Breaking News
Home / ਹਫ਼ਤਾਵਾਰੀ ਫੇਰੀ / ਮੰਦਰ-ਗੁਰਦੁਆਰੇ ਵਿਚਾਲੇ ਕੰਧ ਨੂੰ ਲੈ ਕੇ ਛਿੜੇ ਵਿਵਾਦ ਨੇ ਇਨਸਾਨੀਅਤ ਦੀ ਦੀਵਾਰ ਢਾਹੀ

ਮੰਦਰ-ਗੁਰਦੁਆਰੇ ਵਿਚਾਲੇ ਕੰਧ ਨੂੰ ਲੈ ਕੇ ਛਿੜੇ ਵਿਵਾਦ ਨੇ ਇਨਸਾਨੀਅਤ ਦੀ ਦੀਵਾਰ ਢਾਹੀ

ਝਗੜੇ ‘ਚ ਸਿੱਖ ਨੌਜਵਾਨ ਦੀ ਮੌਤ, ਦੋਵੇਂ ਧਿਰਾਂ ਦੇ 17 ਵਿਅਕਤੀ ਜ਼ਖਮੀ
ਕੈਥਲ : ਹਰਿਆਣਾ ਦੇ ਪਿੰਡ ਬਦਸੂਈ ਦੇ ਵਿਅਕਤੀਆਂ ਨੇ 2016 ਵਿਚ ਫੰਡ ਇਕੱਠਾ ਕਰਕੇ ਇਕ ਮੰਦਿਰ ਅਤੇ ਗੁਰਦੁਆਰੇ ਦਾ ਨਿਰਮਾਣ ਕੀਤਾ। ਕਰੀਬ ਦੋ ਸਾਲ ਬਾਅਦ ਲੰਘੇ ਸ਼ੁੱਕਰਵਾਰ ਨੂੰ ਸੰਸਦ ਮੈਂਬਰ ਵਲੋਂ ਦਿੱਤੀ ਗਈ ਪੰਜ ਲੱਖ ਰੁਪਏ ਦੀ ਰਾਸ਼ੀ ਲਈ ਸਦਭਾਵਨਾ ਦੀ ਇਹ ਦੀਵਾਰ ਢਹਿ ਗਈ। ਮੰਦਿਰ ਅਤੇ ਗੁਰਦੁਆਰੇ ਦੇ ਗਲਿਆਰੇ ਨੂੰ ਵੱਖ-ਵੱਖ ਕਰਨ ਲਈ ਦੋਵੇਂ ਧਿਰਾਂ ਦੀਵਾਰ ਬਣਾਉਣ ‘ਤੇ ਅੜ ਗਈਆਂ। ਵਿਵਾਦ ਏਨਾ ਵਧ ਗਿਆ ਕਿ ਦੋਵੇਂ ਧਿਰਾਂ ਦੇ ਵਿਅਕਤੀਆਂ ਨੇ ਜੰਮ ਕੇ ਲਾਠੀਆਂ ਅਤੇ ਗੰਡਾਸੀਆਂ ਚਲਾਈਆਂ। ਇਸ ਵਿਚ ਸ਼ਮਸ਼ੇਰ ਸਿੰਘ ਨਾਮੀ ਸਿੱਖ ਵਿਅਕਤੀ ਦੀ ਮੌਤ ਹੋ ਗਈ ਅਤੇ ਦੋਵਾਂ ਧਿਰਾਂ ਦੇ 17 ਵਿਅਕਤੀ ਜ਼ਖ਼ਮੀ ਵੀ ਹੋ ਗਏ। ਪੁਲਿਸ ਨੇ ਪਿੰਡ ਦੇ ਸਾਬਕਾ ਸਰਪੰਚ ਸਮੇਤ 35 ਵਿਅਕਤੀਆਂ ‘ਤੇ ਹੱਤਿਆ ਸਣੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।
ਪਿੰਡ ਵਾਸੀਆਂ ਨੇ ਦੱਸਿਆ ਕਿ ਮੰਦਰ ਵਿਚ ਧਰਮਸ਼ਾਲਾ ਬਣਾਉਣ ਲਈ ਕੁਝ ਵਿਅਕਤੀ ਸੰਸਦ ਮੈਂਬਰ ਰਾਜ ਕੁਮਾਰ ਸੈਣੀ ਕੋਲੋਂ ਪੰਜ ਲੱਖ ਰੁਪਏ ਦੀ ਗ੍ਰਾਂਟ ਮਨਜੂਰ ਕਰਵਾ ਕੇ ਲਿਆਏ। ਇਸ ਧਿਰ ਦਾ ਕਹਿਣਾ ਸੀ ਕਿ ਪੈਸੇ ਦੀ ਵਰਤੋਂ ਤਦ ਹੀ ਹੋਵੇਗੀ ਜਦੋਂ ਮੰਦਿਰ ਅਤੇ ਗੁਰਦੁਆਰੇ ਦੇ ਗਲਿਆਰੇ ਵੱਖ-ਵੱਖ ਹੋਣਗੇ। ਪਿੰਡ ਵਾਸੀਆਂ ਨੇ ਦੱਸਿਆ ਕਿ ਮੰਦਰ ਅਤੇ ਗੁਰਦੁਆਰੇ ਦੇ ਵਿਚਕਾਰ ਜ਼ਮੀਨ ਦੀ ਵੰਡ ਦੀ ਗੱਲ ਆਈ ਤਾਂ ਵਿਵਾਦ ਹੋ ਗਿਆ। ਦੋਵੇਂ ਧਿਰਾਂ ਦੀ ਪੰਚਾਇਤ ਹੋਈ ਤਾਂ ਫੈਸਲਾ ਹੋਇਆ ਕਿ ਚੌੜਾਈ ਦਾ 110 ਫੁੱਟ ਗੁਰਦੁਆਰੇ ਨੂੰ ਅਤੇ 90 ਫੁੱਟ ਮੰਦਿਰ ਨੂੰ ਦੇ ਦਿੱਤਾ ਜਾਵੇ। ਜ਼ਿੰਮੇਵਾਰ ਵਿਅਕਤੀਆਂ ਨੇ ਨਿਸ਼ਾਨਦੇਹੀ ਕਰਕੇ ਦੀਵਾਰ ਬਣਾਉਣ ਲਈ ਜ਼ਮੀਨ ‘ਤੇ ਸਫੈਦੀ ਵਿਛਾ ਦਿੱਤੀ। ਆਰੋਪ ਹੈ ਕਿ ਇਸੇ ਵਿਚਕਾਰ ਪਿੰਡ ਦੇ ਇਕ ਪੱਖ ਨੇ ਪੰਚਾਇਤੀ ਫੈਸਲੇ ਨੂੰ ਮੰਨਣ ਤੋਂ ਇਨਕਾਰ ਕਰਦੇ ਹੋਏ 100 ਫੁੱਟ ਚੌੜਾਈ ‘ਤੇ ਜਾ ਕੇ ਨੀਂਹ ਖੁਦਵਾਈ ਅਤੇ ਦੀਵਾਰ ਬਣਾਉਣੀ ਸ਼ੁਰੂ ਕਰ ਦਿੱਤੀ। ਇਸ ‘ਤੇ ਦੂਜੀ ਧਿਰ ਦੇ 15-16 ਵਿਅਕਤੀ ਮੀਟਿੰਗ ਲਈ ਗੁਰਦੁਆਰਾ ਸਾਹਿਬ ਵਿਖੇ ਇਕੱਠੇ ਹੋਏ। ਆਰੋਪ ਹੈ ਕਿ ਓਮ ਪ੍ਰਕਾਸ਼ ਗਰੁੱਪ ਦੇ ਵਿਅਕਤੀਆਂ ਨੇ ਗੁਰਦੁਆਰੇ ਵਿਚ ਬੈਠਕ ਕਰ ਰਹੇ ਵਿਅਕਤੀਆਂ ‘ਤੇ ਹਮਲਾ ਕਰ ਦਿੱਤਾ। ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚ ਗਈ। ਪ੍ਰਸ਼ਾਸਨਿਕ ਅਧਿਕਾਰੀ ਦੇਰ ਸ਼ਾਮ ਤੱਕ ਪਿੰਡ ਵਿਚ ਹੀ ਰਹੇ ਅਤੇ ਉਨ੍ਹਾਂ ਲੋਕਾਂ ਨੂੰ ਸ਼ਾਂਤ ਰਹਿਣ ਲਈ ਅਪੀਲ ਕੀਤੀ। ਪੁਲਿਸ ਨੇ ਸਾਬਕਾ ਸਰਪੰਚ ਓਮ ਪ੍ਰਕਾਸ਼ ਅਤੇ ਉਸਦੇ ਦੋਵੇਂ ਲੜਕਿਆਂ ਨੂੰ ਗੂਹਲਾ ਦੇ ਸਰਕਾਰੀ ਹਸਪਤਾਲ ਵਿਚੋਂ ਹਿਰਾਸਤ ਵਿਚ ਲੈ ਲਿਆ। ਪੁਲਿਸ ਨੇ ਪਿੰਡ ਦੇ ਕੁਝ ਹੋਰ ਵਿਅਕਤੀਆਂ ਨੂੰ ਵੀ ਹਿਰਾਸਤ ਵਿਚ ਲਿਆ।
ਸਾਰਿਆਂ ਨੇ ਦਿੱਤਾ ਸੀ ਫੰਡ, ਫਿਰ ਬਣਿਆ ਮੰਦਿਰ ਅਤੇ ਗੁਰਦੁਆਰਾ
ਸਾਲ 2016 ਵਿਚ ਪਿੰਡ ਵਿਚ ਖਾਲੀ ਪਈ 26 ਕਨਾਲ ਮੁਸਤਰਕਾ ਜ਼ਮੀਨ ‘ਤੇ ਮੰਦਿਰ ਅਤੇ ਗੁਰਦੁਆਰਾ ਬਣਾਉਣ ਦੀ ਗੱਲ ਆਈ ਤਾਂ ਪੂਰੇ ਪਿੰਡ ਨੇ ਇਕੱਠੇ ਹੋ ਕੇ ਫੰਡ ਦਿੱਤਾ। ਦੋਵੇਂ ਧਾਰਮਿਕ ਸਥਾਨਾਂ ਦਾ ਨਿਰਮਾਣ ਇਕੱਠੇ ਤੌਰ ‘ਤੇ ਸ਼ੁਰੂ ਹੋਇਆ ਅਤੇ ਇਕੱਠੇ ਹੀ ਸੰਪੰਨ ਹੋਇਆ। ਪਿੰਡ ਵਿਚ ਸਿੱਖਾਂ ਦੀ ਅਬਾਦੀ ਘੱਟ ਹੈ। ਪਿੰਡ ਵਾਲੇ ਮੰਦਿਰ ਜਾਂਦੇ ਸਨ ਤਾਂ ਗੁਰਦੁਆਰੇ ਵਿਚ ਵੀ ਮੱਥਾ ਟੇਕਣ ਜਾਂਦੇ ਸਨ। ਇਸੇ ਤਰ੍ਹਾਂ ਗੁਰਦੁਆਰੇ ਗਈ ਸੰਗਤ ਮੰਦਿਰ ਵਿਚ ਵੀ ਮੱਥਾ ਟੇਕਦੀ ਸੀ। ਗਲਿਆਰੇ ਨੂੰ ਵੱਖ-ਵੱਖ ਕਰਨ ਦੇ ਚੱਕਰ ਵਿਚ ਦੋ ਸਾਲਾਂ ਤੋਂ ਚੱਲੀ ਆ ਰਹੀ ਭਾਈਚਾਰਕ ਸਾਂਝ ਹੁਣ ਖਤਮ ਹੋ ਚੁੱਕੀ ਹੈ।

Check Also

ਪੰਜਾਬ ‘ਚੋਂ ਨਸ਼ੇ ਖਤਮ ਕਰਨ ਲਈ ਨਵੀਂ ਵਿਉਂਤਬੰਦੀ

ਮੁੱਖ ਮੰਤਰੀ ਭਗਵੰਤ ਮਾਨ ਨੇ ਨਸ਼ਾ ਤਸਕਰਾਂ ਤੇ ਪੁਲਿਸ ਦਾ ਗੱਠਜੋੜ ਤੋੜਨ ਦਾ ਕੀਤਾ ਵਾਅਦਾ …