ਬਰੈਂਪਟਨ : ਲੰਘੇ ਸ਼ਨੀਵਾਰ ਨੂੰ ਵੇਲਜ਼ ਆਫ ਕੈਸਲਮੋਰ ਸੀਨੀਅਰ ਕਲੱਬ ਦੁਆਰਾ ਫੇਅਰਵੈਲ ਅਤੇ ਜਨਰਲਬਾਡੀ ਮੀਟਿੰਗ ਦਾ ਆਯੋਜਨ ਕੀਤਾ ਗਿਆ। ਕਲੱਬ ਦੇ ਜਨਰਲ ਸੈਕਟਰੀ ਹਰਪਾਲ ਸਿੰਘ ਛੀਨਾ ਦੁਆਰਾ ਸਭ ਹਾਜਰ ਮੈਂਬਰਾਂ ਦਾ ਸਵਾਗਤ ਕਰਦਿਆਂ ਕਲੱਬ ਦੀ ਇਸ ਸਾਲ ਦੀ ਕਾਰਗੁਜ਼ਾਰੀ ‘ਤੇ ਚਾਨਣਾ ਪਾਇਆ ਗਿਆ। ਥੋੜ੍ਹੇ ਸਮੇਂ ਵਿੱਚ ਹੀ ਕਲੱਬ ਨੂੰ ਸਿਟੀ ਦੁਆਰਾ ਮਾਨਤਾ ਮਿਲਣ ‘ਤੇ ਤਸੱਲੀ ਪ੍ਰਕਟਾਈ ਗਈ। ਇਸ ਉਪਰੰਤ ਪ੍ਰਧਾਨ ਵਤਨ ਸਿੰਘ ਗਿੱਲ ਨੇ ਸਭ ਮੈਂਬਰਾਂ ਦਾ ਹਾਜਰ ਹੋਣ ਲਈ ਧੰਨਵਾਦ ਕਰਦਿਆਂ ਸਭ ਨੂੰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪੁਰਬ ਦੀਆਂ ਵਧਾਈਆਂ ਦਿੱਤੀਆਂ। ਕਲੱਬ ਦੇ ਸਰਗਰਮ ਕਾਰਕੁਨ ਰਤਨ ਸਿੰਘ ਚੀਮਾ ਹੁਰਾਂ ਨੇ ਬਾਬੇ ਨਾਨਕ ਦੀਆਂ ਸਿਖਿਆਵਾਂ ਦੀ ਸਾਡੇ ਜੀਵਨ ਵਿੱਚ ਮਹੱਤਾ ਬਾਰੇ ਜਾਣਕਾਰੀ ਦਿੱਤੀ। ਕਿਸੇ ਮਜਬੂਰੀ ਵਸ ਕੈਸ਼ੀਅਰ ਦੇ ਨਾ ਆ ਸਕਣ ਕਰਕੇ ਜਨਰਲ ਸੈਕਟਰੀ ਹਰਪਾਲ ਸਿੰਘ ਛੀਨਾ ਨੇ ਕਲੱਬ ਦੇ ਜਮਾਂ ਖਰਚ ਦਾ ਬਿਓਰਾ ਪੇਸ਼ ਕੀਤਾ ਜਿਸ ‘ਤੇ ਸਾਰੇ ਹਾਜਰ ਮੈਂਬਰਾਂ ਇੱਕਮਤ ਹੋ ਕੇ ਸਹਿਮਤੀ ਦੀ ਮੋਹਰ ਲਾਈ। ਜਰਨੈਲ ਸਿੰਘ ਹੁੰਦਲ ਹੁਰਾਂ ਆਪਣੀ ਸੁੰਦਰ ਕਵਿਤਾ ਦੁਆਰਾ ਸਭ ਦਾ ਮਨੋਰੰਜਨ ਕੀਤਾ। ਉੱਘੀ ਧਾਰਮਕ ਹੈਸੀਅਤ ਜੰਗੀਰ ਸਿੰਘ ਥਿਆਰਾ ਨੇ ਕਲੱਬ ਦੀ ਸਫਲਤਾ ਦੀ ਕਾਮਨਾ ਕਰਦਿਆਂ ਸਭ ਨੂੰ ਰੱਬ ਦੀ ਰਜ਼ਾ ਵਿੱਚ ਰਹਿਣ ਦਾ ਸੁਨੇਹਾ ਦਿੰਦਿਆਂ ਦੱਸਿਆ ਕਿ 10 ਨਵੰਬਰ 2019 ਨੂੰ ਗੁਰਦਵਾਰਾ ਮੇਅਫੀਲਡ ਵਿਖੇ ਭਾਰਤੀ ਕੌਂਸਲੇਟ ਦੇ ਸਹਿਯੋਗ ਨਾਲ ਪੈਨਸ਼ਨਰਾਂ ਦੇ ਲਾਈਫ ਸਰਟੀਫਿਕੇਟ ਬਨਾਉਣ ਦਾ ਉਪਰਾਲਾ ਕੀਤਾ ਗਿਆ ਹੈ, ਲੋੜਵੰਦ ਸੱਜਣ ਗੁਰਦਵਾਰਾ ਸਾਹਿਬ ਤੋਂ ਫਾਰਮ ਹਾਸਲ ਕਰਕੇ ਇਸ ਅਵਸਰ ਦਾ ਲਾਭ ਲੈ ਸਕਦੇ ਹਨ। ਅੰਤ ਵਿੱਚ ਕਲੱਬ ਪ੍ਰਬੰਧਕਾਂ ਕਲੱਬ ਦੀ ਵਧੀਆ ਕਾਰਗੁਜ਼ਾਰੀ ਲਈ ਸਭ ਮੈਂਬਰਾਂ ਅਤੇ ਡਾਇਰੈਕਟਰਾਂ ਦੇ ਸਹਿਯੋਗ ਲਈ ਧੰਨਵਾਦ ਕਰਦਿਆਂ ਅਗਲੇ ਸਾਲ ਲਈ ਸ਼ੁਭਕਾਮਨਾਵਾਂ ਦਿੱਤੀਆਂ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …