ਟੋਰਾਂਟੋ : ਸਕੂਲਾਂ ਨੂੰ ਮੁੜ ਖੋਲ੍ਹਣ ਦੇ ਮਾਮਲੇ ਵਿੱਚ ਓਨਟਾਰੀਓ ਦੀਆਂ ਮੁੱਖ ਟੀਚਰਜ਼ ਯੂਨੀਅਨਾਂ ਤੇ ਪ੍ਰੀਮੀਅਰ ਡੱਗ ਫੋਰਡ ਸਰਕਾਰ ਦਰਮਿਆਨ ਬਣੀ ਅਸਿਹਮਤੀ ਖਤਮ ਹੋਣ ਦਾ ਨਾਂ ਹੀ ਨਹੀਂ ਲੈ ਰਹੀ। ਯੂਨੀਅਨ ਮੈਂਬਰਾਂ ਨੂੰ ਲਿਖੇ ਪੱਤਰ ਵਿੱਚ ਇਹ ਸੰਕੇਤ ਦਿੱਤਾ ਗਿਆ ਕਿ ਇਹ ਮਾਮਲਾ ਹੁਣ ਪ੍ਰੋਵਿੰਸ ਦੇ ਲੇਬਰ ਬੋਰਡ ਵਿੱਚ ਜਾ ਸਕਦਾ ਹੈ। 190,000 ਅਧਿਆਪਕਾਂ ਤੇ ਐਜੂਕੇਸ਼ਨ ਵਰਕਰਜ਼ (ਜਿਨ੍ਹਾਂ ਦੀ ਇਹ ਯੂਨੀਅਨਾਂ ਨੁਮਾਇੰਦਗੀ ਕਰਦੀਆਂ ਹਨ) ਨੂੰ ਸਾਂਝੇ ਪੱਤਰ ਵਿੱਚ ਯੂਨੀਅਨਾਂ ਨੇ ਆਖਿਆ ਕਿ ਸੋਮਵਾਰ ਨੂੰ ਮੰਤਰੀ ਮੌਂਟੀ ਮੈਕਨੌਟਨ ਨਾਲ ਕੀਤੀ ਮੀਟਿੰਗ ਦਾ ਕੋਈ ਸਕਾਰਾਤਮਕ ਨਤੀਜਾ ਨਹੀਂ ਨਿਕਲਿਆ। ਇੱਥੇ ਦੱਸਣਾ ਬਣਦਾ ਹੈ ਕਿ ਯੂਨੀਅਨਾਂ ਵੱਲੋਂ ਇਹ ਦੋਸ਼ ਲਾਏ ਜਾ ਰਹੇ ਹਨ ਕਿ ਪ੍ਰੋਵਿੰਸ ਦੇ ਸਕੂਲ ਰੀਓਪਨਿੰਗ ਪਲੈਨ ਨਾਲ ਓਕਿਊਪੇਸ਼ਨਲ ਹੈਲਥ ਐਂਡ ਸੇਫਟੀ ਐਕਟ ਦੀ ਉਲੰਘਣਾ ਹੁੰਦੀ ਹੈ। ਦੀ ਐਸੋਸਿਏਸ਼ਨ ਡੈਸ ਐਨਸੈਗਨੈਨਟੇਸ ਐੱਟ ਡੈਸ ਐਨਸੈਗਨੈਨਟੇਸ ਫਰੈਂਕੋਓਨਟੈਰੀਅਨਜ਼, ਦੀ ਐਲੀਮੈਂਟਰੀ ਟੀਚਰਜ਼ ਫੈਡਰੇਸ਼ਨ ਆਫ ਓਨਟਾਰੀਓ, ਦੀ ਓਨਟਾਰੀਓ ਇੰਗਲਿਸ਼ ਕੈਥੋਲਿਕ ਟੀਚਰਜ਼ ਐਸੋਸਿਏਸ਼ਨ ਤੇ ਦੀ ਓਨਟਾਰੀਓ ਸੈਕੰਡਰੀ ਸਕੂਲ ਟੀਚਰਜ਼ ਫੈਡਰੇਸ਼ਨ ਵਰਗੀਆਂ ਯੂਨੀਅਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਲੇਬਰ ਮੰਤਰਾਲੇ ਤੋਂ ਸਕੂਲਾਂ ਵਿੱਚ ਸੇਫਟੀ ਸਬੰਧੀ ਮਾਪਦੰਡ ਕਾਇਮ ਕਰਨ ਲਈ ਵਰਕਪਲੇਸ ਆਰਡਰ ਜਾਰੀ ਕਰਨ ਵਾਸਤੇ ਵੀ ਆਖਿਆ ਗਿਆ ਹੈ।ਪੱਤਰ ਵਿੱਚ ਇਹ ਵੀ ਆਖਿਆ ਗਿਆ ਕਿ ਯੂਨੀਅਨਾਂ ਵੱਲੋਂ ਮੀਟਿੰਗ ਵਿੱਚ ਲਗਾਤਾਰ ਇਹ ਮੰਗ ਕੀਤੀ ਗਈ ਕਿ ਇਸ ਤਰ੍ਹਾਂ ਦੇ ਮਾਪਦੰਡ ਅਪਨਾਉਣਾ ਨਾ ਸਿਰਫ ਅਧਿਆਪਕਾਂ ਅਤੇ ਐਜੂਕੇਸ਼ਨ ਵਰਕਰਜ਼ ਦੀ ਸੇਫਟੀ ਲਈ ਜ਼ਰੂਰੀ ਹੈ ਸਗੋਂ ਇਹ ਵਿਦਿਆਰਥੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਸੇਫਟੀ ਲਈ ਵੀ ਜ਼ਰੂਰੀ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …