‘ਦਿ ਫਾਇਨੈਂਸ਼ੀਅਲ ਟਾਈਮਜ਼’ ਮੁਤਾਬਕ ‘ਡਿਪਲੋਮੈਟਿਕ ਇਮਿਊਨਿਟੀ’ ਖ਼ਤਮ ਕਰਨ ਦੀ ਦਿੱਤੀ ਗਈ ਚਿਤਾਵਨੀ
ਕੈਨੇਡਾ ਨੂੰ ਡਿਪਲੋਮੈਟਾਂ ਦੀ ਗਿਣਤੀ ਬਰਾਬਰ ਕਰਨ ਬਾਰੇ ਪਹਿਲਾਂ ਹੀ ਕਹਿ ਚੁੱਕਾ ਹੈ ਭਾਰਤ
ਚੰਡੀਗੜ੍ਹ : ‘ਦਿ ਫਾਇਨੈਂਸ਼ੀਅਲ ਟਾਈਮਜ਼’ ਦੀ ਇਕ ਰਿਪੋਰਟ ਮੁਤਾਬਕ ਭਾਰਤ ਸਰਕਾਰ ਨੇ ਕੈਨੇਡਾ ਨੂੰ 10 ਅਕਤੂਬਰ ਤੱਕ ਦਰਜਨਾਂ ਡਿਪਲੋਮੈਟ ਵਾਪਸ ਸੱਦਣ ਲਈ ਕਿਹਾ ਹੈ। ਰਿਪੋਰਟ ਮੁਤਾਬਕ, ‘ਭਾਰਤ ਨੇ ਕੈਨੇਡਾ ਨੂੰ ਕਿਹਾ ਹੈ ਕਿ ਉਹ 10 ਅਕਤੂਬਰ ਤੱਕ ਆਪਣੇ 62 ‘ਚੋਂ 41 ਡਿਪਲੋਮੈਟ ਵਾਪਸ ਬੁਲਾ ਲਏ।’ ਜ਼ਿਕਰਯੋਗ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਕੂਟਨੀਤਕ ਤਣਾਅ ਬਣਿਆ ਹੋਇਆ ਹੈ। ਭਾਰਤ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਉਹ ਦੋਵਾਂ ਦੇਸ਼ਾਂ ਵਿਚ ਡਿਪਲੋਮੈਟਾਂ ਦੀ ਬਰਾਬਰ ਗਿਣਤੀ ਚਾਹੁੰਦਾ ਹੈ। ਦੱਸਣਯੋਗ ਹੈ ਕਿ ਓਟਾਵਾ ਸਥਿਤ ਭਾਰਤ ਦੇ ਹਾਈ ਕਮਿਸ਼ਨ ਨਾਲੋਂ ਨਵੀਂ ਦਿੱਲੀ ਸਥਿਤ ਕੈਨੇਡਾ ਦੇ ਹਾਈ ਕਮਿਸ਼ਨ ਵਿਚ ਕਈ ਦਰਜਨ ਵੱਧ ਡਿਪਲੋਮੈਟ ਹਨ। ਕੈਨੇਡਾ ਵਿਚ ਵੱਡੀ ਗਿਣਤੀ ਭਾਰਤੀ ਮੂਲ ਦੇ ਲੋਕਾਂ ਦੀ ਮੌਜੂਦਗੀ ਕਾਰਨ ਵੱਡੇ ਕੌਂਸੁਲਰ ਸੈਕਸ਼ਨ ਦੀ ਲੋੜ ਪੈਂਦੀ ਹੈ। ਮੀਡੀਆ ਰਿਪੋਰਟ ਮੁਤਾਬਕ ਭਾਰਤ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਹ ਡਿਪਲੋਮੈਟ 10 ਅਕਤੂਬਰ ਤੱਕ ਵਾਪਸ ਨਾ ਗਏ ਤਾਂ ਇਨ੍ਹਾਂ ਨੂੰ ਮਿਲਦੀ ‘ਡਿਪਲੋਮੈਟਿਕ ਇਮਿਊਨਿਟੀ’ (ਕੂਟਨੀਤਕ ਪੱਧਰ ‘ਤੇ ਮਿਲਦੀ ਵਿਸ਼ੇਸ਼ ਸਹੂਲਤ) ਖ਼ਤਮ ਕਰ ਦਿੱਤੀ ਜਾਵੇਗੀ। ਮਿਲੀ ਜਾਣਕਾਰੀ ਮੁਤਾਬਕ ਕੈਨੇਡਾ ਦੇ ਭਾਰਤ ਵਿਚ 62 ਡਿਪਲੋਮੈਟ ਸਨ ਤੇ ਨਵੀਂ ਦਿੱਲੀ ਨੇ ਓਟਾਵਾ ਨੂੰ ਕਿਹਾ ਸੀ ਕਿ ਇਨ੍ਹਾਂ ਦੀ ਗਿਣਤੀ ਨੂੰ 41 ਕੀਤਾ ਜਾਵੇ। ਭਾਰਤ ਤੇ ਕੈਨੇਡਾ ਦੇ ਵਿਦੇਸ਼ ਮੰਤਰਾਲਿਆਂ ਨੇ ਇਸ ਮਾਮਲੇ ਉਤੇ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਹੈ। ਭਾਰਤ ਸਰਕਾਰ ਨੇ ਕੈਨੇਡੀਅਨ ਨਾਗਰਿਕਾਂ ਨੂੰ ਵੀਜ਼ਾ ਦੇਣਾ ਪਹਿਲਾਂ ਹੀ ਬੰਦ ਕੀਤਾ ਹੋਇਆ ਹੈ।
ਭਾਰਤ ਨਾਲ ‘ਉਸਾਰੂ ਰਿਸ਼ਤੇ’ ਕਾਇਮ ਰੱਖਾਂਗੇ : ਟਰੂਡੋ
ਟੋਰਾਂਟੋ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨਿ ਟਰੂਡੋ ਨੇ ਕਿਹਾ ਹੈ ਕਿ ਉਹ ਭਾਰਤ ਨਾਲ ਰਿਸ਼ਤਿਆਂ ਦੀ ਸਥਿਤੀ ਨੂੰ ਹੋਰ ਨਹੀਂ ‘ਵਿਗਾੜਨਾ’ ਚਾਹੁੰਦੇ ਤੇ ਉਨ੍ਹਾਂ ਦੀ ਸਰਕਾਰ ਨਵੀਂ ਦਿੱਲੀ ਨਾਲ ‘ਉਸਾਰੂ ਰਿਸ਼ਤੇ’ ਕਾਇਮ ਰੱਖੇਗੀ। ਓਟਵਾ ਵਿਚ ਟਰੂਡੋ ਨੇ ਮੀਡੀਆ ਨੂੰ ਕਿਹਾ ਕਿ ਕੈਨੇਡਾ ਲਈ ਇਹ ਮਹੱਤਵਪੂਰਨ ਹੈ ਕਿ ਉਹ ਭਾਰਤ ਵਿਚ ਆਪਣੇ ਡਿਪਲੋਮੈਟਾਂ ਦੀ ਮੌਜੂਦਗੀ ਬਰਕਰਾਰ ਰੱਖੇ। ਟਰੂਡੋ ਨੇ ਕਿਹਾ, ‘ਜ਼ਾਹਿਰ ਹੈ ਕਿ ਅਸੀਂ ਭਾਰਤ ਨਾਲ ਬੇਹੱਦ ਚੁਣੌਤੀਪੂਰਨ ਸਮਿਆਂ ਵਿਚੋਂ ਗੁਜ਼ਰ ਰਹੇ ਹਾਂ।’ ਟਰੂਡੋ ਨੇ ਹਾਲਾਂਕਿ ‘ਦਿ ਫਾਇਨੈਂਸ਼ੀਅਲ ਟਾਈਮਜ਼’ ਦੀ ਉਸ ਰਿਪੋਰਟ ਦੀ ਪੁਸ਼ਟੀ ਨਹੀਂ ਕੀਤੀ ਕਿ ਭਾਰਤ ਨੇ ਕੈਨੇਡਾ ਨੂੰ 41 ਡਿਪਲੋਮੈਟ ਵਾਪਸ ਸੱਦਣ ਲਈ ਕਿਹਾ ਹੈ। ਟਰੂਡੋ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨਵੀਂ ਦਿੱਲੀ ਵਿਚ ਕੰਮ ਕਰਨਾ ਜਾਰੀ ਰੱਖੇਗੀ।
ਅਮਰੀਕਾ ਨੇ ਭਾਰਤ ਨੂੰ ਕਿਹਾ
ਕੈਨੇਡਾ ਦੇ ਜਾਂਚ ਮਾਮਲੇ ‘ਚ ਕਰੋ ਸਹਿਯੋਗ
ਵਾਸ਼ਿੰਗਟਨ : ਅਮਰੀਕੀ ਵਿਦੇਸ਼ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ ਕਿ ਬਾਇਡਨ ਪ੍ਰਸ਼ਾਸਨ ਨੇ ਕਈ ਮੌਕਿਆਂ ‘ਤੇ ਭਾਰਤ ਸਰਕਾਰ ਨਾਲ ਰਾਬਤਾ ਕਰਕੇ ਉਨ੍ਹਾਂ ਨੂੰ ਹਰਦੀਪ ਸਿੰਘ ਨਿੱਝਰ ਦੀ ਮੌਤ ਸਬੰਧੀ ਕੈਨੇਡਾ ਵੱਲੋਂ ਕੀਤੀ ਜਾ ਰਹੀ ਜਾਂਚ ਵਿਚ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। ਜ਼ਿਕਰਯੋਗ ਹੈ ਕਿ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਸਬੰਧੀ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ‘ਭਾਰਤੀ ਏਜੰਟਾਂ ਦੀ ਸੰਭਾਵੀ ਸ਼ਮੂਲੀਅਤ’ ਦੇ ਲਾਏ ਆਰੋਪਾਂ ਤੋਂ ਬਾਅਦ ਦੋਵਾਂ ਮੁਲਕਾਂ ਵਿਚਾਲੇ ਕੂਟਨੀਤਕ ਤਣਾਅ ਹੈ। ਭਾਰਤ ਨੇ ਕੈਨੇਡਾ ਦੇ ਆਰੋਪਾਂ ਨੂੰ ਖਾਰਜ ਕਰ ਦਿੱਤਾ ਸੀ। ਨਿੱਝਰ ਦੀ ਹੱਤਿਆ ਦਾ ਮੁੱਦਾ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਹਾਲ ਹੀ ਵਿਚ ਆਪਣੇ ਭਾਰਤੀ ਹਮਰੁਤਬਾ ਐੱਸ. ਜੈਸ਼ੰਕਰ ਕੋਲ ਵੀ ਚੁੱਕਿਆ ਸੀ। ਦੋਵਾਂ ਵਿਚਾਲੇ ਪਿਛਲੇ ਹਫ਼ਤੇ ਮੁਲਾਕਾਤ ਹੋਈ ਸੀ। ਇਕ ਪਾਕਿਸਤਾਨੀ ਪੱਤਰਕਾਰ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੇ ਕਿਹਾ, ‘ਜਿਵੇਂ ਕਿ ਉਨ੍ਹਾਂ ਉਦੋਂ ਵੀ ਸਪੱਸ਼ਟ ਕੀਤਾ ਸੀ, ਮੈਂ ਹੁਣ ਫਿਰ ਦੁਹਰਾਉਂਦਾ ਹਾਂ, ਅਸੀਂ ਇਸ ਮੁੱਦੇ ਉਤੇ ਆਪਣੇ ਕੈਨੇਡੀਅਨ ਸਹਿਯੋਗੀਆਂ ਨਾਲ ਨੇੜਿਓਂ ਰਾਬਤਾ ਰੱਖ ਰਹੇ ਹਾਂ।’ ਮਿਲਰ ਨੂੰ ਜਦ ਪੁੱਛਿਆ ਗਿਆ ਕਿ ਕੀ ਭਾਰਤ ਨੇ ਕੈਨੇਡਾ ਨਾਲ ਸਹਿਯੋਗ ਕਰਨ ਦੀ ਹਾਮੀ ਭਰੀ ਹੈ, ਤਾਂ ਉਨ੍ਹਾਂ ਕਿਹਾ ਕਿ ਇਸ ਦਾ ਜਵਾਬ ਨਵੀਂ ਦਿੱਲੀ ਹੀ ਦੇ ਸਕਦੀ ਹੈ।
ਜ਼ਿਕਰਯੋਗ ਹੈ ਕਿ ਜੈਸ਼ੰਕਰ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਭਾਰਤ ਤੇ ਕੈਨੇਡਾ ਨੂੰ ਇਕ-ਦੂਜੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ, ਤੇ ਦੇਖਣਾ ਚਾਹੀਦਾ ਹੈ ਕਿ ਉਹ ਕਿਵੇਂ ਇਸ ਮੁੱਦੇ ਉਤੇ ਆਪਣੇ ਵਖ਼ਰੇਵੇਂ ਹੱਲ ਕਰ ਸਕਦੇ ਹਨ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …