ਇਕ ਕਰੋੜ ਹੈਕਟੇਅਰ ਖਾਲੀ ਪਈ ਜ਼ਮੀਨ ਵਿਚ ਘਾਹ ਦੀ ਹੋਵੇਗੀ ਖੇਤੀ
ਨਵੀਂ ਦਿੱਲੀ/ਬਿਊਰੋ ਨਿਊਜ਼
ਪਸ਼ੂ ਚਾਰੇ ਦੀ ਮੰਗ ਅਤੇ ਸਪਲਾਈ ਦੇ ਅੰਤਰ ਨੂੰ ਖਤਮ ਕਰਨ ਲਈ ਸਰਕਾਰ ਨੇ ਦੇਸ਼ ਵਿਚ ਖਾਲੀ ਪਈ ਇਕ ਕਰੋੜ ਹੈਕਟੇਅਰ ਜ਼ਮੀਨ ਵਿਚ ਘਾਹ ਦੀ ਖੇਤੀ ਕਰਨ ਦਾ ਫੈਸਲਾ ਕੀਤਾ ਹੈ। ਘਰੇਲੂ ਪਸ਼ੂਆਂ ਦਾ ਪੇਟ ਕਰਨ ਲਈ ਵਿਦੇਸ਼ੀ ਘਾਹ ਉਗਾਈ ਜਾਵੇਗੀ। ਪਸ਼ੂਧਨ ਵਿਕਾਸ ਮੰਤਰਾਲਾ ਮੁਤਾਬਕ ਦੇਸ਼ ਵਿਚ ਇਕ ਕਰੋੜ ਹੈਕਟੇਅਰ ਜ਼ਮੀਨ ਦੀ ਨਿਸ਼ਾਨਦੇਹੀ ਕੀਤੀ ਗਈ ਹੈ, ਜਿੱਥੇ ਵਿਦੇਸ਼ੀ ਘਾਹ ਦੀ ਖੇਤੀ ਦਾ ਪਤਾ ਲਗਾ ਲਿਆ ਗਿਆ ਹੈ।
ਇਸ ਨਾਲ ਦੇਸ਼ ਵਿਚ ਦੁੱਧ ਅਤੇ ਪਸ਼ੂਧਲ ਦੀ ਉਤਪਾਦਿਕਤਾ ਵਧਾਉਣ ਵਿਚ ਮੱਦਦ ਮਿਲੇਗੀ। ਡੇਅਰੀ ਤੇ ਪਸ਼ੂਧਨ ਵਿਕਾਸ ਮੰਤਰਾਲੇ ਮੁਤਾਬਕ ਦੇਸ਼ ਵਿਚ ਖਾਲੀ ਪਈਆਂ ਚਰਾਂਦਾਂ ਦੀ ਸਿਰਫ 10 ਫੀਸਦੀ ਜ਼ਮੀਨ ਵਿਚ ਹੀ ਚਾਰੇ ਦੀ ਖੇਤੀ ਕੀਤੀ ਜਾਂਦੀ ਹੈ।
ਬਾਕੀ ਜ਼ਮੀਨ ਖਾਲੀ ਪਈ ਹੈ ਜਦਕਿ ਉਸ ਵਿਚ ਘਾਹ ਵਿਚ ਉਗਾਉਣ ਦੀ ਪੂਰੀ ਸੰਭਾਵਨਾ ਹੈ। ਨੇਪੀਅਰ ਨਾਂ ਦਾ ਵਿਦੇਸ਼ੀ ਘਾਹ ਬਹੁਤ ਘੱਟ ਬਾਰਿਸ਼ ਵਿਚ ਵੀ ਉਗਾਇਆ ਜਾ ਸਕਦਾ ਹੈ। ਸਾਰੇ ਸਾਲ ਵਿਚ ਉਸ ਦੀ ਘੱਟ ਤੋਂ ਘੱਟ 5 ਵਾਰ ਕਟਾਈ ਕੀਤੀ ਜਾ ਸਕਦੀ ਹੈ। ਇਸ ਨਾਲ ਪਸ਼ੂਆਂ ਨੂੰ ਚਾਰੇ ਦੀ ਸਮੱਸਿਆ ਦਾ ਹੱਲ ਸੰਭਵ ਹੈ। ਮੰਤਰਾਲੇ ਦੇ ਉਚ ਅਧਿਕਾਰੀ ਮੁਤਾਬਕ ਪਸ਼ੂ ਚਾਰੇ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਭੂਮੀਹੀਣ ਕਿਸਾਨਾਂ ਨੂੰ ਮੱਦਦ ਮੁਹੱਈਆ ਕਰਵਾਈ ਜਾਵੇਗੀ। ਚਾਰੇ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਮਗਨਰੇਗਾ, ਰਾਸ਼ਟਰੀ ਖੇਤੀ ਵਿਕਾਸ ਯੋਜਨਾ ਅਤੇ ਕਈ ਹੋਰ ਯੋਜਨਾਵਾਂ ਤਹਿਤ ਮੱਦਦ ਦਿੱਤੀ ਜਾਵੇਗੀ। ਛੱਤੀਸਗੜ੍ਹ, ਮੱਧ ਪ੍ਰਦੇਸ਼, ਤੇਲੰਗਾਨਾ, ਆਂਧਰਾ ਪ੍ਰਦੇਸ਼ ਅਤੇ ਪੰਜਾਬ ਨੇ ਪਹਿਲਾਂ ਤੋਂ ਹੀ ਇਕ ਹਜ਼ਾਰ ਹੈਕਟੇਅਰ ਗ੍ਰਾਮ ਸਮਾਜ ਦੀ ਜ਼ਮੀਨ ਦੀ ਨੇਪੀਅਰ ਘਾਹ ਦੀ ਖੇਤੀ ਲਈ ਨਿਸ਼ਾਨਦੇਹੀ ਕੀਤੀ ਹੈ।
ਮੰਤਰਾਲੇ ਦੇ ਸਕੱਤਰ ਦੇਵੇਂਦਰ ਚੌਧਰੀ ਨੇ ਦੱਸਿਆ ਕਿ ਪਸ਼ੂ ਚਾਰੇ ਦੀ ਖੇਤੀ ਨੂੰ ਹੁਲਾਰਾ ਦੇਣ ਲਈ ਸਹਿਕਾਰਤਾ ਨੂੰ ਵਿਕਸਤ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਪੂਸਾ ਵਿਚ ਵਿਕਸਤ ਹਾਈਬ੍ਰਿਡ ਨੇਪੀਅਰ ਜਾਂ ਐਲੀਫੈਂਟ ਘਾਹ ਤਿੰਨ ਮਹੀਨੇ ਵਿਚ ਹੀ ਤਿਆਰ ਹੋ ਜਾਂਦਾ ਹੈ। ਇਸ ਮਗਰੋਂ ਉਸ ਨੂੰ ਹਰੇਕ ਦੋ ਮਹੀਨੇ ਮਗਰੋਂ ਕੱਟਿਆ ਜਾ ਸਕਦਾ ਹੈ। ਇਸ ਦੇ ਇਲਾਵਾ ਘਾਹ ਦੀਆਂ ਹੋਰ ਪ੍ਰਜਾਤੀਆਂ ਦੀ ਵੀ ਖੇਤੀ ਕੀਤੀ ਜਾਵੇਗੀ, ਜਿਸ ਲਈ ਬੇਜ਼ਮੀਨੇ ਲੋਕਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਸਰਕਾਰ ਦਾ ਮੰਨਣਾ ਹੈ ਕਿ ਇਸ ਕਦਮ ਨਾਲ ਪਸ਼ੂ ਪਾਲਕਾਂ ਦੀ ਆਮਦਨ ਵਿਚ ਵਾਧਾ ਹੋਵੇਗਾ ਤੇ ਦੇਸ਼ ਵਿਚ ਦੁੱਧ ਉਤਪਾਦਨ ਹੋਰ ਵਧ ਜਾਵੇਗਾ। ਜੇ ਇੰਝ ਹੁੰਦਾ ਹੈ ਤਾਂ ਦੇਸ਼ ਵਿਚ ਦੁੱਧ ਦੀ ਘਾਟ ਨਹੀਂ ਰੜਕੇਗੀ।
Check Also
ਮਹਾਰਾਸ਼ਟਰ ’ਚ ਭਾਜਪਾ-ਸ਼ਿਵਸੈਨਾ ਵਿਚਾਲੇ ਗ੍ਰਹਿ ਮੰਤਰਾਲੇ ਨੂੰ ਲੈ ਕੇ ਫਸਿਆ ਪੇਚ
ਭਾਜਪਾ ਨੇ ਮੁੱਖ ਮੰਤਰੀ ਵਜੋਂ ਦੇਵੇਂਦਰ ਫੜਨਵੀਸ ਦਾ ਨਾਮ ਕੀਤਾ ਤੈਅ ਮੁੰਬਈ/ਬਿਊਰੋ ਨਿਊਜ਼ : ਮਹਾਰਾਸ਼ਟਰ …