ਮੁੱਖ ਮੰਤਰੀ ਵੱਲੋਂ ‘ਵਰਸਿਟੀ ਨੂੰ 49 ਕਰੋੜ ਜਾਰੀ ਕਰਨ ਦਾ ਐਲਾਨ; ਯੂਨੀਵਰਸਿਟੀ ਕੈਂਪਸ ‘ਚ ਹੋਸਟਲਾਂ ਵਾਲੀ ਥਾਂ ਦਾ ਕੀਤਾ ਦੌਰਾ
ਚੰਡੀਗੜ੍ਹ/ਬਿਊਰੋ ਨਿਊਜ਼ : ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸੂਬੇ ਦੇ ਸੱਭਿਆਚਾਰ, ਸਾਹਿਤ ਤੇ ਅਮੀਰ ਵਿਰਾਸਤ ਦਾ ਹਿੱਸਾ ਹੈ ਤੇ ਹਰਿਆਣਾ ਦੇ ਕਿਸੇ ਵੀ ਕਾਲਜ ਨੂੰ ਯੂਨੀਵਰਸਿਟੀ ਤੋਂ ਮਾਨਤਾ ਨਹੀਂ ਦਿੱਤੀ ਜਾਵੇਗੀ। ਮੁੱਖ ਮੰਤਰੀ ‘ਵਰਸਿਟੀ ਦੀ ਫੇਰੀ ਮੌਕੇ ਬੋਲ ਰਹੇ ਸਨ। ਉਨ੍ਹਾਂ ‘ਵਰਸਿਟੀ ਵਿੱਚ ਲੜਕੀਆਂ ਦੇ ਹੋਸਟਲ ਦੇ ਵਿਸਤਾਰ ਅਤੇ ਲੜਕਿਆਂ ਲਈ ਨਵੇਂ ਹੋਸਟਲ ਦੀ ਉਸਾਰੀ ਲਈ ਜਲਦ ਹੀ 49 ਕਰੋੜ ਰੁਪਏ ਜਾਰੀ ਕਰਨ ਦਾ ਐਲਾਨ ਕੀਤਾ।
ਮੁੱਖ ਮੰਤਰੀ ਦੀ ਕੈਂਪਸ ਵਿੱਚ ਆਮਦ ‘ਤੇ ਵਾਈਸ ਚਾਂਸਲਰ ਪ੍ਰੋ. ਰੇਣੂ ਵਿੱਗ ਨੇ ਉਨ੍ਹਾਂ ਦਾ ਸਵਾਗਤ ਕੀਤਾ। ਹੋਸਟਲਾਂ ਵਾਲੀ ਥਾਂ ਦਾ ਦੌਰਾ ਕਰਨ ਪੁੱਜੇ ਮੁੱਖ ਮੰਤਰੀ ਨੇ ਕਿਹਾ ਕਿ ਲੜਕੀਆਂ ਦੇ ਦੋ ਮੰਜ਼ਿਲਾ ਹੋਸਟਲ ਉਤੇ ਪੰਜ ਮੰਜ਼ਿਲਾ ਦਾ ਹੋਰ ਨਿਰਮਾਣ ਕੀਤਾ ਜਾਵੇਗਾ, ਜਦਕਿ ਲੜਕਿਆਂ ਲਈ ਛੇ ਮੰਜ਼ਿਲਾ ਹੋਸਟਲ ਦੀ ਉਸਾਰੀ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਸੂਬੇ ਦੀ ਸ਼ਾਨਾਂਮੱਤੀ ਵਿਰਾਸਤ ਦਾ ਹਿੱਸਾ ਹੈ ਅਤੇ ਇਸ ਨੇ ਕਈ ਅਹਿਮ ਹਸਤੀਆਂ ਪੈਦਾ ਕੀਤੀਆਂ ਹਨ, ਜਿਨ੍ਹਾਂ ਨੇ ਵੱਖ-ਵੱਖ ਖ਼ੇਤਰਾਂ ਵਿੱਚ ਆਪਣੀ ਅਮਿੱਟ ਛਾਪ ਛੱਡੀ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ ਸਟਾਫ਼, ਵਿਦਿਆਰਥੀਆਂ ਤੇ ਸੈਨੇਟ ਮੈਂਬਰਾਂ ਨੇ ਉਨ੍ਹਾਂ ਨੂੰ ਇੱਥੇ ਸੱਦਿਆ ਸੀ ਅਤੇ ਹੋਸਟਲਾਂ ਦੇ ਨਿਰਮਾਣ ਦੀ ਅਪੀਲ ਕੀਤੀ ਸੀ। ਉਨ੍ਹਾਂ ਕਿਹਾ ਕਿ ‘ਵਰਸਿਟੀ ਦੇ ਸਮੁੱਚੇ ਵਿਕਾਸ ਲਈ ਪੰਜਾਬ ਸਰਕਾਰ ਵਚਨਬੱਧ ਹੈ ਕਿਉਂਕਿ ਸੂਬੇ ਦੇ 175 ਕਾਲਜ ਇਸ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਹਨ। ਇਹ ਵੀ ਵੱਡੇ ਮਾਣ ਵਾਲੀ ਗੱਲ ਹੈ ਕਿ ਸਾਡੀ ਪਾਰਟੀ ਦੇ ਕਈ ਵਿਧਾਇਕਾਂ ਨੇ ਵੀ ਯੂਨੀਵਰਸਿਟੀ ਤੋਂ ਸਿੱਖਿਆ ਪ੍ਰਾਪਤ ਕੀਤੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਹੋਸਟਲ ਵਿੱਚ ਸਾਫ਼-ਸੁਥਰੇ ਪਖਾਨਿਆਂ ਦੇ ਨਾਲ-ਨਾਲ ਡਾਈਨਿੰਗ ਹਾਲ ਤੇ ਕਾਮਨ ਰੂਮ ਹੋਣਗੇ। ਉਨ੍ਹਾਂ ਕਿਹਾ ਕਿ ਪਹਿਲਾਂ ਹਰੇਕ ਛੇ ਕਮਰਿਆਂ ਪਿੱਛੋਂ ਪਖ਼ਾਨੇ ਬਣਾਉਣ ਦੀ ਰਵਾਇਤ ਦੇ ਉਲਟ ਹੁਣ ਹਰ ਚਾਰ ਕਮਰਿਆਂ ਮਗਰੋਂ ਪਖ਼ਾਨਿਆਂ ਦਾ ਨਿਰਮਾਣ ਕੀਤਾ ਜਾਵੇਗਾ। ਮਾਨ ਨੇ ਕਿਹਾ ਕਿ ਖੋਜਾਰਥੀਆਂ ਤੇ ਹੋਰਾਂ ਲਈ 38 ਕਮਰੇ ਅਟੈਚਡ ਬਾਥਰੂਮਾਂ ਵਾਲੇ ਬਣਾਏ ਜਾਣਗੇ। ਉਨ੍ਹਾਂ ਅਫ਼ਸੋਸ ਪ੍ਰਗਟਾਇਆ ਕਿ ਯੂਨੀਵਰਸਿਟੀ ਦਾ ਦਰਜਾ ਬਦਲਣ ਲਈ ਬਾਕਾਇਦਾ ਕੋਸ਼ਿਸ਼ਾਂ ਹੋ ਰਹੀਆਂ ਹਨ। ਮਾਨ ਨੇ ਕਿਹਾ ਕਿ ਵਿਦਿਆਰਥੀਆਂ ਦੇ ਹਿੱਤਾਂ ਦੀ ਰਾਖੀ ਲਈ ਪੰਜਾਬ ਸਰਕਾਰ ਅਜਿਹੀਆਂ ਕੋਸ਼ਿਸ਼ਾਂ ਨੂੰ ਕਾਮਯਾਬ ਨਹੀਂ ਹੋਣ ਦੇਵੇਗੀ।
Check Also
ਚੋਣ ਕਮਿਸ਼ਨ ਨੇ ਗਿੱਦੜਬਾਹਾ ’ਚ 24 ਪਿੰਡਾਂ ਦੀਆਂ ਪੰਚਾਇਤੀ ਚੋਣਾਂ ਕੀਤੀਆਂ ਰੱਦ
ਸ਼ੋ੍ਰਮਣੀ ਅਕਾਲੀ ਦਲ ਦੀ ਸ਼ਿਕਾਇਤ ’ਤੇ ਚੋਣ ਕਮਿਸ਼ਨ ਨੇ ਲਿਆ ਫੈਸਲਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ …