Breaking News
Home / ਮੁੱਖ ਲੇਖ / ਭੰਡਾਂ ਦਾ ਚੈਂਪੀਅਨ ਭਗਵੰਤ ਮਾਨ

ਭੰਡਾਂ ਦਾ ਚੈਂਪੀਅਨ ਭਗਵੰਤ ਮਾਨ

ਪ੍ਰਿੰ. ਸਰਵਣ ਸਿੰਘ
ਭਗਵੰਤ ਮਾਨ ਦਾ ਕਮੇਡੀ ਸ਼ੋਅ ‘ઑਨੋ ਲਾਈਫ ਵਿਦ ਵਾਈਫ਼’ ਵੇਖ ਕੇ ਮੈਂ ਇਹ ਹਾਸ ਵਿਅੰਗ 2014 ਵਿਚ ਲਿਖਿਆ ਸੀ। ਲਓ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬਤੌਰ ਕਮੇਡੀਅਨ ਤੇ ਸਿਆਸਤਦਾਨ ਵੇਖੋ ਪਰਖੋ।
ਭਗਵੰਤ ਮਾਨ ਹਾਸ ਵਿਅੰਗੀ ਟੋਟਕਿਆਂ ਨਾਲ ਬੁਰਾਈਆਂ ਨੂੰ ਲਗਾਤਾਰ ਭੰਡਦਾ ਆ ਰਿਹੈ। ਇਹੀ ਉਸ ਦੀ ਕਲਾਕਾਰੀ ਹੈ। ਇਸ ਕਲਾਕਾਰੀ ਨੇ ਉਸ ਨੂੰ ਲੋਕ ਸਭਾ ਦਾ ਮੈਂਬਰ ਬਣਾਉਣ ਵਿਚ ਚੋਖੀ ਮਦਦ ਕੀਤੀ। ਜਿਵੇਂ ਉਹ ਹੋਰਨਾਂ ਨੂੰ ਸਾਵਧਾਨ ਕਰਦਾ ਆ ਰਿਹੈ ਉਵੇਂ ਪਾਰਲੀਮੈਂਟ ਦੇ ਮੈਂਬਰ ਵਜੋਂ ਉਸ ਨੂੰ ਵੀ ਸਾਵਧਾਨ ਰਹਿਣਾ ਪਵੇਗਾ। ਅੱਗੇ ਵੀ ਇਕ ਮਾਨ ਵੱਡੇ ਬਹੁਮੱਤ ਨਾਲ ਪਾਰਲੀਮੈਂਟ ਦਾ ਮੈਂਬਰ ਬਣਿਆ ਸੀ ਪਰ ਉਹ ਪੌੜੀਆਂ ‘ਚੋਂ ਹੀ ਮੁੜ ਆਇਆ ਸੀ। ਜਦੋਂ ਕੋਈ ਸਿਆਸਤ ਦੀਆਂ ਪੌੜੀਆਂ ਚੜਦੈ ਤਾਂ ਬੜੀਆਂ ਬਲਾਵਾਂ ਹੁੰਦੀਆਂ ਜਿਹੜੀਆਂ ਤਰਾਂ ਤਰਾਂ ਜਾਲ ਤਣਦੀਆਂ। ਉਨਾਂ ‘ਚ ਫਸਣੋਂ ਕੋਈ ਮਾਈ ਦਾ ਲਾਲ ਹੀ ਬਚਦੈ। ਭਗਵੰਤ ਮਾਨ ਦੇ ਸ਼ੁਭਚਿੰਤਕ ਚਾਹੁੰਦੇ ਹਨ ਕਿ ਉਹ ਨਾ ਸਿਰਫ਼ ਬਚਿਆ ਰਹੇ ਬਲਕਿ ਸ਼ਹੀਦ ਭਗਤ ਸਿੰਘ ਦੇ ਦਿਖਾਏ ਰਾਹ ‘ਤੇ ਅੱਗੇ ਹੀ ਅੱਗੇ ਵਧਦਾ ਜਾਏ।
ਸ਼ਹੀਦ ਭਗਤ ਸਿੰਘ ਨੇ ਪਾਰਲੀਮੈਂਟ ‘ਚ ਬੰਬ ਸੁੱਟ ਕੇ ਆਪਣੀ ਆਵਾਜ਼ ਅੰਗਰੇਜ਼ਾਂ ਦੇ ਬੋਲੇ ਕੰਨਾਂ ਤਕ ਪੁਚਾਈ ਸੀ। ਭਗਵੰਤ ਮਾਨ ਨੇ ਭਗਤ ਸਿੰਘ ਦੀ ਯਾਦਗਾਰ ਅੱਗੇ ਪ੍ਰਣ ਕੀਤਾ ਹੈ ਕਿ ਉਹ ਲੋਕਾਂ ਦੀ ਆਵਾਜ਼ ਭਾਰਤ ਦੇ ਬੋਲੇ ਹਾਕਮਾਂ ਤਕ ਪੁਚਾਉਂਦਾ ਰਹੇਗਾ। ਜਿਹੜੀ ਲੜਾਈ ਭਗਤ ਸਿੰਘ ਨੇ ਸ਼ੁਰੂ ਕੀਤੀ ਸੀ ਉਹ ਅੱਗੇ ਵਧਾਏਗਾ। ਸੰਗਰੂਰ ਦੇ ਵੋਟਰਾਂ ਨੇ ਉਸ ਨੂੰ ਪੰਜਾਬ ਵਿਚੋਂ ਸਭ ਤੋਂ ਵੱਧ ਵੋਟਾਂ ਨਾਲ ਜਿਤਾਇਆ ਹੈ। ਪੰਜਾਬ ਨੂੰ ਉਹਦੇ ਤੋਂ ਬਹੁਤ ਆਸਾਂ ਹਨ। ਇਹ ਤਾਂ ਸਮਾਂ ਹੀ ਦੱਸੇਗਾ ਕਿ ਉਹਦੀ ਆਵਾਜ਼ ਵਿਚ ਕਿੰਨਾ ਕੁ ਦਮ ਖ਼ਮ ਹੈ?
ਹੁਣ ਉਹ ਸਰਗਰਮ ਸਿਆਸਤ ਵਿਚ ਸ਼ਾਮਲ ਹੈ। ਦੋ ਲੱਖ ਤੋਂ ਵੱਧ ਵੋਟਾਂ ਨਾਲ ਲੋਕ ਸਭਾ ਦੀ ਚੋਣ ਜਿੱਤਣ ਕਰਕੇ ਭਗਵੰਤ ਨੂੰ ਭਵਿੱਖ ਦਾ ਵੱਡਾ ਨੇਤਾ ਚਿਤਵਿਆ ਜਾ ਰਿਹੈ। ਕੀ ਪਤਾ ਕਦੇ ਪੰਜਾਬ ਦਾ ਮੁੱਖ ਮੰਤਰੀ ਹੀ ਬਣ ਜਾਵੇ? ਫਿਰ ਕੀ ਪਤਾ ਉਹ ਵੀ ਕਬੱਡੀ ਦਾ ਵਰਲਡ ਕੱਪ ਕਰਾਵੇ। ਕਬੱਡੀ ਦੇ ਪਹਿਲੇ ਵਰਲਡ ਕੱਪ ਸਮੇਂ ਉਹ ਸਾਡੀ ਕੁਮੈਂਟੇਟਰਾਂ ਦੀ ਟੀਮ ਵਿਚ ਸ਼ਾਮਲ ਸੀ ਜਿਸ ਦਾ ਮੈਂ ਕੁਆਰਡੀਨੇਟਰ ਸਾਂ। ਉਹ ਹਰ ਸਟੇਡੀਅਮ ਵਿਚ ਨਵਾਂ ਬਾਣਾ ਬਦਲਦਾ ਤੇ ਕਬੱਡੀ ਖਿਡਾਰੀਆਂ ਬਾਰੇ ਨਵੇਂ ਟੋਟਕੇ ਜੋੜਦਾ:
ਕਬੱਡੀ ਦੇਖਣ ਲਈ ਲੋਕ ਖੰਭਿਆਂ,
ਦਰੱਖਤਾਂ ਤੇ ਟਾਵਰਾਂ ‘ਤੇ ਲਟਕਣਗੇ
ਹੁਣ ਧੋਨੀ ਤੇ ਸਹਿਵਾਗ ਵਾਂਗੂੰ ਮੰਗੀ,
ਸੁੱਖੀ ਤੇ ਦੁੱਲੇ ਹੋਰੀਂ ਵੀ ਚਮਕਣਗੇ
ਰਹਿਣ ਚੜਦੀ ਕਲਾ ‘ਚ ਖਿਡਾਰੀ,
ਅਸੀਂ ਰੱਬ ਤੋਂ ਦੁਆ ਇਹ ਖ਼ਾਸ ਮੰਗਦੇ
ਕੀ ਜੱਜ ਵਕੀਲ ਤੇ ਬਿਜ਼ਨਸਮੈਨ,
ਹੁਣ ਸਾਰੇ ਹੀ ਕਬੱਡੀ ਦਾ ਪਾਸ ਮੰਗਦੇ…
ਉਦੋਂ ਮਨੋਰੰਜਨ ਦੀ ਮੰਡੀ ਵਿਚ ਉਹਦੀ ਝੰਡੀ ਸੀ। ਉਹਦਾ ਇਕ ਇਕ ਸ਼ੋਅ ਲੱਖਾਂ ‘ਚ ਵਿਕਦਾ। ਮੈਂ ਲਿਖਿਆ ਸੀ, ”ਜੇ ਕਿਤੇ ਭੰਡਾਂ ਦਾ ਵਰਲਡ ਕੱਪ ਹੋਵੇ ਤਾਂ ਭਾਰਤ ਦਾ ਭਗਵੰਤ ਮਾਨ ਗੋਲਡ ਮੈਡਲ ਜਿੱਤ ਸਕਦੈ ਤੇ ਭਾਰਤ ਦੀ ਮੈਡਲ ਜਿੱਤਣ ਦੀ ਖੁਸ਼ਕੀ ਦੂਰ ਕਰ ਸਕਦੈ। ਫੇਰ ਮੈਨੂੰ ਵੀ ਲਿਖਣਾ ਪੈ ਸਕਦੈ: ਭੰਡਾਂ ਦਾ ਚੈਂਪੀਅਨ ਭਗਵੰਤ ਮਾਨ! ਮੈਂ ਉਹਦਾ ਰੇਖਾ ਚਿੱਤਰ ਇੰਜ ਸ਼ੁਰੂ ਕਰਦਾ, ”ਬੰਦਾ ਤਾਂ ਉਹ ਬੂਟਾਂ ਸਣੇ ਸਾਢੇ ਪੰਜ ਫੁੱਟ ਦਾ ਈ ਐ ਤੇ ਵਜ਼ਨ ਹੋਵੇਗਾ ਲੀੜੇ ਲੱਤੇ ਸਮੇਤ ਡੂਢ ਮਣ। ਪਰ ਪਤੰਦਰ ਜਿੰਨਾ ਧਰਤੀ ਤੋਂ ਉਤੇ ਐ ਧਰਤੀ ‘ਚ ਓਦੂੰ ਕਿਤੇ ਵੱਧ ਐ। ਪਤਾ ਨੀ ਪਿਉ ਦੇ ਪੁੱਤ ਨੂੰ ਮਾਂ ਨੇ ਕੀ ਖਾ ਕੇ ਜੰਮਿਐਂ? ਇਹੋ ਜਿਹਾ ਪਟਾਕਾ ਪਾਉਂਦੈ ਕਿ ਬੰਦਾ ਹੱਸਦਾ-ਹੱਸਦਾ ਮਰਨਹਾਕਾ ਹੋ ਜਾਂਦੈ!”
ਉਸ ਦਾ ਜਨਮ ਪਿੰਡ ਸਤੌਜ, ਤਹਿਸੀਲ ਸੁਨਾਮ, ਜ਼ਿਲਾ ਸੰਗਰੂਰ ਵਿਚ 17 ਅਕਤੂਬਰ 1972 ਨੂੰ ਹੋਇਆ। ਉਸ ਦੇ ਪਿਤਾ ਮਰਹੂਮ ਮਹਿੰਦਰ ਸਿੰਘ ਸਾਇੰਸ ਮਾਸਟਰ ਸਨ ਜੋ ਖੇਤੀਬਾੜੀ ਵੀ ਕਰਦੇ ਸਨ। ਭਗਵੰਤ ਨੇ ਡੰਗਰ ਚਾਰਦਿਆਂ, ਸਕੂਲੇ ਪੜਦਿਆਂ ਤੇ ਖੇਤੀਬਾੜੀ ਕਰਦਿਆਂ ਰੱਜ ਕੇ ਸ਼ਰਾਰਤਾਂ ਕੀਤੀਆਂ। ਘਰਦਿਆਂ ਤੇ ਮਾਸਟਰਾਂ ਦੀ ਚੰਗੀ ਕੁੱਟ ਖਾਧੀ ਤੇ ਕਈਆਂ ਨੂੰ ਕੁੱਟਿਆ ਵੀ। ਸਕੂਲ ਦੀ ਫੱਟੀ, ਲਿਖਣ ਨਾਲੋਂ ਕੁੱਟਣ ਦੇ ਕੰਮ ਵੱਧ ਆਈ। ਕਦੇ ਮਾਸਟਰਾਂ ਦੀਆਂ ਨਕਲਾਂ ਲਾਉਂਦਾ, ਕਦੇ ਭੈਣ ਜੀਆਂ ਦੀਆਂ। ਉਨਾਂ ਨੂੰ ਟਾਪੂ ਤੇ ਟਪੂਸੀਆਂ ਲਾ ਕੇ ਵਿਖਾਉਂਦਾ। ਭੰਬੀਰੀ ਬਣਿਆ ਪੰਗੇ ਲੈਂਦਾ ਫਿਰਦਾ। ਆਢਣਾਂ ਗੁਆਂਢਣਾਂ ਉਹਦੀ ਮਾਂ ਨੂੰ ਉਲਾਂਭੇ ਦਿੰਦੀਆਂ, ”ਨੀ ਹਰਪਾਲ ਕੁਰੇ, ਥੋਡਾ ਭੰਤਾ ਤਾਂ ਸਾਡੀਆਂ ਵੀ ਰੀਸਾਂ ਲਾਉਣੋਂ ਨੀ ਹਟਦਾ। ਏਹਨੂੰ ਕੁੜੇ ਮਰਾਸੀਆਂ ਦਾ ਪਾਹ ਕਿਥੋਂ ਚੜ ਗਿਆ?”
ਕੋਈ ਉਹਦੇ ਪਿਓ ਨੂੰ ਕਹਿੰਦਾ, ”ਮਾਸਟਰਾ, ਮੁੰਡਾ ਤਾਂ ਤੇਰਾ ਪੂਰਾ ਅਫਲਾਤੂਨ ਐਂ। ਕੀ ਖੁਆਉਨੈਂ ਤੂੰ ਏਹਨੂੰ? ਏਹਨੂੰ ਡਰਾਮੇ-ਡਰੂਮੇ ਆਲਿਆਂ ਨਾਲ ਰਲਾ ਦੇ, ਕਮਾਲਾਂ ਕਰਦੂ। ਕੀ ਪਿਆ ਪੜਾਈਆਂ ‘ਚ?” ਪਿਤਾ ਨੇ ਉਸ ਨੂੰ ਡਾਕਟਰ ਬਣਾਉਣ ਵਾਸਤੇ ਪਹਿਲਾਂ ਮੈਡੀਕਲ ਕੋਰਸ ਦੁਆਇਆ, ਫਿਰ ਬੀ ਕਾਮ ਤੇ ਅਖ਼ੀਰ ਆਰਟਸ। ਪਰ ਉਹ ਕਿਸੇ ਵਿਚ ਵੀ ਨਾ ਚੱਲਿਆ। ਆਖ਼ਰ ਪੜਾਈ ਵਿਚੇ ਛੱਡ ਕੇ ਹਾਸੇ ਖੇਡੇ ਦੀ ਮੰਡੀ ‘ਚ ਅਜਿਹਾ ਚੱਲਿਆ ਕਿ ਉਹਦਾ ਭਾਅ ਵਧਦਾ ਹੀ ਗਿਆ। ਚੋਣਾਂ ‘ਚ ਸਿਆਸਤਦਾਨਾਂ ਬਾਰੇ ਘੜੇ ਟੋਟਕੇ ਉਹਨੂੰ ਹੀ ਨਹੀਂ, ਆਪ ਦੇ ਹੋਰਨਾਂ ਉਮੀਦਵਾਰਾਂ ਨੂੰ ਵੀ ਤਾਰ ਗਏ। ਉਂਜ ਉਹ ਦੂਜਿਆਂ ਦਾ ਮਖੌਲ ਉਡਾਉਣ ਦੇ ਨਾਲ ਆਪਣੇ ਆਪ ਨੂੰ ਵੀ ਨਹੀਂ ਬਖ਼ਸ਼ਦਾ। ਕਹਿੰਦਾ ਹੈ, ”ਜਦੋਂ ਮੈਂ ਜੰਮਿਆ ਤਾਂ ਮੈਨੂੰ ਮਾੜੂਆ ਜਿਆ ਦੇਖ ਕੇ ਬੁੜੀਆਂ ਕਹੀ ਜਾਣ, ਏਹਨੇ ਤਾਂ ਆਵਦੇ ਨਾਨਕਿਆਂ ਦੀ ਪੰਜੀਰੀ ਦਾ ਮੁੱਲ ਵੀ ਨੀ ਮੋੜਿਆ!”
ਉਹ ਸ਼ਹੀਦ ਊਧਮ ਸਿੰਘ ਕਾਲਜ ਸੁਨਾਮ ਵਿਚ ਪੜਨ ਲੱਗਾ ਤਾਂ ਨਾਲ ਹੀ ਨਕਲਾਂ ਲਾਉਣ ਲੱਗ ਪਿਆ। ਯੂਥ ਫੈਸਟੀਵਲ ‘ਚ ਉਸ ਨੇ ਕਬਾੜੀਏ ਦੀ ਨਕਲ ਲਾਈ। ਮੂੰਹ ‘ਤੇ ਕਾਲ਼ਾ ਤੇਲ ਮਲ਼ਿਆ, ਮੈਲੇ ਕਪੜੇ ਪਾਏ, ਸਾਈਕਲ ‘ਤੇ ਕਬਾੜ ਦੀਆਂ ਬੋਰੀਆਂ ਲੱਦੀਆਂ ਤੇ ઑਖਾਲੀ ਬੋਤਲਾਂ, ਟੁੱਟੀਆਂ ਚੱਪਲਾਂ, ਰੱਦੀ ਅਖ਼ਬਾਰ, ਪੁਰਾਣਾ ਲੋਹਾ ਵੇਚ ਲਓ਼ ਦਾ ਹੋਕਾ ਦਿੰਦਾ ਸਟੇਜ ਵੱਲ ਵਧਿਆ। ਉਸ ਨੂੰ ਇਹ ਕਹਿ ਕੇ ਰੋਕ ਲਿਆ ਗਿਆ ਕਿ ਏਧਰ ਤਾਂ ਭਾਈ ਯੂਥ ਫੈਸਟੀਵਲ ਹੋ ਰਿਹੈ। ਪਰ ਉਹ ਰੋਕਿਆ ਨਾ ਰੁਕਿਆ ਤੇ ਸਟੇਜ ‘ਤੇ ਚੜ ਕੇ ਵੀ ਹੋਕਾ ਦੇਣੋਂ ਨਾ ਟਲਿਆ। ਜੱਜਾਂ ਨੇ ਉਸ ਨੂੰ ਵਧੀਆ ਨਕਲੀਏ ਦਾ ਇਨਾਮ ਦਿੱਤਾ। ਸਟੇਜੀ ਕਲਾ ਦੇ ਮਾਹਿਰ ਡਾ. ਸਤੀਸ਼ ਵਰਮਾ ਦਾ ਕਥਨ ਹੈ ਕਿ ਭਗਵੰਤ ਕਿਸੇ ਵੇਲੇ ਸਟੇਜ ਉਤੇ ਕਾਲੇ ਤੇਲ ਨਾਲ ਆਪਣਾ ਮੂੰਹ ਕਾਲਾ ਕਰ ਕੇ ਇਨਾਮ ਜਿੱਤ ਗਿਆ ਸੀ। ਅੱਜ ਕੱਲ ਉਹ ਆਪਣੀ ਹਾਸ ਵਿਅੰਗ ਦੀ ਕਲਾਕਾਰੀ ਨਾਲ ਦੇਸ਼ ਦੇ ਭ੍ਰਿਸ਼ਟ ਤੇ ਢੌਂਗੀ ਲੋਕਾਂ ਦਾ ਮੂੰਹ ਕਾਲਾ ਕਰ ਰਿਹੈ!
ਕਰਨੈਲ ਸਿੰਘ ਪਾਰਸ ਕਹਿੰਦਾ ਹੁੰਦਾ ਸੀ, ”ਮੈਂ ਬੜੇ ਮਰਾਸੀ ਦੇਖੇ, ਨਕਲੀਏ ਦੇਖੇ, ਨਕਲਾਂ ਲਾਉਂਦੇ, ਹਸਾਉਂਦੇ ਪਰ ਭਗਵੰਤ ਨਾਲ ਦਾ ਨੀ ਦੇਖਿਆ। ਇਹ ਤਾਂ ਪਤੰਦਰ ਹਾਸੇ ਦਾ ਖੂਹ ਐ। ਕਈ ਕਲਾਕਾਰ ਪਟਰੋਲ ਪੰਪਾਂ ਵਰਗੇ ਹੁੰਦੇ ਆ। ਜਿੰਨਾ ਤੇਲ ਪਾਓ, ਓਨਾ ਈ ਨਿਕਲਦੈ। ਭਗਵੰਤ ਤਾਂ ਬੂਜਲੀਆਂ ਵਾਲਾ ਖੂਹ ਐ, ਜਿੰਨਾ ਪਾਣੀ ਕੱਢੋਗੇ ਓਨਾ ਹੀ ਹੇਠੋਂ ਆਈ ਜਾਊ।” ਦਰਜਨਾਂ ਆਡੀਓ ਵੀਡੀਓ ਕੈਸਟਾਂ, ਗਾਣਿਆਂ, ਡਰਾਮਿਆਂ ਤੇ ਫਿਲਮਾਂ ‘ਚ ਹਾਸੇ ਦੇ ਹਜ਼ਾਰਾਂ ਟੋਟਕੇ ਸੁਣਾ ਕੇ ਵੀ ਉਹਦੇ ਹਾਸ ਵਿਅੰਗ ਦਾ ਖੂਹ ਭਰੇ ਦਾ ਭਰਿਆ ਪਿਆ। (ਮੁੱਖ ਮੰਤਰੀ ਬਣ ਕੇ ਵੀ)
ਭਗਵੰਤ ਮਾਨ ਦੇ ਹਾਸ ਬਿਲਾਸ ਵਿਚ ਨਿਰਾ ਜਾਭਾਂ ਦਾ ਹਾਸਾ ਹੀ ਨਹੀਂ ਪੂਰੇ ਢਿੱਡ ਦਾ ਹਾਸਾ ਹੈ। ਹਸਾਉਂਦਿਆਂ ਉਹ ਵੱਖੀਆਂ ਤੁੜਾ ਦਿੰਦਾ ਹੈ। ਇਕ ਵਾਰ ਉਹਦੇ ਸ਼ੋਅ ‘ਚ ਦਮੇ ਦੇ ਇਕ ਮਰੀਜ਼ ਨੂੰ ਹਾਸੇ ਦਾ ਅਜਿਹਾ ਦੌਰਾ ਪਿਆ ਕਿ ਉਹ ਦਮੋਂ ਪੱਟਿਆ ਗਿਆ। ਤੁਰਤ ਐਂਬੂਲੈਂਸ ‘ਚ ਹਸਪਤਾਲ ਲਿਜਾਣਾ ਪਿਆ। ਅਗਲੇ ਸ਼ੋਅ ਤੋਂ ਪਹਿਲਾਂ ਐਡ ਦੇਣੀ ਪਈ ਕਿ ਸਾਹ ਦੇ ਮਰੀਜ਼ ਭਗਵੰਤ ਮਾਨ ਦਾ ਸ਼ੋਅ ਨਾ ਵੇਖਣ। ਹੋਰ ਨਾ ਕਿਸੇ ਦੀ ਜਾਹ ਜਾਂਦੀ ਹੋਜੇ!
2014 ‘ਚ ઑਪੰਜਾਬੀ ਲਹਿਰਾਂ਼ ਦੇ ਸਤਿੰਦਰਪਾਲ ਨੇ ਭਗਵੰਤ ਮਾਨ ਦਾ ਕਮੇਡੀ ਸ਼ੋਅ ਕਰਾਉਣਾ ਸੀ। ਉਸ ਨੇ ਮੈਨੂੰ ਵੀ ਸੱਦ ਲਿਆ ਤੇ ਮੀਡੀਏ ਦੇ ਹੋਰ ਬੇਲੀ ਵੀ ਬੁਲਾ ਲਏ ਬਈ ਭਗਵੰਤ ਮਾਨ ਨੇ ਪ੍ਰੈੱਸ ਕਾਨਫਰੰਸ ਕਰਨੀ ਐਂ। ਉਥੇ ਹਾਸੇ ਦੇ ਬਾਦਸ਼ਾਹ ਭਗਵੰਤ ਮਾਨ ਨਾਲ ਮੇਰੀ ਮੁੜ ਮੁਲਾਕਾਤ ਹੋਈ ਜੋ ਦੌੜ ਦੇ ਬਾਦਸ਼ਾਹ ਮਿਲਖਾ ਸਿੰਘ ਦੀ ਮੁਲਾਕਾਤ ਨੂੰ ਵੀ ਮਾਤ ਪਾ ਗਈ। ਕਹਿਣ ਲੱਗਾ, ਲੋਕਾਂ ਨੂੰ ਹੱਸਣ ਦੀ ਭੁੱਖ ਐ ਤੇ ਮੈਨੂੰ ਹਸਾਉਣ ਦਾ ਜਨੂੰਨ ਐਂ। ਪਾੜੇ ਦੇ ਇਕ ਪਾਸੇ ਦਰਸ਼ਕ ਹੁੰਦੇ ਆ, ਦੂਜੇ ਪਾਸੇ ਮੈਂ। ਆਪਾਂ ਚੜ ਕੇ ਕੌਡੀ ਪਾਈਦੀ ਆ ਤੇ ਕਿਸੇ ਤੋਂ ਕੈਂਚੀ ਨੀ ਮਰਵਾਈਦੀ। ਫਿਰ ਆਖਣ ਲੱਗਾ, ਮੇਰਾ ਹਾਸੇ ਦਾ ਮੈਚ ਵੀ ਦੇਖਿਓ ਨਾਲੇ ਉਹਦੇ ਬਾਰੇ ਕੁਝ ਲਿਖਿਓ। ਉਸੇ ਵੇਲੇ ਸਤਿੰਦਰਪਾਲ ਨੇ ਮੈਨੂੰ ઑਨੋ ਲਾਈਫ਼ ਵਿਦ ਵਾਈਫ਼਼ ਦੇ ਕਮੇਡੀ ਸ਼ੋਅ ਦਾ ਪਾਸ ਫੜਾ ਦਿੱਤਾ। ਮੈਂ ਸੋਚਿਆ ਕਿ ਇਸ ਸ਼ੋਅ ਦਾ ਸਬਕ ਹੋਵੇਗਾ ઑਨੋ ਲਾਈਫ਼ ਵਿਦਾਊਟ ਵਾਈਫ਼਼! (ਹੁਣ ਤਾਂ ਪਰਤੱਖ ਹੀ ਹੋ ਗਿਆ)
ਸ਼ੋਅ ਦੀਆਂ ਟਿਕਟਾਂ 25, 35, 50 ਡਾਲਰ ਦੀਆਂ ਸਨ ਤੇ ਹਾਲ ਸੀ 3500 ਸੀਟਾਂ ਵਾਲਾ ਪੈਲਸ। ਮੈਂ ਸੋਚ ਰਿਹਾ ਸਾਂ ਏਨੀਆਂ ਮਹਿੰਗੀਆਂ ਟਿਕਟਾਂ ਲੈ ਕੇ ਏਡਾ ਹਾਲ ਕੌਣ ਭਰੇਗਾ? ਪਰ ਪੰਜਾਬ ਦੇ ਪਰਵਾਸੀ ਦਰਸ਼ਕ ਹਾਸੇ ਦਾ ਤਮਾਸ਼ਾ ਵੇਖਣ ਦੇ ਐਸੇ ਦੀਵਾਨੇ ਨਿਕਲੇ ਕਿ ਕਬੱਡੀ ਮੈਚਾਂ ਨੂੰ ਵੀ ਮਾਤ ਪਾ ਗਏ। ਕੰਮਾਂ ਕਾਰਾਂ ਤੇ ਪਰਿਵਾਰਕ ਤਣਾਵਾਂ ਦੇ ਮਾਰੇ ਉਹ ਹੱਸਣ ਨੂੰ ਤਰਸੇ ਪਏ ਸਨ। ਹੱਸਦੇ ਹੋਏ ਕਹੀ ਜਾਣ ਪਈ ਪੈਸੇ ਖਰਚਣ ਦਾ ਸੁਆਦ ਆ ਗਿਆ। ਸ਼ੋਅ ਸੋਲਡ ਆਊਟ ਹੋ ਗਿਆ ਜਿਸ ਕਰਕੇ ਸੈਂਕੜੇ ਦਰਸ਼ਕਾਂ ਨੂੰ ਟਿਕਟ ਨਾ ਮਿਲਣ ਕਾਰਨ ਬਰਫ਼ੀਲੇ ਮੌਸਮ ‘ਚ ਭਿੱਜੇ ਅਮਲੀਆਂ ਵਾਂਗ ਮੁੜਨਾ ਪਿਆ! ਸ਼ੋਅ ਸ਼ੁਰੂ ਹੋਇਆ ਤਾਂ ਸਟੇਜ ‘ਤੇ ਭਾਰੀ ਵਾਈਫ਼ ਤੇ ਹੌਲੇ ਹਸਬੈਂਡ ਦੇ ਦਰਸ਼ਨ ਹੋਏ। ਹਸਬੈਂਡ ਹੋਊ ਪੰਜਾਹ ਕਿਲੋ ਦਾ ਤੇ ਵਾਈਫ ਹੋਊ ਕੁਇੰਟਲ ਦੀ। ਜੋੜੀ ਜਿਵੇਂ ਬੋਰੀ ਤੇ ਗੱਟਾ ਹੋਵੇ। ਦਰਸ਼ਕਾਂ ਨੂੰ ਹਾਸਾ ਨਾ ਆਵੇ ਤਾਂ ਹੋਰ ਕੀ ਆਵੇ? ਲਾਵਾਂ ਵੇਲੇ ਕਿਸੇ ਨੇ ਇਹ ਸਿਹਰਾ ਜ਼ਰੂਰ ਪੜਿਆ ਹੋਊ, ਗ੍ਰਿਹਸਥ ਦੀ ਗੱਡੀ ਦੇ ਪਹੀਏ ਚਾਰ, ਜੋੜੀ ਜੀਵੇ ਜੁਗ ਚਾਰ…। ਪਰ ਕਿਸੇ ਨੇ ਇਹ ਮੱਤ ਨੀ ਦਿੱਤੀ ਹੋਣੀ, ”ਓਏ ਭਲਿਓ ਮਾਣਸੋ! ਗੱਡੀ ਤਾਂ ਜੋੜੀ ਜਾਨੇ ਓਂ, ਪਹਿਲਾਂ ਗੱਡੀ ਦੇ ਟੈਰ ਤਾਂ ਦੇਖ-ਲੋ, ਇਹ ਗੱਡੀ ਨੂੰ ਰਿੜਦੀ ਰੱਖਣ ਆਲੇ ਆ? ਇਕ ਪਾਸੇ ਕੰਬਾਈਨ ਦਾ ਪਹੀਆ ਤੇ ਦੂਜੇ ਪਾਸੇ ਟੈਂਪੂ ਦਾ। ਭਲਾ ਇਹ ਗੱਡੀ ਰਿੜੂ ਕਿਵੇਂ?”
ਪਰਵਾਸੀ ਠੱਗ ਲਾੜਿਆਂ ਤੇ ਲਾੜੀਆਂ ਦੀਆਂ ਜੋੜੀਆਂ ਦਾ ਜਿਹੜਾ ਰੌਲਾ-ਰੱਪਾ ਪੈਂਦੈ, ਉਹਨਾਂ ‘ਚੋਂ ਅੱਧੀਆਂ ਦਾ ਮਸਲਾ ਅਜਿਹੇ ਵਿਆਹਾਂ ਦਾ ਈ ਐ। ਕੁੜੀ ਬੀਏ ਐੱਮਏ ਹੁੰਦੀ ਐ ਤੇ ਮੁੰਡਾ ਪੰਜਵੀਂ ਸੱਤਵੀਂ ਫੇਲ। ਮੁੰਡਾ ਡਾਕਟਰ ਹੁੰਦੈ ਤੇ ਕੁੜੀ ਦੇਸੀ ਬਾਂਦਰੀ ਵਾਂਗ ਵਲੈਤੀ ਚੀਕਾਂ ਮਾਰੀ ਜਾਂਦੀ ਐ। ਪਿਉ ਧੀ ਜਿੰਨੇ ਉਮਰ ਦੇ ਫਰਕ ਨੂੰ ਵੀ ਹਾਣ ਪਰਵਾਨ ਕਹੀ ਜਾਂਦੇ ਆ! ਫੇਰ ਭਗਵੰਤ ਮਾਨ ઑਨੋ ਲਾਈਫ਼ ਵਿਦ ਵਾਈਫ਼਼ ਵਰਗੇ ਡਰਾਮੇ ਕਿਉਂ ਨਾ ਖੇਡੇ?
ਮੈਂ ਸੋਚਿਆ ਸੀ ઑਨੋ ਲਾਈਫ ਵਿਦ ਵਾਈਫ਼ ਡਰਾਮੇ ਦਾ ਅੰਤ ਹੋਵੇਗਾ ઑਨੋ ਲਾਈਫ ਵਿਦਾਊਟ ਵਾਈਫ਼। ਪਰ ਭਗਵੰਤ ਮਾਨ ਦਾ ਇਹ ਉਦੇਸ਼ ਨਹੀਂ ਸੀ। ਉਹਦਾ ਇਕੋ ਉਦੇਸ਼ ਸੀ ਰੱਜ ਕੇ ਹਸਾਉਣਾ। ਬਹੁਤੇ ਦਰਸ਼ਕ ਵੀ ਹੱਸਣ ਈ ਗਏ ਸਨ। ਇਉਂ ਸ਼ੋਅ ਹੱਸਣ ਹਸਾਉਣ ਦੇ ਪੱਖੋਂ ਪੂਰਾ ਕਾਮਯਾਬ ਰਿਹਾ। ਦਰਸ਼ਕਾਂ ਦੀਆਂ ਸ਼ਿਸਤਾਂ ਪਲ ਭਰ ਲਈ ਵੀ ਸਟੇਜ ਤੋਂ ਲਾਂਭੇ ਨਾ ਹੋਈਆਂ। ਹੂੜਮੱਤੇ, ਜਿਨਾਂ ਦਾ ਹਾਤ ਹੂਤ ਕਰਨਾ ਸ਼ੁਗਲ ਈ ਹੁੰਦੈ, ਹੱਸਦਿਆਂ ਉਨਾਂ ਨੂੰ ਵੀ ਆਪਣਾ ਸ਼ੁਗਲ ਭੁੱਲਿਆ ਰਿਹਾ!
ਸ਼ੋਅ ਦੀ ਸਮਾਪਤੀ ‘ਤੇ ਭਗਵੰਤ ਮਾਨ ਨੇ ਕਿਹਾ ਕਿ ਐਤਕੀਂ ਤਾਂ ਉਹ ਹਾਸੇ ਦੀ ਫਸਲ ਬੀਜਣ ਈ ਆਇਐ। ਬੋਹਲ ਚੁੱਕਣ ਬਾਅਦ ‘ਚ ਆਵੇਗਾ। ਪਰਵਾਸੀਆਂ ਨੇ ਸੱਚਮੁੱਚ ਉਹਦੀ ਚੋਣ ‘ਚ ਬੋਹਲ ਚੁਕਾਏ। ਉਹ ਲੋਕ ਮਨਾਂ ਨੂੰ ਇਸ ਲਈ ਭਾਅ ਗਿਆ ਕਿ ਉਸ ਨੇ ਪੁਲਸੀਆਂ, ਪਟਵਾਰੀਆਂ, ਮੰਤਰੀਆਂ, ਸੰਤਰੀਆਂ, ਮਾਸਟਰਾਂ, ਆੜਤੀਆਂ, ਡਾਕਟਰਾਂ, ਵਕੀਲਾਂ, ਹੋਮ ਗਾਰਡੀਆਂ, ਅਮਲੀਆਂ, ਸਿਆਸੀ ਨੇਤਾਵਾਂ ਤੇ ਉਤੋਂ ਉਤੋਂ ਇਨਕਲਾਬ ਜ਼ਿੰਦਾਬਾਦ ਕੂਕਦੇ ਕਾਮਰੇਡਾਂ ਦੀਆਂ ਢਕੀਆਂ ਬੁਰਾਈਆਂ ਨੂੰ ਨੰਗਾ ਕੀਤਾ। ਉਹਦੀ ਕਮੇਡੀ ਕਲਾ ਦਾ ਨਿਚੋੜ ਸਮਾਜੀ ਵਰਤਾਰੇ ਉਤੇ ਤਿੱਖਾ ਕਟਾਖਸ਼ ਸੀ। ਉਹ ਬੁਰਾਈਆਂ ਨੂੰ ਮਜਾਹੀਆ ਢੰਗ ਨਾਲ ਭੰਡਦਾ ਸੀ ਅਤੇ ਅਸਲੀ ਇਨਕਲਾਬ ਲਿਆਉਣਾ ਚਾਹੁੰਦਾ ਸੀ। ਉਦੋਂ ਇਕ ਕਾਮਰੇਡ ਨੇਤਾ ਨੂੰ ਵੀ ਕਹਿਣਾ ਪਿਆ ਸੀ, ”ਬਈ ਮੁੰਡਿਆ ਤੂੰ ਤਾਂ ਸਿਰਾ ਈ ਲਾਈ ਜਾਨੈਂ। ਸਾਥੋਂ ਤਾਂ ਇਨਕਲਾਬ ਆਇਆ ਨੀ, ਸਾਨੂੰ ਲੱਗਦੈ ਤੂੰ ਈ ਲਿਆਏਂਗਾ ਕਿਸੇ ਦਿਨ।”
ਉਹਦਾ ਪੰਜ ਸਾਲਾ ઑਸ਼ੋਅ਼ ਦਿਖਾਏਗਾ ਉਹ ਧਰਤੀ ‘ਚ ਕਿੰਨਾ ਕੁ ਹੈ? ਵੇਖਦੇ ਹਾਂ ਉਹ ਪੰਜਾਬੀ ਮਾਂ ਦੇ ਹੰਝੂਆਂ ‘ਚ ਹਾਸਾ ਛਲਕਾਅ ਸਕਦੈ ਜਾਂ ਨਹੀਂ?
[email protected]

 

Check Also

68ਵੀਂ ਵਿਸ਼ਵ ਸਿੱਖ ਵਿੱਦਿਅਕ ਕਾਨਫ਼ਰੰਸ ‘ਤੇ ਵਿਸ਼ੇਸ਼

ਸਿੱਖ ਸਮਾਜ ਦੀ ਸਿੱਖਿਆ ਚੇਤਨਾ ਤੇ ਸਿੱਖ ਵਿੱਦਿਅਕ ਕਾਨਫ਼ਰੰਸ ਤਲਵਿੰਦਰ ਸਿੰਘ ਬੁੱਟਰ ਮਹਾਰਾਜਾ ਰਣਜੀਤ ਸਿੰਘ …