Breaking News
Home / ਹਫ਼ਤਾਵਾਰੀ ਫੇਰੀ / ਇਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਵੱਲੋਂ ‘ਪਰਵਾਸੀ’ ਰੇਡੀਓ ‘ਤੇ ਖੁਲਾਸਾ

ਇਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਵੱਲੋਂ ‘ਪਰਵਾਸੀ’ ਰੇਡੀਓ ‘ਤੇ ਖੁਲਾਸਾ

2020 ਤੱਕ 1 ਮਿਲੀਅਨ ਇਮੀਗ੍ਰਾਂਟ ਆਉਣਗੇ ਕੈਨੇਡਾ
ਸੰਨ 2018 ਤੱਕ 3 ਲੱਖ 40 ਹਜ਼ਾਰ ਇਮੀਗ੍ਰਾਂਟਾਂ ਨੂੰ ਕੈਨੇਡਾ ਵਸਾਵੇਗਾ ਆਪਣੀ ਧਰਤੀ ‘ਤੇ
ਕੈਨੇਡਾ ਦੀ ਫੈਡਰਲ ਸਰਕਾਰ ਨੇ ਇਮੀਗ੍ਰਾਂਟਾਂ ਵਿਚ 13 ਫੀਸਦੀ ਸਲਾਨਾ ਵਾਧੇ ਦਾ ਮਿੱਥਿਆ ਹੈ ਟੀਚਾ
ਮਿਸੀਸਾਗਾ/ਬਿਊਰੋ ਨਿਊਜ਼ :ਕਾਮਿਆਂ ਦਾ ਕੈਨੇਡਾ ਬਾਹਾਂ ਖੋਲ੍ਹ ਕੇ ਸਵਾਗਤ ਕਰਨ ਲਈ ਤਿਆਰ ਹੈ। ਸੰਨ 2020 ਤੱਕ ਅਸੀਂ ਕੈਨੇਡਾ ਦੀ ਧਰਤੀ ‘ਤੇ 1 ਮਿਲੀਅਨ ਇਮੀਗ੍ਰਾਂਟਾਂ ਨੂੰ ਵਸਾਵਾਂਗੇ। ਇਹ ਵੱਡਾ ਐਲਾਨ ‘ਪਰਵਾਸੀ’ ਰੇਡੀਓ ‘ਤੇ ਗੱਲਬਾਤ ਕਰਦਿਆਂ ਇਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਨੇ ਕੀਤਾ।
‘ਪਰਵਾਸੀ’ ਅਦਾਰੇ ਦੇ ਮੁਖੀ ਰਜਿੰਦਰ ਸੈਣੀ ਹੁਰਾਂ ਨਾਲ ਫੈਡਰਲ ਸਰਕਾਰ ਦੀਆਂ ਇਮੀਗ੍ਰਾਂਟ ਨੂੰ ਲੈ ਕੇ ਨਵੀਆਂ ਯੋਜਨਾਵਾਂ ਦਾ ਜ਼ਿਕਰ ਕਰਦਿਆਂ ਇਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਨੇ ਆਖਿਆ ਕਿ ਇਮੀਗ੍ਰਾਂਟਾਂ ਵਿਚ 13 ਫੀਸਦੀ ਸਲਾਨਾ ਵਾਧੇ ਦਾ ਅਸੀਂ ਟੀਚਾ ਮਿੱਥਿਆ ਹੈ, ਜਿਸ ਤਹਿਤ ਸੰਨ 2020 ਤੱਕ 1 ਮਿਲੀਅਨ ਇਮੀਗ੍ਰਾਂਟਾਂ ਨੂੰ ਕੈਨੇਡਾ ਵਿਚ ਸਿੱਧਾ ਦਾਖਲਾ ਮਿਲੇਗਾ। ਉਨ੍ਹਾਂ ਦਾਅਵਾ ਕੀਤਾ ਕਿ ਇਸ ਨਾਲ ਇਮੀਗ੍ਰੇਸ਼ਨ ਸਿਸਟਮ ਵਿਚ ਹੋਰ ਵੀ ਸਥਿਰਤਾ ਆਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਮਾਹਿਰ ਕਾਮਿਆਂ ਦੇ ਆਉਣ ਨਾਲ ਜਿਥੇ ਲੇਬਰ ਦੀ ਕਮੀ ਨਾਲ ਜੂਝ ਰਹੀ ਮਾਰਕੀਟ ਨੂੰ ਮਜ਼ਬੂਤੀ ਮਿਲੇਗੀ, ਉਥੇ ਹੀ ਬਜ਼ੁਰਗ ਹੋ ਰਹੀ ਆਬਾਦੀ ਦਾ ਰਿਕਾਰਡ ਵੀ ਦਰੁਸਤ ਹੋਵੇਗਾ। ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ‘ਚ ਰੱਖਦਿਆਂ ਹੀ ਫੈਡਰਲ ਸਰਕਾਰ ਨੇ ਇਮੀਗ੍ਰਾਂਟਾ ਨੂੰ ਲੈ ਕੇ ਪ੍ਰੋਗਰਾਮ ਉਲੀਕਿਆ ਹੈ ਕਿ ਵੱਡੀ ਗਿਣਤੀ ਵਿਚ ਇਮੀਗ੍ਰਾਂਟਾਂ ਨੂੰ ਸੱਦਾ ਦਿੱਤਾ ਜਾਵੇ, ਜਿਨ੍ਹਾਂ ਵਿਚ ਵਿਸ਼ੇਸ਼ ਤੌਰ ‘ਤੇ ਮਾਹਿਰ ਕਾਮੇ ਹੋਣ।
ਇਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਦਾ ਇਹ ਵੀ ਕਹਿਣਾ ਸੀ ਕਿ ਨਵੇਂ ਇਮੀਗ੍ਰਾਂਟਸ ਨੂੰ ਕੈਨੇਡਾ ਲੈ ਕੇ ਆਉਣ ਨਾਲ ਹੀ ਸਾਰੀਆਂ ਮੁਸ਼ਕਿਲਾਂ ਹੱਲ ਨਹੀਂ ਹੋਣੀਆਂ, ਉਨ੍ਹਾਂ ਨੂੰ ਇਥੇ ਵਸਾਉਣ ਤੋਂ ਬਾਅਦ ਇਹ ਵੀ ਯਕੀਨੀ ਬਣਾਉਣਾ ਹੋਵੇਗਾ ਕਿ ਇਮੀਗ੍ਰਾਂਟਾਂ ਨੂੰ ਸਹੀ ਖੇਤਰਾਂ ਵਿਚ ਕੰਮ ਮਿਲੇ ਤੇ ਜਿਸ ਨਾਲ ਉਨ੍ਹਾਂ ਦਾ ਜੀਵਨ ਪੱਧਰ ਇਕ ਸਹੀ ਪਾਏਦਾਨ ਦੇ ਅਨੁਸਾਰ ਚੱਲੇ ਕਿਉਂਕਿ ਇਮੀਗ੍ਰਾਂਟਾਂ ਅਤੇ ਦੇਸ਼ ਦੇ ਨਾਗਰਿਕਾਂ ਦੀ ਸਫ਼ਲਤਾ ਨਾਲ ਹੀ ਦੇਸ਼ ਸਫ਼ਲ ਹੁੰਦਾ ਹੈ। ਇਸੇ ਲਈ ਉਨ੍ਹਾਂ ਦੀ ਸਰਕਾਰ ਨੇ ਇਮੀਗ੍ਰਾਂਟਾਂ ਲਈ ਨਵੀਂ ਯੋਜਨਾ ਉਲੀਕਦਿਆਂ ਇਹ ਵੱਡਾ ਟੀਚਾ ਮਿੱਥਿਆ, ਜਿਸ ਨੂੰ ਸੰਨ 2020 ਤੱਕ ਪੂਰਾ ਕਰ ਲਿਆ ਜਾਵੇਗਾ। ਪਰ ਧਿਆਨ ਰਹੇ ਕਿ ਪਿਛਲੀ ਸਰਕਾਰ ਦੀ ਇਕਨਾਮਿਕ ਐਡਵਾਈਜ਼ਰੀ ਕੌਂਸਲ ਦੀ ਰਿਪੋਰਟ ਵਿਚ ਇਕ ਸੁਝਾਅ ਪੇਸ਼ ਕੀਤਾ ਗਿਆ ਸੀ ਕਿ 2020 ਤੱਕ 4 ਲੱਖ 50 ਹਜ਼ਾਰ ਇਮੀਗ੍ਰਾਂਟਾਂ ਨੂੰ ਕੈਨੇਡਾ ਵਿਚ ਵਸਾਇਆ ਜਾਵੇ। ਇਸ ਹਿਸਾਬ ਨਾਲ ਜੇਕਰ ਫੈਡਰਲ ਸਰਕਾਰ 3 ਲੱਖ 40 ਹਜ਼ਾਰ ਦੇ ਟੀਚੇ ਨੂੰ ਜੇਕਰ ਛੂਹ ਵੀ ਲੈਂਦੀ ਹੈ ਤਾਂ ਉਹ ਇਸ 4 ਲੱਖ 50 ਹਜ਼ਾਰ ਵਾਲੇ ਟੀਚੇ ਤੋਂ ਕਾਫ਼ੀ ਪਿਛਾਂਹ ਰਹਿ ਜਾਵੇਗੀ। ਫਿਲਹਾਲ ਫੈਡਰਲ ਸਰਕਾਰ ਦੀਆਂ ਯੋਜਨਾਵਾਂ ਅਤੇ ਇਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਦੇ ਉਦਮਾਂ ‘ਤੇ ਨਜ਼ਰਸਾਨੀ ਕਰਦਿਆਂ ਉਮੀਦ ਹੈ ਕਿ ਉਹ ਆਪਣੇ ਤਹਿ ਟੀਚਿਆਂ ਨੂੰ ਹਾਸਲ ਕਰਨਗੇ ਕਿਉਂਕਿ ਇਸ ਪ੍ਰਤੀ ਦ੍ਰਿੜ੍ਹਤਾ ਨਾਲ ਕੰਮ ਕਰਨ ਦੀ ਇੱਛਾ ਸ਼ਕਤੀ ਉਨ੍ਹਾਂ ਨਾਲ ‘ਪਰਵਾਸੀ’ ਰੇਡੀਓ ‘ਤੇ ਹੋਈ ਗੱਲਬਾਤ ਵਿਚ ਸਾਫ਼ ਝਲਕੀ ਹੈ।

Check Also

ਮੌਤ ਦਾ ਸਤਸੰਗ ਜ਼ਿੰਮੇਵਾਰ ਕੌਣ?

‘ਭੋਲੇ ਬਾਬਾ’ ਦੇ ਨਾਮ ਨਾਲ ਮਸ਼ਹੂਰ ਸੂਰਜਪਾਲ ਹੋਇਆ ਫਰਾਰ, ਪ੍ਰਬੰਧਕਾਂ ‘ਤੇ ਐਫਆਈਆਰ ਲਖਨਊ/ਬਿਊਰੋ ਨਿਊਜ਼ : …