Breaking News
Home / ਦੁਨੀਆ / ਮੰਦਭਾਗਾ ਰਿਹਾ ਅਫਗਾਨੀ ਸਿੱਖ-ਹਿੰਦੂਆਂ ਲਈ 2022

ਮੰਦਭਾਗਾ ਰਿਹਾ ਅਫਗਾਨੀ ਸਿੱਖ-ਹਿੰਦੂਆਂ ਲਈ 2022

ਡਰ ਅਤੇ ਖੌਫ ਕਾਰਨ ਹੋਣਾ ਪਿਆ ਬੇਘਰ
ਅੰਮ੍ਰਿਤਸਰ/ਬਿਊਰੋ ਨਿਊਜ਼ : ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ 18 ਜੂਨ ਦੀ ਸਵੇਰ ਆਬਾਦੀ ਕਰਤਾ-ਏ-ਪਰਵਾਨ ਵਿਚਲੇ ਮਰਕਜ਼ੀ ਗੁਰਦੁਆਰਾ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅੰਦਰ ਦੋ ਧਮਾਕੇ ਅਤੇ ਗੋਲੀਬਾਰੀ ਹੋਈ, ਜਿਸ ਨਾਲ ਗੁਰਦੁਆਰਾ ਸਾਹਿਬ ਦੇ ਇਕ ਮੁਸਲਿਮ ਸੁਰੱਖਿਆ ਕਰਮਚਾਰੀ ਅਤੇ ਸਵਿੰਦਰ ਸਿੰਘ (60 ਸਾਲ) ਨਾਮੀ ਅਫ਼ਗਾਨੀ ਸਿੱਖ ਦੀ ਮੌਤ ਹੋਈ, ਇਸ ਹਮਲੇ ਨੇ ਪਹਿਲਾਂ ਤੋਂ ਸਹਿਮੇ ਅਫ਼ਗਾਨੀ ਸਿੱਖਾਂ ਅਤੇ ਹਿੰਦੂਆਂ ‘ਚ ਡਰ ਅਤੇ ਖ਼ੌਫ਼ ਬਹੁਤ ਵਧਾ ਦਿੱਤਾ। ਮੀਡੀਆ ਰਿਪੋਰਟਾਂ ਮੁਤਾਬਕ ਹਮਲੇ ਦੀ ਜ਼ਿੰਮੇਵਾਰੀ ਆਈ. ਐਸ. ਕੇ. ਪੀ. (ਇਸਲਾਮਿਕ ਸਟੇਟ ਖੁਰਾਸਾਨ ਪ੍ਰਾਂਤ) ਨੇ ਲਈ ਸੀ, ਜੋ ਕਿ ਅਫ਼ਗਾਨਿਸਤਾਨ ‘ਚ ਲਗਾਤਾਰ ਸਿੱਖਾਂ ਅਤੇ ਹੋਰਨਾਂ ਘੱਟ-ਗਿਣਤੀਆਂ ਨੂੰ ਨਿਸ਼ਾਨਾ ਬਣਾਉਂਦਾ ਆ ਰਿਹਾ ਸੀ। ਜਿਸ ਕਾਰਨ ਹੋਰ ਨੁਕਸਾਨ ਤੋਂ ਬਚਣ ਲਈ ਅਫ਼ਗਾਨਿਸਤਾਨ ਦੇ ਕਾਬੁਲ, ਕੰਧਾਰ, ਗ਼ਜ਼ਨੀ, ਜਲਾਲਾਬਾਦ ਆਦਿ ਇਲਾਕਿਆਂ ਤੋਂ ਅਫ਼ਗਾਨ ਹਿੰਦੂ ਸਿੱਖ ਭਾਈਚਾਰੇ ਨੇ ਭਾਰਤ ਵਲ ਹਿਜ਼ਰਤ ਸ਼ੁਰੂ ਕਰ ਦਿੱਤੀ। ਦਰਅਸਲ, ਉੱਥੇ ਇਸਲਾਮਿਕ ਅਮੀਰਾਤ ਆਫ਼ ਅਫ਼ਗਾਨਿਸਤਾਨ ਦੀ ਤਾਲਿਬਾਨੀ ਸਰਕਾਰ ਬਣਨ ਤੋਂ ਬਾਅਦ ਸ਼ੁਰੂ ਹੋਈਆਂ ਹਿੰਸਕ ਘਟਨਾਵਾਂ ਦੇ ਚਲਦਿਆਂ ਹਿੰਦੂ ਅਤੇ ਸਿੱਖ ਭਾਈਚਾਰੇ ਦੇ ਵਧੇਰੇਤਰ ਲੋਕਾਂ ਨੇ ਭਾਰਤ ਸਰਕਾਰ ਦੇ ਸਹਿਯੋਗ ਨਾਲ ਆਪਣੀਆਂ ਜਾਨਾਂ ਬਚਾ ਕੇ ਪਹਿਲਾਂ ਹੀ ਦਿੱਲੀ ਪਹੁੰਚਣਾ ਸ਼ੁਰੂ ਕਰ ਦਿੱਤਾ ਸੀ।
ਦੱਸਿਆ ਜਾ ਰਿਹਾ ਹੈ ਕਿ ਅਫ਼ਗਾਨਿਸਤਾਨ ‘ਚ ਸਾਲ 1970 ‘ਚ ਸਿੱਖਾਂ ਦੀ ਆਬਾਦੀ ਲਗਭਗ ਇਕ ਲੱਖ ਸੀ ਪਰ ਦੇਸ਼ ‘ਚ ਦਹਾਕਿਆਂ ਦੇ ਸੰਘਰਸ਼ ਅਤੇ ਗਰੀਬੀ ਨੇ ਲਗਭਗ ਸਾਰੀ ਸਿੱਖ ਆਬਾਦੀ ਨੂੰ ਅਫ਼ਗ਼ਾਨਿਸਤਾਨ ਛੱਡਣ ਲਈ ਮਜਬੂਰ ਕਰ ਦਿੱਤਾ। ਮੌਜੂਦਾ ਸਮੇਂ ਤਾਲਿਬਾਨ ਸ਼ਾਸਿਤ ਇਸ ਦੇਸ਼ ‘ਚ ਸਿਰਫ਼ 9 ਸਿੱਖ ਤੇ ਹਿੰਦੂ ਰਹਿ ਰਹੇ ਹਨ। ਜਿਨ੍ਹਾਂ ਨੇ ਭਾਰਤ ਦੇ ਵੀਜ਼ਾ ਲਈ ਅਪਲਾਈ ਕੀਤਾ ਹੋਇਆ ਹੈ ਅਤੇ ਉਹ ਬੜੀ ਬੇਸਬਰੀ ਨਾਲ ਵੀਜ਼ਾ ਮਿਲਣ ਦੀ ਉਡੀਕ ‘ਚ ਹਨ।

Check Also

ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ

ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …