ਡਿਊਟੀ ‘ਚ ਕੁਤਾਹੀ ਵਰਤਣ ਵਾਲੇ 7 ਕਰਮਚਾਰੀ ਮੁਅੱਤਲ
ਅੰਮ੍ਰਿਤਸਰ : ਅੰਮ੍ਰਿਤਸਰ ‘ਚ ਉੱਚ ਸੁਰੱਖਿਆ ਵਾਲੀ ਕੇਂਦਰੀ ਜੇਲ੍ਹ ਦੀ ਕੰਧ ਤੋੜ ਕੇ ਤਿੰਨ ਹਵਾਲਾਤੀ ਫਰਾਰ ਹੋ ਗਏ। ਇਸ ਮਾਮਲੇ ਵਿਚ ਡਿਊਟੀ ਦੌਰਾਨ ਕੁਤਾਹੀ ਵਰਤਣ ਦੇ ਦੋਸ਼ ਹੇਠ ਜੇਲ੍ਹ ਦੇ 7 ਕਰਮਚਾਰੀ ਮੁਅੱਤਲ ਕੀਤੇ ਗਏ ਹਨ। ਜੇਲ੍ਹ ਤੋੜ ਕੇ ਭੱਜਣ ਵਾਲੇ ਹਵਾਲਾਤੀਆਂ ਦੀ ਸ਼ਨਾਖਤ ਵਿਸ਼ਾਲ (22) ਵਾਸੀ ਮਜੀਠਾ ਰੋਡ ਅੰਮ੍ਰਿਤਸਰ, ਗੁਰਪ੍ਰੀਤ (34) ਅਤੇ ਜਰਨੈਲ ਸਿੰਘ (35) ਵਜੋਂ ਹੋਈ ਹੈ। ਵਿਸ਼ਾਲ ਖਿਲਾਫ ਪੋਕਸੋ ਐਕਟ ਹੇਠ ਅਪਰੈਲ 2019 ‘ਚ ਛੇਹਰਟਾ ਥਾਣੇ ‘ਚ ਕੇਸ ਦਰਜ ਹੋਇਆ ਸੀ ਜਦਕਿ ਗੁਰਪ੍ਰੀਤ ਅਤੇ ਜਰਨੈਲ ਦੋਵੇਂ ਭਰਾ ਹਨ ਤੇ ਖਡੂਰ ਸਾਹਿਬ ਦੇ ਰਹਿਣ ਵਾਲੇ ਹਨ। ਉਨ੍ਹਾਂ ਨੂੰ ਲੁੱਟ-ਖੋਹ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਹ ਘਟਨਾ ਸ਼ਨੀਵਾਰ ਰਾਤ ਲਗਪਗ ਡੇਢ ਵਜੇ ਦੀ ਦੱਸੀ ਗਈ ਹੈ। ਇਨ੍ਹਾਂ ਨੇ ਲੋਹੇ ਦੀ ਰਾਡ ਨਾਲ ਆਪਣੀ ਬੈਰਕ ਦੀਆਂ ਇੱਟਾਂ ਤੋੜ ਕੇ ਬਾਹਰ ਲੰਘਣ ਦਾ ਰਸਤਾ ਬਣਾਇਆ। ਮਗਰੋਂ ਇਹ ਜੇਲ੍ਹ ਦੀ ਲਗਪਗ 16 ਫੁੱਟ ਉੱਚੀ ਕੰਧ ਟੱਪ ਕੇ ਬਾਹਰ ਆਏ ਅਤੇ ਜੇਲ੍ਹ ਦੀ ਬਾਹਰਲੀ 21 ਫੁੱਟ ਉੱਚੀ ਕੰਧ ਵੀ ਟੱਪ ਕੇ ਫਰਾਰ ਹੋ ਗਏ। ਇਹ ਉੱਚੀਆਂ ਕੰਧਾਂ ਟੱਪਣ ਲਈ ਉਨ੍ਹਾਂ ਕੰਬਲ ਅਤੇ ਹੋਰ ਅਜਿਹੇ ਕੱਪੜਿਆਂ ਦੀ ਵਰਤੋਂ ਰੱਸੀ ਵਜੋਂ ਤੇ ਲੋਹੇ ਦੀ ਇਕ ਰਾਡ ਦੀ ਹੁੱਕ ਵਜੋਂ ਵਰਤੋਂ ਕੀਤੀ। ਇਸ ਮਾਮਲੇ ‘ਚ ਸਖਤ ਕਾਰਵਾਈ ਕਰਦਿਆਂ ਜੇਲ੍ਹ ਦੇ ਸਹਾਇਕ ਸੁਪਰਡੈਂਟ ਪ੍ਰਸ਼ੋਤਮ ਲਾਲ ਤੋਂ ਇਲਾਵਾ ਸਹਾਇਕ ਸੁਪਰਡੈਂਟ ਗਿਆਨ ਸਿੰਘ, ਵਾਰਡਰ ਸੁਬੇਗ ਸਿੰਘ, ਕੁਲਵੰਤ ਸਿੰਘ, ਧੀਰ ਸਿੰਘ, ਸ਼ਮਸ਼ੇਰ ਸਿੰਘ ਨੂੰ ਮੁਅੱਤਲ ਕੀਤਾ ਗਿਆ ਹੈ। ਇਨ੍ਹਾਂ ਤੋਂ ਇਲਾਵਾ ਪੰਜਾਬ ਹੋਮਗਾਰਡ ਦਾ ਜਵਾਨ ਕਸ਼ਮੀਰ ਸਿੰਘ ਖਿਲਾਫ ਵੀ ਕਾਰਵਾਈ ਕੀਤੀ ਗਈ ਹੈ, ਜਿਸ ਦੀ ਨਿਗਰਾਨ ਟਾਵਰ ‘ਤੇ ਡਿਊਟੀ ਸੀ। ਇਸ ਸਬੰਧੀ ਥਾਣਾ ਇਸਲਾਮਾਬਾਦ ‘ਚ ਕੇਸ ਦਰਜ ਕੀਤਾ ਗਿਆ ਹੈ। ਜੇਲ੍ਹ ਵਿਭਾਗ ਦੇ ਏਡੀਜੀਪੀ ਪ੍ਰਵੀਨ ਕੁਮਾਰ ਸਿਨਹਾ ਨੇ ਦੱਸਿਆ ਕਿ ਫਰਾਰ ਹੋਏ ਇਨ੍ਹਾਂ ਹਵਾਲਾਤੀਆਂ ਦੀ ਗ੍ਰਿਫ਼ਤਾਰੀ ਲਈ ਸਾਰੇ ਸੂਬੇ ਵਿੱਚ ਛਾਪੇ ਮਾਰੇ ਜਾ ਰਹੇ ਹਨ। ਜੇਲ੍ਹ ਦੀ ਸੁਰੱਖਿਆ ਮਾਮਲੇ ਨੂੰ ਮੁੜ ਗੰਭੀਰਤਾ ਨਾਲ ਵਿਚਾਰਿਆ ਜਾਵੇਗਾ। ਨਵੀਂ ਬਣੀ ਜੇਲ੍ਹ ਦੀ ਕੰਧ ਕਿਵੇਂ ਤੋੜ ਦਿੱਤੀ ਗਈ, ਦਾ ਮਾਮਲਾ ਵੀ ਜਾਂਚ ਦੇ ਘੇਰੇ ਵਿੱਚ ਆਵੇਗਾ। ਜਾਂਚ ਕਰ ਰਹੇ ਅਧਿਕਾਰੀਆਂ ਨੇ ਦੱਸਿਆ ਕਿ ਜੇਲ੍ਹ ਤੋਂ ਫਰਾਰ ਹੋਣ ਦੀ ਇਸ ਘਟਨਾ ਵਿਚ ਫਿਲਹਾਲ ਬਾਹਰੋਂ ਕਿਸੇ ਤਰ੍ਹਾਂ ਦੀ ਮਦਦ ਦਿੱਤੇ ਜਾਣ ਦਾ ਕੋਈ ਸਬੂਤ ਨਹੀਂ ਹੈ।
ਕੈਪਟਨ ਅਮਰਿੰਦਰ ਨੇ ਜਾਂਚ ਡਿਵੀਜ਼ਨਲ ਕਮਿਸ਼ਨਰ ਨੂੰ ਸੌਂਪੀ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿੱਚੋਂ ਤਿੰਨ ਹਵਾਲਾਤੀਆਂ ਦੇ ਭੱਜਣ ਦੇ ਮਾਮਲੇ ਦੀ ਨਿਆਂਇਕ ਜਾਂਚ ਜਲੰਧਰ ਡਿਵੀਜ਼ਨ ਦੇ ਕਮਿਸ਼ਨਰ ਨੂੰ ਸੌਂਪ ਦਿੱਤੀ ਹੈ। ਉਨ੍ਹਾਂ ਜੇਲ੍ਹ ਸੁਰੱਖਿਆ ਲਈ ਜ਼ਿੰਮੇਵਾਰ ਸਟਾਫ ਨੂੰ ਪੈਂਡਿੰਗ ਜਾਂਚ ਦੇ ਚੱਲਦਿਆਂ ਤੁਰੰਤ ਮੁਅੱਤਲ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਨੇ ਏਡੀਜੀਪੀ (ਜੇਲ੍ਹਾਂ) ਨੂੰ ਸੁਰੱਖਿਆ ਸਖਤ ਕਰਨ ਦੇ ਆਦੇਸ਼ ਦਿੰਦਿਆਂ ਕਿਹਾ ਕਿ ਭੱਜਣ ਵਾਲੇ ਹਵਾਲਾਤੀਆਂ ਨੂੰ ਫੜਨ ਲਈ ਸੂਬਾਈ ਪੱਧਰ ਉਤੇ ਤਲਾਸ਼ੀ ਮੁਹਿੰਮ ਵਿੱਢੀ ਜਾਵੇ।
Check Also
ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ
ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …