ਸਿੰਗਾਪੁਰ ‘ਚ ਸੁਰੱਖਿਆ ਸਬੰਧੀ ਮੁੱਦਿਆਂ ‘ਤੇ ਕੀਤੀ ਚਰਚਾ
ਸਿੰਗਾਪੁਰ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੰਗਾਪੁਰ ਵਿਚ ਅਮਰੀਕਾ ਦੇ ਰੱਖਿਆ ਮੰਤਰੀ ਜਿਮ ਮੈਟਿਸ ਨਾਲ ਮੁਲਾਕਾਤ ਦੌਰਾਨ ਸੁਰੱਖਿਆ ਨਾਲ ਸਬੰਧਿਤ ਮੁੱਦਿਆਂ ‘ਤੇ ਗੱਲਬਾਤ ਕੀਤੀ। ਸੂਤਰਾਂ ਅਨੁਸਾਰ ਤਿੰਨ ਦੇਸ਼ਾਂ ਦੇ ਦੌਰੇ ਦੇ ਆਖ਼ਰੀ ਪੜਾਅ ਵਿਚ ਮੋਦੀ ਨੇ ਬੰਦ ਕਮਰੇ ‘ਚ ਮੈਟਿਸ ਨਾਲ ਮੁਲਾਕਾਤ ਕੀਤੀ, ਜਿਸ ਦੌਰਾਨ ਦੋਵੇਂ ਪੱਖਾਂ ਨੇ ਆਪਸੀ ਅਤੇ ਵਿਸ਼ਵ ਪੱਧਰੀ ਹਿੱਤਾਂ ਦੇ ਸਾਰੇ ਸੁਰੱਖਿਆ ਮੁੱਦਿਆਂ ਸਬੰਧੀ ਚਰਚਾ ਕੀਤੀ। ਕਰੀਬ ਇਕ ਘੰਟਾ ਚੱਲੀ ਮੀਟਿੰਗ ਵਿਚ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਵੀ ਹਾਜ਼ਰ ਸਨ। ਸਾਲਾਨਾ ਸ਼ੰਗਰੀ-ਲਾ ਗੱਲਬਾਤ ਤੋਂ ਵੱਖਰੇ ਤੌਰ ‘ਤੇ ਇਹ ਮੁਲਾਕਾਤ ਹੋਈ ਸੀ। ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਹਿਯੋਗ ਵਾਲੇ ਏਸ਼ੀਆ ਨਾਲ ਸ਼ਤਾਬਦੀ ਦਾ ਸਵਰੂਪ ਤੈਅ ਹੋਵੇਗਾ। ਉਨ੍ਹਾਂ ਕਿਹਾ ਕਿ ਜਦੋਂ ਭਾਰਤ ਅਤੇ ਚੀਨ ਇਕ-ਦੂਸਰੇ ਦੇ ਹਿੱਤਾਂ ਪ੍ਰਤੀ ਸੰਵੇਦਨਸ਼ੀਲ ਰਹਿੰਦੇ ਹੋਏ ਭਰੋਸੇ ਅਤੇ ਵਿਸ਼ਵਾਸ ਦੇ ਨਾਲ ਕੰਮ ਕਰਦੇ ਹਨ ਤਾਂ ਏਸ਼ੀਆ ਅਤੇ ਦੁਨੀਆ ਨੂੰ ਵਧੀਆ ਭਵਿੱਖ ਮਿਲੇਗਾ। 9 ਆਗੂਆਂ ਦਰਮਿਆਨ ਇਹ ਮੁਲਾਕਾਤ ਅਹਿਮ ਮੰਨੀ ਜਾ ਰਹੀ ਹੈ।
ਮਹਾਤਮਾ ਗਾਂਧੀ ਨਾਲ ਸਬੰਧਿਤ ਤਖ਼ਤੀ ਦਾ ਉਦਘਾਟਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੰਗਾਪੁਰ ਦੇ ਸਾਬਕਾ ਪ੍ਰਧਾਨ ਮੰਤਰੀ ਗੋਹ ਚੋਕ ਟੋਂਗ ਦੇ ਨਾਲ ਮਿਲ ਕੇ ਮਹਾਤਮਾ ਗਾਂਧੀ ਨਾਲ ਸਬੰਧਿਤ ਇਕ ਤਖ਼ਤੀ ਦਾ ਉਦਘਾਟਨ ਕੀਤਾ। ਸਿੰਗਾਪੁਰ ਦੇ ਕਿਲਫੋਰਡ ਪੀਅਰ ਤੱਟ ‘ਤੇ 1948 ਵਿਚ ਮਹਾਤਮਾ ਗਾਂਧੀ ਦੀਆਂ ਅਸਥੀਆਂ ਨੂੰ ਜਿਸ ਸਥਾਨ ‘ਤੇ ਜਲ ਪ੍ਰਵਾਹ ਕੀਤਾ ਗਿਆ ਸੀ, ਉਸੇ ਸਥਾਨ ‘ਤੇ ਇਸ ਤਖ਼ਤੀ ਦਾ ਉਦਘਾਟਨ ਕੀਤਾ ਗਿਆ ਹੈ।
ਮੋਦੀ ਨੇ ਸਿੰਗਾਪੁਰ ਦੇ ਸਾਬਕਾ ਡਿਪਲੋਮੈਟ ਨੂੰ ਪਦਮਸ਼੍ਰੀ ਨਾਲ ਕੀਤਾ ਸਨਮਾਨਿਤ
ਸਿੰਗਾਪੁਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੰਗਾਪੁਰ ਦੇ ਸਾਬਕਾ ਡਿਪਲੋਮੈਟ ਟਾਮੀ ਕੋਹ ਨੂੰ ਪਦਮਸ਼੍ਰੀ ਸਨਮਾਨ ਦਿੱਤਾ ਹੈ। ਕੋਹ ਸਮੇਤ ਆਸੀਆਨ ਦੇਸ਼ਾਂ ਦੇ 10 ਵਿਅਕਤੀਆਂ ਨੂੰ ਭਾਰਤ ਨੇ ਇਸ ਸਾਲ ਇਹ ਸਨਮਾਨ ਦਿੱਤਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਦੱਸਿਆ ਕਿ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਐੱਚ. ਲੂੰਗ ਦੀ ਹਾਜ਼ਰੀ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਸਾਬਕਾ ਡਿਪਲੋਮੈਟ ਪ੍ਰੋਫੈਸਰ ਟਾਮੀ ਕੋਹ ਨੂੰ ਪਦਮਸ਼੍ਰੀ ਸਨਮਾਨ ਪ੍ਰਦਾਨ ਕੀਤਾ। ਸਨਮਾਨ ਦਾ ਐਲਾਨ ਭਾਰਤ-ਆਸੀਆਨ ਸਾਂਝੇਦਾਰੀ ਦੀ ਸਿਲਵਰ ਜੁਬਲੀ ਅਤੇ ਗਣਤੰਤਰ ਦਿਵਸ ਦੇ ਮੌਕੇ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਿੰਗਾਪੁਰ ਵਿਚ ਨਿੱਘਾ ਹੋਇਆ।
11,344 ਡਾਲਰ ‘ਚ ਵਿਕਿਆ ਭਾਰਤੀ ਰੈਸਤਰਾਂ ਦਾ ਮੈਨਿਊ ਕਾਰਡ
ਲੰਡਨ : ਬਰਤਾਨੀਆ ਵਿੱਚ ਅੱਜ ਤੋਂ ਦੋ ਸੌ ਸਾਲ ਤੋਂ ਵੀ ਵਧ ਸਮੇਂ ਤੋਂ ਸਥਾਪਤ ਪਹਿਲੇ ਭਾਰਤੀ ਰੈਸਤਰਾਂ ਦੇ ਇਕ ਦੁਰਲੱਭ ਮੈਨਿਊ ਕਾਰਡ ਦੀ ਨਿਲਾਮੀ 11,344 ਅਮਰੀਕੀ ਡਾਲਰ ਵਿਚ ਹੋਈ। ‘ਪਾਈਨਐਪਲ ਪੁਲਾਵ’ ਅਤੇ ‘ਚਿਕਨ ਕਰੀ’ ਜਿਹੇ ਪਕਵਾਨ ਇਸ ਰੈਸਤਰਾਂ ਦੀ ਖ਼ਾਸੀਅਤ ਸਨ। ਹਿੰਦੁਸਤਾਨੀ ਡਿਨਰ ਅਤੇ ਹੁੱਕਾ ਸਮੋਕਿੰਗ ਕਲੱਬ ਦੀ ਸਥਾਪਨਾ ਸ਼ੇਖ਼ ਦੀਨ ਮੁਹੰਮਦ ਨੇ 1809 ਵਿੱਚ ਲੰਡਨ ਪੋਰਟਮੈਨ ਸਕੁਏਅਰ ਵਿਚ ਕੀਤੀ ਸੀ। ਮੂਲ ਰੂਪ ਵਿੱਚ ਬਿਹਾਰ ਦਾ ਸ਼ੇਖ਼ ਦੀਨ ਮੁਹੰਮਦ ਸੈਲਾਨੀ ਅਤੇ ਕਾਰੋਬਾਰੀ ਸੀ। ਉਹ ਉਨ੍ਹਾਂ ਸ਼ੁਰੂਆਤੀ ਪਰਵਾਸੀਆਂ ਵਿੱਚੋਂ ਸੀ ਜੋ ਭਾਰਤ ਤੋਂ ਇੰਗਲੈਂਡ ਗਏ ਸਨ। ਬਰਤਾਨੀਆ ਦੇ ਲੋਕਾਂ ਦੀ ਭਾਰਤੀ ਪਕਵਾਨਾਂ ਦੇ ਸਵਾਦ ਨਾਲ ਜਾਣ ਪਛਾਣ ਕਰਾਉਣ ਲਈ ਉਸ ਨੇ ਇਹ ਰੈਸਤਰਾਂ ਖ਼ੋਲ੍ਹਿਆ ਸੀ। ਦੀਨ ਮੁਹੰਮਦ ਦਾ ਇਹ ਰੈਸਤਰਾਂ ਜ਼ਿਆਦਾ ਦਿਨ ਤੱਕ ਨਹੀਂ ਚੱਲ ਸਕਿਆ। ઠ1812 ਵਿੱਚ ਉਸ ਦਾ ਦੀਵਾਲਾ ਨਿਕਲ ਗਿਆ। ਉਸ ਦੇ ਨਵੇਂ ਪ੍ਰਬੰਧਕਾਂ ਨੇ ਬਾਅਦ ਵਿੱਚ ਉਸ ਨੂੰ ‘ਹਿਦੁਸਤਾਨੀ ਕਾਫ਼ੀ ਹਾਊਸ’ ਨਾਂ ਨਾਲ 20 ਸਾਲ ਹੋਰ ਚਲਾਇਆ ਪਰ ਅੰਤ ਵਿੱਚ 1833 ਵਿੱਚ ਉਹ ਵੀ ਬੰਦ ਹੋ ਗਿਆ। ਇਸ ਰੈਸਤਰਾਂ ਦਾ ਇਕ ਹੱਥ ਲਿਖਿਆ ਮੈਨਿਊ ਕਾਰਡ ਇਥੇ ਇਕ ਪੁਸਤਕ ਮੇਲੇ ਵਿੱਚ 8500 ਪੌਂਡ ਯਾਨੀ 11344 ਡਾਲਰ ਦਾ ਵਿਕਿਆ। ਇਸ ‘ਤੇ ਲਿਖੇ ਹੋਰ ਪਕਵਾਨਾਂ ਵਿੱਚ ‘ਮੱਕੀ ਪੁਲਾਵ’, ‘ਲੌਬਸਟਰ ਕਰੀ’, ‘ਕੁਲਮਾਹ ਆਫ਼ ਲੈਂਬ ਜਾਂ ਵੀਲ’ ਆਦਿ ਸ਼ਾਮਲ ਹਨ।
Check Also
ਪ੍ਰਧਾਨ ਮੰਤਰੀ ਮੋਦੀ ਨੇ ਬੰਗਲਾਦੇਸ਼ ਦੇ ਚੀਫ ਐਡਵਾਈਜਰ ਨਾਲ ਕੀਤੀ ਮੁਲਾਕਾਤ
ਥਾਈਲੈਂਡ ਵਿਚ ਸਿਖਰ ਵਾਰਤਾ ਦੌਰਾਨ ਮੋਦੀ ਅਤੇ ਮੁਹੰਮਦ ਯੂਨਸ ਵਿਚਾਲੇ ਹੋਈ ਗੱਲਬਾਤ ਨਵੀਂ ਦਿੱਲੀ/ਬਿਊਰੋ ਨਿਊਜ਼ …