ਪ੍ਰਿੰ. ਸਰਵਣ ਸਿੰਘ
ਬਰੈਂਪਟਨ ਪਹੁੰਚੇ ਗੁਰਪ੍ਰੀਤ ਸਿੰਘ ਤੂਰ ਨੇ ਆਪਣੀ ਪੁਸਤਕ ‘ਜੀਵੇ ਜਵਾਨੀ਼’ ਰਾਹੀਂ ਪੰਜਾਬੀਆਂ ਨੂੰ ਜਾਗਣ ਦਾ ਹੋਕਾ ਦਿੱਤਾ ਹੈ। ਉਹ ਕਿੱਤੇ ਵਜੋਂ ਆਈ ਪੀ ਐੱਸ ਅਫਸਰ ਰਿਹਾ ਹੈ ਤੇ ਸ਼ੌਕ ਵਜੋਂ ਸੰਵੇਦਨਸ਼ੀਲ ਲੇਖਕ ਹੈ। ਉਹ ਪੰਜਾਬ ਦੀ ਜਵਾਨੀ ਨੂੰ ਚੜ੍ਹਦੀ ਕਲਾ ‘ਚ ਵੇਖਣੀ ਚਾਹੁੰਦੈ ਜੋ ਢਹਿੰਦੀ ਕਲਾ ਵੱਲ ਜਾ ਰਹੀ ਹੈ। ਨਸ਼ਿਆਂ, ਲੁੱਟਾਂ-ਖੋਹਾਂ, ਮਾਰ-ਧਾੜ, ਲਚਰਤਾ ਤੇ ਅਵੈੜੇ ਵੈੱਲਾਂ ਵਿਚ ਖੱਚਤ ਹੈ। ਕੰਮਾਂ-ਕਾਰਾਂ ਤੋਂ ਵਿਰਵੀ, ਵਿਹਲੜ, ਅੱਯਾਸ਼ ਤੇ ਫੋਕੀਆਂ ਟੌਹਰਾਂ ਦੀ ਪੱਟੀ, ਕੰਨ ਵਿੰਨ੍ਹਾਈ, ਸਿਰ ਮੁਨਾਈ ਤੇ ਟੈਟੂ ਖੁਣਵਾਈ ਫਿਰਦੀ ਹੈ। ਮੋਟਰ ਬਾਈਕਾਂ ਬਿਨਾਂ ਪੈਰ ਪੁੱਟਣਾ ਆਪਣੀ ਸ਼ਾਨ ਦੇ ਉਲਟ ਸਮਝਦੀ ਹੈ। ਬਰਾਂਡਿਡ ਵਸਤਾਂ, ਫੈਸ਼ਨਾਂ ਤੇ ਟਸ਼ਨਾਂ ਨਾਲ ਟਿੱਚ ਹੈ। ਅਜਿਹੀ ਜੁਆਨੀ ਨਾਲ ਲੇਖਕ ਦਾ ਪੁਲਿਸ ਅਫ਼ਸਰ ਹੋਣ ਦੇ ਨਾਤੇ ਨਿੱਤ ਵਾਹ ਪੈਂਦਾ ਰਿਹਾ।
ઑਜੀਵੇ ਜਵਾਨੀ਼ ਦੀਆਂ ਚਾਰ ਐਡੀਸ਼ਨਾਂ ਛਪ ਚੁੱਕੀਆਂ ਹਨ। ਇਸ ਤੋਂ ਪਹਿਲਾਂ ਲੇਖਕ ਨੇ ઑਸੰਭਲੋ ਪੰਜਾਬ਼ ਪੁਸਤਕ ਰਾਹੀਂ ਪੰਜਾਬੀਆਂ ਨੂੰ ਸੰਭਲਣ ਦਾ ਢੰਡੋਰਾ ਦਿੱਤਾ ਸੀ। ਉਸ ਦੀਆਂ ਛੇ ਐਡੀਸ਼ਨਾਂ ਛਪੀਆਂ ਹਨ। ઑਅੱਲ੍ਹੜ ਉਮਰਾਂ ਦੇ ਤਲਖ਼ ਸੁਨੇਹੇ਼ ਦੀਆਂ ਤਿੰਨ ਐਡੀਸ਼ਨਾਂ ਆ ਚੁੱਕੀਆਂ ਹਨ। ਨਵੀਂ ਪੁਸਤਕ ਦਾ ਨਾਂ ઑਦਫ਼ਤਰ਼ ਹੈ। ਕਵਿਤਾਵਾਂ, ਕਹਾਣੀਆਂ ਤੇ ਨਾਵਲਾਂ ਨਾਲ ਵਾਰਤਕ ਦੀਆਂ ਅਜਿਹੀਆਂ ਪੁਸਤਕਾਂ ਦਾ ਪੰਜਾਬੀ ਦੇ ਆਲੋਚਕਾਂ ਤੇ ਅਖ਼ਬਾਰਾਂ ਦੇ ਸੰਪਾਦਕਾਂ ਨੂੰ ਗੰਭੀਰ ਨੋਟਿਸ ਲੈਣਾ ਚਾਹੀਦੈ ਜੋ ਅਕਸਰ ਅਣਗੌਲੀਆਂ ਰਹਿ ਜਾਂਦੀਆਂ ਹਨ। ਐਡੀਸ਼ਨਾਂ ਦੱਸਦੀਆਂ ਹਨ ਕਿ ਪਾਠਕ ਤਾਂ ਪੜ੍ਹ ਹੀ ਰਹੇ ਹਨ।
ਪੰਜਾਬ ਦੀ ਜੁਆਨੀ ਸੱਚੀਮੁੱਚੀਂ ਕੁਰਾਹੇ ਪੈ ਗਈ ਹੈ ਜੋ ਵਸਣ ਰਸਣ ਦੇ ਖੇੜੇ ਦੀ ਥਾਂ ਮੜ੍ਹੀਆਂ ਮਸਾਣਾਂ ਨੂੰ ਜਾਂਦਾ ਹੈ। ઑਜੀਵੇ ਜਵਾਨੀ਼ ਵਿਚ ਜੁਆਨਾਂ ਦੇ ਕੁਰਾਹੇ ਪੈਣ ਦੇ ਕਾਰਨ ਤੇ ਉਨ੍ਹਾਂ ਦਾ ਉਪਾਅ ਤਲਾਸ਼ਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਕਿਤਾਬ ਹਰ ਇਕ ਨੂੰ ਪੜ੍ਹਨੀ ਚਾਹੀਦੀ ਹੈ ਅਤੇ ਜਵਾਨੀ ਨੂੰ ਬਚਾਉਣ ਲਈ ਆਪੋ ਆਪਣਾ ਯੋਗਦਾਨ ਪਾਉਣਾ ਚਾਹੀਦੈ। ਬੇਸ਼ਕ ਕੁਝ ਵਿਅਕਤੀ ਪਾ ਵੀ ਰਹੇ ਹਨ ਪਰ ਇਹ ਕਾਫ਼ਲਾ ਅਜੇ ਛੋਟਾ ਹੈ। ਇਹ ਵੱਡਾ ਹੋਣਾ ਚਾਹੀਦੈ।
ਕੋਈ ਵੀ ਮਸਲਾ ਏਨਾ ਪੇਚੀਦਾ ਨਹੀਂ ਹੁੰਦਾ ਕਿ ਉਹਦਾ ਕੋਈ ਹੱਲ ਨਾ ਨਿਕਲ ਸਕੇ। ਪੰਜਾਬੀ ਡਿੱਗ ਡਿੱਗ ਕੇ ਉਠਦੇ ਰਹੇ ਹਨ ਤੇ ਕੁਕਨੂਸ ਵਾਂਗ ਰਾਖ ‘ਚੋਂ ਮੁੜ-ਮੁੜ ਜੰਮਦੇ ਰਹੇ ਹਨ। ਘੋੜਿਆਂ ਦੀਆਂ ਕਾਠੀਆਂ ‘ਤੇ ਰਹਿਣ ਵਾਲੇ ਰਾਜ ਭਾਗ ਦੇ ਮਾਲਕ ਬਣੇ ਹਨ। 