ਲੁਧਿਆਣਾ : ਲੋਕ ਸਭਾ ਚੋਣਾਂ ਦੇ ਐਲਾਨ ਹੁੰਦਿਆਂ ਹੀ ਪੰਜਾਬ ਦੇ OBC ਵਰਗ ਦੀ ਨੁਮਾਇੰਦਗੀ ਕਰਨ ਵਾਲੀ ਖੇਤਰੀ ਪਾਰਟੀ ‘ ਪੰਜਾਬ ਲੋਕ-ਹਿਤ ਪਾਰਟੀ ‘ ਨੇ ਵੀ ਲੋਕ ਸਭਾ ਚੋਣਾਂ ਵਿਚ ਕੁੱਦਣ ਲਈ ਫੰਗ ਖਿਲਾਰਨੇ ਸ਼ੁਰੂ ਕਰ ਦਿੱਤੇ ਹਨ. ਸਿਰਫ਼ ਪ੍ਰਧਾਨ ਮੰਤਰੀ ਮੋਦੀ ਅਤੇ ਰਾਹੁਲ ਗਾਂਧੀ ਨੇ ਪਛੜੀਆਂ ਸ਼੍ਰੇਣੀਆਂ ਦੇ ਵੋਟ ਬੈਂਕ ਨੂੰ ਅਹਿਮੀਅਤ ਦੇਣੀ ਸ਼ੁਰੂ ਕੀਤੀ ਸਗੋਂ ਖੇਤਰੀ ਪਾਰਟੀਆਂ ਨੇ ਇਸ ਨੂੰ ਲੋਕ ਸਭਾ ਚੋਣ ਏਜੰਡੇ ਵਜੋਂ ਵਰਤਣਾ ਸ਼ੁਰੂ ਕਰ ਦਿੱਤਾ ਹੈ । ਪੰਜਾਬ ਦੇ ਸਾਬਕਾ ਰਾਜ ਮੰਤਰੀ ਮਲਕੀਤ ਸਿੰਘ ਬੀਰਮੀ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 2021 ਵਿਚ ਬਣਾਈ ਗਈ ਪਾਰਟੀ ਫੇਰ ਸਰਗਰਮ ਹੁੰਦੀ ਨਜ਼ਰ ਆ ਰਹੀ ਹੈ। ਮੁੱਖ ਤੌਰ ਤੇ OBC ਤੇ ਹੋਰ ਪਛੜੀਆਂ ਸ਼੍ਰੇਣੀਆਂ ਦੀ ਨੁਮਾਇੰਦਗੀ ਕਰਨ ਦਾ ਦਾਅਵਾ ਕਰਦੀ ਇਸ ਪਾਰਟੀ ਦੇ ਕੁਝ ਇਕ ਨੇਤਾਵਾਂ ਦੇ ਬਿਆਨ ਵੀ ਆਉਣੇ ਸ਼ੁਰੂ ਹੋ ਗਏ ਨੇ । ਇਨ੍ਹਾਂ ਵਿਚ ਮਲਕੀਤ ਸਿੰਘ ਬੀਰਮੀ ਨੂੰ ਲੁਧਿਆਣਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਦਸ ਕੇ ਜਿਤਾਉਣ ਦੀ ਅਪੀਲ ਕੀਤੀ ਗਈ ਹੈ । ਜਿੱਥੇ ਇਸ ਪਾਰਟੀ ਨੇ OBC ਵੋਟ ਬੈਂਕ ਨੂੰ ਸੰਬੋਧਨ ਕਰਨਾ ਸ਼ੁਰੂ ਕੀਤਾ ਹੈ ਉੱਥੇ ਇਸ ਨੇ ਲੁਧਿਆਣੇ ਦੇ ਮੌਜੂਦਾ ਕਾਂਗਰਸੀ ਐਮ ਪੀ ਰਵਨੀਤ ਬਿੱਟੂ ਤੇ ਵੀ ਨਿਸ਼ਾਨੇ ਲਾਉਣੇ ਸ਼ੁਰੂ ਕਰ ਦਿੱਤੇ ਹਨ ਕਿ ਉਸ ਨੇ ਲੋਕਾਂ ਨਾਲ ਪਿਛਲੀਆਂ ਚੋਣਾਂ ਵਿਚ ਕੀਤਾ ਕੋਈ ਵਾਧਾ ਪੂਰਾ ਨਹੀਂ ਕੀਤਾ। ਇਸ ਦੇ ਨਾਲ ਹੀ ਇਸ ਨੇ ਲੁਧਿਆਣਾ ਸ਼ਹਿਰ ਦੇ ਮੰਦੇ ਹਾਲ ਦਾ ਜ਼ਿਕਰ ਕਰਦੇ ਹੋਏ ਸੱਤਾਧਾਰੀ ਆਮ ਆਦਮੀ ਪਾਰਟੀ ਤੇ ਹਮਲੇ ਬੋਲਣੇ ਸ਼ੁਰੂ ਕੀਤੇ ਹਨ । ਇਸ ਪਾਰਟੀ ਦੇ ਮੁਖੀ ਮਲਕੀਤ ਬੀਰਮੀ 1992 ਵਿਚ ਪਹਿਲੀ ਵਾਰ ਲੁਧਿਆਣਾ ਤੋਂ ਚੋਣ ਜਿੱਤੇ ਸਨ । ਇਸ ਤੋਂ ਬਾਅਦ ਉਹ 2002 ਵਿਚ ਵੀ ਚੋਣ ਜਿੱਤੇ ਅਤੇ ਪੰਜਾਬ ਦੇ ਰਾਜ ਮੰਤਰੀ ਵੀ ਰਹੇ. ਫੇਰ ਉਹ ਕਾਂਗਰਸ ਛੱਡ ਕੇ 2014 ਵਿਚ ਅਕਾਲੀ ਦਲ ‘ਚ ਸ਼ਾਮਲ ਹੋ ਗਏ। 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਉਹ ਅਕਾਲੀ ਦਲ ਨੂੰ ਵੀ ਛੱਡ ਗਏ ਅਤੇ ਕੁਝ ਚਿਰ ਸਿਆਸੀ ਸਰਗਰਮੀ ਤੋਂ ਪਾਸੇ ਰਹੇ ।
ਜਿਵੇਂ ਕਿ ਉਪਰ ਦੱਸਿਆ ਗਿਆ ਹੈ ਕਿ 2021 ਚ ਉਨ੍ਹਾਂ ਪਛੜੀਆਂ ਸ਼੍ਰੇਣੀਆਂ ਨਾਲ ਸਬੰਧਤ ਜਥੇਬੰਦੀਆਂ ਤੇ ਆਧਾਰਤ ਨਵੀਂ ਸਿਆਸੀ ਪਾਰਟੀ ਬਣਾ ਕੇ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ ਸੀ .ਉਹ ਇੱਕ ਸਨਅਤਕਾਰ ਅਤੇ ਕਾਰੋਬਾਰੀ ਹਸਤੀ ਹਨ । ਬੀਰਮੀ ਨੇ ਕਿਹਾ ਕਿ ਅਜੇ ਪੰਜਾਬ ਤੋਂ ਬਾਹਰ ਹਨ ਪਰ ਉਹ ਲੋਕ ਸਭਾ ਚੋਣਾਂ ਆਪਣੀ ਪਾਰਟੀ ਦੀ ਰਣਨੀਤੀ ਅਤੇ ਚੋਣਾਂ ਲੜਨ ਦੇ ਪ੍ਰੋਗਰਾਮ ਦਾ ਐਲਾਨ ਆਪਣੀ ਪਾਰਟੀ ਦੀ ਮੀਟਿੰਗ ਤੋਂ ਬਾਅਦ ਕਰਨਗੇ। ਓਹ ਲੁਧਿਆਣੇ ਤੋਂ ਇਲਾਵਾ ਹੋ ਕਿਹੜੀਆਂ ਸੀਟਾਂ ਤੇ ਚੋਣ ਲੜਨਗੇ , ਕਿਸੇ ਪਾਰਟੀ ਨਾਲ ਗੱਠਜੋੜ ਕਰਨਗੇ ਜਾਂ ਇਕੱਲੇ ਹੀ ਲੜਨਗੇ , ਇਸ ਬਾਰੇ ਅਜੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ । ਉਨ੍ਹਾਂ ਦਾ ਕਹਿਣਾ ਹੈ ਪੰਜਾਬ ਵਿਚ BC/ OBC ਦੀ ਆਬਾਦੀ 42 ਫ਼ੀ ਸਦੀ ਹੈ ਪਰ ਇਸ ਵਰਗ ਨੂੰ ਢੁਕਵੀਂ ਨੁਮਾਇੰਦਗੀ ਨਹੀਂ ਮਿਲਦੀ ਰਹੀ । ਇਸੇ ਦੌਰਾਨ ਕੁਰੱਪਸ਼ਨ ਅਗੇਂਸਟ ਪੰਜਾਬ ਇੰਡੀਆ ਦੇ ਪ੍ਰਧਾਨ ਬਲਬੀਰ ਅਗਰਵਾਲ ਜੋ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸ਼ੁਰੂਆਤ ਮੌਕੇ ਮੋਹਰੀਆਂ ਵਿਚ ਦੱਸੇ ਜਾਂਦੇ ਸਨ, ਨੇ ਮਲਕੀਤ ਸਿੰਘ ਬੀਰਮੀ ਨੂੰ ਖੁੱਲ੍ਹਾ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮਲਕੀਤ ਸਿੰਘ ਬੀਰਮੀ ਨੂੰ *ਪੰਜਾਬ ਲੋਕਹਿਤ ਪਾਰਟੀ* ਦੇ ਵੱਲੋਂ ਲੁਧਿਆਣਾ ਸੀਟ ਤੋਂ ਉਮੀਦਵਾਰ ਬਣਾਇਆ ਗਿਆ ਹੈ। ਬਲਬੀਰ ਅਗਰਵਾਲ ਨੇ ਵੀ ਲੁਧਿਆਣਾ ਦੇ ਲੋਕਾਂ ਨੂੰ ਮਲਕੀਤ ਸਿੰਘ ਬੀਰਮੀ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਹੈ।
ਬਲਬੀਰ ਅਗਰਵਾਲ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਲੁਧਿਆਣਾ ਸ਼ਹਿਰ ਵਿਕਾਸ ਦੀ ਬਜਾਏ ਬਰਬਾਦ ਹੋ ਕੇ ਰਹਿ ਗਿਆ ਹੈ।ਇਸ ਦੀ ਜਿੰਮੇਵਾਰੀ ਲੁਧਿਆਣਾ ਦੇ MP ਰਵਨੀਤ ਸਿੰਘ ਦੀ ਲਾਪਰਵਾਹੀ ਅਤੇ ਗੈਰ-ਜ਼ਿੰਮੇਵਾਰੀ ਹੈ।ਰਵਨੀਤ ਸਿੰਘ ਬਿੱਟੂ ਨੂੰ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਦਾ ਪਤਾ ਹੀ ਨਹੀਂ ਹੈ ਜਾਂ ਰਵਨੀਤ ਸਿੰਘ ਬਿੱਟੂ ਜਾਣਬੁੱਝ ਕੇ ਅਣਜਾਣ ਬਣੇ ਹੋਏ ਹਨ।ਬਿੱਟੂ ਨੇ ਚੋਣ ਮੈਨੀਫੈਸਟੋ ਪੱਤਰ ਵਿੱਚ ਕੀਤਾ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਬਲਬੀਰ ਅਗਰਵਾਲ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੇ ਸਾਰੇ ਮੈਂਬਰ ਪ੍ਰਧਾਨ, ਵਿਧਾਇਕ ਅਤੇ ਚੇਅਰਮੈਨ ਜਨਮ ਦਿਨ ਅਤੇ ਵਿਆਹ ਦੀਆਂ ਪਾਰਟੀਆਂ ਵਿੱਚ ਰੁੱਝੇ ਹੋਏ ਹਨ।ਲੁਧਿਆਣਾ ਸ਼ਹਿਰ ਤਬਾਹ ਹੋ ਰਿਹਾ ਹੈ ਇਸ ਦਾ ਕਿਸੇ ਨੂੰ ਵੀ ਫ਼ਿਕਰ ਨਹੀਂ ਹੈ।ਇਸ ਕਾਰਨ ਲੋਕਾਂ ਦਾ ਆਮ ਆਦਮੀ ਪਾਰਟੀ ਤੋਂ ਵਿਸ਼ਵਾਸ ਉੱਠ ਗਿਆ ਹੈ।ਪਿੱਛਲੇ ਦੋ ਸਾਲਾਂ ਵਿੱਚ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲਈ ਕੇਂਦਰ ਸਰਕਾਰ ਤੋਂ ਕਈ ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲੈ ਕੇ ਬੇਲੋੜੇ ਖਰਚ ਕੀਤੇ ਹਨ। ਜਿਸ ਕਰਕੇ ਪੰਜਾਬੀਆਂ ਉੱਤੇ ਕਰੋੜਾਂ ਰੁਪਏ ਦਾ ਕਰਜ਼ਾ ਬਿਨ੍ਹਾਂ ਮਤਲਬ ਤੋਂ ਚੜ੍ਹ ਗਿਆ ਹੈ।ਇਸ ਲਈ ਪੰਜਾਬ ਦੇ ਹਿਤ ਲਈ ਮਲਕੀਤ ਸਿੰਘ ਬੀਰਮੀ ਨੂੰ ਇੱਕ ਮੌਕਾ ਦਿੱਤਾ ਜਾਵੇ।ਉਨ੍ਹਾਂ ਦਾਅਵਾ ਕੀਤਾ ਕਿ ਲੁਧਿਆਣਾ ਵਾਸੀਆਂ ਦੇ ਸਹਿਯੋਗ ਨਾਲ ਲੁਧਿਆਣਾ ਲੋਕ ਸਭਾ ਸੀਟ ਤੋਂ ਮਲਕੀਤ ਸਿੰਘ ਬੀਰਮੀ ਨੂੰ ਜਿਤਾਵਾਂਗੇ।