Breaking News
Home / ਰੈਗੂਲਰ ਕਾਲਮ / ਸੁਕਆਡਰਨ ਦਾ ਨਵਾਂ ਮੁਕਾਮ-ਜੋਧਪੁਰ

ਸੁਕਆਡਰਨ ਦਾ ਨਵਾਂ ਮੁਕਾਮ-ਜੋਧਪੁਰ

ਜਰਨੈਲ ਸਿੰਘ
(ਕਿਸ਼ਤ 23ਵੀਂ)
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਸਾਡੇ ਸ਼ੈੱਡ ਦੇ ਲਾਗੇ ਹੀ ਪਵਨ ਸ਼ਰਮਾ ਦੀ ਚਿਖਾ ਚਿਣੀ ਗਈ। ਅੰਤਮ ਸਸਕਾਰ ਸਮੇਂ ਅਸੀਂ ਗਿਆਰਾਂ ਰਾਈਫਲਾਂ ਨਾਲ਼ ਉਸਨੂੰ ਆਖਰੀ ਸਲਾਮੀ ਦਿੱਤੀ। ਫਿਰ ਸਾਡੇ ਵੱਲੋਂ ਸ਼ੋਕ-ਸ਼ਾਸਤਰ ਦੀ ਮੁਦਰਾ ਵਿਚ ਰਾਈਫਲਾਂ ਉਲਟੀਆਂ ਕਰਨ ‘ਤੇ ਜਦੋਂ ਬਿਗਲ ਰਾਹੀਂ ਲਾਸਟ-ਪੋਸਟ ਦੀ ਧੁਨ ਗੂੰਜੀ ਤਾਂ ਸਾਰੇ ਹਵਾਈ ਅੱਡੇ ‘ਚ ਸ਼ੋਕ ਛਾ ਗਿਆ।
ਓਧਰ ਪਿਛਾਂਹ ਜੋਧਪੁਰ ‘ਚ ਇਹ ਅਫਵਾਹ ਫ਼ੈਲ ਗਈ ਕਿ ਉੱਤਰਲਾਏ ਵਿਚ ਕਈ ਮੌਤਾਂ ਹੋਈਆਂ ਨੇ। ਜਿਨ੍ਹਾਂ ਦੇ ਬੰਦੇ ਉੱਤਰਲਾਏ ‘ਚ ਸਨ, ਉਨ੍ਹਾਂ ਘਰਾਂ ਵਿਚ ਉਸ ਦਿਨ ਚੁਲ੍ਹੇ ਨਹੀਂ ਸਨ ਬਲ਼ੇ। ਉਦੋਂ ਕਿਹੜਾ ਅੱਜ ਵਾਂਗ ਹਰ ਘਰ ਵਿਚ ਜਾਂ ਹਰ ਬੰਦੇ ਕੋਲ਼ ਫੋਨ ਸੀ ਕਿ ਫਟ ਗੱਲ ਕਰ ਲਓ। ਅਪਰੇਸ਼ਨ ਕਮਾਂਡਰ ਨੇ ਜੋਧਪੁਰ ‘ਚ ਡਿਊਟੀਆਂ ਨਿਭਾ ਰਹੇ ਸਟਾਫ ਵਿਚੋਂ ਕੁਝ ਹਵਾਈ ਸੈਨਿਕਾਂ ਦੀ ਸਪੈਸ਼ਲ ਡਿਊਟੀ ਲਾਈ ਕਿ ਉਹ ਪਰਿਵਾਰਾਂ ਨੂੰ ਮਿਲ ਕੇ ਉਨ੍ਹਾਂ ਦੇ ਫ਼ਿਕਰ ਦੂਰ ਕਰਨ।
ਭਾਰਤੀ ਫੌਜਾਂ ਪੂਰਬੀ ਪਾਕਿਸਤਾਨ ਦੀ ਰਾਜਧਾਨੀ ਢਾਕਾ ਵੱਲ ਤੇਜ਼ੀ ਨਾਲ਼ ਵੱਧ ਰਹੀਆਂ ਸਨ। ਜਿੱਥੇ ਕਿਤੇ ਪਾਕਿਸਤਾਨੀ ਫੌਜ ਮੁਕਾਬਲੇ ‘ਤੇ ਡਟਦੀ, ਸਾਡੀ ਜ਼ਮੀਨੀ ਫੌਜ ਹਵਾਈ ਜਹਾਜ਼ਾਂ ਦੀ ਸਹਾਇਤਾ ਮੰਗ ਲੈਂਦੀ। ਪੂਰਬੀ ਪਾਕਿਸਤਾਨ ਦੀ ਹਵਾਈ-ਸ਼ਕਤੀ ਪਹਿਲਾਂ ਹੀ ਨਸ਼ਟ ਕਰ ਦਿੱਤੀ ਗਈ ਸੀ, ਜਿਸ ਕਰਕੇ ਸਾਡੀਆਂ ਥਲ, ਜਲ ਤੇ ਹਵਾਈ ਸੈਨਾਵਾਂ ਨੂੰ ਆਸਮਾਨ ‘ਚੋਂ ਕੋਈ ਖਤਰਾ ਨਹੀਂ ਸੀ। ਉੱਤਰਲਾਏ ਤੋਂ ਹਵਾਈ ਹਮਲਿਆਂ ਦੀ ਗਿਣਤੀ ਕਾਫ਼ੀ ਵਧ ਚੁੱਕੀ ਸੀ। ਅਪਰੇਸ਼ਨਾਂ ‘ਤੇ ਗਏ ਸਾਡੇ ਜਹਾਜ਼ ਜਦੋਂ ਮੁੜ ਕੇ ਹਵਾਈ ਅੱਡੇ ‘ਤੇ ਚੱਕਰ ਲਾਉਂਦੇ ਤਾਂ ਅਸੀਂ ਗਹੁ ਨਾਲ਼ ਤੱਕਦੇ। ਜੇ ਪੂਰੇ ਹੁੰਦੇ ਤਾਂ ਸਾਨੂੰ ਖੁਸ਼ੀ ਹੁੰਦੀ, ਜੇ ਘੱਟ ਹੁੰਦੇ ਤਾਂ ਦਿਲਾਂ ‘ਚ ਗਮ ਛਾ ਜਾਂਦਾ। ਸਸਪੈਂਸ ਵਿਚ ਅਸੀਂ ਸੋਚਣ ਲੱਗ ਜਾਂਦੇ ਕਿ ਮਨਫੀ ਹੋਇਆ ਪਾਇਲਟ ਕੌਣ ਹੋਵੇਗਾ। ਤੁਰੰਤ ਖ਼ਬਰ ਸਿਰਫ਼ ਅਪਰੇਸ਼ਨ ਕਮਾਂਡਰ ਤੇ ਸੁਕਆਡਰਨ ਕਮਾਂਡਰ ਨੂੰ ਹੀ ਮਿਲਦੀ ਸੀ। ਬਾਕੀਆਂ ਨੂੰ ਤਾਂ ਸ਼ੈੱਡਾਂ ਵੱਲ ਨੂੰ ਮੁੜ ਰਹੇ ਜਹਾਜ਼ਾਂ ਦੇ ਨੰਬਰ ਪੜ੍ਹ ਕੇ ਹੀ ਪਤਾ ਲਗਦਾ ਸੀ।
ਇਕ ਦਿਨ ਸਾਡਾ ਜਹਾਜ਼ ਜਦੋਂ ਪਾਕਿਸਤਾਨੀ ਟੈਂਕਾਂ ‘ਤੇ ਰਾਕਟਿੰਗ ਕਰ ਰਿਹਾ ਸੀ, ਉਨ੍ਹਾਂ ਦੀ ਤੋਪ ਦਾ ਨਿਸ਼ਾਨਾ ਬਣ ਗਿਆ। ਘੱਟ ਉਚਾਈ ‘ਤੇ ਹੋਣ ਕਾਰਨ ਜਹਾਜ਼ ਦੇ ਪਾਇਲਟ ਫਲਾਈਂਗ ਅਫਸਰ ਐਪਟੇ ਨੂੰ ਜਹਾਜ਼ ਤੋਂ ਮੁਕਤ ਹੋਣ ਦਾ ਟਾਈਮ ਹੀ ਨਾ ਮਿਲ਼ਿਆ। ਪਲਾਂ ਵਿਚ ਹੀ ਲਪਟਾਂ ਬਣੇ ਜਹਾਜ਼ ਦੇ ਨਾਲ਼ ਹੀ ਉਹ ਭਸਮ ਹੋ ਗਿਆ। ਉਸਦਾ ਵਿਆਹ ਹੋਏ ਨੂੰ ਅਜੇ ਡੇਢ ਕੁ ਸਾਲ ਹੀ ਹੋਇਆ ਸੀ। ਸੁਕਆਡਰਨ ਦੀ ਪਿਛਲੀ ਐਨਿਵਰਸਰੀ ਮੌਕੇ ਅਸੀਂ ਸਾਰਿਆਂ ਨੇ ਉਸਨੂੰ ਤੇ ਉਸਦੀ ਪਤਨੀ ਨੂੰ ‘ਖੁਸ਼ੀਆਂ ਭਰੀ ਵਿਵਾਹਿਤ ਜ਼ਿੰਦਗੀ’ ਦੀਆਂ ਸ਼ੁੱਭ ਇਛਾਵਾਂ ਦਿੱਤੀਆਂ ਸਨ। ਮੈਨੂੰ ਮਿਸਿਜ਼ ਐਪਟੇ ਦਾ ਹਸੂੰ-ਹਸੂੰ ਕਰਦਾ ਚਿਹਰਾ ਯਾਦ ਆਇਆ।
ਉਸ ਦਿਨ ਉਸਦੀ ਦੁਨੀਆਂ ਵਿਚ ਖੁਸ਼ੀਆਂ-ਖੇੜੇ ਸਨ…ਤੇ ਅੱਜ ਉਸਦੇ ਭਾਅ ਦੀ ਪਰਲੋ ਆ ਗਈ ਸੀ। ਚੰਦਰੀ ਜੰਗ ਨੇ ਉਸਨੂੰ ਮੋਏ ਪਤੀ ਦਾ ਮੂੰਹ ਵੇਖਣ ਜਾਂ ਆਪਣੇ ਹੱਥੀਂ ਸਸਕਾਰ ਕਰਨ ਦਾ ਮੌਕਾ ਵੀ ਨਾ ਦਿੱਤਾ।
ਐਪਟੇ ਦੀ ਮੌਤ ਦੀ ਖ਼ਬਰ ਨੂੰ ਰੇਡੀਓ ‘ਤੇ ਸਿਰਫ਼ ਦਸ ਕੁ ਸੈਕਿੰਡ ਹੀ ਦਿੱਤੇ ਗਏ। ਬੁਲਿਟਨ ਦਾ ਬਾਕੀ ਸਾਰਾ ਟਾਈਮ ਰੱਖਿਆ ਮੰਤਰੀ ਹੜਪ ਕਰ ਗਿਆ। ਭਾਰਤੀ ਸੈਨਾਵਾਂ ਦੀ ਬਹਾਦਰੀ ਤੇ ਨਿਪੁੰਨਤਾ ਦੀ ਪ੍ਰਸ਼ੰਸਾ ਥੋੜ੍ਹੇ ਜਿਹੇ ਸ਼ਬਦਾਂ ‘ਚ ਨਿਬੇੜ ਕੇ ਉਹ ਪ੍ਰਧਾਨ ਮੰਤਰੀ ਦੇ ਨਾਂ ਨਾਲ਼ ਵੱਡੇ-ਵੱਡੇ ਵਿਸ਼ੇਸ਼ਣ ਲਾ ਕੇ ਉਸਦੇ ਗੁਣ ਗਾਉਣ ਲੱਗ ਪਿਆ।
ਜੰਗ ਫ਼ੈਸਲਾਕੁੰਨ ਸਟੇਜ ‘ਤੇ ਪਹੁੰਚ ਚੁੱਕੀ ਸੀ। ਭਾਰਤੀ ਥਲ ਸੈਨਾ ਨੇ ਢਾਕੇ ਨੂੰ ਘੇਰਾ ਪਾ ਲਿਆ ਸੀ ਅਤੇ ਜਲ ਸੈਨਾ ਨੇ ਢਾਕੇ ਦੁਆਲ਼ੇ ਤਾਇਨਾਤ ਪਾਕਿਸਤਾਨੀ ਜਲ ਸੈਨਾ ਨੂੰ ਨਾਕਾਮ ਕਰਕੇ ਪੂਰਬੀ ਪਾਕਿਸਤਾਨ ਦੀ ਸਮੁੰਦਰੀ ਨਾਕਾਬੰਦੀ ਕਰ ਦਿੱਤੀ ਸੀ। ਪਾਕਿਸਤਾਨੀ ਫੌਜ ਦੀ ਸਹਾਇਤਾ ਲਈ ਠਿੱਲ੍ਹੇ ਹੋਏ ਅਮਰੀਕਾ ਦੇ ਸ਼ਕਤੀਸ਼ਾਲੀ ਬੇੜੇ ‘ਸੈਵੰਥ ਫਲੀਟ’ ਦਾ ਮੁਕਾਬਲਾ ਕਰਨ ਲਈ ਜਦੋਂ ਰੂਸ ਨੇ ਆਪਣਾ ਖੁੰਖਾਰ ਜੰਗੀ ਬੇੜਾ ਛੱਡਿਆ ਤਾਂ ਅਮਰੀਕਾ ਨੇ ਪੈਂਤੜਾ ਬਦਲਦਿਆਂ ਆਪਣਾ ਬੇੜਾ ਪਿਛਾਂਹ ਮੋੜ ਲਿਆ। ਘਿਰ ਚੁੱਕੀ ਪਾਕਿਸਤਾਨੀ ਫੌਜ ‘ਤੇ ਇਸ਼ਤਿਹਾਰਾਂ ਦਾ ਮੀਂਹ ਵਰ੍ਹਾਇਆ ਜਾ ਰਿਹਾ ਸੀ। ਜ਼ਮੀਨੀ, ਸਮੁੰਦਰੀ ਤੇ ਹਵਾਈ ਨਾਕਾਬੰਦੀ ਨੂੰ ਬਿਆਨਦੇ ਅਤੇ ਹਥਿਆਰ ਸੁੱਟਣ ਲਈ ਪ੍ਰੇਰਦੇ ਉਨ੍ਹਾਂ ਇਸ਼ਤਿਹਾਰਾਂ ਨੇ ਪਾਕਿਸਤਾਨੀ ਸੈਨਿਕਾਂ ਦਾ ਮਨੋਬਲ ਚੂਰ-ਚੂਰ ਕਰ ਦਿੱਤਾ।
ਪਾਕਿਸਤਾਨੀ ਫੌਜ ਦੇ ਕਮਾਂਡਰਾਂ ਨੇ ਆਪਣੇ 90 ਹਜ਼ਾਰ ਫੌਜੀਆਂ ਸਮੇਤ ਹਥਿਆਰ ਸੁੱਟਣ ਦਾ ਫ਼ੈਸਲਾ ਕਰ ਲਿਆ। 16 ਦਸੰਬਰ 1971 ਦੇ ਇਤਿਹਾਸਕ ਦਿਨ, ਢਾਕਾ ਵਿਖੇ, ਪਾਕਿਸਤਾਨੀ ਫੌਜ ਦੇ ਅਪਰੇਸ਼ਨਲ ਕਮਾਂਡਰ ਲੈਫਟੀਨੈਂਟ ਜਨਰਲ ਏ.ਕੇ ਨਿਆਜ਼ੀ ਨੇ ਆਪਣਾ ਪਿਸਤੌਲ ਉਤਾਰ ਕੇ ਭਾਰਤੀ ਫੌਜ ਦੇ ‘ਬੰਗਲਾਦੇਸ਼ ਅਪਰੇਸ਼ਨ’ ਦੇ ਹੀਰੋ ਲੈਫਟੀਨੈਂਟ ਜਨਰਲ ਜਗਜੀਤ ਸਿੰਘ ਅਰੋੜਾ ਅੱਗੇ ਧਰ ਦਿੱਤਾ।
ਪੂਰਬੀ ਪਾਕਿਸਤਾਨ ਬੰਗਲਾ ਦੇਸ਼ ਬਣ ਗਿਆ। ਸ਼ੇਖ ਮੁਜ਼ੀਬਰ ਰਹਿਮਾਨ ਨਵੇਂ ਦੇਸ਼ ਦਾ ਪਹਿਲਾ ਪ੍ਰਧਾਨ ਮੰਤਰੀ ਬਣਿਆਂ।
ਭਾਰਤ ਵਿਚ ਕੇਂਦਰ ਦੀ ਹਕੂਮਤ ਚਲਾ ਰਹੀ ਕਾਂਗਰਸ ਪਾਰਟੀ ਦਾ ਭਵਿੱਖ ਰੌਸ਼ਨ ਹੋ ਗਿਆ। ਪਰ ਜੰਗ ਵਿਚ ਸ਼ਹੀਦ ਹੋਏ ਸੈਨਿਕਾਂ ਦੇ ਘਰੀਂ ਸੰਘਣੇ ਹਨ੍ਹੇਰੇ ਛਾ ਗਏ।
ਦੋ ਕੁ ਹਫਤਿਆਂ ਬਾਅਦ ਸਾਡੇ ਸੁਕਆਡਰਨ ਦੀ ਜੋਧਪੁਰ ਨੂੰ ਵਾਪਸੀ ਦੇ ਆਰਡਰ ਹੋ ਗਏ। ਅਸੀਂ ਖੁਸ਼ ਸਾਂ ਕਿ ਬੰਗਲਾ ਦੇਸ਼ ਨੂੰ ਆਜ਼ਾਦ ਕਰਵਾਉਣ ਦਾ ਸਾਡੇ ਭਾਰਤ ਦਾ ਮਿਸ਼ਨ ਸਫਲ ਹੋ ਗਿਆ ਸੀ। ਪਰ ਖੁਸ਼ੀ ਦੇ ਨਾਲ਼-ਨਾਲ਼ ਵਿਗੋਚਾ ਵੀ ਸੀ। ਸਾਡੇ ਸੁਕਆਡਰਨ ਦੇ ਦੋ ਸੈਨਿਕ ਸਾਥੋਂ ਸਦਾ ਲਈ ਵਿੱਛੜ ਗਏ ਸਨ।
ਪਹਿਲਾਂ ਅਸੀਂ ਆਪਣੇ ਜਹਾਜ਼ਾਂ ਨੂੰ ਤੋਰਿਆ। ਟੈਕਸੀਵੇਅ ਉੱਪਰ ਰੱਨਵੇਅ ਵੱਲ ਨੂੰ ਜਾ ਰਹੇ ਜਹਾਜ਼ਾ ਦੀ ਲੰਮੀ ਕਤਾਰ ਨੂੰ ਤੱਕਦਿਆਂ ਮੇਰਾ ਧਿਆਨ ਟੈਕਸੀਵੇਅ ਦੇ ਲਾਗਲੀਆਂ ਝਾੜੀਆਂ ਵੱਲ ਚਲਾ ਗਿਆ। ਮਾਰੂਥਲ ਵਿਚ ਹਰਿਆਵਲ ਦਾ ਨਾਂ-ਨਿਸ਼ਾਨ ਸਿਰਫ਼ ਤੇ ਸਿਰਫ਼ ਉੱਥੋਂ ਦੀਆਂ ਝਾੜੀਆਂ ਹੀ ਸਨ। ਪਰ ਜਹਾਜ਼ਾਂ ਅੰਦਰ ਬਲ਼ਦੀ ਅੱਗ ਦੀਆਂ ਸਾੜ-ਪਾਊ ਗੈਸਾਂ ਦੀ ਨਿੱਤ ਦੀ ਬਲਾਸਟ ਨੇ ਬਹੁਤ ਸਾਰੀਆਂ ਝਾੜੀਆਂ ਲੂਹ ਸੁੱਟੀਆਂ ਸਨ। ‘ਦੋਨਾ ਦੇਸ਼ਾਂ ਦੀਆਂ ਸਰਕਾਰਾਂ ਨੂੰ ਇਸ ਸਦੀਆਂ-ਪਿਆਸੀ ਧਰਤੀ ਵਾਸਤੇ ਅੱਗ ਦਾ ਨਹੀਂ ਪਾਣੀ ਦਾ ਬੰਦੋਬਸਤ ਕਰਨਾ ਚਾਹੀਦੈ।’ ਮੇਰੇ ਮਨ ‘ਚ ਕੁਝ ਇਸ ਤਰ੍ਹਾਂ ਦੀ ਸੋਚ ਉੱਭਰੀ ਸੀ।
ਟਰਾਂਸਪੋਰਟ ਜਹਾਜ਼ ਸਾਨੂੰ ਤਕਨੀਸ਼ਨਾਂ ਨੂੰ ਲੈ ਕੇ ਤੁਰਿਆ ਤਾਂ ਕੁਝ ਪਿੱਛੇ ਰਹਿ ਗਿਆ ਜਾਪਿਆ। ਸਾਡੇ ਵਿਚ ਪਵਨ ਸ਼ਰਮਾ ਨਹੀਂ ਸੀ। ਉਸਨੇ ਕਦੀ ਵੀ ਘਰ ਨਹੀਂ ਸੀ ਪਰਤਣਾ। ਜੰਗੀ ਕੈਦੀ ਬਣਾਏ ਗਏ ਸਾਡੇ ਦੋ ਪਾਇਲਟਾਂ ਦੇ ਪਰਿਵਾਰਾਂ ਨੂੰ ਉਨ੍ਹਾਂ ਦੇ ਪਰਤਣ ਦੀ ਆਸ ਸੀ, ਉਡੀਕ ਸੀ। ਪਰ ਪਵਨ ਸ਼ਰਮਾ ਦੇ ਮਾਂ-ਬਾਪ, ਭੈਣ-ਭਰਾ ਅਤੇ ਪਾਇਲਟ ਐਪਟੇ ਦੀ ਵਿਧਵਾ…ਅਤੇ ਜੰਗ ਦੀ ਭੇਟ ਚੜ੍ਹੇ ਹੋਰ ਅਨੇਕਾਂ ਸੈਨਿਕਾਂ ਦੇ ਪਰਿਵਾਰ ਕਿਸ ਦਾ ਰਾਹ ਤੱਕਣਗੇ!
ਮੇਰਾ ਕਹਾਣੀ ਨਾਲ਼ ਨਾਤਾ ਇਸ ਜੰਗ ਤੋਂ ਛੇ ਸਾਲ ਬਾਅਦ ਬਣਿਆਂ। ਕਹਾਣੀਆਂ ਦੀ ਲੜੀ ਵਿਚ ਦੋ ਕਹਾਣੀਆਂ ‘ਸੁਆਹ ਦੀ ਢੇਰੀ’ ਅਤੇ ‘ਮਨੁੱਖ ਤੇ ਮਨੁੱਖ’ ਬੰਗਲਾ ਦੇਸ਼ ਜੰਗ ਬਾਰੇ ਹਨ। ਇਨ੍ਹਾਂ ਕਹਾਣੀਆਂ ਦੀ ਗੱਲ ਅਗਾਂਹ ਜਾ ਕੇ ਕਰਾਂਗਾ।
ਉੱਤਰਲਾਏ ਤੋਂ ਜੋਧਪੁਰ ਪਰਤਣ ‘ਤੇ ਮੇਰੀ ਡਿਊਟੀ ਪੱਕੇ ਤੌਰ ‘ਤੇ ‘ਰਿਪੇਅਰ ਐਂਡ ਸਰਵਿਸਿੰਗ ਸੈਕਸ਼ਨ’ ‘ਚ ਲੱਗ ਗਈ। ਜੰਗ ਦੌਰਾਨ ਦੋਨਾਂ ਸੁਕਆਡਰਨਾਂ ਦੇ ਕਈ ਜਹਾਜ਼ਾਂ ਦੀਆਂ 50 ਉਡਣ-ਘੰਟਿਆਂ ਤੋਂ ਬਾਅਦ ਹੋਣ ਵਾਲ਼ੀਆਂ ਨਿਯਤਕਾਲੀ ਸਰਵਿਸਜ਼ ਓਵਰਡਿਊ ਹੋ ਚੁੱਕੀਆਂ ਸਨ। ਉਨ੍ਹਾਂ ਸਰਵਿਸਾਂ ਦਾ ਕੰਮ ਨਿਬੇੜਨ ਲਈ ਲੰਮੇ ਘੰਟਿਆਂ ਵਾਲ਼ੀਆਂ ਡਿਊਟੀਆਂ ਸ਼ੁਰੂ ਹੋ ਗਈਆਂ।
ਪਹਿਲਾਂ ਜੰਗੀ ਮਸ਼ਕਾਂ, ਫਿਰ ਜੰਗ ਤੇ ਹੁਣ ਸਰਵਿਸਾਂ ਦਾ ਸਿਲਸਿਲਾ ਅਤੇ ਨਾਲ਼ ਦੀ ਨਾਲ਼ ਪਰਿਵਾਰਕ ਰੁਝੇਵੇਂ। ਐਮ.ਏ ਦੇ ਇਮਤਿਹਾਨ ਵਾਸਤੇ ਤਿਆਰੀ ਕਰਨ ਦੀ ਚਾਹਤ ਤਾਂ ਸੀ ਪਰ ਤਨ-ਮਨ ‘ਚ ਪਸਰੀ ਥਕਾਵਟ ਕਾਰਨ ਕਿਤਾਬਾਂ ਨਾਲ਼ ਜੁੜ ਨਾ ਸਕਿਆ ਤੇ ਪੜ੍ਹਾਈ ਪੱਖੋਂ 1972 ਦਾ ਸਾਲ ਵੀ ਸੱਖਣਾ ਹੀ ਲੰਘ ਗਿਆ। ਘਰੋਂ ਕੰਮ ਤੇ ਕੰਮ ਤੋਂ ਘਰ ਦੇ ਰੁਟੀਨ ਦੇ ਬੋਝ ਨੂੰ ਜ਼ਰਾ ਕੁ ਹਲਕਾ ਕਰਨ ਲਈ ਅਸੀਂ ਪਿਕਨਿਕ ਦਾ ਪ੍ਰੋਗਰਾਮ ਬਣਾ ਲਿਆ। ਦਾਲਾਂ, ਸਬਜ਼ੀਆਂ, ਫੁਲਕੇ, ਚਾਹ ਆਦਿ ਬਣਾਉਣ ਲਈ ਹਰ ਪਰਿਵਾਰ ਨੇ ਇਕ ਆਈਟਮ ਦੀ ਜ਼ਿੰਮੇਵਾਰੀ ਲੈ ਲਈ। ਤੇ ਇਕ ਐਤਵਾਰ ਆਪੋ ਆਪਣੀਆਂ ਫੈਮਿਲੀਆਂ ਨੂੰ ਸਾਈਕਲਾਂ ‘ਤੇ ਬਿਠਾ ਅਸੀਂ ‘ਮੰਡੋਰ ਗਾਰਡਨ’ ਜਾ ਪਹੁੰਚੇ। ਸ਼ਹਿਰ ਤੋਂ 10 ਕਿੱਲੋਮੀਟਰ ਦੂਰ ਮੰਡੋਰ ਗਾਰਡਨ, ਰਾਓ ਜੋਧਾ ਤੋਂ ਪਹਿਲਾਂ ਦੇ ਹਾਕਮਾਂ ਦੀ ਰਾਜਧਾਨੀ ਹੁੰਦੀ ਸੀ। ਓਥੋਂ ਦੀਆਂ ਇਮਾਰਤਾਂ ਤਾਂ ਖਸਤਾ ਹਾਲਤ ‘ਚ ਸਨ ਪਰ ਸੁਹਣੇ ਛਾਂਦਾਰ ਦਰਖਤਾਂ ਅਤੇ ਹਰੇ-ਭਰੇ ਘਾਹ ਵਾਲ਼ੇ ਲਾਅਨ ਪਿਕਨਿਕ ਵਾਸਤੇ ਢੁੱਕਵੇਂ ਸਨ। ਬੱਚਿਆਂ ਦੇ ਖੇਲ੍ਹਣ-ਮਲ੍ਹਣ ਲਈ ਵੀ ਵਧੀਆ ਸਥਾਨ ਸੀ ਉਹ।
ਮੰਡੋਰ ਸਾਨੂੰ ਅਜਿਹਾ ਜਚਿਆ ਕਿ ਹਰੇਕ ਦੋ-ਤਿੰਨ ਮਹੀਨਿਆਂ ਬਾਅਦ ਸਾਡਾ ਛੇ ਪਰਿਵਾਰਾਂ ਦਾ ਪ੍ਰੋਗਰਾਮ ਬਣ ਜਾਂਦਾ। ਉਨ੍ਹਾਂ ਸਾਦੇ ਢੰਗ ਦੀਆਂ ਪਿਕਨਿਕਾਂ ਵਾਸਤੇ ਸਾਨੂੰ ਨਾ ਕੋਈ ਵਾਧੂ ਖਰਚ ਤੇ ਨਾ ਹੀ ਖਾਸ ਤਰਦੱਦ ਕਰਨ ਦੀ ਲੋੜ ਸੀ।
ਜੋਧਪੁਰ ‘ਚ ਕਿਲੇ ਤਾਂ ਹੋਰ ਵੀ ਹਨ ਪਰ ਮੇਹਰਾਂਗੜ੍ਹ ਕਿਲਾ ਵਧੇਰੇ ਮਸ਼ਹੂਰ ਹੈ। ਇਕ ਐਤਵਾਰ ਓਥੇ ਜਾ ਪਹੁੰਚੇ। 122 ਮੀਟਰ ਉੱਚੀ ਪਹਾੜੀ ‘ਤੇ ਸਥਿਤ ਇਸ ਕਿਲੇ ਦੇ ਸੱਤ ਗੇਟ ਹਨ। ਰਾਜੇ ਰਾਓ ਜੋਧਾ ਨੇ ਇਸਨੂੰ ਪੰਦਰਵੀਂ ਸਦੀ ‘ਚ ਬਣਵਾਇਆ ਸੀ। ਖੁੱਲ੍ਹੇ ਵਿਹੜਿਆਂ ਅਤੇ ਹੁਨਰਮੰਦੀ ਨਾਲ਼ ਸਜਾਈਆਂ ਥਾਵਾਂ ਵਾਲ਼ਾ ਇਹ ਕਿਲਾ 1200 ਏਕੜ ਵਿਚ ਫੈਲਿਆ ਹੋਇਆ ਹੈ। ਕਿਲੇ ਵਿਚ ਮੋਤੀ ਮਹਿਲ, ਫੂਲ ਮਹਿਲ, ਸ਼ੀਸ਼ ਮਹਿਲ ਦੇਖਣ ਉਪਰੰਤ ਅਸੀਂ ‘ਦੌਲਤਖਾਨਾ’ ਨਾਂ ਦੇ ਮਿਊਜ਼ਿਅਮ ਅੰਦਰ ਜਾ ਵੜੇ। ਮਿਊਜ਼ਿਅਮ ਵਿਚ ਵੱਖ-ਵੱਖ ਸਮਿਆਂ ਦੇ ਰਾਜਿਆਂ ਦੇ ਜ਼ੱਰਾਬਕਤਰ, ਗੈਂਡੇ ਦੇ ਸਿੰਗਾਂ, ਹਾਥੀ ਦੰਦ ਤੇ ਕੀਮਤੀ ਪਥਰਾਂ ਦੇ ਮੁੱਠੇ ਵਾਲੀਆਂ ਤਲਵਾਰਾਂ ਤੇ ਹੋਰ ਹਥਿਆਰ ਸਾਂਭੇ ਹੋਏ ਹਨ।
10 ਨਵੰਬਰ, 1972 ਦੇ ਸ਼ੁਭ ਦਿਹਾੜੇ ਸਾਡੇ ਘਰ ਦੂਜਾ ਨਵਾਂ ਜੀਅ ਆਇਆ, ਬੇਟਾ ਅਮਰਪ੍ਰੀਤ। ਅਸੀਂ ਪਿੰਡੋਂ ਬੀਬੀ ਨੂੰ ਸੱਦ ਲਿਆ ਸੀ। ਪਿੰਡ ਦੇ ਕੰਮਾਂ-ਕਾਜਾਂ ਦੇ ਖਲਜਗਣ ਤੋਂ ਰਾਹਤ ਦਿਵਾਉਣ ਲਈ ਅਸੀਂ ਚਾਹੁੰਦੇ ਸਾਂ ਕਿ ਉਹ ਸਾਡੇ ਕੋਲ਼ ਘੱਟੋ-ਘੱਟ ਛੇ ਮਹੀਨੇ ਰਵ੍ਹੇ। ਪਰ ਉਹ ਢਾਈ ਮਹੀਨਿਆਂ ਬਾਅਦ ਹੀ ਕਾਹਲ਼ੀ ਪੈ ਗਈ। ਉਸ ਨੂੰ ਪਿਛਲੇ ਪਰਿਵਾਰ ਦਾ ਫ਼ਿਕਰ ਲੱਗਾ ਹੋਇਆ ਸੀ। ਪਰਿਵਾਰ ਦਾ ਮਾਹੌਲ ਪਹਿਲਾਂ ਵਾਂਗ ਸੁਖਾਵਾਂ ਨਹੀਂ ਸੀ ਰਿਹਾ।
(ਚਲਦਾ)

 

 

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …