਸੀ। ਉਨ੍ਹਾਂ ਦੀ ਦੁੱਖੀ ਹਾਲਤ ਦੇਖਦਿਆਂ, ਅੰਕੁਰ ਨੇ ਉਨ੍ਹਾਂ ਦੀ ਮਦਦ ਕਰਨ ਦਾ ਮਨ ਬਣਾ ਲਿਆ। ਉਸ ਨੇ ਨਿੱਕੜੇ ਖ਼ਰਗੋਸ਼ਾਂ ਨੂੰ ਆਪਣੀਆਂ ਪੱਤੇਦਾਰ ਸ਼ਾਖਾਵਾਂ ਦੇ ਹੇਠਾਂ ਛੁੱਪ ਕੇ, ਤਾਰਿਆਂ ਦੀ ਸਥਿਤੀ ਤੇ ਸੇਧ ਦੀ ਵਰਤੋਂ ਨਾਲ ਉਨ੍ਹਾਂ ਦੇ ਘੁਰਨੇ ਵਲ ਚਲਦੇ ਰਹਿਣ ਦੀ ਸਲਾਹ ਦਿੱਤੀ। ਇੰਝ ਅੰਕੁਰ ਨੇ, ਖ਼ਰਗੋਸ਼ਾਂ ਦੇ ਟੱਬਰ ਨੂੰ ਖੌਫ਼ਨਾਕ ਜੰਗਲੀ ਰਸਤੇ ਵਿਚੋਂ ਸਹੀ ਸਲਾਮਤ ਲੰਘਾ, ਉਨ੍ਹਾਂ ਦੇ ਘੁਰਨੇ ਤਕ ਪੁੱਜਣ ਵਿਚ ਮਦਦ ਕੀਤੀ। ਖ਼ਰਗੋਸ਼ਾਂ ਦਾ ਇਹ ਟੱਬਰ ਅੰਕੁਰ ਦੀ ਮਦਦ ਲਈ ਡਾਢਾ ਸ਼ੁਕਰਗੁਜ਼ਾਰ ਹੋਇਆ। ਉਨ੍ਹਾਂ ਨੇ ਜੰਗਲ ਬਾਰੇ ਕਈ ਦਿਲਚਸਪ ਕਿੱਸੇ ਵੀ ਅੰਕੁਰ ਨਾਲ ਸਾਂਝੇ ਕੀਤੇ। ਖ਼ਰਗੋਸ਼ਾਂ ਦੇ ਟੱਬਰ ਨੂੰ ਫਿਰ ਮਿਲਣ ਦਾ ਵਾਅਦਾ ਕਰ ਅੰਕੁਰ ਆਪਣੇ ਸਫ਼ਰ ਉੱਤੇ ਫਿਰ ਚਲ ਪਿਆ। ਜਿਵੇਂ ਹੀ ਅੰਕੁਰ ਅੱਗੇ ਵਧਿਆ, ਅਚਾਨਕ ਹੀ ਭਿਆਨਕ ਤੂਫ਼ਾਨ ਨੇ ਉਸ ਨੂੰ ਘੇਰ ਲਿਆ। ਤੇਜ਼ ਹਵਾ ਦੇ ਸ਼ੂਕਣ ਦੀ ਆਵਾਜ਼ ਤੇ ਬੱਦਲਾਂ ਦੀ ਗੜਗੜਾਹਟ ਕੰਨ ਪਾੜ੍ਹਵੀ ਸੀ। ਕਾਲੇ ਅੰਬਰ ਵਿਚ ਬਿਜਲੀ ਦੀ ਤੇਜ਼ ਚਮਕ ਭਿਆਨਕ ਮੰਜ਼ਿਰ ਪੇਸ਼ ਕਰ ਰਹੀ ਸੀ। ਤੇਜ਼ ਹਵਾ ਦਾ ਤਾਕਤਵਰ ਦੈਂਤ ਛੋਟੇ ਰੁੱਖਾਂ ਨੂੰ ਜੜ੍ਹੋਂ ਪੁੱਟ ਇਧਰ ਉਧਰ ਸੁੱਟਦਾ, ਵੱਡੇ ਰੁੱਖਾਂ ਦੇ ਡਾਹਲੇ ਤੋੜ੍ਹਦਾ ਅੱਗੇ ਵੱਧਦਾ ਜਾ ਰਿਹਾ ਸੀ। ਖ਼ਤਰੇ ਦੇ ਬਾਵਜੂਦ, ਅੰਕੁਰ, ਇਕ ਵੱਡੇ ਰੁੱਖ ਦੀ ਓਟ ਵਿਚ, ਸਿੱਧਾ ਅਤੇ ਅਡੋਲ ਖੜ੍ਹਾ ਸੀ। ਤੂਫਾਨੀ ਦੈਂਤ ਦੇ ਕ੍ਰੋਪ ਤੋਂ ਡਰੇ ਹੋਏ ਕਿੰਨ੍ਹੇ ਹੀ ਜੰਗਲੀ ਜੀਵ ਅੰਕੁਰ ਦੀਆਂ ਸ਼ਾਖਾਵਾਂ ਹੇਠ ਆ ਛੁੱਪੇ ਸਨ। ਉਸ ਰਾਤ ਬਹੁਤ ਦੇਰ ਤਕ ਤੂਫਾਨੀ ਦੈਂਤ ਆਪਣਾ ਗੁੱਸਾ ਜ਼ਾਹਿਰ ਕਰਦਾ ਰਿਹਾ। ਜਿਵੇਂ ਹੀ ਸਵੇਰ ਦੀ ਲਾਲੀ ਪ੍ਰਗਟ ਹੋਈ, ਰਾਤ ਭਰ ਦੀ ਜਦੋ ਜਹਿਦ ਤੋਂ ਥੱਕ ਤੂਫਾਨੀ ਦੈਂਤ ਆਖ਼ਰ ਸ਼ਾਂਤ ਹੋ ਗਿਆ। ਬੇਸ਼ਕ ਚਾਰੇ ਪਾਸੇ ਉਜਾੜੇ ਦਾ ਮਾਹੌਲ ਸੀ, ਪਰ ਜੰਗਲੀ ਜੀਵਾਂ ਨੇ ਤੂਫਾਨੀ ਮੁਸੀਬਤ ਤੋਂ ਛੁਟਕਾਰਾ ਪਾ ਸੁਖ ਦਾ ਸਾਹ ਲਿਆ। ਕਿੰਨ੍ਹੇ ਹੀ ਜੀਵ ਅੰਕੁਰ ਦੀ ਬਹਾਦਰੀ ਦੀ ਦਾਦ ਦੇ ਰਹੇ, ਸਨ ਜਿਸ ਨੇ ਤੂਫਾਨੀ ਦੈਂਤ ਤੋਂ ਉਨ੍ਹਾਂ ਦੀ ਰੱਖਿਆ ਕੀਤੀ ਸੀ। ਉਹ ਸਾਰੇ ਹੀ ਬਹੁਤ ਮਸ਼ਕੂਰ ਜਾਪ ਰਹੇ ਸਨ ਤੇ ਆਪੋ ਆਪਣੇ ਢੰਗ ਨਾਲ ਉਸ ਦਾ ਧੰਨਵਾਦ ਕਰ ਰਹੇ ਸਨ।
ਉਨ੍ਹਾਂ ਜੰਗਲ ਵਾਸੀਆਂ ਤੋਂ ਵਿਦਾਇਗੀ ਲੈ, ਅੰਕੁਰ ਜਿਵੇਂ ਹੀ ਅਣਜਾਣ ਜੰਗਲ ਵਿਚ ਅੱਗੇ ਵਧਿਆ, ਉਹ ਇੱਕ ਉੱਚੇ ਟਿੱਲੇ ਕੋਲ ਪਹੁੰਚ ਗਿਆ, ਜਿੱਥੇ ਲੂੰਬੜਾਂ ਦਾ ਇਕ ਸ਼ਰਾਰਤੀ ਟੋਲਾ ਰਹਿੰਦਾ ਸੀ। ਹਨੇਰਵਾਸੀਆਂ ਵਜੋਂ ਜਾਣੇ ਜਾਂਦੇ ਇਹ ਜਾਨਵਰ, ਧੋਖਾਧੜ੍ਹੀ ਤੇ ਮੱਕਾਰੀ ਵਾਲੇ ਕੰਮਾਂ ਦੇ ਮਾਹਿਰ ਸਨ। ਨਵੀਆਂ ਨਵੀਆਂ ਤਰਕੀਬਾਂ ਤੇ ਚਲਾਕੀਆਂ ਰਾਹੀਂ ਮੁਸੀਬਤ ਪੈਦਾ ਵਿਚ ਉਨ੍ਹਾਂ ਦਾ ਸਾਨੀ ਕੋਈ ਨਹੀਂ ਸੀ। ਉਹ ਜਿੱਥੇ ਵੀ ਜਾਂਦੇ, ਮੁਸੀਬਤ ਹੀ ਪੈਦਾ ਕਰਦੇ ਸਨ। ਜੰਗਲ ਦੇ ਅਨੇਕ ਵਾਸੀ ਇਸ ਟੋਲੇ ਦੇ ਮਾੜੇ ਕੰਮਾਂ ਦਾ ਸ਼ਿਕਾਰ ਹੋ ਚੁੱਕੇ ਸਨ। ਹਰ ਕੋਈ ਇਨ੍ਹਾਂ ਦੀ ਫਿਤਰਤ ਤੋਂ ਡਰਦਾ ਇਨ੍ਹਾਂ ਨਾਲ ਕਿਸੇ ਕਿਸਮ ਦੀ ਸਾਂਝ ਰੱਖਣ ਤੋਂ ਡਰਦਾ ਸੀ।
ਜਿਵੇਂ ਹੀ ਅੰਕੁਰ ਦੀ ਮੁਲਾਕਾਤ ਹਨੇਰਵਾਸੀਆਂ ਨਾਲ ਹੋਈ, ਉਨ੍ਹਾਂ ਅੰਕੁਰ ਦੇ ਰਸਤੇ ਵਿਚ ਰੁਕਾਵਟਾਂ ਪੈਦਾ ਕਰਨ ਵਿਚ ਕੋਈ ਕੋਸ਼ਿਸ਼ ਨਾ ਛੱਡੀ। ਅੰਕੁਰ ਨੇ ਇਸ ਸਮੱਸਿਆਂ ਦੇ ਹੱਲ ਲਈ ਪਹਿਲਾਂ ਤਾਂ ਹਨੇਰਵਾਸੀਆਂ ਨਾਲ ਤਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਆਪਣੇ ਸ਼ਰਾਰਤੀ ਸੁਭਾਅ ਦੇ ਕਾਰਨ, ਹਨੇਰਵਾਸੀ ਤਰਕ ਨੂੰ ਸੁਣਨ ਤੋਂ ਇਨਕਾਰੀ ਹੀ ਰਹੇ। ਸਗੋਂ ਉਲਟਾ ਉਨ੍ਹਾਂ ਅੰਕੁਰ ਦੀ ਨਰਮਦਿਲੀ ਤੇ ਦਿਆਲਤਾ ਭਰੇ ਸੁਭਾਅ ਦਾ ਮਜ਼ਾਕ ਉਡਾਇਆ ਅਤੇ ਉਸ ਨੂੰ ਕਮਜ਼ੋਰ ਤੇ ਬੁਜ਼ਦਿਲ ਤਕ ਕਹਿ ਦਿੱਤਾ।
ਹਨੇਰਵਾਸੀ, ਅੰਕੁਰ ਨੂੰ, ਕਿਸੇ ਵੀ ਤਰ੍ਹਾਂ ਅੱਗੇ ਵੱਧਣ ਤੋਂ ਰੋਕਣ ਦਾ ਪੱਕਾ ਇਰਾਦਾ ਕਰੀ ਬੈਠੇ ਸਨ। ਹਨੇਰਵਾਸੀਆਂ ਨਾਲ ਕੋਈ ਵੀ ਤਰਕ ਸਫ਼ਲ ਨਾ ਹੋਣ ਕਾਰਣ, ਅੰਕੁਰ ਆਪਣੀ ਥਾਂ ਉੱਤੇ ਖੜ੍ਹਾ, ਉਲਝਣ ਅਤੇ ਨਿਰਾਸ਼ਾ ਦੀਆਂ ਭਾਵਨਾਵਾਂ ਮਹਿਸੂਸ ਕਰ ਰਿਹਾ ਸੀ। ਹਨੇਰਵਾਸੀ ਕਿਸੇ ਸ਼ਰਤ ਉੱਤੇ ਵੀ, ਉਸ ਨੂੰ ਉਨ੍ਹਾਂ ਦੇ ਇਲਾਕੇ ਵਿਚੋਂ ਲਾਂਘਾ ਦੇਣ ਤੋਂ ਮੁਨਕਰ ਸਨ। ਹੁਣ ਤਾਂ ਅੰਕੁਰ ਤੇ ਸ਼ਰਾਰਤੀ ਹਨੇਰਵਾਸੀਆਂ ਵਿਚ ਟਕਰਾਉ ਸਿਖ਼ਰ ਉੱਤੇ ਪਹੁੰਚ ਗਿਆ ਸੀ। ਇਸ ਸਮੇਂ ਅੰਕੁਰ ਦੀਆਂ ਸ਼ਾਖਾਵਾਂ ਭਾਵਨਾਵਾਂ ਦੀ ਉਥਲ-ਪੁਥਲ ਕਾਰਣ ਅਜਬ ਢੰਗ ਨਾਲ ਹਿੱਲ ਰਹੀਆਂ ਸਨ।
ਜਿਵੇਂ ਹੀ ਹਨੇਰਵਾਸੀਆਂ ਤੇ ਅੰਕੁਰ ਦੀ ਆਪਸੀ ਕਸ਼ਮਕਸ਼ ਆਪਣੇ ਸਿਖਰ ਉੱਤੇ ਪਹੁੰਚੀ, ਅੰਕੁਰ ਨੇ ਮਹਿਸੂਸ ਕੀਤਾ ਕਿ ਉਸ ਨੂੰ ਹਨੇਰਵਾਸੀਆਂ ਦੀ ਧੱਕੇਸ਼ਾਹੀ ਖ਼ਤਮ ਕਰਨ ਅਤੇ ਜੰਗਲ ਵਿੱਚ ਸ਼ਾਂਤੀ ਦੀ ਬਹਾਲੀ ਲਈ ਆਪਣੀ ਪੂਰੀ ਹਿੰਮਤ ਅਤੇ ਬੁੱਧੀ ਦੀ ਵਰਤੋਂ ਕਰਨੀ ਹੋਵੇਗੀ। ਇੱਕ ਡੂੰਘਾ ਸਾਹ ਲੈਂਦੇ ਹੋਏ, ਅੰਕੁਰ ਨੇ ਆਪਣੀਆਂ ਜੜ੍ਹਾਂ ਨਾਲ ਜ਼ਮੀਨ ਨੂੰ ਪੱਕੀ ਤਰ੍ਹਾਂ ਜਕੜ੍ਹ ਲਿਆ ਅਤੇ ਆਪਣੀਆਂ ਸ਼ਾਖ਼ਾਵਾਂ ਨੂੰ ਪੂਰੀ ਤਾਕਤ ਨਾਲ ਘੁੰਮਾਇਆ। ਜਿਵੇਂ ਹੀ ਸ਼ਾਖਾਵਾਂ ਦਾ ਝੁਰਮਟ ਹਨੇਰਵਾਸੀਆਂ ਦੇ ਟੋਲੇ ਨਾਲ ਪੂਰੇ ਜ਼ੋਰ ਨਾਲ ਟਕਰਾਇਆ, ਤਾਂ ਉਨ੍ਹਾਂ ਦੇ ਟੋਲੇ ਦੇ ਕਿੰਨ੍ਹੇ ਹੀ ਮੈਂਬਰ ਇਸ ਜ਼ੋਰਦਾਰ ਟੱਕਰ ਕਾਰਣ ਦੂਰ ਦੂਰ ਜਾ ਡਿੱਗੇ। ਪਥਰੀਲੇ ਮੈਦਾਨ ਵਿਖੇ ਡਿੱਗਣ ਨਾਲ ਲੱਗੀਆਂ ਸੱਟਾਂ ਕਾਰਣ ਹੁਣ ਉਹ ਮਾਰੇ ਦਰਦ ਦੇ ਉੱਚੀ ਉੱਚੀ ਕੁਰਲਾ ਰਹੇ ਸਨ। ਇਸ ਤੋਂ ਪਹਿਲਾਂ ਕਿ ਉਹ ਸੰਭਲ ਸਕਦੇ, ਅੰਕੁਰ ਗੁੱਸੇ ਨਾਲ ਭਰਿਆ ਪੀਤਾ ਅੱਗੇ ਵਧਿਆ ਤੇ ਦੂਸਰੇ ਹੱਲਾ ਕਰਨ ਹੀ ਲੱਗਾ ਸੀ ਕਿ ਅੰਕੁਰ ਦੇ ਹਮਲਾਕਾਰੀ ਤੇਵਰ ਦੇਖ ਹਨੇਰਵਾਸੀਆਂ ਦੇ ਹੌਂਸਲੇ ਪਸਤ ਹੋ ਗਏ। ਉਨ੍ਹਾਂ ਨਾਲ ਅਜਿਹਾ ਪਹਿਲੀ ਵਾਰ ਵਾਪਰਿਆ ਸੀ ਕਿ ਕਿਸੇ ਜੰਗਲ ਵਾਸੀ ਨੇ ਉਨ੍ਹਾਂ ਦਾ ਇੰਝ ਵਿਰੋਧ ਕੀਤਾ ਹੋਵੇ। ਅਣਕਿਆਸੇ ਹਾਲਾਤ ਤੇ ਸਾਥੀਆਂ ਦੀ ਦੁਰਦਸ਼ਾ ਦੇਖ ਉਹ ਹੈਰਾਨ-ਪ੍ਰੇਸ਼ਨ ਹੋ ਗਏ ਸਨ। ਇਸ ਤੋਂ ਪਹਿਲਾਂ ਕਿ ਉਹ ਅੰਕੁਰ ਦੇ ਗੁੱਸੇ ਦਾ ਹੋਰ ਸ਼ਿਕਾਰ ਬਣਦੇ, ਮਾਰੇ ਡਰ ਦੇ ਉਹ ਦੁੰਮ ਦਬਾ ਨੱਠ ਗਏ। ਹੁਣ ਜੰਗਲ ਦਾ ਇਹ ਖਿੱਤਾ ਬਦਮਾਸ਼ ਹਨੇਰਵਾਸੀਆਂ ਦੇ ਕਬਜ਼ੇ ਤੋਂ ਮੁਕਤ ਹੋ ਚੁੱਕਾ ਸੀ।
ਇਸ ਜਿੱਤ ਪ੍ਰਾਪਤੀ ਕਾਰਣ, ਅੰਕੁਰ ਦੀਆਂ ਸ਼ਾਖਾਵਾਂ ਖੁਸ਼ੀ ਨਾਲ ਕਿਸੇ ਰਾਗਬੱਧ ਤਾਲ ਵਿਚ ਹੌਲੇ ਹੌਲੇ ਨੱਚ ਰਹੀਆਂ ਸਨ। ਜੰਗਲ ਦੇ ਕਿੰਨ੍ਹੇ ਹੀ ਜੀਵ ਉਸ ਦੇ ਆਲੇ ਦੁਆਲੇ ਆ ਇਕੱਠੇ ਹੋਏ। ਉਹ ਸਾਰੇ ਉਸ ਦੀ ਬਹਾਦਰੀ ਅਤੇ ਜੰਗਲ ਵਿਖੇ ਸ਼ਾਂਤੀ ਸਥਾਪਤੀ ਲਈ ਉਸ ਦੇ ਵਿਲੱਖਣ ਯੋਗਦਾਨ ਲਈ ਉਸ ਦਾ ਧੰਨਵਾਦ ਕਰ ਰਹੇ ਸਨ। ਜੰਗਲਵਾਸੀਆਂ ਦੇ ਪਿਆਰ ਤੇ ਸਤਿਕਾਰ ਦਾ ਧੰਨਵਾਦ ਕਰ ਅੰਕੁਰ ਆਪਣੀ ਮੰਜ਼ਿਲ ਦੇ ਆਖ਼ਰੀ ਪੜ੍ਹਾਅ ਵੱਲ ਚਲ ਪਿਆ।
ਬੇਸ਼ਕ ਉਸ ਦੀ ਯਾਤਰਾ ਚੁਣੌਤੀਆਂ ਅਤੇ ਰੁਕਾਵਟਾਂ ਨਾਲ ਭਰੀ ਹੋਈ ਸੀ, ਪਰ ਅੰਕੁਰ ਨੇ ਉਨ੍ਹਾਂ ਸਾਰਿਆਂ ਦਾ ਮੁਕਾਬਲਾ ਬਹਾਦਰੀ ਅਤੇ ਅਡੋਲ ਭਾਵਨਾ ਨਾਲ ਕੀਤਾ, ਕਿਉਂ ਕਿ ਉਹ ਜਾਣਦਾ ਸੀ ਕਿ ਸਬਰ ਅਤੇ ਲਗਨ ਨਾਲ ਕੁਝ ਵੀ ਸੰਭਵ ਸੀ। ਹਰ ਨਵੀਂ ਔਕੜ੍ਹ ਨੇ ਅੰਕੁਰ ਨੂੰ ਦ੍ਰਿੜਤਾ, ਹਿੰਮਤ, ਨਰਮਦਿਲੀ ਅਤੇ ਲਚਕੀਲੇਪਣ ਬਾਰੇ ਕੀਮਤੀ ਸਬਕ ਸਿਖਾਏ। ਉਸ ਦੇ ਸਫ਼ਰ ਦੌਰਾਨ ਉਸ ਨੂੰ ਬਹੁਤ ਸਾਰੇ ਜੀਵ ਮਿਲੇ ਜੋ ਉਸ ਦੇ ਵਿਲਖੱਣ ਗੁਣਾਂ ਤੋਂ ਪ੍ਰਭਾਵਿਤ ਹੋਏ ਬਿਨ੍ਹਾਂ ਨਾ ਰਹਿ ਸਕੇ।
ਜਦ ਤਕ ਅੰਕੁਰ ਵਾਪਸ ਆਪਣੇ ਘਰ ਪੁੱਜਿਆ, ਆਪਣੇ ਅਦਭੁੱਤ ਤਜਰਬਿਆਂ ਸਦਕਾ, ਉਹ ਇੱਕ ਸ਼ਾਨਦਾਰ ਰੁੱਖ ਬਣ ਚੁੱਕਾ ਸੀ, ਇੰਨਾਂ ਉੱਚਾ ਤੇ ਮਜ਼ਬੂਤ ਜਿੰਨ੍ਹਾਂ ਉਸ ਨੇ ਕਦੇ ਸੋਚਿਆ ਵੀ ਨਹੀਂ ਸੀ। ਬੇਸ਼ਕ ਉਸ ਦਾ ਸਫ਼ਰ ਖਤਮ ਹੋ ਗਿਆ ਸੀ, ਪਰ ਉਹ ਜਾਣਦਾ ਸੀ ਕਿ ਉਸ ਨੇ ਆਪਣੇ ਸਫ਼ਰ ਦੌਰਾਨ ਜੋ ਸਬਕ ਸਿੱਖੇ ਸਨ, ਉਹ ਸਦਾ ਲਈ ਉਸਦੇ ਨਾਲ ਰਹਿਣਗੇ।
ਇਸ ਲਈ, ਪਿਆਰੇ ਬੱਚਿਓ, ਛੋਟੇ ਬੂਟੇ ਅੰਕੁਰ ਦੀ ਕਹਾਣੀ ਨੂੰ ਯਾਦ ਰੱਖੋ। ਉਸ ਦੀ ਕਹਾਣੀ ਤੁਹਾਨੂੰ ਹਮੇਸ਼ਾਂ ਇਹ ਯਾਦ ਦਿਵਾਏਗੀ ਕਿ ਤੁਸੀਂ ਜੋ ਵੀ ਕਰੋ ਧੀਰਜ ਅਤੇ ਲਗਨ ਨਾਲ ਕਰੋ। ਅੰਕੁਰ ਵਾਂਗ, ਧੀਰਜ, ਲਗਨ, ਨਰਮਦਿਲੀ, ਨਵਾਂ ਜਾਨਣ ਦੀ ਉਤਸੁਕਤਾ ਤੇ ਮੁਸ਼ਕਲਾਂ ਦਾ ਡੱਟ ਕੇ ਮੁਕਾਬਲਾ ਕਰਨ ਵਾਲੇ ਸੁਭਾਅ ਸਦਕਾ ਤੁਸੀਂ ਵੀ ਉਸ ਸ਼ਕਤੀਸ਼ਾਲੀ ਸ਼ਖਸੀਅਤ ਵਿੱਚ ਬਦਲ ਸਕਦੇ ਹੋ ਜਿਸ ਵਾਂਗ ਬਣਨਾ ਤੁਹਾਡਾ ਕੁਦਰਤੀ ਹੱਕ ਹੈ ਤੇ ਜਿਸ ਵਾਂਗ ਬਨਣਾ ਤੁਸੀਂ ਹਮੇਸ਼ਾਂ ਚਾਹੁੰਦੇ ਵੀ ਹੋ।

Check Also

ਕੇਜਰੀਵਾਲ ਦੀ ਗ੍ਰਿਫ਼ਤਾਰੀ ਵਿਰੁੱਧ ਦੇਸ਼-ਵਿਦੇਸ਼ਾਂ ‘ਚ ਭੁੱਖ ਹੜਤਾਲ

ਭਾਰਤ ਦੀ ਆਜ਼ਾਦੀ ਅਤੇ ਸੰਵਿਧਾਨ ਖ਼ਤਰੇ ‘ਚ : ਮੁੱਖ ਮੰਤਰੀ ਭਗਵੰਤ ਮਾਨ ਚੰਡੀਗੜ੍ਹ : ਪੰਜਾਬ …