1947 ਦੇ ਘੋਰ ਉਜਾੜੇ ਪਿੱਛੋਂ ਫਿਰ ਘੁੱਗ ਵੱਸੇ ਹਨ ਤੇ ਕੰਗਾਲ ਪੰਜਾਬ ਨੂੰ ਖ਼ੁਸ਼ਹਾਲ ਕੀਤਾ ਹੈ। ਦਹਿਸ਼ਤੀ ਦੌਰ ਦੀਆਂ ਮਾਰਾਂ ਵੀ ਝੱਲੀਆਂ ਹਨ ਤੇ ਪਰਦੇਸਾਂ ਦੇ ਦੁੱਖੜੇ ਵੀ ਝਾਗੇ ਹਨ। ਨੌਜੁਆਨਾਂ ਦੀ ਅਜੋਕੀ ਨਿਘਰਦੀ ਹਾਲਤ ਨੂੰ ਹੁਣ ਵੀ ਉਸਾਰੀ ਵਿਚ ਬਦਲਿਆ ਜਾ ਸਕਦੈ। ਜਿਥੇ ਚਾਹ ਉਥੇ ਰਾਹ ਵਾਂਗ ਸੂਝ ਸਿਆਣਪ ਨਾਲ ਫੈਸਲੇ ਲੈ ਕੇ ਉਹਨਾਂ ਉਤੇ ਦ੍ਰਿੜ ਇਰਾਦੇ ਨਾਲ ਅਮਲ ਕਰਨ ਦੀ ਲੋੜ ਹੈ।
ਪੁਸਤਕ ਦੇ ਸਰਵਰਕ ਉਤੇ ਕੁਝ ਸਤਰਾਂ ਦਰਜ ਹਨ:
-ਟੈਕਨਾਲੋਜੀ ਤੋਂ ਪ੍ਰਭਾਵਤ ਹੋ ਕੇ ਸਮਾਜਿਕ ਵਿਸ਼ਿਆਂ ਨੂੰ ਵਿਸਾਰ ਦੇਣਾ ਵੱਡੀ ਭੁੱਲ ਹੈ। ਤਕਨਾਲੋਜੀ ਨਾਲ ਸੰਬੰਧਿਤ ਵਿਸ਼ੇ ਬਹੁਮੰਜ਼ਲੀਆਂ ਇਮਾਰਤਾਂ ‘ਤੇ ਪਏ ਦੀਵਿਆਂ ਦਾ ਭਟਕਦਾ ਚਾਨਣ ਹੈ, ਜਦੋਂ ਕਿ ਸਮਾਜਿਕ ਵਿਗਿਆਨ, ਸਾਹਿਤ ਤੇ ਮਨ ਨਾਲ ਸੰਬੰਧਿਤ ਵਿਸ਼ੇ ਦਰਿਆ ਕਿਨਾਰੇ ਜਗਦੇ ਦੀਵਿਆਂ ਦੀ ਲੋਅ ਵਾਂਗ ਹਨ।
-ਜੀਵਨ ਦੀਆਂ ਥੁੜਾਂ ਤੇ ਔਖਿਆਈਆਂ ਨਾਲ ਖਹਿ ਕੇ ਲੰਘਦੀ ਜ਼ਿੰਦਗੀ ਹੀ ਕੰਮ ਦੇ ਰਸ ਦਾ ਅਸਲੀ ਆਨੰਦ ਮਾਣ ਸਕਦੀ ਹੈ। ਹਕੀਕਤਾਂ ਨਾਲ ਖਹਿ ਕੇ ਲੰਘਦੀ ਜ਼ਿੰਦਗੀ ਰਗੜ ਪੈਦਾ ਕਰਦੀ ਹੈ, ਰਗੜ ਚੰਗਿਆੜੀਆਂ ਨੂੰ ਜਨਮ ਦਿੰਦੀ ਹੈ ਤੇ ਜੀਵਨ ‘ਚ ਭਖਦੀਆਂ ਚੰਗਿਆੜੀਆਂ ਹੀ ਮਤਾਬੀ ਰੰਗ ਪੈਦਾ ਕਰ ਸਕਦੀਆਂ ਹਨ।
-ਗੰਦੇ ਗੀਤਾਂ ਦੀ ਸ਼ਬਦਾਵਲੀ ਨੌਜੁਆਨਾਂ ਦੇ ਅੱਲ੍ਹੜ ਮਨਾਂ ‘ਤੇ ਮਾਰੂ ਅਸਰ ਕਰਦੀ ਹੈ ਅਤੇ ਉਨ੍ਹਾਂ ਦੇ ਹੱਥਾਂ ਵਿਚ ਗਲਾਸ ਤੇ ਹਥਿਆਰ ਫੜਾ ਦਿੰਦੀ ਹੈ ਜਦ ਕਿ ਮਿਆਰੀ ਗੀਤ ਸਾਰਥਕ ਤੇ ਮਿਹਨਤਕਸ਼ ਜ਼ਿੰਦਗੀ ਦੇ ਪੂਰਨੇ ਪਾਉਂਦੇ ਹਨ।
ਗੁਰੂਆਂ ਦੇ ਨਾਂ ‘ਤੇ ਜੀਂਦੇ ਪੰਜਾਬ ਵਿਚ ਹੱਥੀਂ ਕਿਰਤ ਕਰ ਕੇ ਜਿਊਣ ਦਾ ਗਾਡੀ ਰਾਹ ਬਹੁਤ ਸਾਰੇ ਨੌਜੁਆਨ ਭੁੱਲ ਬੈਠੇ ਹਨ। ਕਿਰਤ ਤੋਂ ਟੁੱਟਿਆਂ ਦਾ ਹਾਲ ਮੰਦਾ ਹੀ ਹੁੰਦੈ। ਵਿਹਲਾ ਬੰਦਾ ਸ਼ੈਤਾਨ ਦਾ ਚਰਖਾ ਬਣ ਜਾਂਦੈ। ਪੰਜਾਬ ਵਿਚ ਵੱਡੀ ਪੱਧਰ ‘ਤੇ ਪਸਰੀ ਬੇਰੁਜ਼ਗਾਰੀ ਨਸ਼ਿਆਂ ਦਾ ਧਰਾਤਲ ਹੈ। ਜਦੋਂ ਕੋਈ ਕੰਮ ਨਾ ਹੋਵੇ ਤਾਂ ਨਸ਼ੇ ਦਸਤਕ ਦੇਣ ਲੱਗਦੇ ਨੇ। ਕੋਈ ਨਸ਼ੇ ਵੇਚਣ ਲੱਗ ਜਾਂਦੈ ਕੋਈ ਖਾਣ ਲੱਗ ਜਾਂਦੈ। ਫਿਰ ਨਸ਼ਿਆਂ ਦੇ ਮਨਹੂਸ ਪਰਛਾਵੇਂ ਉਨ੍ਹਾਂ ਉਤੇ ਵੀ ਪੈਣ ਲੱਗਦੇ ਨੇ ਜਿਨ੍ਹਾਂ ਬਾਰੇ ਕਦੇ ਸੋਚਿਆ ਵੀ ਨਹੀਂ ਹੁੰਦਾ। ਹੌਲੀਹੌਲੀ ਨਸ਼ਿਆਂ ਦੀ ਕਾਲੀ ਬੋਲੀ ਰਾਤ ਪਸਰ ਜਾਂਦੀ ਹੈ। ਕਾਲੀਆਂ ਬੋਲੀਆਂ ਰਾਤਾਂ ਦੇ ਕਈ ਦ੍ਰਿਸ਼ ਆਈ. ਪੀ. ਐੱਸ. ਅਫਸਰ ਤੂਰ ਨੇ ਖ਼ੁਦ ਵੇਖੇ ਤੇ ਪੁਸਤਕ ਰਾਹੀਂ ਪਾਠਕਾਂ ਨੂੰ ਵਿਖਾਏ ਨੇ। ਕਿਰਤ ਦੀਆਂ ਮਿਟਦੀਆਂ ਪੈੜਾਂ ‘ਚ ਅਨੇਕਾਂ ਨੌਜੁਆਨ ਮੂਧੇ ਮੂੰਹ ਡਿੱਗੇ ਪਏ ਬਹੁੜੀਆਂ ਪਾ ਰਹੇ ਨੇ। ਹੋਰ ਤਾਂ ਹੋਰ ਕੁੜੀਆਂ ਕੱਤਰੀਆਂ ਦਾ ਚੰਬਾ ਵੀ ਸੂਲਾਂ ‘ਚ ਘਿਰ ਗਿਆ ਹੈ। ઑਰੰਗਲਾ ਪੰਜਾਬ ਮੇਰਾ ਰੰਗਲਾ ਪੰਜਾਬ਼ ਬੱਸ ਨਾਂ ਦਾ ਹੀ ਰੰਗਲਾ ਰਹਿ ਗਿਐ ਉਂਜ ਨਸ਼ਿਆਂ ਅਤੇ ਹੋਰ ਅਲਾਮਤਾਂ ਨੇ ਇਹਨੂੰ ਰੰਗੋਂ ਬਦਰੰਗ ਕੰਗਲਾ ਕਰ ਛੱਡਿਐ!
ਜੀਵੇ ਪੰਜਾਬ ਪੁਸਤਕ ਦੇ ਪਹਿਲੇ ਗਿਆਰਾਂ ਲੇਖ ਪੰਜਾਬ ਦੀ ਜੁਆਨੀ ਦਾ ਪੀਲਾ ਪੈ ਰਿਹਾ ਚਿਹਰਾ ਬਿਆਨਦੇ ਹਨ। ਵਿਸਥਾਰ ਵਿਚ ਦੱਸਿਆ ਗਿਐ ਕਿ ਪੰਜਾਬ ਵਿਚ ਨਸ਼ੇ ਪਸਰਨ ਦੇ ਕੀ ਕਾਰਨ ਹਨ? ਵੱਡੇ ਕਾਰਨ ਬੇਰੁਜ਼ਗਾਰੀ ਤੇ ਭ੍ਰਿਸ਼ਟਾਚਾਰ ਹਨ ਅਤੇ ਨੈਤਿਕ ਸਿੱਖਿਆ ਤੇ ਕਦਰਾਂ ਕੀਮਤਾਂ ਦੀ ਅਣਹੋਂਦ ਹੈ। ਰਾਜਨੀਤਕ, ਧਾਰਮਕ ਤੇ ਸਮਾਜਕ ਆਗੂ ਵੀ ਮਾਡਲ ਪਾਤਰ ਨਹੀਂ ਰਹੇ। ਉਹ ਖ਼ੁਦ ਗ਼ਲਤ ਢੰਗਾਂ ਨਾਲ ਕੁਰਸੀਆਂ ਹਾਸਲ ਕਰਦੇ ਚੌਧਰਾਂ ਚਮਕਾਉਂਦੇ ਹਨ। ਇਥੋਂ ਤਕ ਕਿ ਨਸ਼ਿਆਂ ਦੀ ਤਸ਼ਕਰੀ ਕਰਨ ਤੋਂ ਵੀ ਬਾਜ ਨਹੀਂ ਆਉਂਦੇ। ਛੇਤੀ ਤੇ ਸੌਖਿਆਂ ਅਮੀਰ ਹੋਣ ਦੀ ਲਾਲਸਾ ਨੇ ਚੰਗੇ ਭਲਿਆਂ ਨੂੰ ਕਾਲੇ ਧੰਦਿਆਂ ਵਿਚ ਪਾ ਦਿੱਤਾ ਹੈ। ਪੰਜਾਬ ਵਿਚ ਜਿੱਡੀ ਧਿਰ ਨਸ਼ੇ ਵੇਚਣ ਵਾਲਿਆਂ ਦੀ ਹੈ ਓਡੀ ਹੀ ਧਿਰ ਨਸ਼ੇ ਸੇਵਨ ਵਾਲਿਆਂ ਦੀ ਖੜ੍ਹੀ ਹੋ ਗਈ ਹੈ।
ਸੰਯੁਕਤ ਰਾਸ਼ਟਰ ਦੀ ਡਰੱਗਜ਼ ਤੇ ਜੁਰਮਾਂ ਦਾ ਲੇਖ-ਜੋਖਾ ਰੱਖਦੀ ਸੰਸਥਾ ਅਨੁਸਾਰ ਨਸ਼ਿਆਂ ਦੀ ਰੋਕਥਾਮ ਦੇ ਤਿੰਨ ਸਿਧਾਂਤ ਹਨ।
1. ਨਸ਼ਿਆਂ ਦੀ ਮੁੱਢਲੀ ਸਪਲਾਈ ਲਾਈਨ ਨੂੰ ਰੋਕ ਦਿੱਤਾ ਜਾਵੇ।
2. ਨਸ਼ੱਈ ਲੋਕਾਂ ਦਾ ਇਲਾਜ ਕਰਵਾ ਕੇ ਨਸ਼ਿਆਂ ਦੀ ਲੋੜ ਨੂੰ ਹੀ ਖ਼ਤਮ ਕਰ ਦਿੱਤਾ ਜਾਵੇ।
3. ਨੌਜੁਆਨ ਪੀੜ੍ਹੀ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰ ਕੇ ਉਨ੍ਹਾਂ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਬਾਹਰ ਕੱਢ ਲਿਆ ਜਾਵੇ। ਚੀਨ ਨੇ ਅਫ਼ੀਮ ਵਿਰੁੱਧ ਲੜਾਈ ਲੜ ਕੇ ਅਫ਼ੀਮ ਦੀ ਸਪਲਾਈ ਨੂੰ ਪੂਰਨ ਰੂਪ ਵਿਚ ਬੰਦ ਕਰ ਦਿੱਤਾ। ਕਿਸੇ ਸਮੇਂ ਅਫ਼ੀਮ ਦਾ ਨਸ਼ਈ ਤੇ ਅਧਮੋਇਆ ਚੀਨ ਹੁਣ ਓਲੰਪਿਕ ਖੇਡਾਂ ‘ਚੋਂ ਸਭ ਤੋਂ ਬਹੁਤੇ ਮੈਡਲ ਜਿੱਤਣ ਜੋਗਾ ਹੋ ਗਿਐ ਅਤੇ ਦੁਨੀਆ ਦੀ ਵੱਡੀ ਤਾਕਤ ਮੰਨਿਆ ਜਾ ਰਿਹੈ। ਪੁਸਤਕ ਵਿਚ ਗਿਆਰਾਂ ਲੇਖ ਅਜਿਹੇ ਹਨ ਜੋ ਨਸ਼ਿਆਂ ਤੋਂ ਛੁਟਕਾਰੇ ਦਾ ਉਪਾਅ ਦਸਦੇ ਹਨ। ਆਖ਼ਰੀ ਲੇਖ ઑਜਦ ਪੈਣ ਕਪਾਹੀਂ ਫੁੱਲ ਵੇ਼ ਸਿਰਲੇਖ ਅਧੀਨ ਪੰਜਾਬ ਦੇ ਭਵਿੱਖ ਦੀ ਬਾਤ ਪਾਈ ਗਈ ਹੈ। ਇਸ ਵਿਚ ਲੇਖਕ ਦੀ ਵਾਰਤਕ ਕਵਿਤਾ ਬਣ ਜਾਂਦੀ ਹੈ:
…ਪੰਜਾਬ ਦੇ ਲੈਂਡਸਕੇਪ ਦਾ ਹਰ ਰੰਗ ਸੁੰਦਰਤਾ ਦਾ ਅਦਭੁੱਤ ਨਮੂਨਾ ਹੈ। ઑਕਾਲਿਆ ਹਰਨਾਂ ਬਾਗੀਂ ਚਰਨਾ ਖਾਵਣ ਨੂੰ ਤੇਰੇ ਮੋਠ ਬਾਜਰੇ਼ ਵਰਗੇ ਲੋਕ ਗੀਤਾਂ ‘ਚੋਂ ਮਾਲਵੇ ਦੀ ਧਰਤੀ ਦਾ ਚਿੱਤਰ ਵੇਖਿਆ ਜਾ ਸਕਦੈ। ਸਾਉਣ ਦਾ ਮਹੀਨਾ, ਅੰਬੀਆਂ ਦੀ ਰੁੱਤ, ਕੋਇਲਾਂ ਦੀ ਸੁਰੀਲੀ ਆਵਾਜ਼, ਸ਼ਾਮ ਦੀ ਰੁਮਕਦੀ ਪੌਣ, ਖੁੱਲ੍ਹੇ ਅਸਮਾਨ ‘ਚ ਮੰਡਰਾਉਂਦੇ ਰੰਗੀਨ ਬੱਦਲਾਂ ਦੇ ਫੰਭੇ! ਦੁਆਬਾ ਜ਼ਿੰਦਗੀ ਦੀ ਮੁਹੱਬਤ ਲਈ ਜ਼ਰਖ਼ੇਜ਼ ਜ਼ਮੀਨ ਹੈ।
ਮਾਝਾ ਗੁਰੂਆਂ ਪ੍ਰਤੀ ਅਥਾਹ ਸਤਿਕਾਰ, ਦੁੱਧ ਦੀਆਂ ਡੋਲਣੀਆਂ ਤੇ ਭਾਈ ਲਾਲੋਆਂ ਦੇ ਪ੍ਰਸ਼ਾਦਿਆਂ ਦਾ ਦੇਸ਼ ਹੈ। ઑਸਾਨੂੰ ਉਹ ਰੁੱਤ ਲੈ ਦਈਂ ਮੁੱਲ ਵੇ ਧਰਮੀ ਬਾਬਲਾ, ਜਦ ਪੈਣ ਕਪਾਹੀਂ ਫੁੱਲ ਵੇ ਧਰਮੀ ਬਾਬਲ਼ਾ ઑਉੱਚੀਆਂ ਲੰਮੀਆਂ ਟਾਹਲੀਆਂ ਨੀ ਉਏ, ਵਿਚ ਗੁਜਰੀ ਦੀ ਪੀਂਘ ਵੇ ਮਾਹੀਆ!਼
ਪਰ ਇਸ ਸਮੇਂ ਪੰਜਾਬ ਵਿਚ ਜਿਥੇ ਇਕ ਪਾਸੇ ਨਸ਼ੇ ਵੇਚਣ ਵਾਲੇ ਵਧ ਰਹੇ ਹਨ ਉਥੇ ਦੂਜੇ ਪਾਸੇ ਨਸ਼ਾ ਕਰਨ ਵਾਲਿਆਂ ਦੀ ਭੀੜ ਵੀ ਵਧ ਰਹੀ ਹੈ।
ਪੱਕੇ ਨਸ਼ੱਈ ਭਾਵੇਂ ਜੇਲ੍ਹ ਵਿਚ ਵੀ ਹੋਣ ਉਹ ਹੀਲੇ ਵਸੀਲੇ ਨਸ਼ਿਆਂ ਦੀ ਸਪਲਾਈ ਲਾਈਨ ਨੂੰ ਬੰਦ ਨਹੀਂ ਹੋਣ ਦਿੰਦੇ। ਅਜਿਹੇ ਹਾਲਾਤ ਨਸ਼ੇ ਵੇਚਣ ਵਾਲਿਆਂ ਲਈ ਚੋਖੀ ਕਮਾਈ ਦਾ ਸਾਧਨ ਬਣੇ ਰਹਿੰਦੇ ਹਨ। ਸੱਤਾਧਾਰੀਆਂ ਨੂੰ ਇਹ ਧੰਦਾ ਸੂਤ ਬਹਿੰਦੈ। ਉਹ ਤਾਂ ਨਸ਼ਿਆਂ ਦੇ ਸਿਰ ‘ਤੇ ਚੋਣਾਂ ਵੀ ਜਿੱਤਣ ਲੱਗ ਪਏ ਨੇ!
ਮਿਆਰੀ ਵਿੱਦਿਆ ਤੇ ਰੁਜ਼ਗਾਰ ਦੇਣਾ ਅਤੇ ਭ੍ਰਿਸ਼ਟਾਚਾਰ ਰੋਕਣਾ ਸਰਕਾਰ ਯਾਨੀ ਸਿਸਟਮ ਦੇ ਹੱਥ-ਵੱਸ ਹਨ। ਪਰ ਕੁਝ ਅਜਿਹੇ ਪੱਖ ਵੀ ਹਨ ਜੋ ਨੌਜੁਆਨਾਂ ਦੇ ਆਪਣੇ ਹੱਥ ਹਨ। ਜਿਵੇਂ ਹੱਥੀਂ ਕੰਮ ਕਰਨਾ, ਕਸਰਤ ਕਰਨੀ, ਸਾਹਿਤ ਪੜ੍ਹਨਾ, ਚੰਗਿਆਂ ਦੀ ਸੰਗਤ ਕਰਨੀ ਤੇ ਵਿਹਲੇ ਸਮੇਂ ਨੂੰ ਉਸਾਰੂ ਪਾਸੇ ਲਾਉਣਾ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਸਕਦੈ। ਉਹ ਵੱਡੇ ਖਿਡਾਰੀਆਂ, ਕਲਾਕਾਰਾਂ, ਸਮਾਜ ਸੇਵਕਾਂ ਤੇ ਵੱਖ ਵੱਖ ਖੇਤਰਾਂ ਵਿਚ ਨਾਮਣਾ ਖੱਟਣ ਵਾਲੇ ਨਾਇਕਾਂ ਨੂੰ ਆਪਣਾ ਮਾਡਲ ਸਮਝ ਕੇ ਉਨ੍ਹਾਂ ਦੀ ਰੀਸ ਕਰ ਸਕਦੇ ਹਨ। ਅਜਿਹਾ ਕਰਨ ਨਾਲ ਉਹ ਖ਼ੁਦ ਹੋਰਨਾਂ ਲਈ ਮਾਡਲ ਬਣ ਸਕਦੇ ਹਨ ਤੇ ਪੰਜਾਬ ਮੁੜ ਵੱਸਦਾ ਰਸਦਾ ਹੋ ਸਕਦੈ।
[email protected]
Check Also
68ਵੀਂ ਵਿਸ਼ਵ ਸਿੱਖ ਵਿੱਦਿਅਕ ਕਾਨਫ਼ਰੰਸ ‘ਤੇ ਵਿਸ਼ੇਸ਼
ਸਿੱਖ ਸਮਾਜ ਦੀ ਸਿੱਖਿਆ ਚੇਤਨਾ ਤੇ ਸਿੱਖ ਵਿੱਦਿਅਕ ਕਾਨਫ਼ਰੰਸ ਤਲਵਿੰਦਰ ਸਿੰਘ ਬੁੱਟਰ ਮਹਾਰਾਜਾ ਰਣਜੀਤ ਸਿੰਘ …