Breaking News
Home / ਰੈਗੂਲਰ ਕਾਲਮ / ਨਿਡਰ ਯੋਧਾ ਅਤੇ ਲਾਸਾਨੀ ਸਿੱਖ ਜਰਨੈਲ-ਬਾਬਾ ਬੰਦਾ ਸਿੰਘ ਬਹਾਦਰ

ਨਿਡਰ ਯੋਧਾ ਅਤੇ ਲਾਸਾਨੀ ਸਿੱਖ ਜਰਨੈਲ-ਬਾਬਾ ਬੰਦਾ ਸਿੰਘ ਬਹਾਦਰ

ਡਾ. ਡੀ ਪੀ ਸਿੰਘ
(ਕਿਸ਼ਤ ਪਹਿਲੀ)
ਸਿੱਖ ਇਤਿਹਾਸ ਅਨੇਕ ਸਿਰਠੀ ਯੋਧਿਆਂ ਦੇ ਬਹਾਦਰੀ ਭਰੇ ਕਾਰਨਾਮਿਆਂ ਨਾਲ ਭਰਪੂਰ ਹੈ। ਇਨ੍ਹਾਂ ਕੌਮੀ ਸੂਰਮਿਆਂ ਵਿਚੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਜੀਵਨ ਗਾਥਾ ਬਹੁਤ ਹੀ ਵਿਲੱਖਣ ਹੈ। ਬੇਮਿਸਾਲ ਹਿੰਮਤ ਦੇ ਮਾਲਕ ਬਾਬਾ ਬੰਦਾ ਸਿੰਘ ਬਹੁਤ ਨਿਡਰ ਅਤੇ ਨਿਸ਼ਠਾਵਾਨ ਸਖ਼ਸ਼ੀਅਤ ਦੇ ਮਾਲਕ ਸਨ। ਬਾਬਾ ਬੰਦਾ ਸਿੰਘ ਦਾ ਜਨਮ ਅਕਤੂਬਰ 1670 ਵਿਚ ਇਕ ਰਾਜਪੂਤ ਪਰਿਵਾਰ ਵਿਚ ਹੋਇਆ, ਜੋ ਕਸ਼ਮੀਰ ਰਾਜ ਦੇ ਪੰਚ ਰਾਜ, ਜ਼ਿਲ੍ਹਾ ਰਾਜੌਰੀ ਵਿਚ ਕਿਸਾਨ ਸਨ। ਉਸ ਦਾ ਬਚਪਨ ਦਾ ਨਾਮ ਲਛਮਣ ਦੇਵ ਸੀ। ਬਾਲਪਨ ਤੋਂ ਹੀ ਲਛਮਣ ਦੇਵ ਘੋੜ ਸਵਾਰੀ, ਮਾਰਸ਼ਲ ਆਰਟ ਅਤੇ ਸ਼ਿਕਾਰ ਦਾ ਬਹੁਤ ਸ਼ੌਕੀਨ ਸੀ। ਜਲਦੀ ਹੀ ਉਹ ਤੀਰ-ਅੰਦਾਜ਼ੀ ਤੇ ਹੋਰ ਹਥਿਆਰਾਂ ਦੀ ਵਰਤੋਂ ਵਿਚ ਮਾਹਿਰ ਹੋ ਗਿਆ। ਪੰਦਰਾਂ ਸਾਲ ਦੀ ਉਮਰ ਵਿਚ, ਇਕ ਵਾਰ ਸ਼ਿਕਾਰ ਕਰਦੇ ਸਮੇਂ, ਉਸਨੇ ਗਰਭਵਤੀ ਹਿਰਨੀ ਦੇ ਦੋ ਅਣਜੰਮੇ ਬੱਚਿਆਂ ਨੂੰ ਦਰਦ ਨਾਲ ਤੜਫਦੇ ਹੋਏ ਮਰਦੇ ਵੇਖਿਆ, ਉਹ ਇਸ ਤੋਂ ਇੰਨਾ ਵਿਚਿਲਤ ਹੋ ਗਿਆ ਕਿ ਉਸਨੇ ਸ਼ਿਕਾਰ ਕਰਨਾ ਛੱਡ ਦਿੱਤਾ। ਉਸ ਦਾ ਪਿਤਾ ਧਾਰਮਿਕ ਸੁਭਾਅ ਵਾਲਾ ਦਿਆਲੂ ਵਿਅਕਤੀ ਸੀ ਅਤੇ ਆਏ ਗਏ ਸਾਧੂਆਂ ਅਤੇ ਧਾਰਮਿਕ ਬਿਰਤੀ ਵਾਲੇ ਵਿਅਕਤੀਆਂ ਨੂੰ ਮੁਫਤ ਭੋਜਨ ਅਤੇ ਪਨਾਹ ਦਿੰਦਾ ਸੀ। ਲਛਮਣ ਦੇਵ ਦਾ ਮਨ ਧਾਰਮਿਕ ਕਾਰਜਾਂ ਵਿਚ ਜੁੜ ਗਿਆ।
ਉਹ ਲਾਹੌਰ (ਹੁਣ ਪਾਕਿਸਤਾਨ ਵਿਚ) ਨੇੜੇ ਰਾਮ ਥੰਮਾਂ ਦੇ ਸਾਧੂ ਰਾਮ ਦਾਸ ਦਾ ਪੈਰੋਕਾਰ ਬਣ ਗਿਆ। ਕੁਝ ਸਮੇਂ ਬਾਅਦ ਉਹ ਜਾਨਕੀ ਦਾਸ ਦਾ ਚੇਲਾ ਬਣ ਗਿਆ। ਹੁਣ ਉਸਦਾ ਨਾਮ ਬਦਲ ਕੇ ਮਾਧੋ ਦਾਸ ਕਰ ਦਿੱਤਾ ਗਿਆ ਸੀ। ਮਾਨਸਿਕ ਸ਼ਾਂਤੀ ਦੀ ਤਲਾਸ਼ ਵਿਚ ਜਗ੍ਹਾ-ਜਗ੍ਹਾ ਭਟਕਦਾ, ਉਹ ਮਹਾਰਾਸ਼ਟਰ ਦੇ ਸ਼ਹਿਰ ਨਾਸਿਕ ਨੇੜੇ ਪੰਚਵਟੀ ਪਹੁੰਚ ਗਿਆ ਅਤੇ ਸਾਧੂ ਓਘੜ ਨਾਥ ਦਾ ਸ਼ਰਧਾਲੂ ਬਣ ਗਿਆ। ਮਾਧੋ ਦਾਸ ਨੇ ਅਗਲੇ ਪੰਜ ਸਾਲ ਪੂਰੀ ਸ਼ਰਧਾ ਨਾਲ ਓਘੜ ਨਾਥ ਦੀ ਸੇਵਾ ਕੀਤੀ। ਓਘੜ ਨਾਥ ਨੇ ਉਸ ਦੀ ਸ਼ਰਧਾ ਭਾਵਨਾ ਤੇ ਸੇਵਾ ਤੋਂ ਖੁਸ਼ ਹੋ, ਉਸ ਨੂੰ ਅਨੇਕ ਜਾਦੂਈ ਸ਼ਕਤੀਆਂ ਬਖ਼ਸ਼ ਦਿੱਤੀਆਂ ਅਤੇ ਆਪਣੀ ਸਵੈ-ਰਚਿਤ ਧਾਰਮਿਕ ਕਿਤਾਬ ਵੀ ਪ੍ਰਦਾਨ ਕੀਤੀ। ਓਘੜ ਨਾਥ ਦੀ ਮੌਤ ਸੰਨ 1691 ਵਿਚ ਹੋ ਗਈ। ਇਸ ਤਰ੍ਹਾਂ 21 ਸਾਲ ਦੀ ਉਮਰ ਵਿਚ, ਰਾਜਪੂਤ ਨੌਜਵਾਨ ਮਾਧੋ ਦਾਸ ਨੇ ਚਮਤਕਾਰੀ ਸ਼ਕਤੀ ਪ੍ਰਾਪਤ ਕਰ ਲਈ ਅਤੇ ਆਪਣਾ ਆਸ਼ਰਮ ਸਥਾਪਤ ਕਰਨ ਲਈ ਨੰਦੇੜ੍ਹ ਪਹੁੰਚ ਗਿਆ। ਨੰਦੇੜ੍ਹ ਵਿਖੇ ਅਗਲੇ 16 ਸਾਲਾਂ ਦੀ ਰਿਹਾਇਸ਼ ਦੌਰਾਨ, ਚਮਤਕਾਰੀ ਸ਼ਕਤੀਆਂ ਦੇ ਮਾਲਕ ਵਜੋਂ ਪ੍ਰਸਿੱਧੀ ਵਾਲਾ ਮਾਧੋ ਦਾਸ ਇਕ ਵੱਡੇ ਆਸ਼ਰਮ ਦਾ ਮਾਲਕ ਬਣ ਗਿਆ। ਉਸ ਨੂੰ ਆਪਣੀ ਬੁੱਧੀ, ਭਗਤੀ ਤੇ ਜਾਦੂਈ ਸ਼ਕਤੀਆਂ ਉੱਤੇ ਬਹੁਤ ਮਾਣ ਸੀ। ਉਸ ਦੇ ਡੇਰੇ ਉੱਤੇ ਆਉਣ ਵਾਲੇ ਸੰਤਾਂ, ਸਾਧੂਆਂ ਤੇ ਫਕੀਰਾਂ ਆਦਿ ਨੂੰ ਉਹ ਅਕਸਰ ਠਿੱਠ ਕਰਨ ਦੀ ਖੁਸ਼ੀ ਲੈਂਦਾ ਸੀ।
ਸੰਨ 1704 ਦੇ ਹਾਲਾਤ : ਦਸੰਬਰ 1704 ਵਿਚ, ਬਹੁਤ ਹੀ ਮੁਸ਼ਕਲ ਭਰੇ ਹਾਲਾਤਾਂ ਵਿਚ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਰਿਵਾਰ ਅਤੇ ਸਿੱਖਾਂ ਸਮੇਤ ਅਨੰਦਪੁਰ ਸਾਹਿਬ ਛੱਡ ਗਏ। ਮੁਗਲ ਫ਼ੌਜ ਦੇ ਮੁੱਖੀਆਂ ਅਤੇ ਉਨ੍ਹਾਂ ਦੇ ਸਹਾਇਕ ਪਹਾੜ੍ਹੀ ਰਾਜਿਆਂ ਨੇ ਗੁਰੂ ਜੀ ਨੂੰ ਭਰੋਸਾ ਦਿਵਾਇਆ ਸੀ ਕਿ ਜਦੋਂ ਉਹ ਅਨੰਦਪੁਰ ਨੂੰ ਛੱਡ ਕੇ ਜਾਣਗੇ ਤਾਂ ਉਨ੍ਹਾਂ ਤੇ ਉਨ੍ਹਾਂ ਨਾਲ ਜਾਣ ਵਾਲੇ ਸੰਗੀ ਸਾਥੀਆਂ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ। ਪਰ ਮੁਗਲ ਫੌਜਾਂ ਨੇ ਵਾਅਦਾ ਖਿਲਾਫੀ ਕਰਦਿਆਂ ਸਾਰੇ ਪਾਸਿਆਂ ਤੋਂ ਹਮਲਾ ਬੋਲ ਦਿੱਤਾ। ਇੱਕ ਪਾਸੇ ਸਰਸਾ ਨਦੀ ਵਿਚ ਹੜ੍ਹ ਆਇਆ ਹੋਇਆ ਸੀ। ਅਸਾਵੇਂ ਹਾਲਾਤਾਂ ਨਾਲ ਜੂਝਦਿਆਂ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਖਿੰਡਰ-ਪੁੰਡਰ ਗਿਆ ਤੇ ਅਨੇਕ ਸਾਥੀ ਸਿੱਖ ਸ਼ਹੀਦੀਆਂ ਪ੍ਰਾਪਤ ਕਰ ਗਏ। ਚਮਕੌਰ ਦੀ ਜੰਗ ਵਿਚ ਦੋਨੋਂ ਵੱਡੇ ਸਾਹਿਬਜ਼ਾਦੇ ਤੇ ਚਾਲੀ ਦੇ ਕਰੀਬ ਬਾਕੀ ਬਚੇ ਸਿੰਘ ਵੀ ਸ਼ਹੀਦ ਹੋ ਗਏ। ਪਰ ਗੁਰੂ ਸਾਹਿਬ ਨੇ ਰੱਬ ਦਾ ਭਾਣਾ ਮਿੱਠਾ ਕਰ ਕੇ ਮੰਨਦੇ ਹੋਏ ਹਲਾਤਾਂ ਨਾਲ ਸਮਝੌਤਾ ਨਹੀਂ ਕੀਤਾ। ਖਾਲਸਾ ਦਾ ਹੁਕਮ ਮੰਨਦੇ ਹੋਏ ਚਮਕੌਰ ਦੀ ਜੰਗ ਵਿਚੋਂ ਬੱਚ ਕੇ ਉਹ ਮਾਛੀਵਾੜੇ ਦੇ ਜੰਗਲ ਵੱਲ ਨਿਕਲ ਗਏ। ਤੇ ਸਮੇਂ ਨਾਲ ਦਮਦਮਾ ਸਾਹਿਬ, ਤਲਵੰਡੀ ਸਾਬੋ ਜਾ ਡੇਰੇ ਲਾਏ।
ਉੱਤਰ ਪੰਜਾਬ ਤੋਂ ਦੱਖਣ ਪੰਜਾਬ ਵੱਲ ਜਾਂਦੇ ਹੋਏ, ਉਨ੍ਹਾਂ ਨੇ ਭਾਈ ਦਇਆ ਸਿੰਘ ਨੂੰ ”ਜ਼ਫਰ ਨਾਮਾ” ਨਾਮੀ ਪੱਤਰ ਦੇ ਕੇ ਭਾਰਤ ਦੇ ਤਤਕਲੀਨ ਬਾਦਸ਼ਾਹ ਔਰੰਗਜ਼ੇਬ ਵੱਲ ਭੇਜਿਆ। ਜਿਸ ਨਾਲ ਔਰੰਗਜ਼ੇਬ ਨੂੰ ਆਪਣੇ ਕੁਕਰਮਾਂ ਦੀ ਚੋਟ ਲੱਗੀ। ਜਿਸ ਦਾ ਪਤਾ ਉਸਦੇ ਪੁੱਤਰ ਕਾਮ ਬਖ਼ਸ ਨੂੰ ਲਿਖੀ ਉਸ ਦੀ ਆਖਰੀ ਚਿੱਠੀ ਤੋਂ ਸਪਸ਼ਟ ਹੈ। ਜਿਸ ਵਿਚ ਕਿਹਾ ਗਿਆ ਹੈ- ”ਮੈਂ ਇਸ ਦੁਨੀਆਂ ਵਿਚ ਬਿਨਾਂ ਕਿਸੇ ਦਾਗ ਦੇ ਇਕੱਲੇ ਆਇਆ ਸੀ। ਪਰ ਹੁਣ ਮੈਂ ਪਾਪਾਂ ਭਰਿਆ ਜਾ ਰਿਹਾ ਹਾਂ।
ਮੈਨੂੰ ਨਹੀਂ ਪਤਾ ਕਿ ਮੇਰੇ ਨਾਲ ਕੀ ਵਾਪਰੇਗਾ। ਮੇਰੀ ਰੂਹ ਬੁਰਾਈਆਂ ਰੱਤੀ ਪਈ ਹੈ। ਜਦੋਂ ਮੈਂ ਅੱਲਾ ਦੀ ਦਰਗਾਹ ਵਿਚ ਹਾਜ਼ਿਰ ਹੋਵਾਂਗਾ ਤਾਂ ਮੈਂ ਨਹੀਂ ਜਾਣਦਾ ਕਿ ਮੈਂਨੂੰ ਕਿਹੜੀ ਸਜ਼ਾ ਦਿੱਤੀ ਜਾਵੇਗੀ।” ਔਰੰਗਜ਼ੇਬ ਦੇ ਇਹ ਆਖ਼ਰੀ ਸ਼ਬਦ ਉਸ ਦੇ ਮਕਬਰੇ ਵਿਖੇ ਉਸ ਦੀ ਕਬਰ ਉੱਤੇ ਉੱਕਰੇ ਗਏ ਸਨ।
ਸੰਨ 1707 ਵਿਚ ਔਰੰਗਜ਼ੇਬ ਦੀ ਮੌਤ ਨਾਲ ਹੀ ਉਸਦੇ ਪੁੱਤਰਾਂ ਵਿਚਕਾਰ ਗੱਦੀ ਦੀ ਲੜਾਈ ਸ਼ੁਰੂ ਹੋ ਹੋਈ। ਉਸ ਦੇ ਵੱਡੇ ਬੇਟੇ ਬਹਾਦਰ ਸ਼ਾਹ ਨੇ ਗੁਰੂ ਜੀ ਦੀ ਸਹਾਇਤਾ ਮੰਗੀ। ਬਹਾਦਰ ਸ਼ਾਹ ਸ਼ੀਆ ਮੁਸਲਮਾਨ ਸੀ। ਉਸਨੇ ਗੁਰੂ ਗੋਬਿੰਦ ਸਿੰਘ ਜੀ ਨਾਲ ਵਾਅਦਾ ਕੀਤਾ ਕਿ ਉਹ ਉਨ੍ਹਾਂ ਸਾਰੇ ਦੋਸ਼ੀਆਂ ਨੂੰ ਜੋ ਵਾਅਦਾ ਖੋਰ ਸਨ ਤੇ ਅੱਤਿਆਚਾਰ ਕਰਦੇ ਰਹੇ ਸਨ, ਗੁਰੂ ਜੀ ਦੇ ਹਵਾਲੇ ਕਰ ਦੇਵੇਗਾ। ਸੰਨ 1707 ਵਿਚ ਹੀ ਉਹ, ਗੁਰੂ ਜੀ ਦੀ ਸਹਾਇਤਾ ਨਾਲ, ਹਿੰਦੁਸਤਾਨ ਦਾ ਅਗਲਾ ਬਾਦਸ਼ਾਹ ਬਣ ਗਿਆ। ਇਸ ਪਿੱਛੋਂ ਵੀ ਪੰਜਾਬ ਵਿਚ ਬੇਰੋਕ ਟੋਕ ਜ਼ੁਲਮ ਹੋ ਰਹੇ ਸਨ ਅਤੇ ਬਹਾਦਰ ਸ਼ਾਹ ਨੇ ਮੁਸਲਮਾਨ ਲੋਕਾਂ ਵਿਚ ਅਸ਼ਾਂਤੀ ਫੈਲ ਜਾਣ ਦੇ ਡਰੋਂ ਗੁਰੂ ਜੀ ਨਾਲ ਕੀਤਾ ਆਪਣਾ ਵਾਅਦਾ ਪੂਰਾ ਨਾ ਕੀਤਾ। ਦੱਖਣ ਵਿਚ ਲੋਕਾਂ ਨੇ ਬਹਾਦਰ ਸ਼ਾਹ ਵਿਰੁੱਧ ਬਗਾਵਤ ਕਰ ਦਿੱਤੀ। ਬਾਦਸ਼ਾਹ ਨੇ ਗੁਰੂ ਜੀ ਨੂੰ ਆਪਣੇ ਨਾਲ ਦੱਖਣ ਵੱਲ ਜਾਣ ਦੀ ਬੇਨਤੀ ਕੀਤੀ। ਦਿੱਲੀ ਤੋਂ ਆਗਰੇ ਪਹੁੰਚਦਿਆਂ ਹੀ ਗੁਰੂ ਜੀ, ਬਹਾਦਰ ਸ਼ਾਹ ਦੇ ਇਰਾਦਿਆਂ ਬਾਰੇ ਸਪੱਸ਼ਟ ਹੋ ਗਏ ਸਨ ਅਤੇ ਉਨ੍ਹਾਂ ਆਪਣਾ ਕਾਫ਼ਲਾ ਬਹਾਦਰ ਸ਼ਾਹ ਨਾਲੋਂ ਵੱਖ ਕਰ ਲਿਆ। ਪਰ ਗੁਰੂ ਜੀ ਅਤੇ ਉਨ੍ਹਾਂ ਦੇ ਸਾਥੀ ਸਿੱਖ ਦੱਖਣ ਵੱਲ ਵਧਦੇ ਗਏ। ਉਨ੍ਹਾਂ ਦਾ ਇਹ ਸਫ਼ਰ ਕਿਸੇ ਅਗਾਮੀ ਘਟਨਾਚੱਕਰ ਦਾ ਸਿਰਜਕ ਬਨਣ ਜਾ ਰਿਹਾ ਸੀ।
ਬੰਦਾ ਸਿੰਘ ਦਾ ਗੁਰੂ ਗੋਬਿੰਦ ਸਿੰਘ ਜੀ ਨਾਲ ਮਿਲਾਪ : ਦੱਖਣ ਵੱਲ ਜਾਂਦੇ ਸਮੇਂ, ਜੈਪੁਰ ਵਿਖੇ ਇੱਕ ਮਹੰਤ ਜੈਤ ਰਾਮ ਗੁਰੂ ਜੀ ਨੂੰ ਮਿਲਣ ਆਇਆ। ਗੁਰੂ ਸਾਹਿਬ ਨੇ ਉਸਨੂੰ ਕੁਝ ਚੰਗੇ ਧਾਰਮਿਕ ਵਿਅਕਤੀਆਂ ਬਾਰੇ ਦੱਸ ਪਾਉਣ ਲਈ ਕਿਹਾ। ਮਹੰਤ ਜੈਤ ਰਾਮ ਨੇ ਕੁਝ ਨਾਵਾਂ ਦੀ ਦੱਸ ਪਾਈ ਅਤੇ ਮਾਧੋ ਦਾਸ ਬੈਰਾਗੀ ਨੂੰ ਨਾ ਮਿਲਣ ਦੀ ਸਲਾਹ ਦਿੱਤੀ, ਕਿਉਂਕਿ ਉਹ ਬਹੁਤ ਹਉਮੈਵਾਦੀ ਸੀ ਅਤੇ ਆਏ ਗਏ ਸਾਰਿਆਂ ਦਾ ਅਪਮਾਨ ਕਰਨ ਦਾ ਆਦੀ ਸੀ। ਤਦ ਹੀ ਗੁਰੂ ਜੀ ਨੇ ਕਿਸੇ ਹੋਰ ਨੂੰ ਮਿਲਣ ਦੀ ਬਜਾਏ ਸਭ ਤੋਂ ਪਹਿਲਾਂ ਮਾਧੋ ਦਾਸ ਨਾਲ ਮੁਲਾਕਾਤ ਕਰਨ ਦਾ ਫੈਸਲਾ ਕੀਤਾ।
ਸਤੰਬਰ 1708 ਵਿਚ ਗੁਰੂ ਗੋਬਿੰਦ ਸਿੰਘ ਜੀ ਕੁਝ ਸਿੱਖਾਂ ਸਮੇਤ ਮਾਧੋ ਦਾਸ ਬੈਰਾਗੀ ਦੇ ਆਸ਼ਰਮ ਵਿਖੇ ਪਹੁੰਚੇ। ਉਸ ਸਮੇਂ ਉਹ ਆਪਣੇ ਡੇਰੇ ਵਿਚ ਨਹੀਂ ਸੀ। ਗੁਰੂ ਜੀ ਨੇ ਡੇਰੇ ਵਿਖੇ ਆਸਣ ਗ੍ਰਹਿਣ ਕੀਤਾ ਅਤੇ ਸਾਥੀ ਸਿੰਘ ਖਾਣ ਪੀਣ ਦਾ ਪ੍ਰਬੰਧ ਕਰਨ ਵਿਚ ਰੁੱਝ ਗਏ। ਮਾਧੋ ਦਾਸ ਦੇ ਚੇਲਿਆਂ ਨੇ ਤੁਰੰਤ ਸਾਰੀ ਘਟਨਾ ਦਾ ਪਤਾ ਉਸ ਤੱਕ ਪਹੁੰਚਾ ਦਿਤਾ। ਮਾਧੋ ਦਾਸ ਨੇ ਆਪਣੀਆਂ ਸਾਰੀਆਂ ਜਾਦੂਈ ਸ਼ਕਤੀਆਂ ਦੀ ਵਰਤੋਂ ਨਾਲ ਗੁਰੂ ਜੀ ਦੀ ਹੇਠੀ ਕਰਨ, ਪ੍ਰੇਸ਼ਾਨ ਕਰਨ ਅਤੇ ਨੀਵਾਂ ਦਿਖਾਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਿਹਾ। ਉਹ ਗੁੱਸੇ ਨਾਲ ਭਰਿਆ ਪੀਤਾ ਡੇਰੇ ਵੱਲ ਭੱਜਿਆ ਅਤੇ ਗੁਰੂ ਜੀ ਨੂੰ ਦੇਖ ਗੁੱਸੇ ਨਾਲ ਫੁੰਕਾਰਿਆ ”ਕੌਣ ਹੈਂ ਤੂੰ, ਅਤੇ ਮੇਰੇ ਆਸ਼ਰਮ ਵਿਚ ਕਿਵੇਂ ਦਾਖਲ ਹੋਇਆ ਹੈਂ? ਗੁਰੂ ਜੀ ਦਾ ਠਰੰਮੇਂ ਭਰਿਆ ਉੱਤਰ ਸੀ, ”ਤੁਹਾਡੇ ਕੋਲ ਸਾਰੀ ਤਾਕਤ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ।”
ਮਾਧੋਦਾਸ ਬੋਲਿਆ ”ਉਹ ਉਨ੍ਹਾਂ ਬਾਰੇ ਕੁਝ ਨਹੀਂ ਜਾਣਦਾ।” ਗੁਰੂ ਜੀ ਨੇ ਉਸਨੂੰ ਸ਼ਾਂਤ ਮਨ ਨਾਲ ਇਸ ਬਾਰੇ ਸੋਚਣ ਲਈ ਕਿਹਾ। ਕੁਝ ਸਮੇਂ ਬਾਅਦ, ਮਾਧੋਦਾਸ ਬੋਲਿਆ, ”ਕੀ ਇਹ ਸੱਚ ਹੈ ਕਿ ਤੁਸੀਂ ਗੁਰੂ ਗੋਬਿੰਦ ਸਿੰਘ ਹੋ?” ਗੁਰੂ ਜੀ ਨੇ ਉੱਤਰ ਦਿੱਤਾ, ”ਹਾਂ ਮੈਂ ਹਾਂ, ਹੁਣ ਮੈਨੂੰ ਦੱਸੋ, ਤੁਸੀਂ ਕੌਣ ਹੋ?” ਮਾਧੋ ਦਾਸ ਨੇ ਹੱਥ ਜੋੜਦੇ ਹੋਏ ਗੁਰੂ ਜੀ ਨੂੰ ਕਿਹਾ, ”ਮੈਂ ਤੁਹਾਡਾ ਬੰਦਾ ਹਾਂ।” ਬੰਦਾ ਦਾ ਇਕ ਭਾਵ ”ਚੰਗਾ ਮਨੁੱਖ ਹੋਣਾ” ਵੀ ਹੈ। ਗੁਰੂ ਜੀ ਨੇ ਕਿਹਾ, ”ਜੇ ਤੂੰ ਮੇਰਾ ਬੰਦਾ ਹੈ ਤਾਂ ਬੰਦਿਆ (ਚੰਗੇ ਮਨੁੱਖਾਂ) ਵਾਲੇ ਕੰਮ ਕਰ।” ਉਸ ਨੇ ਗੁਰੂ ਸਾਹਿਬ ਨੂੰ ਉਨ੍ਹਾਂ ਦੀ ਰਾਹਨੁਮਾਈ ਅਨੁਸਾਰ ਚੱਲਣ ਦਾ ਵਾਅਦਾ ਕੀਤਾ।
ਗੁਰੂ ਜੀ ਕੁਝ ਦਿਨ ਉਸ ਦੇ ਡੇਰੇ ਵਿਚ ਰਹੇ। ਮਾਧੋ ਦਾਸ ਨੂੰ ਅੰਮ੍ਰਿਤ ਦੀ ਦਾਤ ਬਖ਼ਸ਼ੀ ਗਈ ਅਤੇ ਉਸ ਦਾ ਨਾਮ ਗੁਰਬਖਸ਼ ਸਿੰਘ ਰੱਖ ਦਿੱਤਾ। ਪਰ, ਸਮੇਂ ਦੇ ਗੁਜ਼ਰਣ ਨਾਲ ਉਹ ਬੰਦਾ ਸਿੰਘ ਬਹਾਦਰ ਦੇ ਨਾਮ ਨਾਲ ਪ੍ਰਸਿੱਧ ਹੋਇਆ। ਇਹ ਇਕ ਅਲੌਕਿਕ ਵਰਤਾਰਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਵਿਲੱਖਣ ਸ਼ਖ਼ਸੀਅਤ ਸਦਕਾ ਇਕ ਜਾਦੂਈ ਸ਼ਕਤੀਆਂ ਵਾਲਾ, ਵੈਰਾਗੀ, ਬ੍ਰਹਮਚਾਰੀ, ਵੱਡੇ ਆਸ਼ਰਮ ਦਾ ਮਾਲਕ, ਪਰ ਬਹੁਤ ਹੀ ਹਉਮੈਂ ਭਰਿਆ ਹੈਂਕੜਬਾਜ਼ ਇੱਕ ਸਮਰਪਿਤ ਅਤੇ ਅਨੁਸ਼ਾਸ਼ਿਤ ਸਿਪਾਹੀ ਬਣ ਗਿਆ। ਗੁਰੂ ਦੀ ਬਖ਼ਸ਼ਿਸ਼ ਸਦਕਾ ਸਿੱਖ ਫ਼ੌਜ ਦਾ ਜਰਨੈਲ ਬਣ ਗਿਆ ਅਤੇ ਤੂਫਾਨੀ ਬੱਦਲਾਂ ਦੇ ਫੱਟਣ ਵਾਂਗ ਪੰਜਾਬ ਦੇ ਜ਼ਾਲਮ ਸ਼ਾਸਕਾਂ ਉੱਤੇ ਆ ਫੱਟਿਆ ।
ਬੰਦਾ ਸਿੰਘ ਦੇ ਪੰਜਾਬ ਵੱਲ ਚਾਲੇ : ਅਕਤੂਬਰ 1708 ਵਿਚ, ਨੰਦੇੜ੍ਹ ਵਿਖੇ ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਨੂੰ ਪੰਜਾਬ ਭੇਜਿਆ ਅਤੇ ਉਹਨਾਂ ਨੂੰ ਸਲਾਹ ਦਿੱਤੀ ਕਿ ਉਹ ਪੰਜਾਬ ਦੇ ਸ਼ਾਸਕਾਂ ਦੇ ਜ਼ੁਲਮ ਨੂੰ ਰੋਕੇ। ਦੋਸ਼ੀ ਅਤੇ ਬੇਰਹਿਮ ਹਾਕਮਾਂ ਨੂੰ ਸਜ਼ਾ ਦੇਵੇ। ਉਹ ਮਨੁੱਖੀ ਅਧਿਕਾਰਾਂ ਦੀ ਸਥਾਪਤੀ ਲਈ, ਗ਼ਰੀਬ, ਕਮਜ਼ੋਰ ਤੇ ਗ਼ੁਲਾਮਾਂ ਵਰਗਾ ਜੀਵਨ ਬਤੀਤ ਕਰ ਰਹੇ ਲੋਕਾਂ ਵਿਚ ਉਤਸ਼ਾਹ ਭਰ ਕੇ ਉਨ੍ਹਾਂ ਨੂੰ ਮਜ਼ਬੂਤ ਬਣਾਏ ਤਾਂ ਜੋ ਉਹ ਆਜ਼ਾਦੀ ਭਰਿਆ ਜੀਵਨ ਜੀ ਸਕਣ। ਗੁਰੂ ਜੀ ਨੇ ਉਸਨੂੰ ਸਿੱਖ ਸੰਗਤਾਂ ਲਈ ਇਕ ਹੁਕਮਨਾਮਾ, ਪੰਜ ਤੀਰ, ਇਕ ਖੰਡਾ, ਅਤੇ ਇਕ ਨਗਾਰਾ ਬਖਸ਼ਿਸ਼ ਕੀਤਾ ਅਤੇ ਸਲਾਹਕਾਰ ਵਜੋਂ ਪੰਜ ਸਿੰਘ ਨਾਲ ਭੇਜੇ। ਇਹ ਸਿੰਘ ਸਨ, ਭਾਈ ਦਇਆ ਸਿੰਘ, ਭਾਈ ਬਿਨੋਦ ਸਿੰਘ, ਭਾਈ ਕਾਹਨ ਸਿੰਘ, ਭਾਈ ਬਿਜੈ ਸਿੰਘ ਅਤੇ ਭਾਈ ਰਣ ਸਿੰਘ। ਪੰਝੀ ਸਿੰਘਾਂ ਦਾ ਇਕ ਜੱਥਾ ਵੀ ਨਾਲ ਭੇਜਿਆ।
ਸਿੱਖ ਗੁਰੂ ਸਾਹਿਬਾਨ ਦੇ ਸਮੇਂ ਲੜਾਈਆਂ ਸਵੈ-ਰੱਖਿਆ ਲਈ ਲੜੀਆਂ ਜਾਂਦੀਆਂ ਸਨ। ਆਮ ਤੌਰ ‘ਤੇ ਉਹ ਤਦ ਹੀ ਲੜਦੇ ਸਨ ਜਦੋਂ ਉਨ੍ਹਾਂ ਉੱਤੇ ਹਮਲਾ ਕੀਤਾ ਜਾਂਦਾ ਸੀ। ਸਿਰਫ਼ ਦੋ ਮੌਕਿਆਂ ‘ਤੇ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਵੱਡੇ ਬੇਟੇ, ਬਾਬਾ ਅਜੀਤ ਸਿੰਘ ਨੂੰ ਸਲਾਹ ਦਿੱਤੀ ਸੀ ਕਿ ਉਹ ਜਾ ਕੇ ਉਨ੍ਹਾਂ ਗਰੀਬ ਬ੍ਰਾਹਮਣਾਂ ਦੀ ਮਦਦ ਕਰੇ ਜਿਨ੍ਹਾਂ ਦੀ ਨਵੀਂ ਵਿਆਹੀ ਨੂੰਹ ਨੂੰ ਸਥਾਨਕ ਮੁਗਲ ਚੌਧਰੀ ਅਗਵਾ ਕਰ ਕੇ ਲੈ ਗਿਆ ਹੈ। ਉਸ ਸਮੇਂ ਬਾਬਾ ਅਜੀਤ ਸਿੰਘ ਨੇ ਆਪਣੇ ਕੁਝ ਸਾਥੀ ਸਿੰਘਾਂ ਨਾਲ ਮੁਗਲ ਚੋਧਰੀ ਸੀ ਹਵੇਲੀ ਉੱਤੇ ਹਮਲਾ ਕਰ ਕੇ ਉਸ ਨਿਰਦੋਸ਼ ਔਰਤ ਨੂੰ ਦੋਸ਼ੀ ਮੁਗਲ ਦੇ ਸ਼ਿਕੰਜੇ ਤੋਂ ਆਜ਼ਾਦ ਕਰਾਇਆ ਸੀ।
ਛੇਵੇਂ ਗੁਰੂ, ਗੁਰੂ ਹਰਗੋਬਿੰਦ ਜੀ ਨੇ ਮੁਗ਼ਲ ਸ਼ਾਸ਼ਕਾਂ ਨਾਲ 4 ਲੜਾਈਆਂ ਲੜੀਆਂ ਅਤੇ ਸਭ ਵਿੱਚ ਜਿੱਤ ਪ੍ਰਾਪਤ ਕੀਤੀ। ਉਨ੍ਹਾਂ ਦੀ ਜੰਗੀ ਰਣਨੀਤੀ ਜਰਨੈਲਾਂ ਨੂੰ ਚੁਣੌਤੀ ਦੇਣਾ ਅਤੇ ਉਨ੍ਹਾਂ ਨਾਲ ਲੜਨਾ ਸੀ। ਉਹ ਲੋਕਾਂ ਨੂੰ ਖੂਨ-ਖ਼ਰਾਬੇ ਤੋਂ ਬਚਾਉਣਾ ਚਾਹੁੰਦੇ ਸਨ। ਪਰ ਫਿਰ ਵੀ ਇਨ੍ਹਾਂ ਲੜਾਈਆਂ ਵਿਚ ਬਹੁਤ ਸਾਰੇ ਬਹਾਦਰ ਸਿੱਖ ਅਤੇ ਮੁਗਲ ਫੌਜੀ ਮਾਰੇ ਗਏ ਕਿਉਂਕਿ ਕੋਈ ਵੀ ਜਰਨੈਲ ਇਕੱਲੇ ਗੁਰੂ ਦਾ ਸਾਹਮਣਾ ਨਹੀਂ ਕਰਨਾ ਚਾਹੁੰਦਾ ਸੀ।
ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ ਜੀ ਨੇ ਲਗਭਗ 25 ਸਾਲਾਂ ਦੇ ਅਰਸੇ ਵਿਚ 16 ਲੜਾਈਆਂ ਦਾ ਸਾਹਮਣਾ ਕੀਤਾ। ਗੁਰੂ ਗੋਬਿੰਦ ਸਿੰਘ ਜੀ ਦਾ ਪੂਰਾ ਪਰਿਵਾਰ, ਹਜ਼ਾਰਾਂ ਸਿੱਖ, ਸ਼ਰਧਾਲੂ ਮੁਸਲਮਾਨ, ਪੀਰ ਬੁੱਧੂ ਸ਼ਾਹ, ਉਸ ਦੇ ਦੋ ਪੁੱਤਰ, ਭਤੀਜੇ ਅਤੇ ਬਹੁਤ ਸਾਰੇ ਅਨੁਯਾਈ, ਮੁਗ਼ਲਾਂ ਨਾਲ ਲੜਦਿਆਂ ਆਪਣੀ ਜਾਨ ਕੁਰਬਾਨ ਕਰ ਗਏ।
ਬਾਅਦ ਵਿਚ, ਸਧੋਰਾ ਦੇ ਮੁਗ਼ਲ ਸ਼ਾਸਕ, ਨਵਾਬ ਇਸਮਾਨ ਖਾਨ ਨੇ ਪੀਰ ਬੁੱਧੂ ਸ਼ਾਹ ਨੂੰ ਮਾਰ ਦਿੱਤਾ ਅਤੇ ਉਸ ਦੇ ਸਰੀਰ ਦੇ ਟੁਕੜੇ ਟੁਕੜੇ ਕਰਵਾ ਕੇ ਸਧੋਰਾ ਦੇ ਵੱਖ ਵੱਖ ਹਿੱਸਿਆਂ ਵਿਚ ਸੁੱਟ ਦਿੱਤਾ। ਅਜਿਹੀ ਉਸ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਦਾ ਸਾਥ ਦੇਣ ਕਾਰਣ ਸਜ਼ਾ ਦਿੱਤੀ ਗਈ। ਅਜਿਹੇ ਕਾਰਨਾਂ ਕਰਕੇ ਬੰਦਾ ਸਿੰਘ ਬਹਾਦਰ ਲਈ ਅਪਰਾਧੀਆਂ ਅਤੇ ਦੋਸ਼ੀਆਂ ਨੂੰ ਸਜ਼ਾ ਦੇਣਾ ਇਕ ਮਿਸ਼ਨ ਬਣ ਗਿਆ।
ਸਰਹਿੰਦ ਦਾ ਨਵਾਬ, ਵਜ਼ੀਰ ਖ਼ਾਨ, ਜੋ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦੀ ਸ਼ਹੀਦੀ ਲਈ ਜ਼ਿੰਮੇਵਾਰ ਸੀ, ਨੂੰ ਇਹ ਜਾਣਦਿਆਂ ਰਾਹਤ ਮਹਿਸੂਸ ਹੋ ਰਹੀ ਸੀ ਕਿ ਗੁਰੂ ਗੋਬਿੰਦ ਸਿੰਘ ਦੱਖਣ ਵੱਲ ਤੁਰ ਗਏ ਸਨ।
(ਚਲਦਾ)

Check Also

ਗ਼ਜ਼ਲ

ਹਕੀਰ ਅਸੀਂ ਹੋ ਗਏ ਕੰਡਿਆਂ ‘ਚ ਰਹਿ ਕੇ ਕਰੀਰ ਅਸੀਂ ਹੋ ਗਏ। ਕਿਸੇ ਦੀਆਂ ਅੱਖੀਆਂ …