Breaking News
Home / ਮੁੱਖ ਲੇਖ / ਰੂਸ-ਯੂਕਰੇਨ ਮੁੱਦੇ ਦੇ ਆਰ-ਪਾਰ

ਰੂਸ-ਯੂਕਰੇਨ ਮੁੱਦੇ ਦੇ ਆਰ-ਪਾਰ

ਵਿਵੇਕ ਰਾਜ
ਰੂਸ ਤੇ ਯੂਕਰੇਨ ਵਿਚਾਲੇ ਜੋ ਜੰਗ ਦੀ ਚੰਗਿਆੜੀ ਹੁਣ ਭੜਕੀ ਹੈ ਉਸ ਬਾਰੇ ਕਨਸੋਆਂ ਉਦੋਂ ਆਉਣ ਲੱਗੀਆਂ ਸਨ ਜਦੋਂ 10 ਨਵੰਬਰ 2021 ਨੂੰ ਪਹਿਲੀ ਵਾਰ ਇਹ ਖ਼ਬਰ ਨਿਕਲ ਕੇ ਸਾਹਮਣੇ ਆਈ ਕਿ ਰੂਸ ਨੇ ਸ਼ਾਂਤੀ ਰੱਖਿਅਕ ਦੇ ਨਾਮ ‘ਤੇ ਆਪਣੇ ਸੈਨਿਕ ਯੂਕਰੇਨ ਬਾਰਡਰ ‘ਤੇ ਤਾਇਨਾਤ ਕਰਨੇ ਸ਼ੁਰੂ ਕਰ ਦਿੱਤੇ ਹਨ। ਅਠਾਈ ਨਵੰਬਰ 2021 ਤਕ ਇਸ ਗੱਲ ‘ਤੇ ਚਾਨਣਾ ਪੈ ਚੁੱਕਿਆ ਸੀ ਕਿ ਰੂਸ ਦੇ ਘੱਟੋ- ਘੱਟ 1 ਲੱਖ ਤੋਂ ਵੱਧ ਸਪੈਸ਼ਲ ਸੈਨਿਕ ਯੂਕਰੇਨ ਬਾਰਡਰ ‘ਤੇ ਤਾਇਨਾਤ ਹੋ ਚੁੱਕੇ ਹਨ ਅਤੇ ਇਹ ਮੱਧ ਜਨਵਰੀ ਤੇ ਫਰਵਰੀ ਵਿਚਕਾਰ ਕਦੇ ਵੀ ਹਮਲਾ ਕਰ ਸਕਦੇ ਹਨ। ਦਸੰਬਰ ਤਕ ਅਮਰੀਕੀ ਖ਼ੁਫ਼ੀਆ ਵਿਭਾਗ ਨੂੰ ਇਸ ਗੱਲ ਦਾ ਪਤਾ ਲੱਗ ਚੁੱਕਿਆ ਸੀ। ਇਸੇ ਲਈ ਅਮਰੀਕੀ ਰਾਸ਼ਟਰਪਤੀ ਨੇ ਰੂਸ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਯੂਕਰੇਨ ‘ਤੇ ਕਿਸੇ ਵੀ ਤਰ੍ਹਾਂ ਦਾ ਹਮਲਾ ਹੋਇਆ ਤਾਂ ਉਸ ਦੇ ਖ਼ਿਲਾਫ਼ ਸਖ਼ਤ ਕਦਮ ਚੁੱਕੇ ਜਾਣਗੇ। ਮਾਹਿਰਾਂ ਮੁਤਾਬਕ ਚੀਨ ਨੇ ਰੂਸ ‘ਤੇ ਦਬਾਅ ਪਾਇਆ ਕਿ ਉਹ ਬੀਜਿੰਗ ਵਿਚ ਸਰਦ ਰੁੱਤ ਦੀਆਂ ਓਲੰਪਿਕ ਖੇਡਾਂ ਖ਼ਤਮ ਹੋਣ ਦਾ ਇੰਤਜ਼ਾਰ ਕਰੇ ਕਿਉਂਕਿ ਚੀਨ ਨਹੀਂ ਚਾਹੁੰਦਾ ਸੀ ਕਿ ਇਸ ਦਾ ਓਲੰਪਿਕ ਖੇਡਾਂ ‘ਤੇ ਕੋਈ ਪ੍ਰਭਾਵ ਪਵੇ। ਮਾਹਿਰਾਂ ਦਾ ਇਹ ਕਹਿਣਾ ਬਿਲਕੁਲ ਸਹੀ ਸਾਬਿਤ ਹੋਇਆ। ਵੀਹ ਫਰਵਰੀ 2022 ਨੂੰ ਬੀਜਿੰਗ ਓਲੰਪਿਕ ਦਾ ਆਖ਼ਰੀ ਦਿਨ ਸੀ ਅਤੇ 21 ਫਰਵਰੀ ਨੂੰ ਰੂਸ ਦਾ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਇਹ ਐਲਾਨ ਕਰਦਾ ਹੈ ਕਿ ਪੂਰਬੀ ਯੂਕਰੇਨ ਵਿਚ 2 ਵੱਖ ਖੇਤਰ ਡੋਨੇਟਸਕ ਤੇ ਲੁਹਾਂਸਕ ਹਨ ਜਿਨ੍ਹਾਂ ਨੂੰ ਉਹ ਸੁਤੰਤਰ ਦੇਸ਼ ਬਣਾਉਣ ਦੀ ਗੱਲ ਕਰਦੇ ਹਨ ਕਿਉਂਕਿ ਪੂਰਬੀ ਯੂਕਰੇਨ ਵਿਚ ਮੌਜੂਦ ਡੋਨੇਟਸਕ ਤੇ ਲੁਹਾਂਸਕ ਦੋਨੋ ਖੇਤਰ ਰੂਸ ਦੇ ਬਾਰਡਰ ‘ਤੇ ਹਨ ਜੋ ਯੂਕਰੇਨ ਦੇ ਅਧੀਨ ਨਹੀਂ ਹਨ।
ਅਸਲ ਵਿਚ ਇਨ੍ਹਾਂ ‘ਤੇ ਰੂਸੀ ਕਬਜ਼ਾ ਹੀ ਮੰਨਿਆ ਜਾਂਦਾ ਹੈ। ਜਿਸ ਤਰ੍ਹਾਂ ਪੁਤਿਨ ਨੇ ਡੋਨੇਟਸਕ ਤੇ ਲੁਹਾਂਸਕ ਨੂੰ ਸੁਤੰਤਰ ਦੇਸ਼ ਬਣਾਉਣ ਦਾ ਐਲਾਨ ਕੀਤਾ ਉਸ ਤੋਂ ਬਾਅਦ ਤਾਂ ਬਾਕੀ ਦੇਸ਼ਾਂ ਨੂੰ ਇਹ ਡਰ ਸਤਾਉਣ ਲੱਗਾ ਸੀ ਕਿ ਰੂਸ ਸਿਰਫ਼ ਡੋਨੇਟਸਕ ਤੇ ਲੁਹਾਂਸਕ ‘ਤੇ ਹੀ ਨਹੀਂ ਸਗੋਂ ਪੂਰੇ ਯੂਕਰੇਨ ‘ਤੇ ਕਬਜ਼ਾ ਕਰ ਲਵੇਗਾ। ਉਨ੍ਹਾਂ ਦਾ ਇਹ ਡਰ ਸਹੀ ਸਿੱਧ ਹੋ ਰਿਹਾ ਹੈ ਕਿਉਂਕਿ ਰੂਸੀ ਰਾਸ਼ਟਰਪਤੀ ਨੇ ਯੂਕਰੇਨ ਵਿਰੁੱਧ ਐਲਾਨ ਏ ਜੰਗ ਕਰ ਦਿੱਤਾ ਤੇ ਉਸ ‘ਤੇ ਕਈ ਦਿਨਾਂ ਤੋਂ ਜ਼ੋਰਦਾਰ ਹਮਲੇ ਕਰ ਰਿਹਾ ਹੈ। ਰੂਸ ਪਿਛਲੇ 7-8 ਸਾਲਾਂ ਤੋਂ ਆਪਣੇ ਕੁਝ ਗੁਆਂਢੀ ਦੇਸ਼ਾਂ ਨਾਲ ਇਹੀ ਕੁਝ ਕਰਦਾ ਆਇਆ ਹੈ। ਸੰਨ 2014 ‘ਚ ਰੂਸ ਨੇ ਕ੍ਰੀਮੀਆ ‘ਤੇ ਕਬਜ਼ਾ ਕੀਤਾ ਸੀ। ਇਸ ਤੋਂ ਪਹਿਲਾਂ 2008 ਵਿਚ ਉਸ ਨੇ ਜਾਰਜੀਆ ਦੇ ਕੁਝ ਖੇਤਰਾਂ ‘ਤੇ ਕਬਜ਼ਾ ਕਰ ਲਿਆ ਸੀ। ਅਸਲ ਵਿਚ ਜਾਰਜੀਆ ਦੇਸ਼ ਦਾ 20 ਪ੍ਰਤੀਸ਼ਤ ਹਿੱਸਾ ਰੂਸ ਦੇ ਕਬਜ਼ੇ ਵਿਚ ਹੈ। ਸਵਾਲ ਇਹ ਉੱਠਦਾ ਹੈ ਕੇ ਜੇਕਰ ਰੂਸ ਯੂਕਰੇਨ ‘ਤੇ ਕਬਜ਼ਾ ਕਰ ਲੈਂਦਾ ਹੈ ਤਾਂ ਉਹ ਅੱਗੇ ਜਾ ਕੇ ਹੋਰ ਛੋਟੇ ਦੇਸ਼ਾਂ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰੇਗਾ।
ਦੂਸਰੇ ਪਾਸੇ ਯੂਕਰੇਨ ਕੋਲ ਰੂਸ ਦੇ ਮੁਕਾਬਲੇ ਨਾ ਹੀ ਜ਼ਿਆਦਾ ਹਥਿਆਰ, ਤੋਪਾਂ ਤੇ ਨਾ ਹੀ ਸੈਨਿਕ ਹਨ ਜਿਸ ਕਾਰਨ ਉਸ ਦਾ ਹਾਰਨਾ ਬਿਲਕੁਲ ਤੈਅ ਹੈ ਪਰੰਤੂ ਯੂਕਰੇਨ ਦੇ ਵਾਸੀ ਆਪਣੇ ਦੇਸ਼ ਉੱਪਰ ਆਏ ਖ਼ਤਰੇ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਅਤੇ ਉਹ ਲੜਨ ਲਈ ਤਿਆਰ ਹਨ। ਇਕ ਪਾਸੇ ਇਸ ਖ਼ਤਰੇ ਦੌਰਾਨ ਲੋਕਾਂ ਨੂੰ ਲੱਗਿਆ ਕਿ ਯੂਕਰੇਨ ਦੇ ਰਾਸ਼ਟਰਪਤੀ ਵਲੋਦੋਮੀਰ ਜ਼ੇਲੈਂਸਕੀ ਆਪਣਾ ਦੇਸ਼ ਛੱਡ ਕੇ ਭੱਜ ਜਾਣਗੇ, ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਭੱਜ ਗਏ ਸਨ ਜਦੋਂ ਤਾਲਿਬਾਨ ਨੇ ਅਫ਼ਗਾਨਿਸਤਾਨ ‘ਤੇ ਕਬਜ਼ਾ ਕਰ ਲਿਆ ਸੀ।
ਹੁਣ ਮੀਡੀਆ ਰਿਪੋਰਟਾਂ ਤੋਂ ਪਤਾ ਲੱਗ ਰਿਹਾ ਹੈ ਕਿ ਯੂਕਰੇਨ ਦਾ ਰਾਸ਼ਟਰਪਤੀ ਆਪਣੇ ਦੇਸ਼ ਨਾਲ ਕਿਸੇ ਵੀ ਹਾਲਤ ਵਿਚ ਖੜ੍ਹੇ ਰਹਿਣ ਤੇ ਖ਼ੁਦ ਅੱਗੇ ਹੋ ਕੇ ਲੜਨ ਦਾ ਤਹੱਈਆ ਕਰ ਰਿਹਾ ਹੈ। ਨਾਲ ਹੀ ਉਸ ਨੇ ਰੂਸ ਦੇ ਲੋਕਾਂ ਤਕ ਸੰਦੇਸ਼ ਪਹੁੰਚਾਇਆ ਹੈ ਕਿ ਯੂਕਰੇਨ ਦੀ ਉਨ੍ਹਾਂ ਨਾਲ ਕੋਈ ਦੁਸ਼ਮਣੀ ਨਹੀਂ ਹੈ। ਹੁਣ ਤਕ ਇਸ ਜੰਗ ਵਿਚ ਸੈਂਕੜੇ ਯੂਕਰੇਨੀਅਨ ਜਾਨ ਗੁਆ ਚੁੱਕੇ ਹਨ ਅਤੇ ਲੱਖਾਂ ਲੋਕਾਂ ਨੂੰ ਆਪਣਾ ਘਰ-ਬਾਰ ਛੱਡਣਾ ਪਿਆ ਹੈ ਅਤੇ ਇਹ ਕ੍ਰਮ ਅਜੇ ਵੀ ਜਾਰੀ ਹੈ। ਨਾਲ ਹੀ ਯੂਕਰੇਨ ਨੇ ਇਹ ਵੀ ਐਲਾਨ ਕੀਤਾ ਹੈ ਕਿ 18 ਤੋਂ 60 ਸਾਲ ਦਾ ਵਿਅਕਤੀ ਦੇਸ਼ ਛੱਡ ਕੇ ਨਹੀਂ ਜਾ ਸਕਦਾ। ਉਹ ਜੰਗ ਲਈ ਤਿਆਰ ਰਹਿਣ, ਆਮ ਜਨਤਾ ਨੂੰ ਹਥਿਆਰ ਵੰਡੇ ਜਾ ਰਹੇ ਹਨ ਤਾਂ ਜੋ ਉਹ ਰੂਸੀ ਫ਼ੌਜ ਦੇ ਖ਼ਿਲਾਫ਼ ਖੜ੍ਹੇ ਹੋ ਸਕਣ ਤੇ ਖ਼ੁਦ ਦੀ ਰੱਖਿਆ ਕਰ ਸਕਣ।
ਦੂਸਰੇ ਪਾਸੇ ਰੂਸ ਵਿਚ ਬਹੁਤ ਸਾਰੀ ਜਨਤਾ ਪੁਤਿਨ ਦੇ ਵਿਰੁੱਧ ਸੜਕਾਂ ‘ਤੇ ਉਤਰ ਆਈ ਹੈ ਇਸ ਜੰਗ ਨੂੰ ਰੋਕਣ ਦੇ ਲਈ ਕਿਉਂਕਿ ਸਭ ਜਾਣਦੇ ਹਨ ਕਿ ਜੰਗ ਵਿਚ ਨੁਕਸਾਨ ਆਮ ਜਨਤਾ ਦਾ ਹੁੰਦਾ ਹੈ ਤੇ ਇਹ ਇਕ ਬਹੁਤ ਹੀ ਬਹਾਦਰੀ ਦਾ ਕੰਮ ਹੈ ਕਿਉਂਕਿ ਪੁਤਿਨ ਖ਼ੁਦ ‘ਚ ਇਕ ਡਿਕਟੇਟਰ ਹੈ ਤੇ ਦੂਸਰੇ ਪਾਸੇ ਬਹੁਤ ਸਾਰੇ ਦੇਸ਼ ਰੂਸ ਨੂੰ ਆਰਥਿਕ ਤੌਰ ‘ਤੇ ਕਮਜ਼ੋਰ ਕਰ ਕੇ ਜੰਗ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ ਕਿਉਂਕਿ ਸਿੱਧੇ ਤੌਰ ‘ਤੇ ਉਸ ਵਿਰੁੱਧ ਕੋਈ ਖੜ੍ਹਾ ਨਹੀਂ ਹੋ ਸਕਦਾ ਕਿਉਂਕਿ ਪੁਤਿਨ ਨੇ ਸਾਰੇ ਦੇਸ਼ਾਂ ਨੂੰ ਇਹ ਧਮਕੀ ਦਿੱਤੀ ਹੈ ਕਿ ਜੋ ਵੀ ਸਾਡੇ ਵਿਚਕਾਰ ਆਵੇਗਾ ਉਸ ਦੇ ਖਿਲ਼ਾਫ ਸਖ਼ਤ ਕਦਮ ਚੁੱਕਿਆ ਜਾਵੇਗਾ। ਇਸ ਦੇ ਨਾਲ ਹੀ ਅਮਰੀਕਾ, ਯੂਰਪ, ਕੈਨੇਡਾ, ਜਾਪਾਨ ਆਦਿ ਦੇਸ਼ਾਂ ਨੇ ਰੂਸ ਵਿਰੁੱਧ ਆਰਥਿਕ ਪਾਬੰਦੀਆਂ ਲਾ ਦਿੱਤੀਆਂ ਹਨ। ਇੰਗਲੈਂਡ ਨੇ ਪੰਜ ਰੂਸੀ ਬੈਂਕਾਂ ‘ਤੇ ਪਾਬੰਦੀ ਲਾ ਦਿੱਤੀ ਹੈ ਅਤੇ ਸਭ ਤੋਂ ਵੱਡਾ ਯੋਗਦਾਨ ਜਰਮਨੀ ਦੁਆਰਾ ਪਾਇਆ ਗਿਆ ਹੈ। ਜਰਮਨੀ ਨੇ ਨੋਰਡ ਸਟਰੀਮ 2 ਗੈਸ ਪਾਈਪਲਾਈਨ ਦੀ ਸਰਟੀਫਿਕੇਸ਼ਨ ਨੂੰ ਰੋਕ ਦਿੱਤਾ ਹੈ ਹਾਲਾਂਕਿ ਇਸ ‘ਚ ਰੂਸ ਨਾਲੋਂ ਜ਼ਿਆਦਾ ਨੁਕਸਾਨ ਜਰਮਨੀ ਦਾ ਹੈ ਕਿਉਂਕਿ ਜਰਮਨੀ ਦੀ 50 ਫ਼ੀਸਦੀ ਤੋਂ ਵੱਧ ਗੈਸ ਰੂਸ ਤੋਂ ਆਉਂਦੀ ਹੈ।
ਇਸ ਦੇ ਨਾਲ ਹੀ ਹੁਣ ਜਰਮਨੀ ਨੇ ਇਹ ਐਲਾਨ ਕੀਤਾ ਹੈ ਕਿ ਉਹ ਯੂਕਰੇਨ ਨੂੰ ਹਥਿਆਰ ਭੇਜੇਗਾ ਅਤੇ ਰੂਸੀ ਹਵਾਈ ਜਹਾਜ਼ਾਂ ਲਈ ਹਵਾਈ ਖੇਤਰ ਬੰਦ ਕਰੇਗਾ। ਇਹ ਜਰਮਨੀ ਦਾ ਇਕ ਬਹੁਤ ਵੱਡਾ ਯੋਗਦਾਨ ਹੈ। ਇਸ ਜੰਗ ਦਾ ਮੁੱਖ ਕਾਰਨ ਇਹ ਹੈ ਕੇ ਯੂਕਰੇਨ ਨਾਟੋ ‘ਚ ਸ਼ਾਮਲ ਹੋਣਾ ਚਾਹੁੰਦਾ ਹੈ ਤੇ ਇਹ ਉਸ ਦਾ ਹੱਕ ਹੈ ਕਿਉਂਕਿ ਕੋਈ ਵੀ ਸੁਤੰਤਰ ਦੇਸ਼ ਆਪਣੀ ਮਰਜ਼ੀ ਨਾਲ ਕਿਸੇ ਵੀ ਸੰਸਥਾ ਨਾਲ ਜੁੜ ਸਕਦਾ ਹੈ। ਨਾਟੋ 30 ਦੇਸ਼ਾਂ ਦਾ ਫ਼ੌਜੀ ਗੱਠਜੋੜ ਵਾਲਾ ਸੰਗਠਨ ਹੈ ਤੇ ਇਸ ਦਾ ਨਿਰਮਾਣ ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਕੀਤਾ ਗਿਆ ਸੀ ਤਾਂ ਜੋ ਦੁਬਾਰਾ ਵਿਸ਼ਵ ਯੁੱਧ ਹੋਣ ਦੀ ਸਥਿਤੀ ਨਾ ਬਣੇ। ਨਾਟੋ ਦੁਆਰਾ ਆਪਣੇ ਮੈਂਬਰ ਹਰ ਦੇਸ਼ ਨੂੰ ਸੰਕਟ ਵੇਲੇ ਸੈਨਿਕ ਸਹਾਇਤਾ ਦਿੱਤੀ ਜਾਂਦੀ ਹੈ।
ਰੂਸ ਨਹੀਂ ਚਾਹੁੰਦਾ ਕਿ ਯੂਕਰੇਨ ਨਾਟੋ ਦਾ ਮੈਂਬਰ ਬਣੇ। ਇਸੇ ਲਈ ਉਸ ਨੇ ਯੁੱਧ ਛੇੜ ਦਿੱਤਾ ਹੈ। ਯੂਕਰੇਨ ਅਜੇ ਨਾਟੋ ਦਾ ਹਿੱਸਾ ਨਹੀਂ ਹੈ ਜਿਸ ਕਾਰਨ ਨਾਟੋ ਉਸ ਨੂੰ ਸੈਨਿਕ ਮਦਦ ਨਹੀਂ ਦੇ ਸਕਦਾ ਪਰ ਨਾਟੋ ਨੇ ਯੂਕਰੇਨ ਦੀ ਆਰਥਿਕ ਮਦਦ ਕਰਨੀ ਸ਼ੁਰੂ ਕਰ ਦਿੱਤੀ ਹੈ। ਉਹ ਜੰਗ ਲਈ ਯੂਕਰੇਨ ਨੂੰ ਉੱਨਤ ਹਥਿਆਰ ਦੇ ਕੇ ਉਸ ਦੀ ਸਹਾਇਤਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

Check Also

ਪ੍ਰੇਮ ਦੀ ਖੇਡ

ਤਲਵਿੰਦਰ ਸਿੰਘ ਬੁੱਟਰ ਪ੍ਰੇਮ ਕੋਈ ਲੌਕਿਕ ਖੇਡ ਨਹੀਂ ਹੈ। ਇਹ ਅਲੌਕਿਕ ਅਤੇ ਵਿਸਮਾਦੀ ਚੇਤਨਾ ਦਾ …