Breaking News
Home / ਰੈਗੂਲਰ ਕਾਲਮ / ਕੈਨੇਡੀਅਨ ਕੋਰ ਆਫ਼ ਕਮਿਸ਼ਨੇਅਰਜ਼ ‘ਚ ਜੌਬ

ਕੈਨੇਡੀਅਨ ਕੋਰ ਆਫ਼ ਕਮਿਸ਼ਨੇਅਰਜ਼ ‘ਚ ਜੌਬ

ਜਰਨੈਲ ਸਿੰਘ
(ਕਿਸ਼ਤ 10ਵੀਂ
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਇਸ ਲੋਕੇਸ਼ਨ ਨੂੰ ਸੀ.ਬੀ.ਸੀ ਦੀ ਡਿਜ਼ਾਈਨ ਬਿਲਡਿੰਗ ਕਿਹਾ ਜਾਂਦਾ ਸੀ। ਇਸ ਵਿਚ ਸੈੱਟ ਡਿਜ਼ਾਈਨ, ਸੈੱਟ ਡੈਕੋਰੇਸ਼ਨ, ਕਾਸਟਯੂਮ ਡਿਜ਼ਾਈਨ, ਸਪੈਸ਼ਲ ਇਫੈਕਟਸ ਦੇ ਡਿਪਾਰਟਮੈਂਟਾਂ ਤੋਂ ਇਲਾਵਾ ਟਰਾਂਸਪੋਰਟ ਡਿਪਾਰਟਮੈਂਟ ਵੀ ਸੀ, ਜਿਸ ਵਿਚ ਕਾਰਾਂ, ਵੈਨਾਂ, ਛੋਟੇ ਵੱਡੇ ਟਰੱਕ ਤੇ ਮੁਬਾਇਲ ਜਨਰੇਟਰ ਸਨ। ਸਾਰੀਆਂ ਵਾਹਨਾਂ ਦੀਆਂ ਚਾਬੀਆਂ ਸਾਡੇ ਰੂਮ ‘ਚ ਹੁੰਦੀਆਂ ਸਨ। ਚਾਬੀ ਲੈਣ ਵਾਲ਼ੇ ਕਰਮਚਾਰੀ ਨੂੰ ‘ਵਹੀਕਲ ਲਾਗ ਬੁੱਕ’ ਵਿਚ ਆਪਣਾ ਨਾਂ ਤੇ ਮਕਸਦ ਵਗੈਰਾ ਦਰਜ ਕਰਨਾ ਹੁੰਦਾ ਸੀ। ਸੀ.ਬੀ.ਸੀ ਤੇ ਕਰਮਚਾਰੀਆਂ ਦੀਆਂ ਵਾਹਨਾਂ ਵਾਸਤੇ ਬਿਲਡਿੰਗ ਦੇ ਮੂਹਰੇ, ਪਿਛਵਾੜੇ ਅਤੇ ਸੱਜੇ-ਖੱਬੇ ਪਾਰਕਿੰਗ ਲੌਟ ਸਨ। ਚਾਰੇ ਲੌਟਾਂ ‘ਚ ਕੈਮਰੇ ਫਿੱਟ ਕੀਤੇ ਹੋਏ ਸਨ। ਲੌਟਾਂ ‘ਚ ਆ, ਜਾ ਰਹੀਆਂ ਵਾਹਨਾਂ ਦੀਆਂ, ਪਲ-ਪਲ ਦੀਆਂ ਤਸਵੀਰਾਂ ਟੇਪ ‘ਤੇ ਰਿਕਾਰਡ ਹੋਣ ਦੇ ਨਾਲ਼-ਨਾਲ਼ ਮੌਨੀਟਰ ‘ਤੇ ਵੀ ਪ੍ਰਤੀਬਿੰਬਤ ਹੁੰਦੀਆਂ ਸਨ। ਵੱਡੀ ਸਕਰੀਨ ਵਾਲ਼ਾ ਮੌਨੀਟਰ ਸਾਡੇ ਟੇਬਲ ਦੇ ਸਾਹਮਣੇ ਸੀ।
ਬਿਲਡਿੰਗ ਵਿਚ ਸੀ.ਬੀ.ਸੀ ਦੇ ਪ੍ਰੋਗਰਾਮਾਂ ਜਿਵੇਂ ਡਰਾਮਿਆਂ, ਡਾਕੂਮੈਂਟਰੀਆਂ, ਖੇਡਾਂ, ਕੈਨੇਡਾ ਦੇ ਦਿਨਾਂ ਤਿਉਹਾਰਾਂ ਅਤੇ ਸਪੈਸ਼ਲ ਈਵੈਂਟਸ ਦੀ ਸ਼ੂਟਿੰਗ ਵਾਸਤੇ ਸੈੱਟ ਬਣਾਉਣ, ਸਜਾਉਣ ਤੇ ਕਲਾਕਾਰਾਂ/ ਪੇਸ਼ਕਾਰਾਂ ਦੀਆਂ ਪੁਸ਼ਾਕਾਂ ਤਿਆਰ ਕਰਨ ਦੇ ਕੰਮ ਕੀਤੇ ਜਾਂਦੇ ਸਨ। ਸੈੱਟ ਬਣਾ ਕੇ ਉਸਦੇ ਛੋਟੇ ਵੱਡੇ ਪਾਰਟ ਸ਼ੂਟਿੰਗ-ਲੋਕੇਸ਼ਨ ‘ਤੇ ਲੈ ਜਾਂਦੇ ਸਨ, ਜੋੜਨ ਬੀੜਨ ਦਾ ਕੰਮ ਓਥੇ ਕੀਤਾ ਜਾਂਦਾ ਸੀ। ਉਨ੍ਹਾਂ ਦਿਨਾਂ ਵਿਚ ਸੀ.ਬੀ.ਸੀ ਦੇ ਚਰਚਿਤ ਡਰਾਮੇ, ‘Conspiracy of Silence’ (ਚੁੱਪ ਦੀ ਸਾਜ਼ਸ) ਦੀ ਆਊਟਡੋਰ ਸ਼ੂਟਿੰਗ ਚਲ ਰਹੀ ਸੀ। ‘ਟਰਾਂਟੋ ਸਟਾਰ’ ਅਖਬਾਰ ਦੀ ਪੱਤਰਕਾਰ ਲੀਜ਼ਾ ਪਰੀਸਟ ਦੀ ਇਸੇ ਨਾਂ ਦੀ ਪੁਸਤਕ ‘ਤੇ ਆਧਾਰਿਤ ਇਹ ਡਰਾਮਾ ਇਕ ਨੇਟਿਵ ਮੁਟਿਆਰ ਹੈਲਨ ਬੈਟੀ ਓਸਬੋਰਨ ਨਾਂ ਦੀ ਕੁਟਮਾਰ ਤੇ ਕਤਲ ਦੀ ਵਾਸਤਵਿਕ ਕਹਾਣੀ ਹੈ। ਇਹ ਘਟਨਾ 1971 ‘ਚ ਮੈਨੀਟੋਬਾ ਸੂਬੇ ਦੇ ਕਸਬੇ ਪੈਸ ਵਿਚ ਵਾਪਰੀ ਸੀ। ਕਾਤਲ ਚਾਰ ਗੋਰੇ ਸਨ। ਕਸਬੇ ਦੇ ਕੁਝ ਲੋਕਾਂ ਨੂੰ ਉਨ੍ਹਾਂ ਬਾਰੇ ਪਤਾ ਸੀ ਪਰ ਨਸਲਵਾਦੀ ਸੋਚ ਕਾਰਨ ਉਨ੍ਹਾਂ ਚੁੱਪ ਧਾਰ ਲਈ। ਪੁਲਿਸ ਨੂੰ ਸਹਿਯੋਗ ਨਾ ਦਿੱਤਾ। ਆਖਰ 16 ਸਾਲ ਬਾਅਦ ਪੁਲਿਸ ਨੇ ਸੂਹ ਕੱਢ ਲਈ ਤੇ ਦੋਸ਼ੀਆਂ ਨੂੰ ਨੱਪ ਲਿਆ। ਨਸਲਵਾਦ ਦੀ ਅਤਿ ਘਿਨਾਉਣੀ ਵਾਰਦਾਤ ਸੀ ਇਹ ਡਰਾਮੇ ਵਿਚ ਦਿਖਾਇਆ ਘਰ ਅਤੇ ਹੋਰ ਦ੍ਰਿਸ਼ ਮੈਂ ਆਪਣੀ ਬਿਲਡਿੰਗ ਦੇ ‘ਕਾਰਪੈਂਟਰ ਸੈਕਸ਼ਨ’ ‘ਚ ਬਣਦੇ ਦੇਖੇ ਸਨ।
ਲੈਰੀ ਦੀਆਂ ਤੇ ਮੇਰੀਆਂ ਡਿਊਟੀਆਂ ਵਿਚ ਕਰਮਚਾਰੀਆਂ, ਵਿਜ਼ਿਟਰਾਂ ਤੇ ਵਾਹਨਾਂ ਦੀ ਆਵਾਜਾਈ ਨੂੰ ਵਾਚਣ ਤੋਂ ਇਲਾਵਾ ਹੋਰ ਕੰਮ ਵੀ ਸਨ। ਮੈਂ ਡਿਟੈਚਮੈਂਟ ਦੇ ਕਮਿਸ਼ਨੇਅਰਾਂ ਦੀਆਂ ਹਰ ਹਫ਼ਤੇ ਸ਼ਕੈਜੁਅਲ ਬਣਾਉਂਦਾ ਸਾਂ ਤੇ ਲੈਰੀ ਉਨ੍ਹਾਂ ਦੀ ਪੇਅ-ਰੋਲ (ਤਨਖਾਹ ਸੰਬੰਧੀ ਲਿਸਟ) ਬਣਾੳਂਦਾ ਸੀ। ਨਾਲ਼ ਦੀ ਨਾਲ਼ ਅਸੀਂ ਦੋਵੇਂ ਹੋਰ ਸੁਪਰਵਾਈਜ਼ਰੀ ਕਾਰਜ ਵੀ ਨਿਭਾਉਂਦੇ ਸਾਂ, ਜਿਵੇਂ ਕੰਮ ਸੰਬੰਧੀ ਕਮਿਸ਼ਨੇਅਰਾਂ ਦੀਆਂ ਸਮੱਸਿਆਵਾਂ ਨੂੰ ਸੁਲਝਾਉਣਾ, ਮਾਮੂਲੀ ਕੁਤਾਹੀਆਂ ਲਈ ਵਾਰਨਿੰਗ ਦੇਣੀਆਂ, ਗੰਭੀਰ ਕੁਤਾਹੀਆਂ ਦੀਆਂ ਰਿਪੋਰਟਾਂ ਅਗਲੇ ਐਕਸ਼ਨ ਲਈ ਕੋਰ ਹੈਡਕੁਆਟਰ ਨੂੰ ਭੇਜਣੀਆਂ ਆਦਿ। ਹਰ ਸ਼ੁਕਰਵਾਰ ਲੈਰੀ ਤੇ ਮੈਂ, ਵਾਰੀ ਸਿਰ, ਪੋਸਟਾਂ ਦੀ ਚੈਕਿੰਗ ਕਰਦੇ ਸਾਂ।
ਲੈਰੀ ਦਾ ਅਪਾਰਟਮੈਂਟ ਕੰਮ ਤੋਂ ਲਾਗੇ ਹੀ ਸੀ। ਉਸਨੇ ਘਰ ਨਹੀਂ ਸੀ ਖਰੀਦਿਆ। ਘਰ ਵਾਸਤੇ ਕਰਜੇ ਦੀ ਵੱਡੀ ਪੰਡ ਚੁੱਕਣੀ ਉਸਦੇ ਅਤੇ ਪਤਨੀ ਨੋਵਾ ਦੀ ਸੋਚ ਦੇ ਅਨੁਕੂਲ ਨਹੀਂ ਸੀ। ਉਹ ਅਪਾਰਟਮੈਂਟ ਵਿਚ ਹੀ ਸੰਤੁਸ਼ਟ ਸਨ। ਅਨੇਕਾਂ ਗੋਰੇ ਅਪਾਰਟਮੈਂਟਾਂ ਵਿਚ ਹੀ ਰਹਿਣਾ ਪਸੰਦ ਕਰਦੇ ਹਨ।
ਲੈਰੀ ਤੇ ਨੋਵਾ ਦਾ ਦੂਜਾ ਵਿਆਹ ਸੀ। ਲੈਰੀ ਦੇ ਪਹਿਲੇ ਵਿਆਹ ਦੀਆਂ ਦੋ ਧੀਆਂ ਸਨ। ਦੋਵੇਂ ਵਿਆਹੀਆਂ ਹੋਈਆਂ। ਨੋਵਾ ਦੇ ਤਿੰਨ ਪੁੱਤ ਸਨ। ਵੱਡੇ ਦੋ ਆਪੋ ਆਪਣੇ ਟਿਕਾਣਿਆਂ ‘ਤੇ ਸਨ। ਤੀਜਾ ਛੋਟਾ ਸੀ। ਉਹ ਲੈਰੀ-ਨੋਵਾ ਨਾਲ਼ ਰਹਿੰਦਾ ਸੀ।
ਮੈਂ ਕਦੀ-ਕਦੀ ਉਨ੍ਹਾਂ ਦੇ ਅਪਾਰਟਮੈਂਟ ‘ਚ ਚਲਾ ਜਾਂਦਾ ਸਾਂ। ਦੋ ਬੈੱਡਰੂਮ ਦਾ ਉਹ ਅਪਾਰਟਮੈਂਟ ਸੀ ਤਾਂ ਛੋਟਾ ਪਰ ਉਨ੍ਹਾਂ ਨੇ ਰੈਕ, ਸ਼ੈਲਫਾਂ ਤੇ ਕਲੌਜ਼ਿਟ ਬਣਾ ਕੇ ਘਰ ਦੀ ਹਰ ਚੀਜ ਸੁਹਣੇ ਢੰਗ ਨਾਲ਼ ਟਿਕਾਈ ਹੋਈ ਸੀ। ਲੈਰੀ ਦੇ ਹੱਥਾਂ ਵਿਚ ਕਾਰੀਗਰੀ ਸੀ। ਪਾਣੀ ਦੀਆਂ ਟੂਟੀਆਂ ਵਗੈਰਾ ਦੀ ਤੇ ਕਾਰ ਦੀ ਛੋਟੀ ਮੋਟੀ ਰਿਪੇਅਰ ਉਹ ਆਪ ਹੀ ਕਰ ਲੈਂਦਾ ਸੀ। ਇਸ ਤਰ੍ਹਾਂ ਦੀ ਕਾਰੀਗਰੀ ਮੈਂ ਹੋਰ ਗੋਰਿਆਂ ਵਿਚ ਵੀ ਦੇਖ ਰਿਹਾ ਸਾਂ। ਲੈਰੀ ਨਿੱਘੇ ਦਿਲ ਵਾਲ਼ਾ ਬੰਦਾ ਸੀ। ਪਰ ਘੋਖ ਪੂਰੀ ਰੱਖਦਾ ਸੀ। ਕਮਿਸ਼ਨੇਅਰਾਂ ਦੀਆਂ ਛੋਟੀਆਂ ਗਲਤੀਆਂ ਨਜ਼ਰ ਅੰਦਾਜ਼ ਕਰ ਦੇਂਦਾ ਪਰ ਲਾਪਰਵਾਹੀ ਤੇ ਵੱਡੀ ਗਲਤੀ ਪ੍ਰਵਾਨ ਨਹੀਂ ਸੀ ਕਰਦਾ। ਡਿਟੈਚਮੈਂਟ ਵਿਚ ਮੈਥੋਂ ਸਿਵਾ ਇਕ ਪੰਜਾਬੀ ਹੋਰ ਵੀ ਸੀ। ਸਾਡੇ ਦੋਨਾਂ ਦੇ ਕੰਮ ਤੋਂ ਖੁਸ਼ ਹੋਣ ਕਰਕੇ, ਡਿਟੈਚਮੈਂਟ ਵਿਚ ਖਾਲੀ ਜਗ੍ਹਾ ਹੋਣ ‘ਤੇ ਕੋਰ ਹੈਡਕੁਆਟਰ ਤੋਂ ਬੰਦਾ ਮੰਗਣ ਸਮੇਂ ਲੈਰੀ ਦੀ ਤਰਜੀਹ ਪੰਜਾਬੀ ਕਮਿਸ਼ਨੇਅਰ ਵਾਸਤੇ ਹੁੰਦੀ ਸੀ। ਸਿੱਟੇ ਵਜੋਂ ਦੋ ਹੋਰ ਪੰਜਾਬੀ ਭਰਾ ਸਾਡੇ ਵਿਚ ਸ਼ਾਮਲ ਹੋ ਗਏ ਸਨ।
ਲੈਰੀ ਨਾਲ਼ ਮੇਰੀ ਖੂਬ ਨੇੜਤਾ ਬਣ ਗਈ ਸੀ। ਉਹ ਮੈਨੂੰ ਸਮਾਲ ਬਰੱਦਰ (ਛੋਟਾ ਭਰਾ) ਆਖਦਾ ਸੀ ਤੇ ਮੈਂ ਉਸਨੂੰ ਬਿੱਗ ਬਰੱਦਰ (ਵੱਡਾ ਭਰਾ)। ਉਸਦਾ ਕੱਦ ਸਾਢੇ ਪੰਜ ਫੁੱਟ ਤੇ ਨੋਵਾ ਦਾ ਛੇ ਫੁੱਟ ਤੋਂ ਉਤੇ ਸੀ। ਉਨ੍ਹਾਂ ਦੇ ਕੱਦ ਵਿਚਤਾਂ ਫ਼ਰਕ ਸੀ ਪਰ ਸੁਭਾਅ ਮਿਲ਼ਦੇ-ਜੁਲ਼ਦੇ ਸਨ। ਇਕ ਦੂਜੇ ਦੇ ਅੰਗ-ਸੰਗ ਉਹ ਜ਼ਿੰਦਗੀ ਨੂੰ ਮਾਣ ਰਹੇ ਸਨ।
ਉਹ ਦੋਵੇਂ ਮੈਥੋਂ ਸਿੱਖ ਕਮਿਊਨਿਟੀ ਬਾਰੇ ਪੁੱਛਦੇ ਰਹਿੰਦੇ। ਸਿੱਖਾਂ ਦੀ ਅਰਦਾਸ ਵਿਚ ‘ਸਰਬਤ ਦੇ ਭਲੇ’ ਦਾ ਕਥਨ ਉਨ੍ਹਾਂ ਨੂੰ ਚੰਗਾ ਲੱਗਾ ਸੀ। ‘ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ’ ਦਾ ਅੰਗ੍ਰੇਜ਼ੀ ਅਨੁਵਾਦ ਉਨ੍ਹਾਂ ਨੂੰ ਈਸਾਈ ਮੱਤ ਦੇ ‘ਲਵ ਇਜ਼ ਗੌਡ’ ਦਾ ਸਮਾਨ ਅਰਥਕ ਜਾਪਿਆ ਸੀ। ਗੁਰਦਵਾਰਿਆਂ ਵਿਚ ਲੰਗਰ ਅਤੇ ਪੰਜਾਬੀਆਂ ਦੀਆਂ ਵਿਆਹ-ਪਾਰਟੀਆਂ ਵਿਚ ਮਹਿਮਾਨਾਂ ਲਈ ਮੁਫਤ ਸ਼ਰਾਬ ਤੇ ਭੋਜਨਾਂ ਦੀਆਂ ਗੱਲਾਂ ਸੁਣਦਿਆਂ, ਹੈਰਾਨੀ ਜਿਹੀ ‘ਚ ਉਨ੍ਹਾਂ ਦੇ ਮੂਹੋਂ ‘ਓ-ਵਾਓ, ਓ-ਵਾਓ’ ਦੇ ਸ਼ਬਦ ਨਿਕਲ਼ ਜਾਂਦੇ।
‘ਕੋਰ ਆਫ ਕਮਿਸ਼ਨੇਅਰਜ਼’ ਵਿਚ, ਵਧੀਆ ਕਾਰਗੁਜ਼ਾਰੀ ਵਾਲ਼ੇ, ਸੁਪਰਵਾਈਜ਼ਰਾਂ ਨੂੰ ‘ਐਡਵਾਂਸਡ ਟਰੇਨਿੰਗ ਕੋਰਸ’ ਕਰਵਾਇਆ ਜਾਂਦਾ ਸੀ।
ਮੇਰਾ ਨੰਬਰ ਸਤੰਬਰ, 1990 ‘ਚ ਲੱਗਾ। ਦੋ ਹਫ਼ਤੇ ਦਾ ਉਹ ਕੋਰਸ ਟਰਾਂਟੋ ਤੋਂ 190 ਕਿਲੋਮੀਟਰ ਦੀ ਦੂਰੀ ‘ਤੇ ਪੈਂਦੇ ਲੰਡਨ ਸ਼ਹਿਰ ਦੇ ‘ਕੈਨੇਡੀਅਨ ਫੋਰਸਜ਼ ਬੇਸ’ (ਛਾਉਣੀ) ‘ਚ ਆਯੋਜਿਤ ਕੀਤਾ ਗਿਆ।
‘ਕਮਿਸ਼ਨੇਅਰਜ਼’ ਦੀਆਂ ਤਿੰਨ ਡਵੀਜ਼ਨਾਂ ਉਨਟੇਰੀਓ, ਬ੍ਰਿਟਿਸ਼ ਕੋਲੰਬੀਆ ਤੇ ਅਲਬਰਟਾ ਦੇ 60 ਕਮਿਸ਼ਨੇਅਰ ‘ਸੁਪਰਵਾਈਜ਼ਰ ਕੋਰਸ’ ਵਿਚ ਸ਼ਾਮਲ ਹੋਏ। ਕੁਝ ਲੇਡੀ ਕਮਿਸ਼ਨੇਅਰ ਵੀ ਸਨ। ਇਕ ਕਰੇਬੀਅਨ ਤੇ ਮੈਥੋਂ ਸਿਵਾ ਸਭ ਗੋਰੇ-ਗੋਰੀਆਂ। ਤੀਹਾਂ-ਤੀਹਾਂ ਦੀਆਂ ਦੋ ਕਲਾਸਾਂ ਬਣਾਈਆਂ ਗਈਆਂ। ਇੰਸਟਰਕਟਰਾਂ ਤੋਂ ਇਲਾਵਾ ਸਕਿਉਰਟੀ ਖੇਤਰ ਦੇ ਮਾਹਿਰਾਂ ਦੇ ਲੈਕਚਰ ਵੀ ਕਰਵਾਏ ਗਏ।
ਸਾਡੀ ਰਿਹਾਇਸ਼ ਐਸ.ਐਨ.ਸੀ.ਓਜ਼ (Senior Non Commissioned Officers) ਦੀਆਂ ਬੈਰਕਾਂ ‘ਚ ਸੀ। ਚਾਰ ਚਾਰ ਬੈੱਡਾਂ ਦੇ ਬਲਾਕ ਬਣਾਏ ਹੋਏ ਸਨ। ਹਰੇਕ ਦੋ ਬਲਾਕਾਂ ਵਿਚਕਾਰ ਸਾਂਝੇ ਵਾਸ਼ਰੂਮ ਸਨ। ਸਵੇਰੇ ਗੋਰੇ ਬੈੱਡਾਂ ਤੋਂ ਉੱਠ ਕੇ, ਵਾਸ਼ਰੂਮਾਂ ਨੂੰ ਨੰਗੇ ਹੀ ਚਲ ਪੈਂਦੇ। ਮੈਨੂੰ ਬੜਾ ਅਜ਼ੀਬ ਲੱਗਾ। ਪਤਾ ਲੱਗਣ ‘ਤੇ ਕਿ ਇਹ ਉਨ੍ਹਾਂ ਦਾ ਲਾਈਫ ਸਟਾਈਲ ਸੀ, ਉਹ ਮਾਮਲਾ ਮੇਰੇ ਲਈ ਆਮ ਜਿਹਾ ਬਣ ਗਿਆ।
Ãਾਡਾ ਖਾਣ ਪੀਣ ਵੀ ਉਪਰੋਕਤ ਫੌਜੀਆਂ ਦੀ ਮੈੱਸ ਵਿਚ ਸੀ। ਖਾਣ-ਪੀਣ ਲਈ ਬਹੁਤ ਕੁਝ ਸੀ। ਨਾਸ਼ਤੇ ਵਿਚ ਕਈ ਤਰ੍ਹਾਂ ਦੇ ਜੂਸ, ਸੀਰੀਅਲ, ਦੁੱਧ, ਡੋਨੱਟ, ਬਰੈੱਡ, ਜੈਮ, ਬਟਰ, ਉੱਬਲੇ ਆਂਡੇ। ਲੰਚ ਡਿਨਰ ਵਿਚ ਚਿਕਨ, ਲੇਲੇ ਦਾ ਮੀਟ, ਉੱਬਲੀਆਂ ਸਬਜ਼ੀਆਂ, ਸਲਾਦ, ਚੌਲ਼, ਬਰੈੱਡ, ਫਰੂਟ ਆਦਿ।
ਇਕ ਦਿਨ ਉਸ ਮੈੱਸ ਵਿਚ ਕੋਈ ਫੰਕਸ਼ਨ ਸੀ। ਸਾਡੇ ਖਾਣੇ ਦਾ ਪ੍ਰਬੰਧ ਹੇਠਲੇ ਰੈਂਕਾਂ ਦੀ ਮੈੱਸ ਵਿਚ ਕੀਤਾ ਗਿਆ। ਉਸ ਮੈੱਸ ਦੇ ਖਾਣੇ ਦਾ ਸਟੈਂਡਰਡ ਵੀ ਐਸ.ਐਨ.ਸੀ ਓਜ਼ ਦੀ ਮੈੱਸ ਵਾਲ਼ਾ ਹੀ ਸੀ। ਖਾਣੇ ਦੀ ਉਹ ਬਰਾਬਰਤਾ ਮੈਨੂੰ ਬਹੁਤ ਚੰਗੀ ਲੱਗੀ। ਭਾਰਤੀ ਹਵਾਈ ਸੈਨਾਂ ਦੀਆਂ ਮੈੱਸਾਂ ਦੀ ਕੁਆਲਿਟੀ ਵਿਚ ਫ਼ਰਕ ਰੱਖਿਆ ਜਾਂਦਾ ਹੈ।
ਕੋਰਸ ਦੌਰਾਨ ਮੈਂ ਦੇਖ ਰਿਹਾ ਸਾਂ ਕਿ ਗੋਰਿਆਂ ਵਿਚ ਕਾਬਲ ਵੀ ਸਨ ਤੇ ਸਾਧਾਰਨ ਜਿਹੇ ਵੀ। ਕੁੱਲ ਮਿਲ਼ਾ ਕੇ ਉਨ੍ਹਾਂ ਦੀ ਕਾਬਲੀਅਤ ਦਾ ਪੱਧਰ ਭਾਰਤੀਆਂ ਨਾਲ਼ੋਂ ਉੱਚਾ ਨਹੀਂ ਸੀ। ਮੇਰੀ ਸਾਰਿਆਂ ਨਾਲ਼ ਠੀਕ ਨਿਭ ਰਹੀ ਸੀ। ਆਪਣੇ ਬਲਾਕ ਵਾਲ਼ਿਆਂ ਨਾਲ਼ ਸ਼ਾਮ ਨੂੰ ਸੈਰ ਲਈ ਜਾਂਦਾ ਸਾਂ।
ਕੋਰਸ ਦੇ ਅਖ਼ੀਰ ਵਿਚ ਦੋ ਟੈਸਟ ਹੋਏ। ਪਹਿਲੇ ਵਿਚਇਕ ਗੁੰਝਲਦਾਰ ਘਟਨਾ ‘ਤੇ ਇਨਸੀਡੈਂਟ ਰਿਪੋਰਟ ਲਿਖਵਾਈ ਗਈ।
ਦੂਜੇ ਟੈਸਟ ਵਾਸਤੇ ਛੇ ਛੇ ਕਮਿਸ਼ਨੇਅਰਾਂ ਦੇ 10 ਗਰੁੱਪ ਬਣਾਏ ਗਏ। ਹਰ ਗਰੁੱਪ ਦੇ ਹਰੇਕ ਕਮਿਸ਼ਨੇਅਰ ਨੂੰ ਇੰਚਾਰਜ ਬਣਾ ਕੇ, ਉਸ ਅੱਗੇ ਇਕ ਸੰਕਟਮਈ ਸਥਿਤੀ ਰੱਖੀ ਗਈ। ਉਸ ਸਥਿਤੀ ਨੂੰ ਨਜਿੱਠਣ ਲਈ ਇੰਚਾਰਜ ਨੇ ਮਿੱਥੇ ਸਮੇਂ ਵਿਚ ਪਲਾਨ ਬਣਾਉਣੀ ਸੀ। ਉਹ ਆਪਣੇ ਗਰੁਪ ਵਾਲ਼ਿਆਂ ਦੀ ਸਲਾਹ ਸਹਾਇਤਾ ਲੈ ਸਕਦਾ ਸੀ।
ਇਸ ਟੈਸਟ ਦਾ ਮਕਸਦ ਸੰਕਟਮਈ ਸਥਿਤੀਆਂ ਸਮੇਂ ਹਰ ਸੁਪਰਵਾਇਜ਼ਰ ਦੇ ਠਰ੍ਹੰਮੇ, ਹੌਸਲੇ ਤੇ ਉਸਦੀ ਪਲਾਨਿੰਗ ਯੋਗਤਾ ਨੂੰ ਪਰਖਣਾ ਸੀ। ਸਥਿਤੀਆਂ ਕੋਰਸ ਵਿਚ ਪੜ੍ਹਾਏ ਗਏ ਵਿਸ਼ਿਆਂ ਨਾਲ਼ ਸੰਬੰਧਿਤ ਸਨ।
ਯਾਅਨੀ ਜੋ ਸਾਨੂੰ ਪੜ੍ਹਾਇਆ ਗਿਆ, ਉਸਦੀ ਪ੍ਰੈਕਟੀਕਲ ਤੌਰ ‘ਤੇ ਵਰਤੋਂ ਕਰਨੀ ਸੀ। ਗਰੁੱਪ ਤੋਂ ਪਾਸੇ ਬੈਠਾ ਇਕ ਇੰਸਟਰਕਟਰ, ਇੰਚਾਰਜ ਦੀ ਕਾਰਗੁਜ਼ਾਰੀ ਨਾਲ਼ ਦੀ ਨਾਲ਼ ਨੋਟ ਕਰੀ ਜਾਂਦਾ। ਅਖੀਰ ਵਿਚ ਸਾਰਿਆਂ ਨੇ ਆਪੋ ਆਪਣੀ ਪਲਾਨ ਹਾਲ ਵਿਚ ਪੇਸ਼ ਕਰਨੀ ਸੀ। ਹਾਲ ਵਿਚ ਸਾਰੇ ਕਮਿਸ਼ਨੇਅਰਾਂ, ਇੰਸਟਰਕਟਰਾਂ ਤੋਂ ਸਿਵਾ ਤਿੰਨਾਂ ਡਵੀਜ਼ਨਾਂ ਦੇ ਅਪਰੇਸ਼ਨਜ਼ ਆਫਿਸਰ ਵੀ ਸਨ ਜੋ ਉਸ ਦਿਨ ਉਚੇਰੇ ਤੌਰ ‘ਤੇ ਪਹੁੰਚੇ ਸਨ।
ਮੈਨੂੰ ਦਿੱਤੀ ਗਈ ਸਥਿਤੀ ਇਹ ਸੀ: ‘ਇਕ ਚਾਰ ਮੰਜ਼ਲੀ ਬਿਲਡਿੰਗ ਵਿਚ ਦੋ ਕਮਿਸ਼ਨੇਅਰਜ਼ ਡਿਊਟੀ ‘ਤੇ ਹਨ, ਇਨਚਾਰਜ ਵਜੋਂ ਮੈਂ ਤੇ ਮੇਰਾ ਸਹਾਇਕ। ਸਾਡੇ ਦੋਨਾਂ ਕੋਲ ‘ਵਾਕੀ-ਟਾਕੀ’ ਹਨ। ਬਿਲਡਿੰਗ ਵਿਚ ਅੱਗ ਲੱਗ ਗਈ ਹੈ। ਉਸ ਵਿਚ ਕੰਮ ਕਰਦੇ 200 ਬੰਦਿਆਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ 10 ਮਿੰਟਾਂ ਵਿਚ ਪਲਾਨ ਬਣਾਉਣੀ ਹੈ।’ ਬਿਲਡਿੰਗ ਦਾ ਨਕਸ਼ਾ ਮੇਰੇ ਟੇਬਲ ‘ਤੇ ਸੀ। ਮੈਂ ਸਭ ਤੋਂ ਪਹਿਲਾਂ ਫੌਰੀ ਐਕਸ਼ਨ ਲਈ ਐਮਰਜੈਂਸੀ ਨੰਬਰ 911 ‘ਤੇ ਫੋਨ ਕਰਕੇ ਬਿਲਡਿੰਗ ਦਾ ਐਡਰੈੱਸ ਦੱਸ ਦਿੱਤਾ। ਫਿਰ ਪੰਜਾਂ ਸਾਥੀਆਂ ਵਿਚੋਂ ਇਕ ਨੂੰ ਆਪਣਾ ਸਹਾਇਕ ਬਣਾ ਲਿਆ। ਬਾਕੀ ਚਾਰ, ਬਿਲਡਿੰਗ ‘ਚ ਜਿਹੜਾ ਮਹਿਕਮਾ ਕੰਮ ਕਰਦਾ ਸੀ, ਉਸ ਮਹਿਕਮੇ ਦੇ ਮੁੱਖ ਅਧਿਕਾਰੀ ਮਿਥ ਲਏ ਇਕ ਮੈਨੇਜਰ ਤੇ ਤਿੰਨ ਅਸਿਸਟੈਂਟ ਮੈਨੇਜਰ।
ਅਸਿਸਟੈਂਟ ਮੈਨੇਜਰ ਉੱਪਰਲੀਆਂ ਤਿੰਨ ਮੰਜ਼ਲਾਂ ਦੇ ਨਿਗਰਾਨ ਬਣਾ ਦਿੱਤੇ। ਉਨ੍ਹਾਂ ਨੂੰ ਸਮਝਾਇਆ ਕਿ ਆਪੋ-ਆਪਣੀ ਮੰਜ਼ਲ ‘ਤੇ ਜਾ ਕੇ ਉਹ ਪਹਿਲਾਂ ਖਿੜਕੀਆਂ ਬੰਦ ਕਰਨ ਤਾਂ ਕਿ ਅੱਗ ਨੂੰ ਫ਼ੈਲਣ ਤੋਂ ਰੋਕਿਆ ਜਾ ਸਕੇ ਅਤੇ ਬਿਨਾਂ ਕਿਸੇ ਹਫੜਾ ਦਫੜੀ ਦੇ ਬੰਦਿਆਂ ਨੂੰ ਸੰਕਟ ਦਰਵਾਜਿਆਂ ਰਾਹੀਂ ਪੌੜੀਆਂ ਵੱਲ ਤੋਰਨ। ਬਿਲਡਿੰਗ ਦੇ ਉੱਤਰੀ ਹਿੱਸੇ ਦੇ ਬੰਦੇ ਉੱਤਰ ਵੱਲ ਦੀਆਂ ਪੌੜੀਆਂ ਤੇ ਦੱਖਣੀ ਹਿੱਸੇ ਦੇ ਦੱਖਣ ਵੱਲ ਦੀਆਂ ਪੌੜੀਆਂ ਵਰਤਣ। ਅਪਾਹਜਾਂ ਦੀ ਸਹਾਇਤਾ ਲਈ ਮੰਜ਼ਲ ਦਾ ਨਿਗਰਾਨ ਕਿਸੇ ਯੋਗ ਬੰਦੇ ਨੂੰ ਜ਼ਿੰਮੇਵਾਰ ਬਣਾਵੇ।
ਐਲੀਵੇਟਰ ਬਿਲਕੁਲ ਨਾ ਵਰਤੇ ਜਾਣ। ਅੱਗ ਨਾਲ਼ ਐਲੀਵੇਟਰਾਂ ਦੇ ਕੁਨੈਕਸ਼ਨਜ਼ ਸੜਨ ਕਾਰਨ ਐਲੀਵੇਟਰ ਵਿਚਲੇ ਬੰਦੇ ਵਿਚ ਵਿਚਾਲ਼ੇ ਫਸ ਸਕਦੇ ਸਨ। ਜ਼ਮੀਨੀ ਮੰਜਲ ਦੀ ਦੇਖ-ਭਾਲ ਮੈਂ ਆਪਣੇ ਜ਼ਿੰਮੇ ਲੈ ਲਈ। ਮੈਨੇਜਰ ਨੂੰ ਆਖਿਆ ਕਿ ਖੜੇ ਪੈਰ ਕੋਈ ਫ਼ੈਸਲਾ ਲੈਣ ਲਈ ਉਹ ਮੇਰੇ ਨਾਲ਼ ਰਹੇ। ਆਪਣੇ ਸਹਾਇਕ ਨੂੰ ਹਦਾਇਤ ਕੀਤੀ ਕਿ ਉਹ ਹਰ ਮੰਜਲ ‘ਤੇ ਗੇੜਾ ਰੱਖੇ।
ਅੱਗ ਨਾਲ਼ ਗੰਭੀਰ ਜ਼ਖਮੀ ਹੋਏ ਕਿਸੇ ਬੰਦੇ ਨੂੰ ਜੇ ਸਹਾਇਤਾ ਨਾ ਮਿਲ਼ੀ ਹੋਵੇ, ਮੈਨੂੰ ਵਾਕੀ ਟਾਕੀ ‘ਤੇ ਦੱਸੇ।
ਮੈਂ ਅੱਗ ਬੁਝਾਉਣ ‘ਚ ਜੁੱਟੇ ਕਰਮਚਾਰੀਆਂ ਅਤੇ ਐਬੂਲੈਂਸਾਂ ਵਾਲ਼ਿਆਂ ਨੂੰ ਸੂਚਿਤ ਕਰ ਸਕਦਾ ਸਾਂ। ਇਸ ਪਲਾਨ ਬਾਰੇ ਮੈਂ ਪੰਜਾਂ ਸਾਥੀਆਂ ਦੀ ਰਾਇ ਪੁੱਛੀ। ਇਕ ਦੋ ਨੁਕਤਿਆਂ ‘ਤੇ ਵਿਚਾਰ ਕਰਨ ਬਾਅਦ ਉਨ੍ਹਾਂ ਪਲਾਨ ਓ.ਕੇ ਕਰ ਦਿੱਤੀ। ਪਲਾਨ ਅੱਠ ਮਿੰਟਾਂ ਵਿਚ ਤਿਆਰ ਹੋ ਗਈ।
(ਚਲਦਾ)

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …