ਕਈ ਵਿਦਿਆਰਥੀ ਵਾਪਸ ਵਤਨ ਪਰਤੇ ਅਤੇ ਬਹੁਤ ਸਾਰੇ ਅਜੇ ਵੀ ਯੂਕਰੇਨ ‘ਚ ਫਸੇ
ਚੰਡੀਗੜ੍ਹ/ਬਿਊਰੋ ਨਿਊਜ਼ : ਰੂਸ ਵਲੋਂ ਯੂਕਰੇਨ ‘ਤੇ ਲਗਾਤਾਰ ਹਮਲੇ ਜਾਰੀ ਹਨ ਅਤੇ ਬੰਬਾਰੀ ਕੀਤੀ ਜਾ ਰਹੀ ਹੈ। ਇਸ ਜੰਗ ਦੌਰਾਨ ਦੋਵੇਂ ਪਾਸਿਆਂ ਦੇ ਕਈ ਫੌਜੀ ਵੀ ਮਾਰੇ ਜਾ ਚੁੱਕੇ ਹਨ। ਰੂਸ ਅਤੇ ਯੂਕਰੇਨ ਵਿਚਾਲੇ ਜੰਗ ਕਿੰਨੇ ਦਿਨ ਹੋਰ ਚੱਲਣੀ ਹੈ, ਇਸ ਬਾਰੇ ਅਜੇ ਕੋਈ ਅੰਦਾਜ਼ਾ ਨਹੀਂ ਹੈ। ਇਸ ਜੰਗ ਨੇ ਯੂਕਰੇਨ ਵਿਚ ਪੜ੍ਹਾਈ ਕਰਨ ਲਈ ਗਏ ਪੰਜਾਬ ਸਣੇ ਭਾਰਤ ਦੇ ਹੋਰ ਸੂਬਿਆਂ ਦੇ ਵਿਦਿਆਰਥੀਆਂ ਦਾ ਭਵਿੱਖ ਵੀ ਹਨ੍ਹੇਰੇ ਵਿਚ ਪਾ ਦਿੱਤਾ ਹੈ। ਭਾਰਤ ਸਰਕਾਰ ਵਲੋਂ ਕਈ ਵਿਦਿਆਰਥੀਆਂ ਨੂੰ ਯੂਕਰੇਨ ਵਿਚੋਂ ਸੁਰੱਖਿਅਤ ਕੱਢ ਕੇ ਭਾਰਤ ਲੈ ਵੀ ਆਂਦਾ ਹੈ ਅਤੇ ਬਹੁਤ ਸਾਰੇ ਵਿਦਿਆਰਥੀ ਅਜੇ ਵੀ ਯੂਕਰੇਨ ਵਿਚ ਫਸੇ ਹੋਏ ਹਨ। ਮੀਡੀਆ ਰਿਪੋਰਟਾਂ ਤੋਂ ਹੀ ਪਤਾ ਲੱਗਦਾ ਹੈ ਕਿ ਯੂਕਰੇਨ ਵਿਚ ਫਸੇ ਵਿਦਿਆਰਥੀਆਂ ਦੀ ਹਾਲਤ ਚਿੰਤਾਜਨਕ ਹੈ ਅਤੇ ਜਿਹੜੇ ਵਿਦਿਆਰਥੀ ਪੰਜਾਬ ਜਾਂ ਭਾਰਤ ਦੇ ਹੋਰ ਸੂਬਿਆਂ ਵਿਚ ਵਾਪਸ ਪਹੁੰਚ ਚੁੱਕੇ ਹਨ ਉਹ ਵੀ ਆਪਣੀ ਦਾਸਤਾਂ ਸੁਣਾ ਰਹੇ ਹਨ। ਧਿਆਨ ਰਹੇ ਕਿ ਭਾਰਤ ਤੋਂ ਜ਼ਿਆਦਾਤਰ ਵਿਦਿਆਰਥੀ ਡਾਕਟਰੀ ਦੀ ਪੜ੍ਹਾਈ ਕਰਨ ਲਈ ਯੂਕਰੇਨ ਗਏ ਸਨ ਅਤੇ ਹੁਣ ਇਨ੍ਹਾਂ ਵਿਦਿਆਰਥੀਆਂ ਦੀ ਡਾਕਟਰੀ ਖਤਰੇ ਵਿਚ ਪੈਂਦੀ ਦਿਸ ਰਹੀ ਹੈ। ਉਧਰ ਦੂਜੇ ਪਾਸੇ ਕੇਂਦਰ ਸਰਕਾਰ ਯੂਕਰੇਨ ਵਿਚੋਂ ਵਾਪਸ ਆਏ ਵਿਦਿਆਰਥੀਆਂ ਨੂੰ ਭਾਰਤ ਦੇ ਮੈਡੀਕਲ ਕਾਲਜਾਂ ਵਿਚ ਦਾਖਲਾ ਦੇਣ ਲਈ ਵਿਚਾਰ ਵੀ ਕਰ ਰਹੀ ਹੈ।
ਇਸੇ ਦੌਰਾਨ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਧਮਕੀ ਭਰੇ ਲਹਿਜੇ ਵਿਚ ਕਿਹਾ ਸੀ ਕਿ ਜੇ ਤੀਜੀ ਵਿਸ਼ਵ ਜੰਗ ਛਿੜੀ ਤਾਂ ਇਸ ਵਿੱਚ ਪਰਮਾਣੂ ਹਥਿਆਰਾਂ ਦੀ ਖੁੱਲ੍ਹੀ ਵਰਤੋਂ ਹੋਵੇਗੀ ਅਤੇ ਇਹ ਜੰਗ ਤਬਾਹਕੁੰਨ ਸਾਬਤ ਹੋਵੇਗੀ। ਉਧਰ ਦੂਜੇ ਪਾਸੇ ਅਮਰੀਕਾ ਅਤੇ ਕੈਨੇਡਾ ਸਣੇ ਕਈ ਦੇਸ਼ਾਂ ਨੇ ਰੂਸ ‘ਤੇ ਪਾਬੰਦੀਆਂ ਵਧਾ ਦਿੱਤੀਆਂ ਹਨ।
ਸੰਯੁਕਤ ਰਾਸ਼ਟਰ ‘ਚ ਰੂਸ ਖਿਲਾਫ ਮਤਾ ਪਾਸ
ਰੂਸ ਵੱਲੋਂ ਪਰਮਾਣੂ ਹਮਲੇ ਦੀ ਧਮਕੀ
ਨਵੀਂ ਦਿੱਲੀ : ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਵੱਲੋਂ ਅਸਿੱਧੇ ਰੂਪ ਵਿੱਚ ਦਿੱਤੀ ਪਰਮਾਣੂ ਹਮਲੇ ਦੀ ਧਮਕੀ ਦਰਮਿਆਨ ਸੰਯੁਕਤ ਰਾਸ਼ਟਰ ਦੀ 193ਵੇਂ ਮੈਂਬਰੀ ਜਨਰਲ ਅਸੈਂਬਲੀ ਨੇ ਰੂਸ ਵੱਲੋਂ ਯੂਕਰੇਨ ‘ਤੇ ਕੀਤੇ ਹਮਲੇ ਖਿਲਾਫ਼ ਪੇਸ਼ ਮਤੇ ਨੂੰ ਪਾਸ ਕਰ ਦਿੱਤਾ ਹੈ। ਯੂਕਰੇਨ ‘ਚੋਂ ਰੂਸੀ ਫੌਜਾਂ ਹਟਾਉਣ ਲਈ ਪੇਸ਼ ਮਤੇ ਦੇ ਹੱਕ ਵਿੱਚ 141 ਵੋਟ ਪਏ ਜਦੋਂਕਿ ਪੰਜ ਮੈਂਬਰਾਂ ਨੇ ਇਸ ਦਾ ਵਿਰੋਧ ਕੀਤਾ। ਭਾਰਤ ਸਣੇ 35 ਮੈਂਬਰ ਮੁਲਕ ਵੋਟਿੰਗ ਮੌਕੇ ਗੈਰਹਾਜ਼ਰ ਰਹੇ। ਮਤਾ ਪਾਸ ਹੋਣ ਮੌਕੇ ਜਨਰਲ ਅਸੈਂਬਲੀ ‘ਚ ਤਾੜੀਆਂ ਨਾਲ ਇਸ ਦਾ ਸਵਾਗਤ ਕੀਤਾ ਗਿਆ। ਉਧਰ ਯੂਕਰੇਨ ਨੇ ਰੂਸੀ ਹਮਲੇ ਵਿੱਚ 2000 ਆਮ ਨਾਗਰਿਕਾਂ ਦੇ ਮਾਰੇ ਜਾਣ ਅਤੇ ਟਰਾਂਸਪੋਰਟ, ਹਸਪਤਾਲ, ਸਕੂਲਾਂ ਤੇ ਰਿਹਾਇਸ਼ੀ ਇਲਾਕਿਆਂ ਨੂੰ ਵੱਡਾ ਨੁਕਸਾਨ ਪੁੱਜਣ ਦੀ ਗੱਲ ਕਹੀ ਹੈ। ਯੂਕਰੇਨੀ ਸਦਰ ਵਲਾਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਪਿਛਲੇ ਦਿਨਾਂ ਦੌਰਾਨ 6000 ਤੋਂ ਵੱਧ ਰੂਸੀ ਫੌਜੀ ਮਾਰੇ ਗਏ ਹਨ। ਇਸ ਦੌਰਾਨ ਰੂਸ ਨੇ ਯੂਕਰੇਨ ਦੇ ਬੰਦਰਗਾਹੀ ਸ਼ਹਿਰ ਖੇਰਸਾਨ ‘ਤੇ ਕਬਜ਼ੇ ਦਾ ਦਾਅਵਾ ਕੀਤਾ ਹੈ।
ਰੂਸ ਦੇ 6 ਹਜ਼ਾਰ ਤੋਂ ਵੱਧ ਫੌਜੀ ਮਾਰੇ ਗਏ : ਜ਼ੇਲੈਂਸਕੀ
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਦਾਅਵਾ ਕੀਤਾ ਹੈ ਕਿ ਪਿਛਲੇ ਹਫ਼ਤੇ ਰੂਸ ਵਲੋਂ ਸ਼ੁਰੂ ਕੀਤੇ ਸੈਨਿਕ ਹਮਲੇ ਤੋਂ ਬਾਅਦ ਹੁਣ ਤੱਕ ਯੂਕਰੇਨ ‘ਚ ਰੂਸ ਦੇ ਕਰੀਬ 6 ਹਜ਼ਾਰ ਤੋਂ ਵੱਧ ਫੌਜੀ ਮਾਰੇ ਜਾ ਚੁੱਕੇ ਹਨ। ਜੇਲੈਂਸਕੀ ਨੇ ਕਿਹਾ ਕਿ ਅਸੀਂ ਆਪਣੀ ਮਾਤ ਭੂਮੀ ‘ਚ ਹਾਂ ਅਤੇ ਇਸ ਲਈ ਲੜ ਰਹੇ ਹਾਂ।
Check Also
ਟਰੰਪ ਨੇ ਭਾਰਤ ‘ਤੇ ਲਾਇਆ 27 ਫੀਸਦ ਜਵਾਬੀ ਟੈਕਸ
ਡੋਨਾਲਡ ਟਰੰਪ ਨੇ 2 ਅਪ੍ਰੈਲ 2025 ਦੇ ਦਿਨ ਨੂੰ ਮੁਕਤੀ ਦਿਵਸ ਦੱਸਿਆ ਵਾਸ਼ਿੰਗਟਨ/ਬਿਊਰੋ ਨਿਊਜ਼ : …