ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਤੀ ਵਧਾਈ
ਕਾਠਮੰਡੂ/ਬਿਊਰੋ ਨਿਊਜ਼ : ਰਾਸ਼ਟਰਪਤੀ ਬਿਦਿਆ ਦੇਵੀ ਭੰਡਾਰੀ ਨੇ ਸੀਪੀਐੱਨ-ਮਾਓਵਾਦੀ ਸੈਂਟਰ ਦੇ ਚੇਅਰਮੈਨ ਪੁਸ਼ਪ ਕਮਲ ਦਾਹਲ ‘ਪ੍ਰਚੰਡ’ ਨੂੰ ਨੇਪਾਲ ਦਾ ਨਵਾਂ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਹੈ। ਰਾਸ਼ਟਰਪਤੀ ਦਫ਼ਤਰ ਵੱਲੋਂ ਜਾਰੀ ਬਿਆਨ ਅਨੁਸਾਰ ਪ੍ਰਚੰਡ ਨੂੰ ਸੰਵਿਧਾਨ ਦੀ ਧਾਰਾ 76 (2) ਤਹਿਤ ਦੇਸ਼ ਦਾ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ ਹੈ। ਸੂਤਰਾਂ ਅਨੁਸਾਰ ਪ੍ਰਚੰਡ ਖੁਦ ਨੂੰ ਨਵਾਂ ਪ੍ਰਧਾਨ ਮੰਤਰੀ ਨਿਯੁਕਤ ਕਰਨ ਦੀ ਤਜਵੀਜ਼ ਲੈ ਕੇ ਸੀਪੀਐੱਨ-ਯੂਐੱਮਐੱਲ ਦੇ ਚੇਅਰਮੈਨ ਕੇ.ਪੀ. ਸ਼ਰਮਾ ਓਲੀ, ਆਰਐੱਸਪੀ ਦੇ ਪ੍ਰਧਾਨ ਰਵੀ ਲਾਮਿਛਨੇ, ਰਾਸ਼ਟਰੀ ਪ੍ਰਜਾਤੰਤਰ ਪਾਰਟੀ ਦੇ ਮੁਖੀ ਰਾਜੇਂਦਰ ਲਿੰਗਦੇਨ ਤੋਂ ਇਲਾਵਾ ਹੋਰ ਆਗੂਆਂ ਸਮੇਤ ਰਾਸ਼ਟਰਪਤੀ ਦਫਤਰ ਗਏ ਸਨ। ਪ੍ਰਚੰਡ ਨੂੰ 275 ਮੈਂਬਰੀ ਪ੍ਰਤੀਨਿਧ ਸਭਾ ਵਿੱਚ 168 ਸੰਸਦ ਮੈਂਬਰਾਂ ਦਾ ਸਮਰਥਨ ਪ੍ਰਾਪਤ ਹੈ, ਜਿਸ ਵਿੱਚ ਸੀਪੀਐੱਨ-ਯੂਐੱਮਐੱਲ ਦੇ 78, ਸੀਪੀਐੱਨ-ਐੱਮਸੀ ਦੇ 32, ਆਰਐੱਸਪੀ ਦੇ 20, ਆਰਪੀਪੀ ਦੇ 14, ਜੇਐੱਸਪੀ ਦੇ 12, ਜਨਮਤ ਪਾਰਟੀ ਦੇ 6 ਅਤੇ ਨਾਗਰਿਕ ਉਨਮੁਕਤੀ ਪਾਰਟੀ ਦੇ ਤਿੰਨ ਅਤੇ ਤਿੰਨ ਆਜ਼ਾਦ ਸੰਸਦ ਮੈਂਬਰ ਸ਼ਾਮਲ ਹਨ। ਪ੍ਰਚੰਡ ਨੂੰ ਤੀਜੀ ਵਾਰ ਨੇਪਾਲ ਦਾ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ ਹੈ। 11 ਦਸੰਬਰ 1954 ਨੂੰ ਕਾਸਕੀ ਜ਼ਿਲ੍ਹੇ ਦੇ ਧੀਕੁਰਪੋਖਰੀ ਵਿੱਚ ਜਨਮੇ ਪ੍ਰਚੰਡ ਕਰੀਬ 13 ਸਾਲ ਤੱਕ ਅੰਡਰਗਰਾਊਂਡ ਰਹੇ। ਉਹ ਮੁੱਖ ਧਾਰਾ ਦੀ ਰਾਜਨੀਤੀ ਵਿੱਚ ਉਸ ਵੇਲੇ ਸ਼ਾਮਲ ਹੋਏ ਜਦੋਂ ਸੀਪੀਐੱਨ-ਮਾਓਵਾਦੀ ਨੇ ਦਹਾਕਿਆਂ ਤੋਂ ਚਲੀ ਆ ਰਹੀ ਹਥਿਆਰਬੰਦ ਬਗਾਵਤ ਦਾ ਰਾਹ ਛੱਡ ਕੇ ਸ਼ਾਂਤੀਪੂਰਨ ਰਾਜਨੀਤੀ ਦਾ ਰਾਹ ਅਪਣਾਇਆ। ਉਨ੍ਹਾਂ 1996 ਤੋਂ 2006 ਤੱਕ ਇੱਕ ਦਹਾਕੇ ਲੰਬੇ ਹਥਿਆਰਬੰਦ ਸੰਘਰਸ਼ ਦੀ ਅਗਵਾਈ ਕੀਤੀ, ਜੋ ਅੰਤ ਵਿੱਚ ਨਵੰਬਰ 2006 ‘ਚ ਸ਼ਾਂਤੀ ਸਮਝੌਤੇ ‘ਤੇ ਦਸਤਖਤ ਕਰਨ ਨਾਲ ਖਤਮ ਹੋਇਆ।
ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਦਿਆਂ ਪੁਸ਼ਪ ਕਮਲ ਦਾਹਲ ‘ਪ੍ਰਚੰਡ’ ਨੂੰ ਨੇਪਾਲ ਦਾ ਨਵਾਂ ਪ੍ਰਧਾਨ ਮੰਤਰੀ ਬਣਨ ‘ਤੇ ਵਧਾਈ ਦਿੱਤੀ ਹੈ। ਉਨ੍ਹਾਂ ਦੋਵਾਂ ਦੇਸ਼ਾਂ ਦਰਮਿਆਨ ਦੋਸਤੀ ਨੂੰ ਹੋਰ ਮਜ਼ਬੂਤ ਕਰਨ ਲਈ ਪ੍ਰਚੰਡ ਨਾਲ ਮਿਲ ਕੇ ਕੰਮ ਕਰਨ ਦੀ ਕਾਮਨਾ ਕੀਤੀ।