ਕੈਪਟਨ ਅਮਰਿੰਦਰ ਵਲੋਂ ਸੱਦੀ ਸਰਬ ਪਾਰਟੀ ਮੀਟਿੰਗ ਦਾ ‘ਆਪ’ ਨੇ ਕੀਤਾ ਬਾਈਕਾਟ
ਚੰਡੀਗੜ੍ਹ, ਬਿਊਰੋ ਨਿਊਜ਼
ਦਿੱਲੀ ਦੀਆਂ ਸਰਹੱਦਾਂ ‘ਤੇ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਵਾਪਰੇ ਤਾਜ਼ਾ ਘਟਨਾਕ੍ਰਮ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸਰਬ ਪਾਰਟੀ ਬੈਠਕ ਹੋਈ। ਕਰੀਬ 4 ਘੰਟਿਆਂ ਤੱਕ ਚੱਲੀ ਇਸ ਬੈਠਕ ‘ਚ ਇਹ ਫ਼ੈਸਲਾ ਲਿਆ ਗਿਆ ਕਿ ਪੰਜਾਬ ਤੋਂ ਇਕ ਸਰਬ ਪਾਰਟੀ ਵਫ਼ਦ ਦਿੱਲੀ ਜਾਵੇਗਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰੇਗਾ। ਪ੍ਰਧਾਨ ਮੰਤਰੀ ਨਾਲ ਇਸ ਮੁਲਾਕਾਤ ਦੌਰਾਨ ਵਫ਼ਦ ਵਲੋਂ 26 ਜਨਵਰੀ ਦੀ ਹਿੰਸਾ ਦੇ ਮੁੱਦੇ ਤੋਂ ਇਲਾਵਾ ਕਿਸਾਨ ਅੰਦੋਲਨ ਦੀਆਂ ਹੋਰ ਦਿੱਕਤਾਂ ਦਾ ਮੁੱਦਾ ਚੁੱਕਿਆ ਜਾਵੇਗਾ। ਇਸ ਤੋਂ ਇਲਾਵਾ ਸਰਬ ਪਾਰਟੀ ਬੈਠਕ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਵਲੋਂ ਇਹ ਜਾਣਕਾਰੀ ਦਿੱਤੀ ਗਈ ਕਿ ਗਣਤੰਤਰ ਦਿਵਸ ਮੌਕੇ ਦਿੱਲੀ ‘ਚ ਹੋਈ ਹਿੰਸਾ ਤੋਂ ਲੈ ਕੇ ਹੁਣ ਤੱਕ ਪੰਜਾਬ ‘ਚ ਜਿਹੜੇ ਵਿਅਕਤੀ ਲਾਪਤਾ ਦੱਸੇ ਗਏ ਹਨ, ਉਨ੍ਹਾਂ ‘ਚੋਂ 70 ਵਿਅਕਤੀ ਦਿੱਲੀ ਦੀਆਂ ਜੇਲ੍ਹਾਂ ‘ਚ ਬੰਦ ਹਨ। ਧਿਆਨ ਰਹੇ ਕਿ ਆਮ ਆਦਮੀ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੁਲਾਈ ਗਈ ਸਰਬ ਪਾਰਟੀ ਮੀਟਿੰਗ ਦਾ ਬਾਈਕਾਟ ਕੀਤਾ। ਆਪ ਦਾ ਇਲਜ਼ਾਮ ਹੈ ਕਿ ਮੀਟਿੰਗ ਵਿੱਚ ਰੱਖੇ ਦੋ ਮਤਿਆਂ ਵਿੱਚ ਬਦਲਾਅ ਕਰਨ ਨੂੰ ਕਿਹਾ ਗਿਆ ਸੀ, ਕੈਪਟਨ ਇਸ ਨੂੰ ਮੰਨਣ ਲਈ ਤਿਆਰ ਨਹੀਂ ਹੋਏ। ਇਸ ਲਈ ਕਿਸਾਨ ਅੰਦੋਲਨ ‘ਤੇ ਬੁਲਾਈ ਗਈ ਬੈਠਕ ਵਿੱਚੋਂ ਆਪ ਬਾਹਰ ਆ ਗਈ। ਜ਼ਿਕਰਯੋਗ ਹੈ ਕਿ ਸਰਬਪਾਰਟੀ ਮੀਟਿੰਗ ਵਿਚ ਭਾਜਪਾ ਦਾ ਕੋਈ ਵੀ ਨੁਮਾਇੰਦਾ ਸ਼ਾਮਲ ਨਹੀਂ ਹੋਇਆ।
Check Also
ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਢੱਡਰੀਆਂ ਵਾਲੇ ਦੀ ਖਿਮਾ ਯਾਚਨਾ ਪ੍ਰਵਾਨ, ਪ੍ਰਚਾਰ ਦੀ ਦਿੱਤੀ ਆਗਿਆ
ਸਰਨਾ ਤੇ ਸਾਬਕਾ ਜਥੇਦਾਰਾਂ ਸਮੇਤ ਹੋਰ ਕਈ ਸਿੱਖ ਆਗੂ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ …