ਭਾਰਤ ਦੇ ਜਵਾਬ ‘ਤੇ ਪਾਕਿ ਨੇ ਕਿਹਾ ‘ਸ਼ਾਂਤੀ-ਸ਼ਾਂਤੀ’
ਨਵੀਂ ਦਿੱਲੀ/ਬਿਊਰੋ ਨਿਊਜ਼
ਪਾਕਿਸਤਾਨ ਵਲੋਂ ਬੇਵਜ੍ਹਾ ਕੀਤੀ ਜਾ ਰਹੀ ਗੋਲੀਬਾਰੀ ਦਾ ਬੀਐਸਐਫ ਵਲੋਂ ਦਿੱਤੇ ਗਏ ਜਵਾਬ ਦਾ ਅਸਰ ਸੋਮਵਾਰ ਨੂੰ ਦਿਖਾਈ ਦਿੱਤਾ। ਘਬਰਾਏ ਹੋਏ ਪਾਕਿਸਤਾਨੀ ਰੇਂਜਰਾਂ ਨੇ ਸੈਕਟਰ ਕਮਾਂਡਰਾਂ ਨਾਲ ਮੁਲਾਕਾਤ ਕਰਕੇ ਕਾਰਵਾਈ ਬੰਦ ਕਰਨ ਦੀ ਫਰਿਆਦ ਕੀਤੀ
ਪਾਕਿਸਤਾਨੀ ਰੇਂਜਰਾਂ ਦੀ ਅਪੀਲ ‘ਤੇ ਇਹ ਮੁਲਾਕਾਤ ਸੋਮਵਾਰ ਸ਼ਾਮ ਸਾਢੇ ਪੰਜ ਵਜੇ ਸ਼ੁਰੂ ਹੋਈ, ਜੋ ਲਗਭਗ ਇਕ ਘੰਟਾ ਚੱਲੀ। ਇਸ ਵਿਚ ਸਰਹੱਦ ‘ਤੇ ਸ਼ਾਂਤੀ ਬਣਾਈ ਰੱਖਣ ‘ਤੇ ਸਹਿਮਤੀ ਬਣੀ। ਦੋਵੇਂ ਪਾਸੇ ਪਿੰਡਾਂ ਨੂੰ ਗੋਲੀਬਾਰੀ ਤੋਂ ਬਚਾਉਣ ਤੇ ਆਪਸ ਵਿਚ ਭਰੋਸਾ ਬਹਾਲ ਕਰਨ ਲਈ ਹਰ ਪੱਧਰ ‘ਤੇ ਚਰਚਾ ਸ਼ੁਰੂ ਕਰਨ ‘ਤੇ ਵੀ ਸਹਿਮਤੀ ਬਣੀ। ਹੁਣ ਦੋਵਾਂ ਦੇਸ਼ਾਂ ਦੇ ਸੈਕਟਰ ਕਮਾਡਰਾਂ ਵਿਚਕਾਰ 21 ਜੂਨ ਨੂੰ ਫਿਰ ਮੁਲਾਕਾਤ ਹੋਵੇਗੀ। ਪਾਕਿਸਤਾਨ ਪਿੱਛਲੇ 15 ਦਿਨਾਂ ਤੋਂ ਜੰਮੂ ਦੇ ਅਰਨੀਆ, ਆਰਐਸ ਪੁਰਾ ਤੇ ਸਾਂਬਾ ਇਲਾਕੇ ਦੇ 36 ਪਿੰਡਾਂ ਨੂੰ ਨਿਸ਼ਾਨਾ ਬਣਾ ਰਿਹਾ ਸੀ। ਪਾਕਿਸਤਾਨ ਨੂੰ ਇਸ ਕਾਰਵਾਈ ਨਾਲ ਲੋਕ ਪਿੰਡ ਛੱਡਣ ਨੂੰ ਮਜਬੂਰ ਹੋ ਗਏ ਸਨ। ਸ਼ਨੀਵਾਰ ਦੇਰ ਰਾਤ ਨੂੰ ਦੋ ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਬੀਐਸਐਫ ਨੇ ਜ਼ਬਰਦਸਤ ਜਵਾਬੀ ਹਮਲਾ ਕੀਤਾ। ਇਸ ਨਾਲ ਪਾਕਿਸਤਾਨ ਦੀਆਂ ਕਈ ਚੌਕੀਆਂ ਨੂੰ ਨੁਕਸਾਨ ਪੁੱਜਾ। ਇਸ ਕਰਾਰੇ ਜਵਾਬ ਤੋਂ ਬਾਅਦ ਪਾਕਿਸਤਾਨ ਨੇ ਗੱਲਬਾਤ ਦੀ ਅਪੀਲ ਕੀਤੀ। ਫਲੈਗ ਮੀਟਿੰਗ ਵਿਚ ਬੀਐਸਐਫ ਦੇ 7 ਅਧਿਕਾਰੀਆਂ ਦੇ ਦਲ ਦੀ ਅਗਵਾਈ ਸੈਕਟਰ ਕਮਾਂਡਰ ਡੀਆਈਜੀ ਪੀਐਸ ਧੀਮਾਨ ਨੇ ਕੀਤੀ। ਉੱਥੇ ਹੀ ਪਾਕਿਸਤਾਨ ਦੇ 13 ਮੈਂਬਰੀ ਦਲ ਦੀ ਅਗਵਾਈ ਚਿਨਾਬ ਰੇਂਜਰਜ਼ ਸਿਆਲਕੋਟ ਦੇ ਸੈਕਟਰ ਕਮਾਂਡਰ ਬ੍ਰਿਗੇਡੀਅਰ ਅਮਜਦ ਹੁਸੈਨ ਨੇ ਕੀਤੀ। ਰੇਂਜਰਜ਼ ਦੇ ਦਲ ਵਿਚ ਚਾਰ ਵਿੰਗ ਕਮਾਂਡਰ ਸ਼ਾਮਲ ਸਨ। ਮੌਜੂਦਾ ਸਾਲ ‘ਚ ਦੋਵੇਂ ਪਾਸਿਓਂ ਸੈਕਟਰ ਕਮਾਂਡਰ ਪੱਧਰੀ ਇਹ ਤੀਜੀ ਮੀਟਿੰਗ ਸੀ।
ਭਾਰਤ ਦੀ ਪਾਕਿ ਨੂੰ ਦੋ ਟੁੱਕ-ਸੁਧਰੋ ਜਾਂ ਭੁਗਤੋ
ਭਾਰਤ ਨੇ ਪਾਕਿਸਤਾਨ ਨੂੰ ਸਾਫ ਕਹਿ ਦਿੱਤਾ ਕਿ ਉਹ ਸਰਹੱਦ ‘ਤੇ ਸ਼ਾਂਤੀ ਬਣਾਈ ਰੱਖਣ ਲਈ ਪਾਕਿਸਤਾਨ ਆਮ ਲੋਕਾਂ ਨੂੰ ਨਿਸ਼ਾਨਾ ਬਣਾਉਣਾ ਬੰਦ ਕਰ ਦੇਵੇ ਨਹੀਂ ਤਾਂ ਕਾਰਵਾਈ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਇਸ ਮੌਕੇ ਬੀਐਸਐਫ ਨੇ ਸਬੂਤ ਪੇਸ਼ ਕੀਤੇ ਕਿ ਪਾਕਿਸਤਾਨ ਜਾਣ ਬੁੱਝ ਕੇ ਰਿਹਾਇਸ਼ੀ ਇਲਾਕਿਆਂ ਵਿਚ ਗੋਲੇ ਦਾਗਣ ਦੇ ਨਾਲ-ਨਾਲ ਸਨਾਈਪਰਾਂ ਰਾਹੀਂ ਜਵਾਨਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਹਮੇਸ਼ਾ ਵਾਂਗ ਪਾਕਿਸਤਾਨ ਗੋਲੀਬਾਰੀ ਸ਼ੁਰੂ ਕਰਨ ਤੇ ਸਰਹੱਦ ‘ਤੇ ਭਾਰਤੀ ਜਵਾਨਾਂ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਤੋਂ ਮੁੱਕਰ ਗਿਆ।
ਭਾਰਤ ਨਾਲ ਜੰਗ ਦੀ ਕੋਈ ਗੁੰਜਾਇਸ਼ ਨਹੀਂ: ਪਾਕਿ ਫ਼ੌਜ
ਇਸਲਾਮਾਬਾਦ: ਪਾਕਿਸਤਾਨੀ ਫ਼ੌਜ ਨੇ ਕਿਹਾ ਕਿ ਇਸ ਵੱਲੋਂ ਭਾਰਤ ਨਾਲ ਜੰਗ ਲੜੇ ਜਾਣ ਦੀ ਕੋਈ ਗੁੰਜਾਇਸ਼ ਨਹੀਂ ਹੈ, ਕਿਉਂਕਿ ਦੋਵੇਂ ਮੁਲਕ ਪਰਮਾਣੂ ਸ਼ਕਤੀ ਵਾਲੇ ਹਨ। ਇਸ ਨੇ ਨਾਲ ਹੀ ਖ਼ਬਰਦਾਰ ਕੀਤਾ ਕਿ ਇਸ ਦੀ ਅਮਨ ਦੀ ਖ਼ਾਹਿਸ਼ ਨੂੰ ਕਮਜ਼ੋਰੀ ਨਾ ਸਮਝਿਆ ਜਾਵੇ। ਇਹ ਗੱਲ ਪਾਕਿਸਤਾਨੀ ਫ਼ੌਜ ਦੇ ਮੀਡੀਆ ਵਿੰਗ ‘ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼’ ਦੇ ਡਾਇਰੈਕਟਰ ਜਨਰਲ- ਮੇਜਰ ਜਨਰਲ ਆਸਿਫ਼ ਗ਼ਹੂਰ ਨੇ ਇਕ ਪ੍ਰੈਸ ਕਾਨਫਰੰਸ ਦੌਰਾਨ ਕਹੀ। ਉਨ੍ਹਾਂ ਭਾਰਤ ਉਤੇ 2018 ਦੌਰਾਨ ਗੋਲੀਬੰਦੀ ਦੀਆਂ 1077 ਉਲੰਘਣਾਵਾਂ ਕਰਨ ਦੇ ਦੋਸ਼ ਵੀ ਲਾਏ। ਉਨ੍ਹਾਂ ਕਿਹਾ, ”ਸਾਡੀ ਸੁਰੱਖਿਆ, ਸਾਡੀ ਅਮਨ ਦੀ ਤਾਂਘ ਨੂੰ ਕਮਜ਼ੋਰੀ ਨਾ ਸਮਝਿਆ ਜਾਵੇ।” ਉਨ੍ਹਾਂ ਕਿਹਾ ਕਿ ਜੰਗ ਸਿਰਫ਼ ਉਦੋਂ ਹੁੰਦੀ ਹੈ, ਜਦੋਂ ਡਿਪਲੋਮੇਸੀ ਫੇਲ੍ਹ ਹੋ ਜਾਵੇ। ਉਨ੍ਹਾਂ ਕਿਹਾ ਕਿ ਦੋਵੇਂ ਧਿਰਾਂ ਦਾ ਦੁਵੱਲੇ ਮਾਮਲਿਆਂ ਉਤੇ ਤਾਲਮੇਲ ਰਹਿੰਦਾ ਹੈ, ਪਰ ਭਾਰਤ ਅਕਸਰ ਗੱਲਬਾਤ ਤੋਂ ਮੂੰਹ ਮੋੜ ਜਾਂਦਾ ਹੈ। ઠ
Check Also
ਪ੍ਰਧਾਨ ਮੰਤਰੀ ਨੇ ‘ਵਿਕਸਤ ਭਾਰਤ ਯੰਗ ਲੀਡਰਜ਼’ ਸੰਵਾਦ ਨੂੰ ਕੀਤਾ ਸੰਬੋਧਨ
ਕਿਹਾ : ਵਿਕਸਤ ਭਾਰਤ ਦਾ ਟੀਚਾ ਮੁਸ਼ਕਲ ਲੱਗ ਸਕਦੈ, ਪਰ ਨਾਮੁਮਕਿਨ ਨਹੀਂ ਨਵੀਂ ਦਿੱਲੀ/ਬਿਊਰੋ ਨਿਊਜ਼ …