ਨਵੇਂ ਨਿਰਦੇਸ਼ ਵਿਚ ਯੂਨੀਕ ਬਾਂਡ ਨੰਬਰਾਂ ਦੇ ਖੁਲਾਸੇ ਕਰਨ ਲਈ ਵੀ ਕਿਹਾ
ਨਵੀਂ ਦਿੱਲੀ/ਬਿਊਰੋ ਨਿਊਜ਼
ਸੁਪਰੀਮ ਕੋਰਟ ਨੇ ਭਾਰਤੀ ਸਟੇਟ ਬੈਂਕ (ਐਸ.ਬੀ.ਆਈ.) ਨੂੰ ਕਿਹਾ ਕਿ ਉਹ ਇਲੈਕਟੋਰਲ ਬਾਂਡ ਨਾਲ ਜੁੜੀ ਹਰ ਜਾਣਕਾਰੀ 21 ਮਾਰਚ ਤੱਕ ਮੁਹੱਈਆ ਕਰਵਾਏ। ਸੁਪਰੀਮ ਕੋਰਟ ਨੇ ਨਵੇਂ ਨਿਰਦੇਸ਼ ਵਿਚ ਉਨ੍ਹਾਂ ਯੂਨੀਕ ਬਾਂਡ ਨੰਬਰਾਂ ਦੇ ਖੁਲਾਸੇ ਕਰਨ ਲਈ ਕਿਹਾ ਜਿਸਦੇ ਜ਼ਰੀਏ ਬਾਂਡ ਖਰੀਦਣ ਵਾਲੇ ਅਤੇ ਫੰਡ ਲੈਣ ਵਾਲੀ ਰਾਜਨੀਤਕ ਪਾਰਟੀ ਦਾ ਲਿੰਕ ਪਤਾ ਲੱਗਦਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ 21 ਮਾਰਚ ਨੂੰ ਸ਼ਾਮ 5 ਵਜੇ ਤੱਕ ਐਸ.ਬੀ.ਆਈ. ਦੇ ਚੇਅਰਮੈਨ ਇਕ ਐਫੀਡੇਵਿਟ ਦਾਖਲ ਕਰਨ ਕਿ ਉਨ੍ਹਾਂ ਨੇ ਸਾਰੀ ਜਾਣਕਾਰੀ ਦੇ ਦਿੱਤੀ ਹੈ। ਭਾਰਤ ਦੇ ਮਾਨਯੋਗ ਚੀਫ਼ ਜਸਟਿਸ ਡੀ ਵਾਈ ਚੰਦਰਚੂੜ ਦੀ ਅਗਵਾਈ ਵਾਲੇ ਪੰਜ ਜੱਜਾਂ ਦੀ ਬੈਂਚ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਚੋਣ ਬਾਂਡ ਮਾਮਲੇ ਵਿੱਚ ਆਪਣੇ ਫੈਸਲੇ ਵਿੱਚ ਬੈਂਕ ਨੂੰ ਬਾਂਡਾਂ ਦੇ ਸਾਰੇ ਵੇਰਵਿਆਂ ਦਾ ਖੁਲਾਸਾ ਕਰਨ ਲਈ ਕਿਹਾ ਸੀ ਅਤੇ ਉਸ ਨੂੰ ਇਸ ਸਬੰਧੀ ਹੋਰ ਹੁਕਮਾਂ ਦੀ ਉਡੀਕ ਨਹੀਂ ਕਰਨੀ ਚਾਹੀਦੀ। ਬੈਂਚ ਵਿੱਚ ਜਸਟਿਸ ਸੰਜੀਵ ਖੰਨਾ, ਜਸਟਿਸ ਬੀਆਰ ਗਵਈ, ਜਸਟਿਸ ਜੇਬੀ ਪਾਰਦੀਵਾਲਾ ਅਤੇ ਜਸਟਿਸ ਮਨੋਜ ਮਿਸ਼ਰਾ ਵੀ ਸ਼ਾਮਲ ਹਨ।