Breaking News
Home / ਦੁਨੀਆ / ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੇ ਅਮਨ ਲਈ ਭਾਰਤ ਤੋਂ ਮਦਦ ਮੰਗੀ

ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੇ ਅਮਨ ਲਈ ਭਾਰਤ ਤੋਂ ਮਦਦ ਮੰਗੀ

ਜ਼ੇਲੈਂਸਕੀ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਫੋਨ ‘ਤੇ ਕੀਤੀ ਗੱਲਬਾਤ
ਨਵੀਂ ਦਿੱਲੀ/ਬਿਊਰੋ ਨਿਊਜ਼ : ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੇਂਸਕੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ ‘ਤੇ ਗੱਲਬਾਤ ਕਰਦਿਆਂ ਅਮਨ ਬਹਾਲੀ ਲਈ ਭਾਰਤ ਤੋਂ ਮਦਦ ਦੀ ਮੰਗ ਕੀਤੀ। ਜ਼ੈਲੇਂਸਕੀ ਨੇ ਟਵਿੱਟਰ ‘ਤੇ ਲਿਖਿਆ ਹੈ, ”ਮੇਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ ‘ਤੇ ਗੱਲ ਹੋਈ ਅਤੇ ਮੈਂ ਉਨ੍ਹਾਂ ਨੂੰ ਜੀ20 ਦੀ ਸਫਲ ਪ੍ਰਧਾਨਗੀ ਲਈ ਸ਼ੁਭ ਕਾਮਨਾਵਾਂ ਭੇਟ ਕੀਤੀਆਂ। ਮੈਂ ਇਸੇ ਪਲੈਟਫਾਰਮ ‘ਤੇ ਅਮਨ ਸਥਾਪਤੀ ਦੇ ਫਾਰਮੂਲੇ ਦਾ ਐਲਾਨ ਕੀਤਾ ਸੀ ਅਤੇ ਹੁਣ ਮੈਂ ਇਸ ਨੂੰ ਲਾਗੂ ਕਰਨ ਲਈ ਭਾਰਤ ਦੀ ਮਦਦ ਚਾਹੁੰਦਾ ਹਾਂ।” ਪ੍ਰਧਾਨ ਮੰਤਰੀ ਮੋਦੀ ਨੇ ਅਮਨ ਬਹਾਲੀ ਲਈ ਉਠਾਏ ਜਾਣ ਵਾਲੇ ਕਿਸੇ ਵੀ ਤਰ੍ਹਾਂ ਦੇ ਕਦਮਾਂ ਲਈ ਹਰ ਸੰਭਵ ਸਹਿਯੋਗ ਦੇਣ ਅਤੇ ਜੰਗ ਪ੍ਰਭਾਵਿਤ ਦੇਸ਼ ਦੀ ਆਮ ਆਬਾਦੀ ਨੂੰ ਮਨੁੱਖੀ ਸਹਾਇਤਾ ਮੁਹੱਈਆ ਕਰਵਾਉਣੀ ਜਾਰੀ ਰੱਖਣ ਦਾ ਭਰੋਸਾ ਦਿੱਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਦੁਸ਼ਮਣੀ ਦੀ ਸਮਾਪਤੀ ਸਬੰਧੀ ਜ਼ੈਲੇਂਸਕੀ ਦੇ ਸੱਦੇ ਨਾਲ ਖੜ੍ਹਨ ਦੀ ਵਚਨਬੱਧਤਾ ਦੁਹਰਾਈ ਅਤੇ ਕਿਹਾ ਕਿ ਦੋਹਾਂ ਧਿਰਾਂ ਨੂੰ ਉਨ੍ਹਾਂ ਦੇ ਮਸਲਿਆਂ ਦੇ ਹੱਲ ਲਈ ਗੱਲਬਾਤ ਤੇ ਕੂਟਨੀਤੀ ਦੇ ਰਾਹ ‘ਤੇ ਪਰਤਣਾ ਚਾਹੀਦਾ ਹੈ। ਉਨ੍ਹਾਂ ਇਸ ਸਾਲ ਜੰਗ ਕਾਰਨ ਯੂਕਰੇਨ ਛੱਡਣ ਲਈ ਮਜਬੂਰ ਹੋਏ ਭਾਰਤੀ ਵਿਦਿਆਰਥੀਆਂ ਵਾਸਤੇ ਸਿੱਖਿਆ ਦੇ ਪ੍ਰਬੰਧ ਜਾਰੀ ਰੱਖਣ ਦੀ ਮੰਗ ਵੀ ਕੀਤੀ ਹੈ। ਇਸ ਤੋਂ ਪਹਿਲਾਂ ਲੰਘੀ 4 ਅਕਤੂਬਰ ਨੂੰ ਦੋਹਾਂ ਆਗੂਆਂ ਵਿਚਾਲੇ ਹੋਈ ਗੱਲਬਾਤ ਦੌਰਾਨ ਵੀ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ ਕਿ ਅਮਨ ਸਬੰਧੀ ਉਪਰਾਲਿਆਂ ‘ਚ ਸਹਿਯੋਗ ਦੇਣ ਲਈ ਭਾਰਤ ਪੂਰੀ ਤਰ੍ਹਾਂ ਤਿਆਰ ਹੈ। ਉਸ ਵੇਲੇ ਜ਼ੇਲੈਂਸਕੀ ਨੇ ਸੰਯੁਕਤ ਰਾਸ਼ਟਰ ਵਿੱਚ ਆਪਣੇ ਭਾਸ਼ਣ ਦੌਰਾਨ ਸ਼ਾਂਤੀ ਫਾਰਮੂਲੇ ਦੀ ਰੂਪ-ਰੇਖਾ ਦੱਸੀ ਸੀ। ਦੋਹਾਂ ਦੇਸ਼ਾਂ ਵਿਚਾਲੇ ਜਾਰੀ ਜੰਗ ਦਰਮਿਆਨ ਕੀਵ ਵੱਲੋਂ ਰੂਸ ਨਾਲ ਗੱਲਬਾਤ ਦੇ ਸੰਕੇਤ ਵੀ ਦਿੱਤੇ ਜਾਂਦੇ ਰਹਿੰਦੇ ਹਨ। ਸੋਮਵਾਰ ਨੂੰ ਯੂਕਰੇਨ ਨੇ ਰੂਸ ਨੂੰ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕੌਂਸਲ ‘ਚੋਂ ਕੱਢਣ ਦੀ ਮੰਗ ਕੀਤੀ ਸੀ। ਯੂਕਰੇਨ ਨੇ ਰੂਸੀ ਖੇਤਰ ਵਿੱਚ ਪੈਂਦੇ ਸਾਰਾਤੋਵ ਓਬਲਾਸਟ ਵਿੱਚ ਇਕ ਫ਼ੌਜੀ ਹਵਾਈ ਖੇਤਰ ‘ਤੇ ਹਮਲਾ ਵੀ ਕੀਤਾ ਅਤੇ ਇਸ ਹਮਲੇ ਵਿੱਚ ਤਿੰਨ ਰੂਸੀ ਫੌਜੀ ਮਾਰੇ ਗਏ ਅਤੇ ਉਸ ਦੇ ਚੋਟੀ ਦੇ ਲੜਾਕਿਆਂ ਨੂੰ ਵੀ ਨੁਕਸਾਨ ਪਹੁੰਚਣ ਦੀ ਸੰਭਾਵਨਾ ਹੈ। ਜ਼ੇਲੈਂਸਕੀ ਨੇ ਜੀ20 ਦੀ ਪ੍ਰਧਾਨਗੀ ਲਈ ਭਾਰਤ ਨੂੰ ਸ਼ੁਭ ਕਾਮਨਵਾਵਾਂ ਵੀ ਦਿੱਤੀਆਂ। ਇਸ ‘ਤੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜੀ20 ਦੀ ਪ੍ਰਧਾਨਗੀ ਦੌਰਾਨ ਵਿਕਾਸਸ਼ੀਲ ਦੇਸ਼ਾਂ ਦੇ ਮੁੱਦਿਆਂ ਜਿਵੇਂ ਕਿ ਅਨਾਜ ਤੇ ਊਰਜਾ ਸੁਰੱਖਿਆ ਬਾਰੇ ਆਵਾਜ਼ ਉਠਾਈ ਜਾਵੇਗੀ।
ਦੋਹਾਂ ਆਗੂਆਂ ਨੇ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਮੌਕਿਆਂ ਬਾਰੇ ਵੀ ਗੱਲਬਾਤ ਕੀਤੀ। ਦੁਨੀਆਂ ਦੇ ਹੋਰ ਕਈ ਦੱਖਣੀ ਦੇਸ਼ਾਂ ਵਾਂਗ ਭਾਰਤ ਨੇ ਵੀ ਰੂਸ ਵੱਲੋਂ ਯੂਕਰੇਨ ‘ਤੇ ਕੀਤੇ ਗਏ ਹਮਲੇ ਦੀ ਆਲੋਚਨਾ ਨਹੀਂ ਕੀਤੀ।

 

Check Also

ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ

ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …