ਬੀਬੀਐੱਮਬੀ ਨੇ ਸੂਬਿਆਂ ਨੂੰ ਕੀਤਾ ਚੌਕਸ
ਚੰਡੀਗੜ੍ਹ/ਬਿਊਰੋ ਨਿਊਜ਼
ਮੌਨਸੂਨ ਮਗਰੋਂ ਘੱਟ ਮੀਂਹ ਪੈਣ ਅਤੇ ਵੱਡੇ ਡੈਮਾਂ ਵਾਲੇ ਇਲਾਕਿਆਂ ’ਚ ਬਰਫ ਜੰਮਣ ਕਾਰਨ ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀਬੀਐੱਮਬੀ) ਨੇ ਪਾਣੀ ਦੀ ਉਪਲੱਬਧਤਾ ਬਾਰੇ ਚੌਕਸ ਰਹਿਣ ਦੀ ਚਿਤਾਵਨੀ ਦਿੱਤੀ ਹੈ। ਬੋਰਡ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਜੇ ਠੰਢ ਦੇ ਮੌਸਮ ਦੌਰਾਨ ਬਹੁਤੇ ਮੀਂਹ ਨਾ ਪਏ ਤਾਂ ਪੰਜਾਬ ਅਤੇ ਹਰਿਆਣਾ ਸਮੇਤ ਹੋਰ ਸੂਬਿਆਂ ਨੂੰ ਗਰਮੀਆਂ ’ਚ ਪਾਣੀ ਅਤੇ ਬਿਜਲੀ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬੀਬੀਐੱਮਬੀ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਅਸੀਂ ਆਪਣੇ ਮੈਂਬਰ ਸੂਬਿਆਂ ਨੂੰ ਆਉਂਦੇ ਮਹੀਨਿਆਂ ’ਚ ਪਾਣੀ ਦੀ ਮੰਗ ਦਾ ਅੰਦਾਜ਼ਾ ਲਗਾਉਣ ’ਚ ਸਾਵਧਾਨੀ ਵਰਤਣ ਲਈ ਕਿਹਾ ਹੈ ਕਿਉਂਕਿ ਮੌਜੂਦਾ ਭੰਡਾਰਣ ਅਤੇ ਪ੍ਰਵਾਹ ਸਾਲ ਦੇ ਇਸ ਸਮੇਂ ਲਈ ਆਮ ਨਾਲੋਂ ਘੱਟ ਹੈ। ਧਿਆਨ ਰਹੇ ਕਿ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ ਅਤੇ ਰਾਜਸਥਾਨ ਬੀਬੀਐੱਮਬੀ ਦੇ ਮੈਂਬਰ ਹਨ, ਜੋ ਭਾਖੜਾ ਅਤੇ ਪੌਂਗ ਡੈਮਾਂ ਤੋਂ ਪਾਣੀ ਲੈਂਦੇ ਹਨ। ਭਾਖੜਾ ਡੈਮ ’ਚ ਪਾਣੀ ਦਾ ਪੱਧਰ 1633 ਫੁੱਟ ਦਰਜ ਕੀਤਾ ਗਿਆ ਜੋ ਪਿਛਲੇ ਸਾਲ ਦੇ ਮੁਕਾਬਲੇ ’ਚ ਕਰੀਬ 15 ਫੁੱਟ ਹੇਠਾਂ ਹੈ। ਉਧਰ ਪੌਂਗ ਡੈਮ ’ਚ ਪਾਣੀ ਦਾ ਪੱਧਰ 1343 ਫੁੱਟ ਰਿਕਾਰਡ ਹੋਇਆ ਜੋ ਪਿਛਲੇ ਸਾਲ ਨਾਲੋਂ ਕਰੀਬ 18 ਫੁੱਟ ਘੱਟ ਹੈ।