ਬੋਲ ਬਾਵਾ ਬੋਲ
ਨਿੰਦਰ ਘੁਗਿਆਣਵੀ
94174-21700
ਸਾਲ 2011 ਦੀਆਂ ਗਰਮੀਆਂ ਵਿੱਚ ਮੈਂ ਆਸਟਰੇਲੀਆ ਗਿਆ ਸੀ ਤੇ ਚਹੁੰ ਕੁ ਮਹੀਨੀਂ ਘਰ ਪਰਤਿਆ। ਪਾਪਾ ਨੇ ਹਾਸੇ-ਹਾਸੇ ਆਖਿਆ, ”ਵੇਖ ਉਏ, ਤੇਰੀ ਮਾਂ ਤੇਰੇ ਬਾਹਰ ਜਾਣ ਕਰਕੇ ਸੁੱਕੇ ਤੀਲੇ ਵਾਂਗੂੰ ਹੋਈ ਪਈ ਐ…ਅਖੇ ਮੁੰਡਾ ਪਤਾ ਨੀ ਕਦੋਂ ਆਊ, ਤੇ ਤੂੰ ਘੁੰਮ-ਫਿਰ ਕੇ ਆ ਗਿਆ ਐਂ ਗੋਰਿਆਂ ਦੇ ਮੁਲਕ ‘ਚੋਂ…ਗੋਰਾ-ਗੋਰਾ ਜਿਹਾ ਨਿੱਕਲ ਕੇ…।” ਸਾਰੇ ਹੱਸਣ ਲੱਗੇ। ਮਾਂ ਵਾਕਿਆ ਹੀ ਸੁੱਕ ਕੇ ਤੀਲਾ ਜਿਹੀ ਹੋਈ ਪਈ ਸੀ, ਮੈਂ ਝਟ ਆਪਣੇ ਕਮਰੇ ਵਿੱਚ ਜਾ ਸੀਸਾ ਦੇਖਿਆ, ਮੈਂ ਸੱਚੀਓਂ ਹੀ ਗੋਰਾ-ਗੋਰਾ ਨਿੱਕਲ ਆਇਆ ਸਾਂ। ਸੀਸਾ ਦੇਖਣ ਬਾਅਦ ਮੈਂ ਸੋਚਣ ਲੱਗਿਆ ਕਿ ਮੈਂ ਤਾਂ ਕੁਝ ਮਹੀਨਿਆਂ ਲਈ ਹੀ ਪਰਦੇਸ ਗਿਆ ਸਾਂ ਤੇ ਵਤਨ ਨੂੰ ਮੁੜ ਵੀ ਆਇਆ ਹਾਂ ਤੇ ਜਿਹੜੀਆਂ ਮਾਵਾਂ ਦੇ ਪੁੱਤ ਸਦਾ-ਸਦਾ ਲਈ ਪਰਦੇਸੀ ਹੋ ਗਏ ਨੇ, ਕਦੇ ਪਰਤੇ ਹੀ ਨਹੀਂ ਵਤਨ ਆਪਣੇ, ਉਹਨਾਂ ਮਾਵਾਂ ਦਾ ਕੀ ਹਾਲ ਹੁੰਦਾ ਹੋਊ? ਖੈਰ! ਕੁਝ ਮਿੰਟ ਰੁਕ ਕੇ ਪਾਪਾ ਨੇ ਦੱਸਿਆ, ”ਮੇਰੇ ਸੱਜੇ ਮੋਢੇ ਵਿੱਚ ਕਦੇ-ਕਦੇ ਪੀੜ ਜਿਹੀ ਹੁੰਦੀ ਰਹਿੰਦੀ ਐ, ਗੋਲੀ ਖਾਣ ਨਾਲ ਹਟ ਜਾਂਦੀ ਐ, ਆਹ ਇੱਕ ਪੱਤਾ ਜਿਹਾ ਮੰਗਵਾਉਨੈ ਹੁੰਨੈ,ਏਹਦੇ ‘ਚੋਂ ਗੋਲੀ ਖਾ ਛੱਡੀਦੀ ਐ।” ਮੈਂ ਗੋਲੀ ਵਾਲਾ ਪੱਤਾ ਦੇਖਿਆ, ਐਕਲੋਪੈਰਾ ਕੰਪਨੀ ਦਾ ਸੀ ਤੇ ਇਸਦਾ ਅਸਾਲਟ ਐਕਲੋਫਿਨੈਕ ਤੇ ਪੈਰਾਸੀਟਾਮੋਲ ਸੀ, ਜਿੰਨਾ ਚਿਰ ਖਾਂਦੇ ਰਹੋਗੇ,ਓਨਾ ਚਿਰ ਦਰਦ ਤੋਂ ਕੁਝ ਘੰਟੇ ਰਾਹਤ ਰਹੇਗੀ।
ਸੋ, ਪਾਪਾ ਇਵੇਂ ਕਰਦੇ ਆ ਰਹੇ ਸਨ। ਗੋਲੀ ਖਾ ਕੇ ਵੇਲਾ ਟਪਾਉਂਦੇ ਰਹੇ। ਉਹਨਾਂ ਦੇ ਮੋਢੇ ਦੀ ਦਰਦ ਵਧਦੀ ਗਈ। ਮੈਂ ਕਿਸੇ ਡਾਕਟਰ ਕੋਲ ਲਿਜਾਣ ਨੂੰ ਕਹਿਣਾ ਤਾਂ ਅੱਗੋਂ ਆਖਦੇ, ”ਮੈਨੂੰ ਕੁਝ ਨੀ ਹੋਇਆ, ਥੋਡੇ ਸਭ ਤੋਂ ਤਕੜਾ ਐਂ, ਮੈਂ ਇਹੋ-ਜੀਆਂ ਪੀੜਾਂ-ਪੂੜਾਂ ਨੂੰ ਕੀ ਜਾਣਦੈਂ…।” ਛੇ ਫੁੱਟ ਇੱਕ ਇੰਚ ਕੱਦ ਸੀ ਤੇ ਪੂਰੇ ਹੱਟੇ-ਕੱਟੇ ਸਨ। ਸਾਰੀ ਉਮਰ ਕਹੀ ਚਲਾਈ ਸੀ ਖੇਤਾਂ ਵਿੱਚ ਤੇ ਡੂੰਘਾ ਹਲ ਵਾਹਿਆ ਸੀ। ਮੈਂ ਆਪਣੀ ਉਮਰ ਵਿੱਚ ਕਦੀ ਉਹਨਾਂ ਨੂੰ ਤਾਪ ਨਹੀਂ ਚੜ੍ਹਿਆ ਨਹੀਂ ਸੀ ਦੇਖਿਆ।ਉਹ ਦਸਦੇ ਹੁੰਦੇ ਸੀ ਕਿ ਜੇ ਕਦੇ ਤਾਪ ਚੜ੍ਹ ਵੀ ਜਾਣਾ ਤਾਂ ਆਪੇ ਈ ਲੱਥ ਜਾਣਾ, ਖੇਤਾਂ ‘ਚ ਨੰਗੇ ਪੈਰੀਂ ਭੱਜੇ ਫਿਰੀਦਾ ਸੀ, ਕਦੇ ਗਿੱਲੀ ਮਿੱਟੀ ‘ਤੇ ਤੁਰਨਾ ਤੇ ਕਦੇ ਕੋਸੀ ਮਿੱਟੀ ‘ਤੇ ਕਦੇ ਤੱਤੀ-ਤੱਤੀ ਰੇਤਾ ਪੈਰਾਂ ਨੂੰ ਆਪਣੇ ਸਿਰ ਕਰੀ ਰਖਦੀ ਸੀ, ਅਸੀਂ ਤਾਂ ਕਦੇ ਗੋਲੀ ਦਾ ਮੂੰਹ ਨੀ ਸੀ ਦੇਖਿਆ ਕਿ ਗੋਲੀ ਕੀ ਸ਼ੈਅ ਹੁੰਦੀ ਐ, ਗਰਮ-ਸਰਦਾ ਹੋਣੀ ਤਾਂ ਲੱਸੀ ‘ਚ ਲਾਲ ਮਿਰਚਾਂ ਸੁੱਟ੍ਹ ਕੇ ਪੀ ਲੈਣੀ, ਖੰਘ-ਜੁਕਾਮ ਸਾਲਾ ਨੇੜੇ ਨੀ ਸੀ ਖੜ੍ਹਦਾ, ਜੇ ਕਦੇ ਮੂੰਹ ‘ਚ ਛਾਲੇ ਹੋ ਜਾਣੇ ਤਾਂ ਰੋਟੀ ਪਕਾਉਣ ਵਾਲੇ ਤਵੇ ਦੇ ਪਿੱਛਿਓ ਕਾਲਖ ਉਤੇ ਉਂਗਲ ਫੇਰ ਕੇ ਛਾਲੇ ਉਤੇ ਲਾ ਲੈਣੀ ਤੇ ਸਵੇਰੇ ਨੂੰ ਛਾਲੇ ਖਤਮ!
ਉਹਨਾਂ ਦੇ ਮੋਢੇ ਦੀ ਦਰਦ ਦਿਨੋ-ਦਿਨ ਵਧ ਰਹੀ ਸੀ। ਹੁਣ ਉਹ ਗੋਲੀ ਤੋਂ ਟੀਕੇ ‘ਤੇ ਆ ਗਏ। ਕਦੇ-ਕਦੇ ਟੀਕਾ ਲਵਾ ਲੈਂਦੇ ਤੇ ਪੀੜ ਥੰਮ ਜਾਂਦੀ। ਵਿੱਚ-ਵਿੱਚ ਦਿਨ ਪੈਂਦੇ ਗਏ ਤੇ ਪੀੜ ਹੋਰ-ਹੋਰ ਵਧਣ ਲੱਗੀ। ਇੱਕ ਦਿਨ ਪਾਪਾ ਕਹਿਣ ਲੱਗੇ, ”ਸਾਲ ਕੁ ਹੋ ਗਿਆ ਐ, ਮੈਂ ਖੇਤ ਰੇਹੜਾ ਜੋੜਦਾ ਸੀ, ਬਲਦ ਭਜ ਗਿਆ ਤੇ ਮੈਂ ਡਿੱਗ ਪਿਆ ਸੀ…ਏਸ (ਸੱਜੇ) ਮੋਢੇ ‘ਤੇ ਭਾਰ ਆ ਗਿਆ ਸੀ,ਏਸੇ ਕਰਕੇ ਹੁੰਦੀ ਹੋਣੀ ਐਂ ਪੀੜ,ਹੋ ਸਕਦੈ ਹੱਡੀ ਹਿੱਲ ਗਈ ਹੋਵੇ।” ਪਾਪਾ ਦੀ ਗੱਲ ਸੁਣ ਕੇ ਅਸੀਂ ਦੇਸੀ ਪੱਟੇ ਲਾਉਣ ਵਾਲੇ ਆਪਣੇ ਮਿੱਤਰ ਗੁਲਜਾਰ ਮੁਹਮੰਦ ਮਦੀਨੇ ਕੋਲ ਸਾਡੇ ਨੇੜੇ ਸਾਦਿਕ ਮੰਡੀ ਚਲੇ ਗਏ। ਉਸਨੇ ਹੱਡੀ ਟੋਹ ਕੇ ਆਖਿਆ, ”ਆਹ ਦੇਖੋ ਅੰਕਲ ਜੀ, ਕਿੰਨਾ ਫਰਕ ਪਿਆ ਹੋਇਆ,ਹੱਡੀ ਤਾਂ ਹਿੱਲੀ ਹੋਈ ਆ,ਪੱਟੇ ਲਾ ਕੇ ਜੋੜ ਦਿੰਨੇ ਆਂ,ਪੰਦਰਾਂ ਦਿਨਾਂ ‘ਚ ਅਰਾਮ ਆਜੂ।” ਮਦੀਨੇ ਕੋਲੋਂ ਪੱਟੇ ਲੱਗਣ ਲੱਗੇ। ਪਰ ਪੀੜ ਸਗੋਂ ਵੀ ਵਧਣ ਲੱਗੀ। ਪਤਾ ਲੈਣ ਆਏ ਕਿਸੇ ਗੁਆਂਢੀ ਨੇ ਨੇ ਕਿਹਾ ਕਿ ਪੱਟੇ ਲਾਉਣ ਵਾਲਾ ਕੋਈ ਹੋਰ ਸਿਆਣਾ ਲੱਭੋ,ਪੱਟਿਆਂ ਨਾਲ ਹੀ ਅਰਾਮ ਆ ਜਾਣੈ। ਉਹਦੀ ਸੁਣ ਫਿਰ ਇੱਕ ਹੋਰ ਪੱਟੇ ਲਾਉਣ ਵਾਲਾ ਨੇੜਲੇ ਪਿੰਡੋਂ ਲੱਭਿਆ। ਜਦ ਉਸ ਕੋਲ ਗਏ ਤਾਂ ਉਹਨੇ ਕਿਹਾ, ” ਤੁਸੀਂ ਗਲਤ ਥਾਂ ਤੋਂ ਪੱਟੇ ਲੁਵਾਏ ਨੇ, ਪਹਿਲਾਂ ਈ ਮੇਰੇ ਕੋਲ ਕਿਉਂ ਨਾ ਆਏ?” ਮੈਂ ਚੁੱਪ ਰਿਹਾ। ਕੋਈ ਜੁਆਬ ਨਹੀਂ ਸੀ ਇਸ ਗੱਲ ਦਾ ਮੇਰੇ ਕੋਲ। ਲਓ ਜੀ, ਇਹਦੇ ਪੱਟੇ ਲੁਵਾ ਕੇ ਵੀ ਦੇਖ ਲਏ, ਉਹਦੇ ਪੱਟਿਆਂ ਨਾਲ ਤਾਂ ਪਾਪਾ ਦਾ ਸਾਰਾ ਸਰੀਰ ਆਕੜ ਹੀ ਗਿਆ। ਉਸ ਕੋਲ ਫਿਰ ਪੱਟੇ ਲਵਾਉਣੇ ਕੀ ਜਾਣਾ ਸੀ? ਉਹਦੇ ਲਾਏ ਪੱਟਿਆਂ ਨਾਲ ਤਾਂ ਅਸੀਂ ਪੱਟੇ ਹੀ ਗਏ!
(ਚਲਦਾ)
Check Also
ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ
ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …