ਬਰੈਂਪਟਨ/ਡਾ.ਝੰਡ
ਮਹਿੰਦਰ ਸਿੰਘ ਵਾਲੀਆ ਤੋਂ ਪ੍ਰਾਪਤ ਸੂਚਨਾ ਅਨੁਸਾਰ ਲੰਘੇ ਹਫ਼ਤੇ 26 ਅਗਸਤ ਨੂੰ ਆਹਲੂਵਾਲੀਆ ਐਸੋਸੀਏਸ਼ਨ ਆਫ਼ ਨਾਰਥ ਅਮਰੀਕਾ ਵੱਲੋਂ ਸਥਾਨਕ ਚਿੰਗੂਆਕੂਜ਼ੀ ਪਾਰਕ ਵਿਚ ਮਨਾਈ ਗਈ ਸਲਾਨਾ ਪਿਕਨਿਕ ਇਕ ਮੇਲੇ ਦਾ ਰੂਪ ਧਾਰਨ ਕਰ ਗਈ। ਪਿਕਨਿਕ ਵਿਚ ਵਾਲੀਆ ਪਰਿਵਾਰਾਂ ਤੋਂ ਇਲਾਵਾ ਕਈ ਹੋਰਨਾਂ ਨੇ ਵੀ ਸ਼ਿਰਕਤ ਕਰਕੇ ਇਸ ਦੀ ਰੌਣਕ ਵਿਚ ਵਾਧਾ ਕੀਤਾ।
ਪਿਕਨਿਕ ਦੇ ਮੁੱਖ-ਮਹਿਮਾਨ ਐੱਮ.ਪੀ.ਪੀ. ਦੀਪਕ ਅਨੰਦ ਸਨ ਜਿਨ੍ਹਾਂ ਓਨਟਾਰੀਓ ਵਿਚ ਨਵੀਂ ਪ੍ਰੋਵਿੰਸ਼ੀਅਲ ਸਰਕਾਰ ਬਣਨ ਦੀ ਸਾਰਿਆਂ ਨੂੰ ਵਧਾਈ ਦਿੱਤੀ ਅਤੇ ਸਰਕਾਰ ਦੀਆਂ ਨਵੀਆਂ ਨੀਤੀਆਂ ਤੇ ਹੁਣ ਤੱਕ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਪਿਕਨਿਕ ਵਿਚ ਐਸੋਸੀਏਸ਼ਨ ਦੇ ਪ੍ਰਧਾਨ ‘ਤੰਦੂਰੀ ਨਾਈਟਸ ਰੈਸਟੋਰੈਂਟ’ ਦੇ ਮਾਲਕ ਟੌਮੀ ਵਾਲੀਆ ਵੱਲੋਂ ਤਰ੍ਹਾਂ-ਤਰ੍ਹਾਂ ਦੇ ਪਕਵਾਨ ਪਰੋਸੇ ਗਏ ਜਿਨ੍ਹਾਂ ਵਿਚ ਫ਼ਰਾਈਡ ਚਿੱਕਨ ਤੇ ਗੋਟ ਕਰੀ ਤੋਂ ਇਲਾਵਾ ਸ਼ਾਕਾਹਾਰੀ ਭੋਜਨ ਵਿਚ ਪਨੀਰ, ਆਲੂ-ਟਿੱਕੀਆਂ, ਸਲਾਦ, ਚਾਟ, ਵੱਖ-ਵੱਖ ਸਬਜ਼ੀਆਂ, ਫ਼ਲ, ਚਾਹ, ਆਦਿ ਸ਼ਾਮਲ ਸਨ।
ਇਸ ਮੌਕੇ ਮਿਸਿਜ਼ ਹੈਲਨ ਵਾਲੀਆ, ਟੌਮੀ ਵਾਲੀਆ, ਮਹਿੰਦਰ ਸਿੰਘ ਵਾਲੀਆ, ਆਰ.ਪੀ.ਐੱਸ. ਵਾਲੀਆ ਤੇ ਕਿੰਗ ਵਾਲੀਆ ਵੱਲੋਂ ਮਿਲ ਕੇ ਕੇਕ ਕੱਟਿਆ ਗਿਆ। ਪਿਕਨਿਕ ਵਿਚ ਬੱਚਿਆਂ, ਔਰਤਾਂ ਤੇ ਮਰਦਾਂ ਦੇ ਮਨੋਰੰਜਨ ਲਈ ਮਿਸਿਜ਼ ਦਵਿੰਦਰ ਕੌਰ ਅਤੇ ਮਨਮੋਹਨ ਸਿੰਘ ਵਾਲੀਆ ਦੀ ਸਰਪ੍ਰਸਤੀ ਹੇਠ ਕਈ ਖੇਡਾਂ ਵੀ ਕਰਵਾਈਆਂ ਗਈਆਂ ਜਿਨ੍ਹਾਂ ਵਿਚੋਂ ਮਿਊਜ਼ੀਕਲ ਚੇਅਰ-ਰੇਸ ਨੇ ਸੱਭ ਤੋਂ ਵਧੇਰੇ ਰੰਗ ਬੰਨ੍ਹਿਆਂ। ਇਸ ਦੌਰਾਨ ਪਿਕਨਿਕ ਵਿਚ ਪੂਰਾ ਮੇਲੇ ਵਰਗਾ ਮਾਹੌਲ ਸੀ। ਕਈਆਂ ਨੇ ਇਕ ਦੂਸਰੇ ਨਾਲ ਮਿਲ ਕੇ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ।
ਪਿਕਨਿਕ ਵਿਚ ਹੋਰਨਾਂ ਤੋਂ ਇਲਾਵਾ ‘ਪਰਵਾਸੀ ਮੀਡੀਆ ਗਰੁੱਪ’ ਦੇ ਸਰਪ੍ਰਸਤ ਰਜਿੰਦਰ ਸੈਣੀ, ਕੁਲਵਿੰਦਰ ਸਿੰਘ ਸੈਣੀ, ਜੱਸ ਵਾਲੀਆ, ਚਰਨਜੀਤ ਸਿੰਘ ਵਾਲੀਆ, ਅਮਰੀਕ ਸਿੰਘ ਵਾਲੀਆ, ਇੰਦੂ ਵਾਲੀਆ, ਕੇ.ਡੀ. ਸਿੰਘ ਵਾਲੀਆ, ਰਮਨ ਰੇਖ਼ੀ, ਤਰਕਸ਼ੀਲ ਸੋਸਾਇਟੀ ਤੋਂ ਬਲਦੇਵ ਸਿੰਘ ਰਹਿਪਾ, ਨਛੱਤਰ ਸਿੰਘ ਬਦੇਸ਼ਾ, ਜਗਜੀਤ ਸਿੰਘ ਅਤੇ ਕਈ ਹੋਰਨਾਂ ਨੇ ਭਰਪੂਰ ਸ਼ਮੂਲੀਅਤ ਕੀਤੀ।
ਆਹਲੂਵਾਲੀਆ ਐਸੋਸੀਏਸ਼ਨ ਆਫ ਨਾਰਥ ਅਮਰੀਕਾ ਦੀ ਪਿਕਨਿਕ ਮੇਲੇ ਦਾ ਰੂਪ ਧਾਰ ਗਈ
RELATED ARTICLES

